May 13, 2025

CBSE ਨੇ ਐਲਾਨੇ 12ਵੀਂ ਦੇ ਨਤੀਜੇ, ਲੜਕੀਆਂ ਨੇ ਮਾਰੀ ਬਾਜੀ

ਨਵੀਂ ਦਿੱਲੀ, 13 ਮਈ – ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 12ਵੀਂ ਜਮਾਤ ਵਿੱਚੋਂ 88.39% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, results.cbse.nic.in ‘ਤੇ ਜਾ ਕੇ ਆਪਣੇ ਫਾਈਨਲ ਰਿਜਲਟ ਦੇਖ ਸਕਦੇ ਹਨ। ਇਸ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਤੇ SMS ਸੇਵਾਵਾਂ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ। ਲੜਕੀਆਂ ਦੇ ਨਤੀਜੇ ਮੁੰਡਿਆਂ ਨਾਲੋਂ ਬਿਹਤਰ ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ ਵਿੱਚ 0.41% ਦਾ ਵਾਧਾ ਹੋਇਆ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 91% ਤੋਂ ਵੱਧ ਹੈ ਜੋ  ਮੁੰਡਿਆਂ ਨਾਲੋਂ 5.94% ਵੱਧ ਹੈ। ਇਸ ਵਾਰ ਵਿਜੇਵਾੜਾ ਖੇਤਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ ਹੈ। ਦੂਜੇ ਪਾਸੇ ਪ੍ਰਯਾਗਰਾਜ ਖੇਤਰ ਦਾ ਨਤੀਜਾ ਸਭ ਤੋਂ ਮਾੜਾ ਹੈ।

CBSE ਨੇ ਐਲਾਨੇ 12ਵੀਂ ਦੇ ਨਤੀਜੇ, ਲੜਕੀਆਂ ਨੇ ਮਾਰੀ ਬਾਜੀ Read More »

ਝੂਠ ਬੇਪਰਦ

2020 ਤੇ 2021 ਦੇ ਉਨ੍ਹਾਂ ਭਿਆਨਕ ਦਿਨਾਂ ਨੂੰ ਚੇਤੇ ਕਰੋ, ਜਦ ਕੋਵਿਡ-19 ਮਹਾਂਮਾਰੀ ਭਾਰਤ ਦੇ ਸ਼ਹਿਰਾਂ, ਪਿੰਡਾਂ, ਸੜਕਾਂ ਤੇ ਗਲੀਆਂ ਵਿੱਚ ਮੌਤ ਦਾ ਤਾਂਡਵ ਕਰ ਰਹੀ ਸੀ। ਮਹਾਂਮਾਰੀ ਦੀ ਤਰ੍ਹਾਂ ਲਾਕਡਾਊਨ ਨੇ ਪੂਰੇ ਦੇਸ਼ ਵਿੱਚ ਗਰੀਬਾਂ ਨੂੰ ਸੜਕਾਂ ’ਤੇ ਚਲਦੇ-ਚਲਦੇ ਮਰਨ ਲਈ ਮਜਬੂਰ ਕਰ ਦਿੱਤਾ। ਮਹਾਂਮਾਰੀ ਨੂੰ ਧਰਮ ਦੇ ਰੰਗ ਵਿੱਚ ਰੰਗ ਕੇ ਨਫਰਤ ਦਾ ਬਾਜ਼ਾਰ ਗਰਮ ਕੀਤਾ ਗਿਆ। ਸਿਵਿਆਂ ਵਿੱਚ ਲਾਸ਼ਾਂ ਦੇ ਅੰਬਾਰ ਲੱਗ ਰਹੇ ਸਨ। ਲੋਕਾਂ ਨੇ ਨਦੀਆਂ ਕੰਢੇ ਆਪਣੇ ਪਿਆਰਿਆਂ ਨੂੰ ਦਫਨਾਇਆ। ਨਦੀਆਂ ਵਿੱਚ ਲਾਸ਼ਾਂ ਤੈਰਦੀਆਂ ਨਜ਼ਰ ਆਈਆਂ। ਆਕਸੀਜਨ ਤੇ ਬੁਖਾਰ ਦੀਆਂ ਦਵਾਈਆਂ ਲੱਭਦੇ ਲੋਕਾਂ ਦਾ ਬੁਰਾ ਹਾਲ ਹੋਇਆ ਅਤੇ ਹਸਪਤਾਲਾਂ ਵਿੱਚ ਕੋਈ ਥਾਂ ਨਹੀਂ ਬਚੀ ਸੀ। ਹੰਝੂਆਂ ਦੇ ਸੈਲਾਬ ਵਿੱਚ ਲੋਕ ਆਪਣੇ ਪਿਆਰਿਆਂ ਨੂੰ ਗੁਆਉਦੇ ਜਾ ਰਹੇ ਸਨ। ਉਸ ਸਮੇਂ ਦੀ ਸਿਆਸਤ ਨੂੰ ਵੀ ਚੇਤੇ ਕਰੋ, ਜਦੋਂ ਦੋਸ਼ਾਂ ਤੇ ਜਵਾਬੀ ਦੋਸ਼ਾਂ ਦੀ ਖੇਡ ਚੱਲ ਰਹੀ ਸੀ। ਕੋਵਿਡ-19 ਨਾਲ ਹੋਈਆਂ ਮੌਤਾਂ ਨੂੰ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਦੇ ਮੰਤਰੀਆਂ, ਸਾਂਸਦਾਂ ਤੇ ਇੱਥੋਂ ਤੱਕ ਕਿ ਪਾਰਟੀ ਅਹੁਦੇਦਾਰਾਂ ਦੇ ਬਿਆਨ ਹੈਰਾਨ ਕਰਨ ਵਾਲੇ ਸਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਨੂੰ ਵੀ ਗਲਤ ਠਹਿਰਾਇਆ ਗਿਆ। 2021 ਲਈ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਸਰਕਾਰੀ ਗਿਣਤੀ 3.32 ਲੱਖ ਦੱਸੀ ਗਈ, ਜਦਕਿ 2020 ਤੇ 2021 ਲਈ ਕੁਲ ਗਿਣਤੀ 4.8 ਲੱਖ ਦੱਸੀ ਗਈ। ਬਾਅਦ ਵਿੱਚ ਕੇਂਦਰੀ ਸਿਹਤ ਤੇ ਪਰਵਾਰ ਭਲਾਈ ਮੰਤਰਾਲੇ ਨੇ ਮੌਤਾਂ ਦੀ ਗਿਣਤੀ 5.33 ਲੱਖ ਦੱਸੀ। ਵਿਸ਼ਵ ਸਿਹਤ ਸੰਗਠਨ ਨੇ 2022 ਵਿੱਚ ਜਾਰੀ ਆਪਣੀ ਰਿਪੋਰਟ ’ਚ 2020 ਤੇ 2021 ਲਈ ਭਾਰਤ ’ਚ ਹੋਈਆਂ ਮੌਤਾਂ ਦੀ ਗਿਣਤੀ 47 ਲੱਖ ਦੱਸੀ ਸੀ। ਕੁਝ ਹੋਰ ਸੰਗਠਨਾਂ ਤੇ ਮੀਡੀਆ ਗਰੁੱਪਾਂ ਨੇ ਵੀ ਇਸ ਨਾਲ ਮਿਲਦੀ-ਜੁਲਦੀ ਦੱਸੀ ਸੀ। ਮੌਤਾਂ ਦੀ ਗਿਣਤੀ ਵਿੱਚ ਇਹ ਫਰਕ ਦਸ ਗੁਣਾ ਸੀ। ਇਹ ਸਿਰਫ ਗਿਣਤੀਆਂ ਨਹੀਂ ਸਨ, ਸਗੋਂ ਮਹਾਂਮਾਰੀ ਨਾਲ ਨਿਬੜਨ ਵਿੱਚ ਸਾਡੀ ਸਿਹਤ ਵਿਵਸਥਾ, ਨੀਤੀਆਂ ਤੇ ਤਿਆਰੀਆਂ ਨਾਲ ਜੁੜਿਆ ਮਸਲਾ ਸੀ। ਉਸ ਸਮੇਂ ਸਰਕਾਰੀ ਦਾਅਵੇ ਇਹ ਸਾਬਤ ਕਰ ਰਹੇ ਸਨ ਕਿ ਸਰਕਾਰ ਮਹਾਂਮਾਰੀ ਨਾਲ ਸਫਲਤਾ ਨਾਲ ਨਿਬੜ ਰਹੀ ਹੈ। ਉਹ ਮੌਤਾਂ ਦੀ ਗਿਣਤੀ ਵਿੱਚ ਆਪਣੀ ਨਾਕਾਮੀ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੀ ਸੀ। ਲੋਕਾਂ ਨੂੰ ਉਮੀਦ ਸੀ ਕਿ ਜਨਗਣਨਾ ਦੇ ਅੰਕੜਿਆਂ ਨਾਲ ਮੌਤਾਂ ਦੀ ਸਹੀ ਗਿਣਤੀ ਸਾਹਮਣੇ ਆਵੇਗੀ, ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਜਨਗਣਨਾ ਹੀ ਨਹੀਂ ਕਰਾਈ। ਤਾਂ ਵੀ ਮੌਤਾਂ ਦੀ ਗਿਣਤੀ ਬਾਰੇ ਕੁਝ ਰਿਪੋਰਟਾਂ ਸਾਹਮਣੇ ਆ ਗਈਆਂ ਹਨ, ਜਿਨ੍ਹਾਂ ਤੋਂ ਸਹੀ ਗਿਣਤੀ ਦਾ ਕੁਝ ਨਾ ਕੁਝ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਨ੍ਹਾਂ ’ਚ ਸ਼ਾਮਲ ਹਨ : ਸਿਵਲ ਰਜਿਸਟਰੇਸ਼ਨ ਸਿਸਟਮ (ਸੀ ਆਰ ਐੱਸ), ਸੈਂਪਲ ਰਜਿਸਟਰੇਸ਼ਨ ਸਿਸਟਮ (ਐੱਸ ਆਰ ਐੱਸ) ਅਤੇ ਮੈਡੀਕਲ ਸਰਟੀਫਿਕੇਟ ਆਫ ਕਾਜ਼ ਆਫ ਡੈੱਥ (ਐੱਮ ਸੀ ਸੀ ਡੀ)। ਇਹ ਅੰਕੜੇ ਜੀਵਨ, ਮੌਤ ਤੇ ਮੌਤ ਦੇ ਕਾਰਨਾਂ ਨੂੰ ਸਾਹਮਣੇ ਲਿਆਉਦੇ ਹਨ। ਸੀ ਆਰ ਐੱਸ ਮੁਤਾਬਕ ਦੇਸ਼ ਵਿੱਚ ਕੁੱਲ੍ਹ  ਰਜਿਸਟਰਡ ਮੌਤਾਂ ਦੀ ਗਿਣਤੀ 1.02 ਕਰੋੜ ਸੀ, ਜੋ ਕਿ 2020 ਨਾਲੋਂ 21 ਲੱਖ ਵੱਧ ਸਨ। ਐੱਸ ਆਰ ਐੱਸ ਦੇ ਅੰਕੜਿਆਂ ਮੁਤਾਬਕ 2007-2019 ਵਿੱਚ ਮੌਤਾਂ ਦਾ ਔਸਤ 83.5 ਲੱਖ ਸੀ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2013 ਤੋਂ 2016 ਤੱਕ ਮੌਤਾਂ ਦੀ ਰਜਿਸਟਰੇਸ਼ਨ ਦਾ ਪ੍ਰਤੀਸ਼ਤ 70 ਤੋਂ ਵਧ ਕੇ 77 ਹੋਇਆ, ਜੋ ਕਿ 2019 ਵਿੱਚ 92 ਪ੍ਰਤੀਸ਼ਤ ਤੱਕ ਪੁੱਜ ਗਿਆ। 2020 ਤੇ 2021 ਦੀ ਅਨੁਮਾਨਤ ਮੌਤ ਗਿਣਤੀ ਅਜੇ ਤੱਕ ਦੱਸੀ ਨਹੀਂ ਗਈ, ਪਰ ਰਜਿਸਟਰਡ ਮੌਤਾਂ ਦੀ ਗਿਣਤੀ 2020 ਵਿੱਚ 81,15,882 ਸੀ, ਜੋ 2021 ਵਿੱਚ ਵਧ ਕੇ 1.02, 24,506 ਹੋ ਗਈ। ਜੇ ਸਿਰਫ 2021 ਦੇ ਅੰਕੜਿਆਂ ਨੂੰ ਦੇਖੀਏ ਤਾਂ ਆਮ ਵਾਧੇ ਨਾਲ 28.75 ਲੱਖ ਮੌਤਾਂ ਹੋਈਆਂ। ਇਹ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਸਰਕਾਰੀ ਅੰਕੜਿਆਂ ਨਾਲੋਂ ਕਈ ਗੁਣਾ ਵੱਧ ਹਨ। ਜੇ 2019 ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਇਹ ਅਨੁਮਾਨਤ ਗਿਣਤੀ ਲਗਭਗ 21 ਲੱਖ ਤੱਕ ਪੁੱਜਦੀ ਹੈ। 2021 ਦੇ ਐੱਮ ਸੀ ਸੀ ਡੀ ਮੁਤਾਬਕ ਕੋਵਿਡ-19 ਨਾਲ ਮੌਤਾਂ ਦਾ ਪ੍ਰਤੀਸ਼ਤ 17.3 ਸੀ, ਸਾਹ ਸੰਬੰਧੀ ਬਿਮਾਰੀਆਂ ਦਾ 12.7 ਸੀ ਅਤੇ ਲਾਗ ਕਾਰਨ ਹੋਈਆਂ ਮੌਤਾਂ ਦਾ 29.8 ਸੀ। ਇੱਥੇ ਮੌਤ ਦੇ ਕਾਰਨ ਉਹੀ ਦਰਜ ਕੀਤੇ ਗਏ, ਜਿਹੜੇ ਰਜਿਸਟਰਡ ਹੋਏ। ਇਨ੍ਹਾਂ ਅੰਕੜਿਆਂ ਵਿੱਚ ਕੋਵਿਡ-19 ਨੂੰ ਸਾਹ ਸੰਬੰਧੀ ਬਿਮਾਰੀਆਂ ਨਾਲੋਂ ਕਿਵੇਂ ਅੱਡ ਕੀਤਾ ਗਿਆ, ਇਹ ਸਪੱਸ਼ਟ ਨਹੀਂ ਹੈ। ਕੋਵਿਡ ਕਾਲ ਵਿੱਚ ਜਨਮ ਰਜਿਸਟਰੇਸ਼ਨ ਦੀ ਗਿਣਤੀ ਵਿੱਚ ਵੀ ਮਾਮੂਲੀ ਗਿਰਾਵਟ ਦੇਖੀ ਗਈ।

ਝੂਠ ਬੇਪਰਦ Read More »

ਟਰੰਪ ਨੂੰ ਚੌਧਰੀ ਕਿਸ ਨੇ ਬਣਾਇਆ?

ਨਵੀਂ ਦਿੱਲੀ, 13 ਮਈ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਕਹਿਣ ਕਿ ਉਹ ਕਸ਼ਮੀਰ ਸਮੱਸਿਆ ਦੇ ਹੱਲ ਲਈ ਭਾਰਤ ਤੇ ਪਾਕਿਸਤਾਨ ਨਾਲ ਮਿਲ ਕੇ ਜਤਨ ਕਰਨਾ ਚਾਹੁੰਦੇ ਹਨ, ਆਪੋਜ਼ੀਸ਼ਨ ਪਾਰਟੀਆਂ ਨੇ ਮੋਦੀ ਸਰਕਾਰ ਦੀ ਖਿਚਾਈ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਮਾਮਲੇ ’ਚ ਵਿਦੇਸ਼ੀ ਦਖਲ ਦੀ ਆਗਿਆ ਦੇ ਦਿੱਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਹੈ ਕਿ ਸ਼ਿਮਲਾ ਸਮਝੌਤੇ ਵਿੱਚ ਸਪੱਸ਼ਟ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਮਾਮਲਿਆਂ ਵਿੱਚ ਤੀਜੀ ਧਿਰ ਦਾ ਦਖਲ ਨਹੀਂ ਹੋਵੇਗਾ। ਹੁਣ ਅਮਰੀਕੀ ਰਾਸ਼ਟਰਪਤੀ ਵਿਚੋਲਗੀ ਦੀਆਂ ਗੱਲਾਂ ਕਰ ਰਹੇ ਹਨ। ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਡੁਪਲੀਕੇਟ ਚਾਣਕਿਆ ਹੈ, ਜਿਸ ਨੇ ਟਰੰਪ ਨੂੰ ਕਸ਼ਮੀਰ ਮਾਮਲਿਆਂ ਵਿੱਚ ਦਖਲ ਦੇਣ ਦਾ ਹੱਕ ਦਿੱਤਾ ਹੈ। ਭਾਜਪਾ ਨੂੰ ਸ਼ਿਮਲਾ ਸਮਝੌਤਾ ਪੜ੍ਹਨਾ ਚਾਹੀਦਾ ਹੈ, ਜਿਸ ਵਿੱਚ ਦਰਜ ਹੈ ਕਿ ਗੱਲਬਾਤ ਸਿਰਫ ਦੋਹਾਂ ਦੇਸ਼ਾਂ ਵਿਚਾਲੇ ਹੋਵੇਗੀ, ਟਰੰਪ ਨੂੰ ਸਰਪੰਚ ਤੇ ਚੌਧਰੀ ਕਿਸ ਨੇ ਬਣਾਇਆ? ਕੀ ਅਸੀਂ ਰਾਸ਼ਟਰਪਤੀ ਟਰੰਪ ਨੂੰ ਚੌਧਰੀ ਬਣਾਇਆ? ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਟਰੰਪ ਨੂੰ ਟੈਗ ਕਰਦਿਆਂ ‘ਐੱਕਸ’ ਉੱਤੇ ਪੋਸਟ ਪਾ ਕੇ ਪੁੱਛਿਆ ਹੈ ਕਿ ਸਾਡਾ ਬੀ ਐੱਸ ਐੱਫ ਦਾ ਜਵਾਨ ਪੂਰਣਮ ਸਾਹੂ ਨੂੰ ਪਾਕਿਸਤਾਨ ਕਦੋਂ ਛੱਡੇਗਾ, ਜਿਸ ਨੂੰ ਪਾਕਿਸਤਾਨ ਨੇ 23 ਅਪ੍ਰੈਲ ਤੋਂ ਫੜਿਆ ਹੋਇਆ ਹੈ। ਰਾਜਦ ਦੇ ਆਗੂ ਮਨੋਜ ਝਾਅ ਨੇ ਕਿਹਾ ਹੈ ਕਿ ਸੰਸਦ ਦਾ ਵਿਸ਼ੇਸ਼ ਅਜਲਾਸ ਸੱਦ ਕੇ ਅਮਰੀਕਾ ਨੂੰ ਸਪੱਸ਼ਟ ਸੁਨੇਹਾ ਘੱਲਿਆ ਜਾਵੇ ਕਿ ਕਸ਼ਮੀਰ ਮਾਮਲੇ ਵਿੱਚ ਉਸ ਦੇ ਦਖਲ ਦੀ ਲੋੜ ਨਹੀਂ। ਟਰੰਪ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਚੌਧਰਾਹਟ ਚਾਹੁੰਦੇ ਹੋ, ਇਸ ਕਰਕੇ ਖੁਦ ਨੂੰ ਖੁਦਸਾਖਤਾ ਸਾਲਸ ਐਲਾਨ ਦਿੱਤਾ ਹੈ।

ਟਰੰਪ ਨੂੰ ਚੌਧਰੀ ਕਿਸ ਨੇ ਬਣਾਇਆ? Read More »