CTET ਪ੍ਰੀਖਿਆ ਤੋਂ ਪਹਿਲਾਂ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ
ਨਵੀਂ ਦਿੱਲੀ, 10 ਫਰਵਰੀ – ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਦੌਰਾਨ ਸਿੱਖ ਪ੍ਰੀਖਿਆਰਥੀਆਂ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਅੱਜ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਲਈ ਗਈ CTET ਪ੍ਰੀਖਿਆ ਦੇ ਤਹਿਤ ਬਠਿੰਡਾ ਦੇ ਗੋਨਿਆਣਾ ਰੋਡ ‘ਤੇ ਪਿੰਡ ਭੋਖੜਾ ਨੇੜੇ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਵੀ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ। ਇੱਥੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲੇ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਸਿੱਖ ਪ੍ਰੀਖਿਆਰਥੀਆਂ ਦੇ ਧਾਰਮਿਕ ਚਿੰਨ੍ਹ ‘ਕੜੇ’ ਲੁਹਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਸਿੱਖ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰਾਂ ਵਿੱਚ ਰੋਸ ਵੇਖਣ ਨੂੰ ਮਿਲਿਆ। ਵਿਰੋਧ ਦੇ ਬਾਵਜੂਦ, ਪ੍ਰੀਖਿਆਰਥੀਆਂ ਨੇ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਮਜਬੂਰੀਵਸ਼ ਕੜੇ ਲਾਹ ਕੇ ਪ੍ਰੀਖਿਆ ਦਿੱਤੀ।
ਸਕੂਲ ਦੇ ਬਾਹਰ ਮੌਜੂਦ ਸਿੱਖ ਪ੍ਰੀਖਿਆਰਥੀਆਂ ਦੇ ਵਾਰਸਾਂ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ CBSE ਵੱਲੋਂ ਲਈ ਜਾ ਰਹੀ CTET ਪ੍ਰੀਖਿਆ ਦੇ ਨਿਯਮਾਂ ਵਿੱਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਉਣ ਸੰਬੰਧੀ ਕੋਈ ਵੀ ਸ਼ਰਤ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਪ੍ਰਬੰਧਕ ਜਾਣਬੁੱਝ ਕੇ ਸਿੱਖ ਵਿਰੋਧੀ ਸੋਚ ਤਹਿਤ ਅਜਿਹਾ ਕਰ ਰਹੇ ਹਨ। ਰੋਸ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਇਆ ਜਾਵੇਗਾ ਅਤੇ ਸਿੱਖ ਸੰਸਥਾਵਾਂ ਵੱਲੋਂ ਤੁਰੰਤ ਦਖ਼ਲ ਦੀ ਲੋੜ ਹੈ। ਉੱਧਰ, ਮਾਮਲਾ ਤੂਲ ਫੜਦਾ ਦੇਖ ਪ੍ਰੀਖਿਆ ਕੇਂਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਕੂਲ ਦੇ ਮੁੱਖ ਗੇਟ ‘ਤੇ ਆਏ ਅਤੇ ਕਿਹਾ ਕਿ ਇਹ ਕਾਰਵਾਈ ਪ੍ਰੀਖਿਆ ਕੇਂਦਰ ਦੇ ਨਿਯਮਾਂ ਅਨੁਸਾਰ ਕੀਤੀ ਗਈ ਹੈ। ਹਾਲਾਂਕਿ ਉਹ ਇਸ ਸਬੰਧੀ ਕੋਈ ਲਿਖਤੀ ਹੁਕਮ ਜਾਂ ਦਿਸ਼ਾ-ਨਿਰਦੇਸ਼ ਪੇਸ਼ ਨਹੀਂ ਕਰ ਸਕੇ।
Share this content:



Post Comment