NASA ਆਉਣ ਵਾਲੇ ਸਮੇਂ ‘ਚ ਸਮੁੰਦਰ ‘ਚ ਡੇਗ ਦੇਵੇਗਾ ਇੰਟਰਨੈਸ਼ਨਲ ਸਪੇਸ ਸਟੇਸ਼ਨ
ਨਵੀਂ ਦਿੱਲੀ, 8 ਅਗਸਤ – ਇਕ ਫੁੱਟਬਾਲ ਗਰਾਊਂਡ ਦੇ ਆਕਾਰ ਦੀ ਲੈਬੋਰੇਟਰੀ, ਜਿਸਦਾ ਵਜ਼ਨ 430 ਟਨ ਤੋਂ ਵੱਧ ਤੇ ਧਰਤੀ ਤੋਂ ਲਗਪਗ 400 ਕਿਲੋਮੀਟਰ ਦੀ ਉਚਾਈ ‘ਤੇ ਸਥਿਤ ਹੈ। 28,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਘੁੰਮ ਰਹੀ ਇਸ ਲੈਬੋਰੇਟਰੀ ਨੂੰ ਅਸੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਕਹਿੰਦੇ ਹਾਂ। 1998 ‘ਚ ਇਸਦੀ ਲਾਂਚਿੰਗ ਤੋਂ ਬਾਅਦ ਹੁਣ ਤਕ 26 ਦੇਸ਼ਾਂ ਦੇ 280 ਤੋਂ ਵੱਧ ਐਸਟ੍ਰੋਨਾਟ ISS ਦਾ ਦੌਰਾ ਕਰ ਚੁੱਕੇ ਹਨ। ਪਰ ਨਾਸਾ ਹੁਣ ਇਸਨੂੰ ਪ੍ਰਸ਼ਾਂਤ ਮਹਾਸਾਗਰ ‘ਚ ਡੇਗਣ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ISS ਦੇ ਪ੍ਰਾਇਮਰੀ ਸਟ੍ਰਕਚਰ ਜਿਵੇਂ ਕਿ ਮਡਿਊਲ, ਟ੍ਰੱਸ ਤੇ ਰੇਡੀਏਟਰ ਖਰਾਬ ਹੋ ਰਹੇ ਹਨ ਤੇ 2030 ਤੋਂ ਬਾਅਦ ਇਸ ਦਾ ਸੰਚਾਲਨ ਕਾਫੀ ਜੋਖ਼ਮ ਭਰਿਆ ਤੇ ਮਹਿੰਗਾ ਹੋ ਜਾਵੇਗਾ। ਕਈ ਬਦਲਾਂ ‘ਤੇ ਵਿਚਾਰ ਕਰਨ ਤੋਂ ਬਾਅਦ ਇਸਨੂੰ ਪ੍ਰਸ਼ਾਂਤ ਮਹਾਸਾਗਰ ਦੇ ਪੌਇੰਟ ਨਿਮੋ ‘ਚ ਡੇਗਣ ਦਾ ਫੈਸਲਾ ਕੀਤਾ ਗਿਆ ਹੈ।
ਕੀ ਹੁੰਦਾ ਹੈ ਪੌਇੰਟ ਨਿਮੋ ?
ਪੌਇੰਟ ਨਿਮੋ ਦੱਖਣੀ ਪ੍ਰਸ਼ਾਂਤ ਮਹਾਸਾਗਰ ਦਾ ਅਜਿਹਾ ਖੇਤਰ ਹੈ, ਜੋ ਧਰਤੀ ਦਾ ਸਭ ਤੋਂ ਏਕਾਂਤ ਸਥਾਨ ਮੰਨਿਆ ਜਾਂਦਾ ਹੈ। ਇਨਸਾਨ ਤਾਂ ਛੱਡੋ, ਪੰਛੀ ਵੀ ਇਸਦੇ ਆਸ-ਪਾਸ ਨਹੀਂ ਫਿਰਦੇ। ਨਿਊਜ਼ੀਲੈਂਡ ਦੇ ਪੂਰਬੀ ਤਟ ਤੋਂ 3000 ਮੀਲ ਤੇ ਅੰਟਾਰਕਟਿਕਾ ਤੋਂ 2000 ਮੀਲ ਦੂਰ ਇਹ ਸਥਾਨ ਲੰਬੇ ਸਮੇਂ ਤੋਂ ਰਿਟਾਇਰ ਹੋ ਚੁੱਕੇ ਸੈਟੇਲਾਈਟ ਤੇ ਪੁਲਾੜ ਯਾਨਾਂ ਦੀ ਕਬਰਗਾਹ ਬਣੀ ਹੋਈ ਹੈ। ISS ਦਾ ਸੰਚਾਲਨ ਨਾਸਾ, ਰੋਸਕੋਸਮੋਸ, ESA, JAXA ਅਤੇ ਕੈਨੇਡੀਅਨ ਪੁਲਾੜ ਏਜੰਸੀ ਕਰਦੀ ਹੈ। ਹੁਣ ਇਸਨੂੰ ਡਿਆਰਬਿਟ ਕਰਨ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਦੀ ਹੈ। 150 ਅਰਬ ਡਾਲਰ ਦੀ ਲਾਗਤ ਵਾਲੇ ਇਸ ਸਪੇਸ ਸਟੇਸ਼ਨ ਨੂੰ ਡਿਆਰਬਿਟ ਕਰਨ ਲਈ ਸਪੇਸਐਕਸ ਡਿਆਰਬਿਟ ਵਾਹਨ ਬਣਾਏਗਾ। ਇਹ ਇਕ ਵਿਸ਼ੇਸ਼ ਪੁਲਾੜ ਯਾਨ ਹੈ ਜੋ ISS ਨੂੰ ਕੰਟਰੋਲ ਢੰਗ ਨਾਲ ਪੌਇੰਟ ਨਿਮੋ ਤਕ ਲੈ ਜਾਵੇਗਾ ਅਤੇ ਇਸੇ ਨਾਲ ISS ਦੇ 30 ਸਾਲਾਂ ਦੇ ਸ਼ਾਨਦਾਰ ਸਫਰ ਦਾ ਅੰਤ ਹੋ ਜਾਵੇਗਾ।
ਕੀ ISS ਨੂੰ ਡੇਗਣਾ ਹੀ ਆਖਰੀ ਬਦਲ ਹੈ?
ਅਜਿਹਾ ਨਹੀਂ ਹੈ ਕਿ ਨਾਸਾ ਨੇ ISS ਨੂੰ ਡੇਗਣ ਤੋਂ ਇਲਾਵਾ ਕਿਸੇ ਹੋਰ ਬਦਲ ‘ਤੇ ਵਿਚਾਰ ਨਹੀਂ ਕੀਤਾ। ਪਹਿਲਾ ਵਿਚਾਰ ਇਸ ਗੱਲ ‘ਤੇ ਕੀਤਾ ਗਿਆ ਕਿ ਇਸਨੂੰ ਵੱਧ ਉਚਾਈ ਦੇ ਪੰਧ ‘ਚ ਧੱਕਿਆ ਜਾਵੇ ਤਾਂ ਜੋ ਇਹ ਇਤਿਹਾਸਕ ਅਵਸ਼ੇਸ਼ ਵਜੋਂ ਸਦਾ ਲਈ ਬਣਿਆ ਰਹੇ। ISS ਜਿੱਥੇ ਹੈ, ਉੱਥੇ ਇਸ ‘ਤੇ ਪੁਲਾੜ ਵਿਚ ਕਿਸੇ ਮਲਬੇ ਨਾਲ ਟਕਰਾਉਣ ਦਾ ਖ਼ਤਰਾ 50 ਸਾਲਾਂ ‘ਚ ਇਕ ਵਾਰੀ ਦਾ ਹੈ, ਪਰ ਵੱਧ ਉਚਾਈ ‘ਤੇ ਲਿਜਾਣ ਨਾਲ ਇਹ 4 ਸਾਲਾਂ ‘ਚ ਇਕ ਵਾਰੀ ਜਾਂ ਉਸ ਤੋਂ ਵੱਧ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਸ ਗੱਲ ‘ਤੇ ਵੀ ਵਿਚਾਰ ਕੀਤਾ ਗਿਆ ਕਿ ISS ਨੂੰ ਉਸਦੇ ਪੰਧ ਤੋਂ ਹੀ ਵੱਖ ਕਰ ਦਿੱਤਾ ਜਾਵੇ ਅਤੇ ਫਿਰ ਇਸਨੂੰ ਵਾਪਸ ਲੈ ਕੇ ਮਿਊਜ਼ੀਅਮ ਜਾਂ ਰਿਸਰਚ ਲਈ ਰੱਖਿਆ ਜਾਵੇ। ਪਰ ਇਹ ਲਗਪਗ ਅਸੰਭਵ ਸੀ। ਇਸ ਵਿਚ ਬਹੁਤ ਜ਼ਿਆਦਾ ਫੰਡ ਤੇ ਐਸਟ੍ਰੋਨਾਟ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾਉਣ ਵਾਲੇ ਫੈਸਲੇ ਲੈਣੇ ਪੈਂਦੇ ਅਤੇ ਇਸੇ ਕਾਰਨ ਇਹ ਫੈਸਲਾ ਟਾਲ ਦਿੱਤਾ ਗਿਆ। ਇਸਦੀ ਬਜਾਏ, ਡਿਆਰਬਿਟ ਤੋਂ ਬਾਅਦ ਸੜਨ ਤੋਂ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕਰਨ ਦੀ ਯੋਜਨਾ ਬਣਾਈ ਗਈ ਹੈ।
ਕੀ ਹੁਣ ਕੋਈ ਸਪੇਸ ਸਟੇਸ਼ਨ ਨਹੀਂ ਰਹੇਗਾ?
ਇੰਟਰਨੈਸ਼ਨਲ ਸਪੇਸ ਸਟੇਸ਼ਨ ਇਕ ਅਜਿਹਾ ਸਥਾਨ ਹੈ, ਜਿੱਥੇ ਦੁਨੀਆ ਦੇ ਸਾਰੇ ਐਸਟ੍ਰੋਨਾਟ ਮਾਈਕ੍ਰੋਗ੍ਰੈਵਿਟੀ ‘ਚ ਰਿਸਰਚ ਕਰਦੇ ਹਨ। ਪਰ ਇਹ ਵੀ ਸੱਚ ਨਹੀਂ ਹੈ ਕਿ ਇਸਦੇ ਡੇਗਣ ਤੋਂ ਬਾਅਦ ਕੋਈ ਸਪੇਸ ਸਟੇਸ਼ਨ ਨਹੀਂ ਰਹੇਗਾ। ਦਰਅਸਲ, ਨਾਸਾ ਦੀ ਕੋਸ਼ਿਸ਼ ਹੈ ਕਿ ਉਹ ਹੁਣ ਨਿੱਜੀ ਕੰਪਨੀਆਂ ਦੇ ਸਪੇਸ ਸਟੇਸ਼ਨ ਨੂੰ ਮੰਗ ਮੁਤਾਬਕ ਇਸਤੇਮਾਲ ਕਰੇ। ਐਕਸੀਓਮ ਸਪੇਸ, ਬਲੂ ਓਰਿਜਿਨ ਤੇ ਵੋਯਜਰ ਜਿਹੀਆਂ ਨਿੱਜੀ ਕੰਪਨੀਆਂ ਇਸੀ ਦਿਸ਼ਾ ‘ਚ ਕੰਮ ਕਰ ਰਹੀਆਂ ਹਨ।
Share this content:



Post Comment