November 29, 2024

ਪ੍ਰਧਾਨ ਮੰਤਰੀ ਦੀ ਭਾਸ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦਾ ਸਰਦ ਰੁੱਤ ਅਜਲਾਸ ਸ਼ੁਰੂ ਹੋਣ ਦੇ ਮੌਕੇ ਕਿਹਾ ਕਿ ਲੋਕਾਂ ਵੱਲੋਂ 80-90 ਵਾਰ ਨਕਾਰੇ ਲੋਕ ਗੁੰਡਾਗਰਦੀ ਕਰਕੇ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੰਦੇ। ਲਗਦਾ ਹੈ ਕਿ ਮੋਦੀ ਨੇ ਆਪੋਜ਼ੀਸ਼ਨ ਪ੍ਰਤੀ ਸਨਮਾਨਜਨਕ ਸ਼ਬਦਾਂ ਦੇ ਇਸਤੇਮਾਲ ਤੋਂ ਦੂਰੀ ਬਣਾਏ ਰੱਖਣ ਦਾ ਸੰਕਲਪ ਲੈ ਰੱਖਿਆ ਹੈ। ਉਨ੍ਹਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 2004 ਦੀਆਂ ਲੋਕ ਸਭਾ ਚੋਣਾਂ ’ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਐੱਨ ਡੀ ਏ ਨੇ ਇੰਡੀਆ ਸ਼ਾਈਨਿੰਗ ਤੇ ਫੀਲ ਗੁੱਡ ਦੇ ਨਾਅਰਿਆਂ ਨਾਲ ਚੋਣ ਲੜੀ ਸੀ ਤੇ ਲੋਕਾਂ ਨੇ ਉਸ ਨੂੰ ਇੱਕੋ ਝਟਕੇ ’ਚ ਨਕਾਰ ਦਿੱਤਾ ਸੀ। 2009 ਵਿੱਚ ਵੀ ਐੱਨ ਡੀ ਏ ਨੂੰ ਨਕਾਰ ਦਿੱਤਾ ਗਿਆ ਸੀ। 2014 ਵਿੱਚ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਨੇ ‘ਕਾਂਗਰਸ-ਮੁਕਤ ਭਾਰਤ’ ਦੇ ਨਾਅਰੇ ਨੂੰ ਉਛਾਲਿਆ ਸੀ, ਪਰ 2024 ਦੀਆਂ ਚੋਣਾਂ ਵਿੱਚ ਉਹ 303 ਸੀਟਾਂ ਤੋਂ ਹੇਠਾਂ ਡਿਗ ਕੇ 240 ਸੀਟਾਂ ’ਤੇ ਆ ਗਈ ਅਤੇ ਹੁਣ ਉਹ ਜਨਤਾ ਦਲ (ਯੂਨਾਈਟਿਡ) ਤੇ ਤੇਲਗੂ ਦੇਸਮ ਪਾਰਟੀ ਦੀਆਂ ਫਹੁੜੀਆਂ ਦੇ ਆਸਰੇ ਸਰਕਾਰ ਚਲਾ ਰਹੀ ਹੈ। ਦਰਅਸਲ ਮੋਦੀ ਦਾ ਖਵਾਬ ‘ਆਪੋਜ਼ੀਸ਼ਨ-ਮੁਕਤ ਸੰਸਦ’ ਦਾ ਹੈ। ਜਦ ਉਹ ਕਹਿੰਦੇ ਹਨ ਕਿ ਆਪੋਜ਼ੀਸ਼ਨ ਨੇ ਗੰੁਡਾਗਰਦੀ ਮਚਾ ਰੱਖੀ ਹੈ, ਤਦ ਉਨ੍ਹਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਭਾਜਪਾ ਨੇ ਕਿੰਨੇ-ਕਿੰਨੇ ਦਿਨ ਸੰਸਦ ਨੂੰ ਠੱਪ ਰੱਖਿਆ। ਬੋਫਰਜ਼ ਕਾਂਡ ਨੂੰ ਲੈ ਕੇ ‘ਰਾਜੀਵ ਗਾਂਧੀ ਚੋਰ ਹੈ’ ਦੇ ਨਾਅਰੇ ਉਛਾਲੇ। ਉਸ ਦੀ ਮੰਗ ’ਤੇ ਸਰਕਾਰ ਨੇ ਬੋਫਰਜ਼ ਤੋਪਾਂ ਦੀ ਖਰੀਦ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾ ਦਿੱਤੀ ਸੀ, ਪਰ ਮੋਦੀ ਸੇਬੀ ਦੀ ਮੁਖੀ ਤੇ ਗੌਤਮ ਅਡਾਨੀ ਦੇ ਮੁੱਦੇ ’ਤੇ ਬਹਿਸ ਤੱਕ ਲਈ ਰਾਜ਼ੀ ਨਹੀਂ। ਸੰਸਦ ਵਿੱਚ ਉਦਯੋਗਪਤੀਆਂ ਦੇ ਕਾਰਨਾਮਿਆਂ ’ਤੇ ਕਈ ਵਾਰ ਬਹਿਸ ਹੋ ਚੁੱਕੀ ਹੈ। ਪੰਡਤ ਜਵਾਹਰ ਲਾਲ ਨਹਿਰੂ ਦੇ ਦਾਮਾਦ ਫਿਰੋਜ਼ ਗਾਂਧੀ ਨੇ ਹੀ ਭਿ੍ਰਸ਼ਟਾਚਾਰ ਦੇ ਕਾਂਡ ਉਠਾ ਕੇ ਉਨ੍ਹਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਕੁਝ ਸੀਨੀਅਰ ਮੰਤਰੀਆਂ ਨੂੰ ਅਸਤੀਫੇ ਦੇਣੇ ਪਏ ਸਨ। ਉਦੋਂ ਨਹਿਰੂ ਨੇ ਆਪੋਜ਼ੀਸ਼ਨ ਦੀਆਂ ਸਰਗਰਮੀਆਂ ਨੂੰ ਗੁੰਡਾਗਰਦੀ ਨਹੀਂ ਸੀ ਕਿਹਾ। ਇੰਦਰਾ ਸਰਕਾਰ ਵੇਲੇ ਚੰਦਰ ਸ਼ੇਖਰ, �ਿਸ਼ਨ ਕਾਂਤ, ਮੋਹਨ ਧਾਰੀਆ, ਸ਼ਸ਼ੀ ਭੂਸ਼ਣ ਤੇ ਚੰਦਰਜੀਤ ਯਾਦਵ ਨੇ ਬਿੜਲਾ ਘਰਾਣੇ ’ਤੇ ਤਿੱਖੇ ਹਮਲੇ ਕੀਤੇ ਸਨ। ਭੁੱਖ ਹੜਤਾਲ ਤੱਕ ਕੀਤੀ ਸੀ, ਪਰ ਇੰਦਰਾ ਨੇ ਗੁੰਡਾਗਰਦੀ ਸ਼ਬਦ ਦੀ ਵਰਤੋਂ ਨਹੀਂ ਸੀ ਕੀਤੀ। ਮਨਮੋਹਨ ਸਿੰਘ ਸਰਕਾਰ ਵੇਲੇ ਭਾਜਪਾ ਨੇ ਕੋਇਲਾ ਖਾਣਾਂ ਤੇ 2-ਜੀ ਦੀ ਨਿਲਾਮੀ ਨੂੰ ਲੈ ਕੇ ਸੰਸਦ ’ਚ ਤੂਫਾਨ ਖੜ੍ਹਾ ਕੀਤਾ, ਪਰ ਸਰਕਾਰ ਨੇ ਉਦੋਂ ਵੀ ਗੁੰਡਾਗਰਦੀ ਸ਼ਬਦ ਨਹੀਂ ਵਰਤਿਆ। ਮੋਦੀ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਝਾਰਖੰਡ ਅਸੰਬਲੀ ਚੋਣ ਵਿਚ ਭਾਜਪਾ ਬੁਰੀ ਤਰ੍ਹਾਂ ਹਾਰੀ ਹੈ। ਜ਼ਿਮਨੀ ਚੋਣਾਂ ’ਚ ਪੰਜਾਬ, ਕਰਨਾਟਕ ਤੇ ਪੱਛਮੀ ਬੰਗਾਲ ਵਿੱਚ ਉਸ ਨੂੰ ਇੱਕ ਵੀ ਸੀਟ ਨਹੀਂ ਮਿਲੀ। ਸਿਰਫ ਮਹਾਰਾਸ਼ਟਰ ਦੀ ਜਿੱਤ ਦੇ ਆਧਾਰ ’ਤੇ ਆਪੋਜ਼ੀਸ਼ਨ ਨੂੰ ਨਕਾਰਾ ਕਰਾਰ ਦੇਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਲੋਕਤੰਤਰ ਵਿੱਚ ਉਤਰਾਅ-ਚੜ੍ਹਾਅ ਆਉਦੇ ਰਹਿੰਦੇ ਹਨ।

ਪ੍ਰਧਾਨ ਮੰਤਰੀ ਦੀ ਭਾਸ਼ਾ Read More »

ਨਿੱਕੇ-ਨਿੱਕੇ ਜੱਜ ਦੇਸ਼ ਨੂੰ ਅੱਗ ਲੁਆ ਰਹੇ : ਰਾਮ ਗੋਪਾਲ

ਨਵੀਂ ਦਿੱਲੀ : ਯੂ ਪੀ ਦੇ ਸੰਭਲ ਦੀ ਜਾਮਾ ਮਸਜਿਦ ਦੀ ਅਸਲੀਅਤ ਦਾ ਪਤਾ ਲਾਉਣ ਲਈ ਜੱਜ ਵੱਲੋਂ ਦਿੱਤੇ ਸਰਵੇਖਣ ਦੇ ਹੁਕਮ ਤੋਂ ਬਾਅਦ ਰਾਜਸਥਾਨ ’ਚ ਅਜਮੇਰ ਸ਼ਰੀਫ ਦਰਗਾਹ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਂਸਦ ਪ੍ਰੋਫੈਸਰ ਰਾਮ ਗੋਪਾਲ ਯਾਦਵ ਨੇ ਕਿਹਾ ਹੈ ਕਿ ਨਿੱਕੇ-ਨਿੱਕੇ ਜੱਜ ਦੇਸ਼ ’ਚ ਅੱਗ ਲੁਆਉਣੀ ਚਾਹੁੰਦੇ ਹਨ। ਉਨ੍ਹਾ ਕਿਹਾਮੈਂ ਪਹਿਲਾਂ ਹੀ ਕਿਹਾ ਸੀ ਕਿ ਨਿੱਕੇ-ਨਿੱਕੇ ਜੱਜ ਦੇਸ਼ ਵਿੱਚ ਅੱਗ ਲੁਆਉਣੀ ਚਾਹੁੰਦੇ ਹਨ। ਅਜਮੇਰ ਸ਼ਰੀਫ ਵਿਚ ਸਾਡੇ ਪ੍ਰਧਾਨ ਮੰਤਰੀ ਖੁਦ ਚਾਦਰ ਭਿਜਵਾਉਦੇ ਹਨ। ਸਾਰੇ ਦੇਸ਼ ਤੇ ਦੁਨੀਆ ਤੋਂ ਲੋਕ ਉੱਥੇ ਪੁੱਜਦੇ ਹਨ। ਹੁਣ ਉਸ ਨੂੰ ਵਿਵਾਦਾਂ ’ਚ ਪਾਉਣਾ ਬਹੁਤ ਹੀ ਘਿ੍ਰਣਤ ਤੇ ਹੋਛੀ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਸੱਤਾ ਵਿੱਚ ਰਹਿਣ ਲਈ ਭਾਜਪਾ ਦੀ ਹਮਾਇਤ ਵਾਲੇ ਲੋਕ ਕੁਝ ਵੀ ਕਰ ਸਕਦੇ ਹਨ। ਦੇਸ਼ ਵਿੱਚ ਅੱਗ ਲੱਗ ਜਾਵੇ, ਇਨ੍ਹਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ, ਪਰ ਸੱਤਾ ਵਿੱਚ ਬਣੇ ਰਹਿਣ। ਉਨ੍ਹਾ ਕਿਹਾਹੁਣ ਕੋਈ ਜਮਹੂਰੀਅਤ ਨਹੀਂ ਬਚੀ। ਮਨਮਾਨੇ ਤਰੀਕੇ ਨਾਲ ਡੰਡੇ ਤੇ ਗੋਲੀ ਦੇ ਜ਼ੋਰ ਨਾਲ ਲੋਕਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਜਾ ਰਹੀਆਂ। ਚੋਣਾਂ ਵਿਚ ਗੜਬੜ ’ਤੇ ਲੋਕਾਂ ’ਚ ਚਰਚਾ ਨਾ ਹੋਵੇ, ਇਸ ਕਰਕੇ ਸੰਭਲ ’ਚ ਗੜਬੜ ਕਰਵਾ ਦਿੱਤੀ ਗਈ। ਉੱਥੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਪ੍ਰਸ਼ਾਸਨ ਸੰਭਲ ਮਾਮਲੇ ’ਚ ਸੌ ਫੀਸਦੀ ਦੋਸ਼ੀ ਹੈ ਅਤੇ ਜਿਸ ਦਿਨ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਹੋਵੇਗੀ, ਵੱਡੇ-ਵੱਡੇ ਅਧਿਕਾਰੀ ਜੇਲ੍ਹ ਜਾਣਗੇ। ਅਜਮੇਰ ਵਿੱਚ ਸਥਾਨਕ ਕੋਰਟ ਨੇ ਹਿੰਦੂ ਧਿਰ ਦੀ ਉਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ, ਜਿਸ ਵਿੱਚ ਅਜਮੇਰ ਸ਼ਰੀਫ ਦਰਗਾਹ ਨੂੰ ਹਿੰਦੂ ਮੰਦਰ ਦੱਸਿਆ ਗਿਆ ਹੈ। ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਣੂ ਗੁਪਤਾ ਨੇ ਆਪਣੀ ਪਟੀਸ਼ਨ ਵਿੱਚ ਉੱਥੇ ਪੂਜਾ ਕਰਨ ਦੀ ਵੀ ਆਗਿਆ ਮੰਗੀ ਹੈ। ਉਨ੍ਹਾ ਕਿਹਾ ਕਿ ਇਸ ਦਾ ਪੁਰਾਤੱਤਵ ਵਿਭਾਗ ਤੋਂ ਸਰਵੇਖਣ ਕਰਵਾਇਆ ਜਾਵੇ। ਕੋਰਟ ਨੇ ਦਰਗਾਹ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਦਕਿ ਦਰਗਾਹ ਕਮੇਟੀ ਨੇ ਅਜੇ ਟਿੱਪਣੀ ਨਹੀਂ ਕੀਤੀ। ਅਜਮੇਰ ਦਰਗਾਹ ਦੀ ਸੰਭਾਲ ਕਰਨ ਵਾਲਿਆਂ (ਖਾਦਿਮ) ਦੀ ਜਥੇਬੰਦੀ ਅੰਜੁਮਨ ਸਈਅਦ ਜ਼ਾਦਗਾਨ ਦੇ ਸਕੱਤਰ ਸਈਅਦ ਸਰਵਰ ਚਿਸ਼ਤੀ ਨੇ ਕਿਹਾ ਹੈ ਕਿ ਇਹ ਪਟੀਸ਼ਨ ਸਮਾਜ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਗਿਣੀ-ਮਿੱਥੀ ਸਾਜ਼ਿਸ਼ ਹੈ। ਖਵਾਜਾ ਮੋਈਨੂਦੀਨ ਚਿਸ਼ਤੀ ਪਰਸ਼ੀਆ ਦੇ ਸੂਫੀ ਸੰਤ ਸਨ ਤੇ ਉਨ੍ਹਾ ਅਜਮੇਰ ਨੂੰ ਆਪਣਾ ਘਰ ਬਣਾਇਆ। ਉਨ੍ਹਾ ਦੇ ਸਤਿਕਾਰ ਵਿਚ ਮੁਗਲ ਬਾਦਸ਼ਾਹ ਹਮਾਯੂੰ ਨੇ ਦਰਗਾਹ ਬਣਾਈ ਸੀ। ਬਾਦਸ਼ਾਹ ਅਕਬਰ ਇੱਥੇ ਹਰ ਸਾਲ ਆਉਦਾ ਸੀ। ਬਾਦਸ਼ਾਹ ਸ਼ਾਹਜਹਾਂ ਨੇ ਕੰਪਲੈਕਸ ਦੇ ਅੰਦਰ ਮਸਜਿਦਾਂ ਬਣਵਾਈਆਂ ਸਨ।

ਨਿੱਕੇ-ਨਿੱਕੇ ਜੱਜ ਦੇਸ਼ ਨੂੰ ਅੱਗ ਲੁਆ ਰਹੇ : ਰਾਮ ਗੋਪਾਲ Read More »