Loading Now

CBSE ਬੋਰਡ ਪ੍ਰੀਖਿਆਵਾਂ ਵਿੱਚ ਵੱਡੇ ਬਦਲਾਅ

CBSE ਬੋਰਡ ਪ੍ਰੀਖਿਆਵਾਂ ਵਿੱਚ ਵੱਡੇ ਬਦਲਾਅ

ਨਵੀਂ ਦਿੱਲੀ, 9 ਫਰਵਰੀ – ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀਕਿ CBSE ਬੋਰਡ ਨੇ ਆਉਣ ਵਾਲੀਆਂ ਬੋਰਡ ਪਰੀਖਿਆਵਾਂ ਦੀ ਮੁਲਾਂਕਣ ਪ੍ਰਕਿਰਿਆ (ਇਵੈਲੂਏਸ਼ਨ ਪ੍ਰੋਸੈਸ) ਨੂੰ ਹੋਰ ਪਾਰਦਰਸ਼ੀ, ਸਹੀ ਅਤੇ ਆਧੁਨਿਕ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। 2026 ਦੀ ਕਲਾਸ 12ਵੀਂ ਦੀ ਬੋਰਡ ਪਰੀਖਿਆਵਾਂ ਲਈ ਹੁਣ ਉੱਤਰ ਪੁਸਤਿਕਾਵਾਂ ਦੀ ਜਾਂਚ ਪੈਨ ਅਤੇ ਕਾਗਜ਼ ਦੀ ਬਜਾਏ ‘ਡਿਜ਼ੀਟਲ ਸਕਰੀਨ’ ਉੱਤੇ ਕੀਤੀ ਜਾਵੇਗੀ। CBSE ਨੇ ਇਹ ਫੈਸਲਾ ਮੁੱਖ ਤੌਰ ‘ਤੇ ਨਤੀਜਿਆਂ ਵਿੱਚ ਮਨੁੱਖੀ ਗਲਤੀਆਂ ਨੂੰ ਘਟਾਉਣ ਅਤੇ ਮੁਲਾਂਕਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲਿਆ ਹੈ।

ਇੰਝ ਕੀਤਾ ਜਾਏਗਾ ਇਹ ਕੰਮ

ਹੁਣ ਤੱਕ ਅਧਿਆਪਕ ਫਿਜ਼ਿਕਲ ਤੌਰ ‘ਤੇ ਉੱਤਰ ਪੁਸਤਿਕਾਵਾਂ ਦੇ ਪੰਨੇ ਉਲਟ ਕੇ ਅੰਕ ਦਿੱਤੇ ਕਰਦੇ ਸਨ, ਪਰ ਨਵੀਂ ਪ੍ਰਣਾਲੀ ਦੇ ਤਹਿਤ ਪੂਰੀ ਪ੍ਰਕਿਰਿਆ ਪੇਪਰਲੇਸ ਹੋਵੇਗੀ। ਪਰੀਖਿਆ ਕੇਂਦਰਾਂ ਤੋਂ ਆਂਸਰ ਬੁੱਕਸ ਸਿੱਧੇ ਖੇਤਰੀ ਕੇਂਦਰਾਂ ਵਿੱਚ ਭੇਜੀਆਂ ਜਾਣਗੀਆਂ, ਜਿੱਥੇ ਉਨ੍ਹਾਂ ਨੂੰ ਉੱਚ-ਗੁਣਵੱਤਾ ਵਾਲੇ ਸਕੈਨਰਾਂ ਦੇ ਜ਼ਰੀਏ ਡਿਜ਼ੀਟਲ ਫਾਰਮੈਟ ਵਿੱਚ ਬਦਲਿਆ ਜਾਵੇਗਾ। ਇਸ ਤੋਂ ਬਾਅਦ ਪਰੀਖਕ ਕੰਪਿਊਟਰ ਸਕਰੀਨ ‘ਤੇ ਉੱਤਰ ਪੜ੍ਹਨਗੇ ਅਤੇ ਓਥੇ ਹੀ ਡਿਜ਼ੀਟਲ ਤੌਰ ‘ਤੇ ਅੰਕ ਦਰਜ ਕਰਨਗੇ। ਡਿਜ਼ੀਟਲ ਸਿਸਟਮ ਆਪਣੇ ਆਪ ਅੰਕ ਜੋੜ ਦੇਵੇਗਾ, ਜਿਸ ਨਾਲ ‘ਟੋਟਲਿੰਗ’ (ਅੰਕਾਂ ਦੀ ਗਿਣਤੀ) ਵਿੱਚ ਹੋਣ ਵਾਲੀਆਂ ਗਲਤੀਆਂ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।

ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ

ਜ਼ਿਕਰਯੋਗ ਹੈ ਕਿ CBSE ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੋਵਾਂ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਤੋਂ ਸ਼ੁਰੂ ਹੋਣਗੀਆਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 2026 ਤੋਂ, CBSE 10ਵੀਂ ਜਮਾਤ ਲਈ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਏਗਾ। ਇਹ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ-2020) ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਕੀਤਾ ਗਿਆ ਹੈ। CBSE ਨੇ 10ਵੀਂ ਅਤੇ 12ਵੀਂ ਜਮਾਤ ਦੋਵਾਂ ਲਈ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ। ਬੋਰਡ ਪ੍ਰੀਖਿਆਵਾਂ 17 ਫਰਵਰੀ, 2026 ਨੂੰ ਸ਼ੁਰੂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ, 2026 ਨੂੰ ਸਮਾਪਤ ਹੋਣਗੀਆਂ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਅਪ੍ਰੈਲ, 2026 ਤੱਕ ਜਾਰੀ ਰਹਿਣਗੀਆਂ।

Share this content:

Post Comment