Loading Now

CM ਧਾਮੀ ਦੀ ਦਖਲਅੰਦਾਜ਼ੀ ਮਗਰੋਂ ਮੀਕਾ ਸਿੰਘ ਨੇ ਰੱਖੀ ਵੱਡੀ ਮੰਗ

CM ਧਾਮੀ ਦੀ ਦਖਲਅੰਦਾਜ਼ੀ ਮਗਰੋਂ ਮੀਕਾ ਸਿੰਘ ਨੇ ਰੱਖੀ ਵੱਡੀ ਮੰਗ

ਦੇਹਰਾਦੂਨ, 24 ਅਕਤੂਬਰ – ਦਲੇਰ ਮਹਿੰਦੀ ਨਾਲ ਜੁੜਿਆ ਵਿਵਾਦ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਹਲਕਿਆਂ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਸਾਹਮਣੇ ਆਈਆਂ ਹਨ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਹੁਣ ਉਨਾਂ ਨੇ ਖੁਦ ਦਖਲ ਦਿੰਦੇ ਹੋਏ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਧਾਮੀ ਨੇ ਇੱਕ ਵਾਰ ਫਿਰ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਗੱਲਬਾਤ ਕੀਤੀ। ਉਨਾਂ ਨੇ ਦਲੇਰ ਮਹਿੰਦੀ ਦਾ ਹਾਲ-ਚਾਲ ਪੁੱਛਿਆ ਅਤੇ ਚੱਲ ਰਹੇ ਵਿਵਾਦ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ‘ਦੇਵਭੂਮੀ’ ਉੱਤਰਾਖੰਡ ਮਹਿਮਾਨ ਨੂੰ ਦੇਵਤੇ ਸਮਾਨ ਮੰਨਣ ਦੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਦਾ ਹੈ। ਇਸ ਖੇਤਰ ਦੀ ਵਿਲੱਖਣ ਪਛਾਣ ਇੱਥੋਂ ਦੇ ਲੋਕ ਸੱਭਿਆਚਾਰ, ਨਿੱਘੀ ਮਹਿਮਾਨ-ਨਿਵਾਜ਼ੀ ਅਤੇ ਸਦਭਾਵਨਾ ਦੀ ਭਾਵਨਾ ਤੋਂ ਬਣਦੀ ਹੈ। ਇੱਥੇ ਹਮੇਸ਼ਾ ਕਲਾ, ਸੱਭਿਆਚਾਰ ਅਤੇ ਕਲਾਕਾਰਾਂ ਦਾ ਸਵਾਗਤ ਅਤੇ ਸਤਿਕਾਰ ਕੀਤਾ ਗਿਆ ਹੈ। ਹੁਣ ਉਦੇਸ਼ ਇਹ ਹੈ ਕਿ ਇਸ ਘਟਨਾ ਨੂੰ ਪਿੱਛੇ ਛੱਡ ਦਿੱਤਾ ਜਾਵੇ ਅਤੇ ਆਪਸੀ ਗੱਲਬਾਤ, ਸਦਭਾਵਨਾ ਅਤੇ ਸਕਾਰਾਤਮਕਤਾ ਦੀ ਭਾਵਨਾ ਨਾਲ ਅੱਗੇ ਵਧਿਆ ਜਾਵੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਧਾਮੀ ਨੇ ਜਨਤਾ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਨੂੰ ਹੋਰ ਨਾ ਵਧਾਉਣ। ਉਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਮਾਮਲੇ ਬਾਰੇ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਦੋਵਾਂ ਨਾਲ ਗੱਲ ਕਰਨਗੇ।

ਬੀਤੇ ਕੱਲ੍ਹ ਸ਼ਾਮ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਮੀਕਾ ਸਿੰਘ ਨਾਲ ਇਸ ਵਿਵਾਦ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਸੀ। ਇਸ ਤੋਂ ਬਾਅਦ ਗਾਇਕ ਮੀਕਾ ਸਿੰਘ ਨੇ ਇਸ ਵਿਸ਼ੇ ‘ਤੇ ਇੱਕ ਪੋਸਟ ਸਾਂਝੀ ਕੀਤੀ। ਆਪਣੀ ਇਸ ਪੋਸਟ ਵਿੱਚ ਮੀਕਾ ਸਿੰਘ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਭਰਪੂਰ ਸ਼ਲਾਘਾ ਕੀਤੀ। “ਮੈਂ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਬਹੁਤ ਸਤਿਕਾਰ ਕਰਦਾ ਹਾਂ। ਉਨਾਂ ਨੇ ਦਲੇਰ ਭਾਜੀ ਨਾਲ ਜੁੜੇ ਮਾਮਲੇ ਬਾਰੇ ਮੈਨੂੰ ਨਿੱਜੀ ਤੌਰ ‘ਤੇ ਫੋਨ ਕੀਤਾ। ਮੈਂ ਉਨਾਂ ਦੇ ਇਸ ਉਪਰਾਲੇ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਮੈਂ ਧਾਮੀ ਸਾਬ੍ਹ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਇੱਕ ਨਿਮਰ ਅਤੇ ਜ਼ਮੀਨ ਨਾਲ ਜੁੜੇ ਇਨਸਾਨ ਹਨ ਅਤੇ ਮੈਂ ਉਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਮੇਰੀ ਉਨਾਂ ਅੱਗੇ ਇੱਕ ਨਿਮਰ ਬੇਨਤੀ ਹੈ, ਕਿ ਉਹ ਸੁਬੋਧ ਉਨਿਆਲ ਨੂੰ ਕਹਿ ਸਕਦੇ ਹਨ ਕਿ ਉਹ ਇੱਕ ਛੋਟੀ ਵੀਡੀਓ ਬਣਾ ਕੇ ਆਪਣੇ ਬਿਆਨ ਦੀ ਸਪੱਸ਼ਟਤਾ ਦੇਣ ਅਤੇ ਦਲੇਰ ਭਾਈ ਤੋਂ ਮੁਆਫ਼ੀ ਮੰਗਣ? ਅਜਿਹਾ ਇਸ ਲਈ ਕਿਉਂਕਿ ਉਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਦਲੇਰ ਭਾਜੀ ਆਪਣੀ ਪੇਸ਼ਕਾਰੀ ਦੌਰਾਨ ਨਸ਼ੇ ਦੀ ਹਾਲਤ ਵਿੱਚ ਸਨ।

ਇਸ ਤੋਂ ਇਲਾਵਾ ਮੀਕਾ ਸਿੰਘ ਨੇ ਕਿਹਾ ਕਿ ਹਾਲਾਂਕਿ, ਗਲਤਫਹਿਮੀਆਂ ਹੋ ਸਕਦੀਆਂ ਹਨ, ਪਰ ਇਨ੍ਹਾਂ ਨੂੰ ਸਲੀਕੇ ਅਤੇ ਮਰਿਆਦਾ ਨਾਲ ਹੱਲ ਵੀ ਕੀਤਾ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਇਸ ਕਦਮ ਨਾਲ ਇਹ ਮਾਮਲਾ ਖਤਮ ਹੋ ਜਾਵੇਗਾ ਅਤੇ ਦਲੇਰ ਭਾਜੀ ਦੇ ਸਨਮਾਨ ਅਤੇ ਸਾਖ ਨੂੰ ਬਰਕਰਾਰ ਰੱਖਣ ਲਈ ਪੂਰਾ ਧਿਆਨ ਰੱਖਿਆ ਜਾਵੇਗਾ। ਮੈਨੂੰ ਧਾਮੀ ਸਾਹਿਬ ਦੀ ਸੂਝ-ਬੂਝ ਅਤੇ ਅਗਵਾਈ ‘ਤੇ ਪੂਰਾ ਭਰੋਸਾ ਹੈ। ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਨਾਲ ਜੁੜਿਆ ਇਹ ਵਿਵਾਦ ਨਰਿੰਦਰ ਨਗਰ ਵਿੱਚ ਸ਼ੁਰੂ ਹੋਇਆ ਸੀ। ਇਹ ਘਟਨਾ ਨਰਿੰਦਰ ਨਗਰ ਵਿੱਚ ‘ਸਿੱਧਪੀਠ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ’ ਦੀ ਸੱਭਿਆਚਾਰਕ ਸ਼ਾਮ ਦੌਰਾਨ ਵਾਪਰੀ, ਜਿੱਥੇ ਪੌਪ ਸਟਾਰ ਦਲੇਰ ਮਹਿੰਦੀ ਲਾਈਵ ਕੰਸਰਟ (ਪ੍ਰੋਗਰਾਮ) ਪੇਸ਼ ਕਰ ਰਹੇ ਸਨ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਬੈਕਗ੍ਰਾਉਂਡ ਸਾਊਂਡਟ੍ਰੈਕ ਦੀ ਵਰਤੋਂ ਕੀਤੀ, ਜਿਸ ਕਾਰਨ ਉੱਥੇ ਮੌਜੂਦ ਦਰਸ਼ਕ ਨਾਰਾਜ਼ ਹੋ ਗਏ।

Share this content:

Previous post

‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਚਲਾਈਆਂ ਬੱਸਾਂ ‘ਚ ਸੁਰੱਖਿਆ ਨਿਯਮਾਂ ਦੀ ਉਲੰਘਣਾ, NHRC ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Next post

ਪੰਜਾਬ ਜਨ ਗਣਨਾ ਦੇ ਦੂਜੇ ਪੜਾਅ ਦੌਰਾਨ ਪੁੱਛੇ ਜਾਣਗੇ 40 ਸਵਾਲ, 16 ਤੋਂ 30 ਨਵੰਬਰ ਤੱਕ ਭਰੋ ਆਨਲਾਈਨ ਜਾਣਕਾਰੀ

Post Comment