ਮੱਧ-ਯੁੱਗੀ ਭਾਰਤ ਉੱਤੇ ਘੋੜ-ਨਜ਼ਰ…/ਸੁਰਿੰਦਰ ਸਿੰਘ ਤੇਜ

ਭਾਈ ਬਿਧੀ ਚੰਦ ਛੀਨਾ ਵੱਲੋਂ ਲਾਹੌਰ ਦੇ ਕਿਲੇ ਵਿੱਚੋਂ ਦੋ ਘੋੜੇ ‘ਆਜ਼ਾਦ’ ਕਰਵਾ ਕੇ ਗੁਰ-ਦਰਬਾਰ ਵਿਚ ਪਹੁੰਚਾਏ ਜਾਣ ਦੀ ਸਾਖੀ, ਸਿੱਖ ਇਤਿਹਾਸ ਦੀਆਂ ਗੌਰਵ ਗਾਥਾਵਾਂ ਵਿਚ ਸ਼ੁਮਾਰ ਹੈ। ਦਿਲਬਾਗ਼ ਤੇ ਗੁਲਬਾਗ਼ ਨਾਮੀ ਇਹ ਦੋ ਘੋੜੇ ਕਾਬੁਲ ਦੇ ਸਿੱਖ ਵਪਾਰੀ ਭਾਈ ਕਰੋੜੀ ਮੱਲ ਨੇ ਛੇਵੇਂ ਪਾਤਸ਼ਾਹ ਲਈ ਪਾਲੇ-ਪੋਸੇ ਤੇ ਟ੍ਰੇਨ ਕੀਤੇ ਸਨ। ਇਨ੍ਹਾਂ ਦਿਲਕਸ਼ ਘੋੜਿਆਂ ਨੂੰ ਦੇਖ ਕੇ ਲਾਹੌਰ ਦੇ ਸੂਬੇਦਾਰ ਦਾ ਮਨ ਲਲਚਾ ਗਿਆ। ਉਸ ਦੇ ਦੋਵੇਂ ਘੋੜੇ ‘ਜ਼ਬਤ’ ਕਰ ਲਏ। ਇਨ੍ਹਾਂ ਨੂੰ ਸ਼ਾਤਿਰਤਾ ਨਾਲ ‘ਆਜ਼ਾਦ’ ਕਰਵਾਉਣ ਅਤੇ ਗੁਰੂ ਦੀ ਅਮਾਨਤ ਛੇਵੇਂ ਪਾਤਸ਼ਾਹ ਪਾਸ ਪਹੁੰਚਾਉਣ ਦੀ ਦਲੇਰੀ ਬਿਧੀ ਚੰਦ ਨੇ ਦਿਖਾਈ। ਇਹ ਗੌਰਵ ਗਾਥਾ ਦਰਸਾਉਂਦੀ ਹੈ ਕਿ ਮੱਧ-ਯੁੱਗੀ ਹਿੰਦ ਵਿਚ ਘੋੜਿਆਂ ਦੀ ਕਿੰਨੀ ਵੁੱਕਤ ਸੀ। ਇਸੇ ਵੁੱਕਤ ਨੇ ਭਾਰਤੀ ਉਪ-ਮਹਾਂਦੀਪ ਦਾ ਇਤਿਹਾਸ ਬਦਲਣ ਵਿਚ ਚੋਖੀ ਅਹਿਮ ਭੂਮਿਕਾ ਨਿਭਾਈ।

ਇਸ ਭੂਮਿਕਾ ਨੂੰ ਸੁਚੱਜੇ ਢੰਗ ਨਾਲ ਕਲਮਬੰਦ ਕੀਤਾ ਹੈ ਯਸ਼ਅਸ਼ਵਿਨੀ ਚੰਦਰ ਨੇ ਆਪਣੀ ਕਿਤਾਬ ‘ਦਿ ਟੇਲ ਆਫ਼ ਦਿ ਹੌਰਸ: ਏ ਹਿਸਟਰੀ ਆਫ਼ ਇੰਡੀਆ ਔਨ ਹੌਰਸਬੈਕ’ (ਪਿਕਾਡੋਰ ਇੰਡੀਆ; 309 ਪੰਨੇ; 699 ਰੁਪਏ) ਰਾਹੀਂ। ਕਮਾਲ ਦੀ ਹੈ ਇਹ ਕਿਤਾਬ। ਇਲਮੀ, ਗਿਆਨਵਰਧਕ ਅਤੇ ਅਤਿਅੰਤ ਰੌਚਿਕ। ਘੋੜਿਆਂ ਦੇ ਇਤਿਹਾਸ ਦੁਆਲੇ ਉੱਤਰੀ ਤੇ ਦੱਖਣੀ ਭਾਰਤ ਦਾ ਇਕ ਦਹਿਸਦੀ ਇਤਹਾਸ ਬੁਣਿਆ ਗਿਆ ਹੈ। ਹਰ ਪੰਨੇ ’ਤੇ ਨਵੀਂ-ਨਵੇਕਲੀ ਜਾਣਕਾਰੀ। ਇਹ ਜਾਣਕਾਰੀ ਖੋਜਣ, ਘੋਖਣ ਅਤੇ ਸੰਜੋਣ ਲਈ ਕਿੰਨਾ ਤਰੱਦਦ ਕੀਤਾ ਗਿਆ, ਇਸ ਦਾ ਅੰਦਾਜ਼ਾ ਹਵਾਲਾ ਪੁਸਤਕਾਂ ਤੇ ਦਸਤਾਵੇਜ਼ੀ ਸਬੂਤਾਂ ਦੀ 70 ਪੰਨੇ ਲੰਮੀ ਸੂਚੀ ਤੋਂ ਹੋ ਜਾਂਦਾ ਹੈ। ਯਸ਼ਅਸ਼ਵਿਨੀ ਵਿੱਦਿਅਕ ਯੋਗਤਾਵਾਂ ਤੇ ਪੇਸ਼ੇ ਪੱਖੋਂ ਇਤਿਹਾਸਕਾਰ ਹੈ ਅਤੇ ਸ਼ੌਕ ਤੇ ਸ਼ੁਗਲ ਪੱਖੋਂ ਘੋੜਸਵਾਰ। ਇਨ੍ਹਾਂ ਤੱਤਾਂ ਦੇ ਸੁਮੇਲ ਨੇ ਉਸ ਨੂੰ ਰਾਸ਼ਟਰਪਤੀ ਦੇ ਅੰਗ-ਰੱਖਿਅਕ ਰਸਾਲੇ ਬਾਰੇ ਕਿਤਾਬ ਰਚਣ ਦੇ ਰਾਹ ਪਾਇਆ। ਉਸੇ ਕਿਤਾਬ ਵਿਚੋਂ ਘੋੜਸਵਾਰੀ ਤੇ ਰਾਜਸ਼ਾਹੀ ਦੇ ਰਿਸ਼ਤੇ ਨੂੰ ਘੋਖਣ ਦਾ ਸੰਕਲਪ ਉਭਰਿਆ ਜੋ ਨਵੀਂ ਕਿਤਾਬ ਦਾ ਰੂਪ ਧਾਰਨ ਕਰਦਾ ਗਿਆ।

‘ਘੋੜੇ ਵੇਚ ਕੇ ਸੁੱਤਾ’ ਅਖਾਣ ਅਸੀਂ ਅਕਸਰ ਵਰਤਦੇ ਹਾਂ। ਇਸ ਦਾ ਮੁੱਢ ਭਾਰਤ ਵਿਚ ਘੋੜਿਆਂ ਦੇ ਵਪਾਰ ਤੋਂ ਬੱਝਿਆ ਸੀ। ਭਾਰਤ ਵਿਚ ਪਿਛਲੇ ਇਕ ਹਜ਼ਾਰ ਸਾਲ ਤੋਂ ਘੋੜੇ ਮੱਧ-ਪੂਰਬ (ਅਰਬ ਮੁਲਕਾਂ), ਤੁਰਕੀ ਤੇ ਇਰਾਨ ਅਤੇ ਮੱਧ ਏਸ਼ੀਆ (ਤੁਰਕਮੇਨਿਸਤਾਨ, ਅਜ਼ਰਬਾਇਜਾਨ, ਉਜ਼ਬੇਕਿਸਤਾਨ, ਤਾਜਿਕਸਤਾਨ, ਜਾਰਜੀਆ, ਕਜ਼ਾਖ਼ਿਸਤਾਨ) ਤੋਂ ਦਰਾਮਦ ਹੁੰਦੇ ਰਹੇ ਹਨ। 13ਵੀਂ ਤੋਂ 18ਵੀਂ ਸਦੀ ਤੱਕ ਹਰ ਵਰ੍ਹੇ ਔਸਤ ਇਕ ਲੱਖ ਘੋੜਾ ਭਾਰਤ ਪੁੱਜਦਾ ਸੀ; ਸਮੁੰਦਰੀ ਰੂਟ ਰਾਹੀਂ ਵੀ ਅਤੇ ਜ਼ਮੀਨੀ ਰਸਤਿਆਂ ਰਾਹੀਂ ਵੀ। ਰਤਨਾਂ-ਜਵਾਹਰਾਂ ਨਾਲ ਮੁੱਲ ਪੈਂਦਾ ਸੀ ਇਨ੍ਹਾਂ ਘੋੜਿਆਂ ਦਾ। ਲਿਹਾਜ਼ਾ ਇਨ੍ਹਾਂ ਨੂੰ ਲੁੱਟਣ, ਚੁਰਾਉਣ ਜਾਂ ਧੱਕੇ ਨਾਲ ਖੋਹਣ ਵਾਲਿਆਂ ਦੀ ਤਾਦਾਦ ਵੀ ਘੱਟ ਨਹੀਂ ਸੀ। ਵਪਾਰੀ ਨੂੰ ਨੀਂਦ ਉਦੋਂ ਨਸੀਬ ਹੁੰਦੀ ਸੀ ਜਦੋਂ ਉਹ ਆਪਣੇ ਘੋੜੇ ਵੇਚ ਲੈਂਦਾ ਸੀ। ਅਰਬੀ, ਇਰਾਕੀ, ਇਰਾਨੀ, ਤੁਰਕਿਸ਼ ਜਾਂ ਮੱਧ ਏਸ਼ਿਆਈ ਘੋੜਿਆਂ ਦੀ ਅਜੇ ਵੀ ਕੁੱਲ ਜਹਾਨ ਵਿਚ ਵੁੱਕਤ ਹੈ। ਉਦੋਂ ਵੀ ਘੱਟ ਨਹੀਂ ਸੀ। ਉਂਜ ਭਾਰਤ ਵਿਚ ਘੋੜਿਆਂ ਦੀਆਂ ਜਿੰਨੀਆਂ ਵੀ ਨਸਲਾਂ ਇਸ ਸਮੇਂ ਹਨ, ਉਨ੍ਹਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਉਪਰੋਕਤ ਨਸਲਾਂ ਦਾ ਅੰਸ਼ ਅਵੱਸ਼ ਮੌਜੂਦ ਹੈ, ਖ਼ਾਸ ਕਰਕੇ ਕਾਠੀਆਵਾੜੀ, ਮਾਰਵਾੜੀ ਜਾਂ ਪੰਜਾਬ ਦੇ ਨੁੱਕਰੇ ਘੋੜਿਆਂ ’ਚ। ਦੱਕਣੀ (ਦੱਖਣੀ) ਜਾਂ ਜ਼ੰਕਸਾਰੀ ਤੇ ਮਨੀਪੁਰੀ ਘੋੜੇ ਵੀ ਅਰਬੀ-ਤੁਰਕੀ ਖ਼ੂਨ-ਅੰਸ਼ ਤੋਂ ਮੁਕਤ ਨਹੀਂ। ਜ਼ੰਕਸਾਰੀ ਜਾਂ ਮਨੀਪੁਰੀ ਜਾਂ ਹੋਰ ਪਹਾੜੀ ਟੱਟੂ ਭਾਵੇਂ ਤਿੱਬਤੀ (ਮੰਗੋਲਿਆਈ) ਨਸਲਾਂ ਤੋਂ ਵਿਕਸਿਤ ਹਨ, ਪਰ ਇਨ੍ਹਾਂ ਦਾ ਮੌਜੂਦਾ ਅਵਤਾਰ ਅਰਬੀ ਡੀਐਨਏ ਨਾਲ ਵੀ ਲੈਸ ਹੈ। ਕਈ ਸਦੀਆਂ ਦੀ ਮੁਸ਼ੱਕਤ ਤੋਂ ਬਾਅਦ ਹੁਣ ਸਾਡੇ ਮੁਲਕ ਦੇ ਹਰ ਖਿੱਤੇ ਵਿਚ ਮੌਸਮੀ ਬਣਤਰ, ਜਨ-ਸੰਖਿਅਕੀ ਲੋੜਾਂ ਤੇ ਭੋਇੰ-ਬਣਤਰ ਮੁਤਾਬਿਕ ਘੋੜ ਨਸਲਾਂ ਮੌਜੂਦ ਹਨ। ਇਹ ਇਕ ਦਹਿਸਦੀ ਤੱਕ ਚੱਲੇ ਘੋੜੇ-ਵਪਾਰ ਦਾ ਪ੍ਰਤਾਪ ਹੈ।

ਯਸ਼ਅਸ਼ਵਿਨੀ ਦੀ ਕਿਤਾਬ ਦੱਸਦੀ ਹੈ ਕਿ 10 ਹਜ਼ਾਰ ਵਰ੍ਹੇ ਈਸਾ ਪੂਰਵ ਭਾਰਤ ਵਿਚ ਜੰਗਲੀ ਘੋੜਿਆਂ ਦੀ ਭਰਮਾਰ ਸੀ। ਫਿਰ, ਕਿਸੇ ਬਿਮਾਰੀ ਜਾਂ ਮੌਸਮੀ ਤਬਦੀਲੀਆਂ ਕਾਰਨ ਇਨ੍ਹਾਂ ਦਾ ਸਫਾਇਆ ਹੋ ਗਿਆ। ਸਿਰਫ਼ ਜੰਗਲੀ ਖੋਤਿਆਂ ਦੀ ਘੁੜ-ਖ਼ਰ ਨਸਲ ਹੀ ਗੁਜਰਾਤ ਤੇ ਸਿੰਧ ਖਿੱਤਿਆਂ ਵਿਚ ਬਚੀ। ਇਹ ਹੁਣ ਗੁਜਰਾਤ ਦੇ ਰਣ ਕੱਛ ਖੇਤਰ ਵਿਚ ਮੌਜੂਦ ਹੈ, ਪਰ ਦੋਗਲੀ ਨਸਲ ਦੇ ਰੂਪ ਵਿਚ। ਮੋਹੰਜੋਦਾਰੋ ਜਾਂ ਹੜੱਪਾ ਸਭਿਅਤਾ ਦੇ ਜਿਹੜੇ ਜਿਹੜੇ ਅਵਸ਼ੇਸ਼ ਹੁਣ ਤੱਕ ਸਮੁੱਚੇ ਉਪ-ਮਹਾਂਦੀਪ ਵਿਚੋਂ ਮਿਲੇ ਹਨ, ਉਨ੍ਹਾਂ ਵਿਚ ਇਕ ਵੀ ਮੂਰਤੀ ਘੋੜੇ ਦੀ ਨਹੀਂ। ਜ਼ਾਹਿਰ ਹੈ, ਉਪ ਮਹਾਂਦੀਪ ਵਿਚ ਘੋੜਿਆਂ ਦਾ ਮੁੜ ਦਾਖ਼ਲਾ ਆਰੀਅਨਾਂ ਦੀ ਆਮਦ ਨਾਲ ਸ਼ੁਰੂ ਹੋਇਆ। ਆਰੀਅਨ 37 ਤੋਂ 35 ਸੌ ਵਰ੍ਹੇ ਪਹਿਲਾਂ ਵੱਖ ਵੱਖ ਧਾੜਾਂ ਦੇ ਰੂਪ ਵਿਚ ਆਏ। ਕੁਝ ਯੂਨਾਨ ਤੇ ਇਰਾਨ ਦੇ ਰਸਤੇ ਅਤੇ ਕੁਝ ਮੱਧ-ਏਸ਼ਿਆਈ ਰਸਤਿਆਂ ਰਾਹੀਂ। ਵੇਦਾਂ-ਪੁਰਾਣਾਂ ਵਿਚ ਘੋੜਿਆਂ, ਰੱਥਵਾਨਾਂ ਤੇ ਧਨੁਸ਼ਧਾਰੀਆਂ (ਤੀਰਅੰਦਾਜ਼ਾਂ) ਦਾ ਜ਼ਿਕਰ ਆਮ ਹੀ ਮਿਲਣਾ ਅਤੇ ਅਸ਼ਵਮੇਧ ਯੱਗਾਂ ਦੇ ਸੰਕਲਪ ਦੇ ਵਰਣਨਾਂ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਇਨਸਾਨੀ ਗਤੀਸ਼ੀਲਤਾ ਲਈ ਘੋੜੇ ਕਿੰਨੇ ਲਾਜ਼ਮੀ ਬਣ ਚੁੱਕੇ ਸਨ। ਪਰ ਇਕ ਗੱਲ ਸਾਫ਼ ਹੈ ਕਿ ਉਦੋਂ ਇਨ੍ਹਾਂ ਦੀ ਸੰਖਿਆ ਸੀਮਤ ਸੀ। ਇਸ ਦਾ ਪ੍ਰਮਾਣ ਮਹਾਂਭਾਰਤ ਤੋਂ ਮਿਲਦਾ ਹੈ। ਉਹ ਮਹਾਂਕਾਵਿ ਵਿਚ ਘੋੜੇ, ਰਾਜਕੁਮਾਰਾਂ ਤੇ ਸੈਨਾਨਾਇਕਾਂ ਦੇ ਰੱਥਾਂ ਦੀ ਸ਼ਾਨ ਸਨ, ਆਮ ਸੈਨਿਕ ਤਾਂ ਪਿਆਦਿਆਂ ਦੇ ਰੂਪ ਵਿਚ ਸਨ। ਇਹੋ ਰੁਝਾਨ ਸਿਕੰਦਰ ਦੇ ਹਮਲੇ ਸਮੇਂ ਦੇਖਣ ਨੂੰ ਮਿਲਿਆ। ਉਹ 12 ਹਜ਼ਾਰ ਘੋੜਸਵਾਰਾਂ ਦੀ ਫ਼ੌਜ ਨਾਲ ਤੁਰਕੀ, ਮਿਸਰ, ਫ਼ਾਰਸ (ਇਰਾਨ) ਨੂੰ ਪਸਤ ਕਰਦਾ ਹੋਇਆ ਭਾਰਤ ਆ ਪੁੱਜਾ। ਅੱਗੋਂ ਉਸ ਦੇ ਟਾਕਰੇ ਲਈ ਰਾਜਾ ਪੋਰਸ ਦੇ ਹਾਥੀਆਂ ਦੀ ਫ਼ਸੀਲ ਮੌਜੂਦ ਸੀ। ਇਹ ਫ਼ਸੀਲ ਘੋੜਸਵਾਰਾਂ ਦੀ ਗਤੀਸ਼ੀਲਤਾ ਤੇ ਚਪਲਤਾ ਦੇ ਹਾਣ ਦੀ ਸਾਬਤ ਨਾ ਹੋਈ। ਮੌਰੀਅਨ ਸ਼ਾਸਕਾਂ ਨੇ ਇਸ ਤੋਂ ਸਬਕ ਸਿੱਖਿਆ। ਘੋੜਸਵਾਰ ਰਸਾਲੇ ਉਨ੍ਹਾਂ ਦੀ ਫ਼ੌਜ ਦਾ ਵੱਡਾ ਹਿੱਸਾ ਸਨ। ਇਸੇ ਲਈ ਉਹ ਰਾਜਧਾਨੀ ਪਾਟਲੀਪੁੱਤਰ (ਪਟਨਾ) ਤੋਂ ਪੱਛਮ ਵੱਲ ਇਸ਼ਫਾਹਾਨ (ਇਰਾਨ) ਤੇ ਦੱਖਣ ਵਿਚ ਕਾਵੇਰੀ ਡੈਲਟਾ ਤੱਕ ਲੰਮੇ-ਚੌੜੇ ਇਲਾਕੇ ’ਤੇ ਰਾਜ ਕਰਦੇ ਰਹੇ। ਇਸ ਰਾਜ ਘਰਾਣੇ ਦੇ ਪਤਨ ਤੋਂ ਬਾਅਦ ਅਗਲੇ ਭਾਰਤੀ ਸ਼ਾਸਕਾਂ ਨੇ ਰਸਾਲੇ ਖੜ੍ਹੇ ਕਰਨ ਵੱਲ ਤਵੱਜੋ ਨਹੀਂ ਦਿੱਤੀ। ਲਿਹਾਜ਼ਾ, 11ਵੀਂ ਸਦੀ ਦੌਰਾਨ ਗ਼ਜ਼ਨਵੀਆਂ ਤੇ ਗੌਰੀਆਂ ਦੇ ਘੋੜਸਵਾਰ ਦਸਤਿਆਂ ਨੇ ਵੀ ਆਪਣੀ ਗਤੀਸ਼ੀਲਤਾ ਦੇ ਬਲਬੂਤੇ ਭਾਰਤੀ ਰਿਆਸਤਾਂ ਤੇ ਲਸ਼ਕਰਾਂ ਦੇ ਗੋਡੇ ਲੁਆ ਦਿੱਤੇ। ਅਗਲੀਆਂ ਤਿੰਨ ਸਦੀਆਂ ਦੌਰਾਨ ਘੋੜਸਵਾਰ ਦਸਤੇ ਮੁਸਲਿਮ ਸੁਲਤਾਨਾਂ ਦੀ ਫ਼ੌਜੀ ਤਾਕਤ ਦਾ ਮੁੱਖ ਜ਼ਰੀਆ ਬਣੇ ਰਹੇ। ਇਹ ਸਿਲਸਿਲਾ ਮੁਗ਼ਲਾਂ ਵੇਲੇ ਵੀ ਬਰਕਰਾਰ ਰਿਹਾ। 16ਵੀਂ ਤੇ 17ਵੀਂ ਸਦੀ ਦੌਰਾਨ ਮੁਗ਼ਲ ਹਾਕਮ ਮੱਧ ਏਸ਼ੀਆ ਤੋਂ ਸਿਰਫ਼ ਤਿੰਨ ਵਸਤਾਂ ਮੰੰਗਵਾਇਆ ਕਰਦੇ ਸਨ: ਘੋੜੇ, ਸੁੱਕੇ ਮੇਵੇ ਅਤੇ ਖਰਬੂਜ਼ੇ-ਤਰਬੂਜ਼।

ਉੱਤਰੀ ਭਾਰਤ ਵਿਚ ਗ਼ੁਲਾਮਸ਼ਾਹੀ ਸਲਤਨਤ ਦੇ ਪੈਰ ਪੱਕੇ ਹੋਣ ’ਤੇ ਸੁਲਤਾਨ ਗਿਆਸੂਦੀਨ ਬਲਬਨ (1266-1282) ਨੇ ਮੱਧ ਪੂਰਬ ਤੇ ਮੱਧ ਏਸ਼ੀਆ ਤੋਂ ਘੋੜੇ ਮੰਗਵਾਉਣ ਦੀ ਥਾਂ ਮੁਕਾਮੀ ਨਸਲਾਂ ਪੈਦਾ ਕਰਨ ਦੇ ਧੰਦੇ ਨੂੰ ਉਤਸ਼ਾਹਿਤ ਕੀਤਾ। ਉਸ ਦੇ ਉਪਰਾਲੇ ਸਦਕਾ ਹਿਸਾਰ ਤੇ ਲੱਖੀ ਜੰਗਲ (ਬਠਿੰਡਾ) ਵਿਚ ਘੋੜੇ ਪਾਲਣ ਦਾ ਕਿੱਤਾ ਵਿਕਸਿਤ ਹੋਇਆ। ਉਦੋਂ ਤਕ ਰਾਜਪੂਤਾਨੇ ਵਿਚ ਵੀ ਘੋੜਿਆਂ ਪ੍ਰਤੀ ਮੋਹ ਜ਼ੋਰ ਫੜ ਚੁੱਕਾ ਸੀ। ਇਸੇ ਮੋਹ ਨੇ ਕਾਠੀਆਵਾੜੀ ਤੇ ਮਾਰਵਾੜੀ ਵਰਗੀਆਂ ਦਰਸ਼ਨੀ ਤੇ ਹਠੀਲੀਆਂ ਨਸਲਾਂ ਦੀ ਪੈਦਾਇਸ਼ ਤੇ ਵਿਕਾਸ ਸੰਭਵ ਬਣਾਇਆ। ਇਹ ਨਸਲਾਂ ਹੁਣ ਅਮਰੀਕਾ ਤੇ ਯੂਰੋਪ ਵੱਲ ਬਰਾਮਦ ਹੁੰਦੀਆਂ ਹਨ। ਦੱਖਣੀ ਭਾਰਤ, ਘੋੜਿਆਂ ਵਾਸਤੇ ਅਰਬ ਸਾਗਰ ਰਾਹੀਂ ਹੋਣ ਵਾਲੀ ਦਰਾਮਦ ਉੱਤੇ ਪੂਰੀ ਤਰ੍ਹਾਂ ਨਿਰਭਰ ਸੀ। ਉੱਥੇ ਦੋ ਦੱਖਣੀ ਨਸਲਾਂ ਜ਼ਰੂਰ ਵਿਕਸਿਤ ਹੋਈਆਂ ਪਰ ਇਹ ਜਾਨਦਾਰ ਨਹੀਂ ਸਨ।

ਸੱਚਮੁੱਚ ਬਹੁਤ ਕੁਝ ਹੈ ਕਿਤਾਬ ਵਿਚ, ਇਤਿਹਾਸ ਪ੍ਰੇਮੀਆਂ ਲਈ ਵੀ, ਘੋੜ-ਪਾਲਕਾਂ ਲਈ ਵੀ ਅਤੇ ਗਿਆਨ ਦੇ ਰਸੀਆਂ ਲਈ ਵੀ। ਇਸੇ ਲਈ ਇਹ ਕਿਤਾਬ ਸਲਾਮ ਦੀ ਹੱਕਦਾਰ ਹੈ…ਨਿਰਮਲ ਜੌੜਾ ਹਰਫ਼ਨਮੌਲਾ ਸ਼ਖ਼ਸੀਅਤ ਹੈ। ਵਿਦਵਾਨ, ਵਾਰਤਾਕਾਰ, ਪ੍ਰਸਾਰਨਕਾਰ, ਨਾਟਕਕਾਰ ਅਤੇ ਸੰਕੋਚਵੇਂ ਸ਼ਬਦਾਂ ’ਚ ਗੂੜ੍ਹ ਗਿਆਨ ਵੰਡਣ ਵਾਲਾ ਲੇਖਕ। ਇਹ ਸਾਰੇ ਸ਼ਖ਼ਸੀ ਪੱਖ ਉਸ ਦੀ ਨਵੀਂ ਕਿਤਾਬ ‘ਮੈਂ ਬਿਲਾਸਪੁਰੋਂ ਬੋਲਦਾਂ’ (ਚੇਤਨਾ ਪ੍ਰਕਾਸ਼ਨ; 100 ਪੰਨੇੇ; 180 ਰੁਪਏ) ਵਿਚ ਮੌਜੂਦ ਹਨ; ਕਿਤੇ ਲੁਕਵੇਂ, ਕਿਤੇ ਉਭਰਵੇਂ। ਤਕਰੀਬਨ ਡੇਢ ਦਰਜਨ ਲੇਖਾਂ ਦਾ ਸੰਗ੍ਰਹਿ ਹੈ ਇਹ ਕਿਤਾਬ, ਜੋ ਜੌੜਾ ਦੇ ਆਪਣੇ ਸ਼ਬਦਾਂ ਅਨੁਸਾਰ ‘‘ਮੇਰੀਆਂ ਖੁਸ਼ੀਆਂ-ਗ਼ਮੀਆਂ, ਮੁਹੱਬਤਾਂ, ਦੋਸਤੀਆਂ (ਤੇ) ਦੁੱਖਾਂ-ਸੁੱਖਾਂ ਦਾ… ਕਸੀਦਾ ਹੈ।’’ ਰਚਨਾਵਾਂ ਦੇ ਨਾਵਾਂ ਤੋਂ ਹੀ ਇਨ੍ਹਾਂ ਦੇ ਸੁਭਾਅ ਦੀ ਝਲਕ ਮਿਲ ਜਾਂਦੀ ਹੈ ਜਿਵੇਂ ‘ਕਰਮ ਸਿੰਘ ਦਾ ਥਾਪੜਾ’, ‘ਭਾਅ ਜੀ ਗੁਰਸ਼ਰਨ ਸਿੰਘ ਦੀ ਸਤਿਸੰਗ’, ‘ਜੱਸੋਵਾਲ ਦੀ ਸਕਾਰਪੀਓ’, ‘ਸੁੰਨਾ ਹੋਇਆ ਆਲ੍ਹਣਾ’, ‘ਵਾਈਸ ਚਾਂਸਲਰ ਦੀਆਂ ਝਿੜਕਾਂ’, ‘ਬਾਪੂ, ਆਟਾ ਅਤੇ ਕੰਪਨੀ’, ‘ਬਚ ਕੇ ਮੋੜ ਤੋਂ’ ਆਦਿ। ਹਰ ਰਚਨਾ ਵਿਚ ਨਾਟਕੀਅਤਾ ਵੀ ਮੌਜੂਦ ਹੈ ਅਤੇ ਸੁਨੇਹਾ ਵੀ। ਬਹੁਤੇ ਸੁਨੇਹੇ ਆਸ਼ਾਵਾਦੀ ਹਨ, ਰੂਹ ਨੂੰ ਠਾਰਨ ਵਾਲੇ, ਲੀਹੋਂ ਥਿੜਕੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਤਰਤੀਬ ਦੇਣ ਦੀ ਸੇਧ ਦੇਣ ਵਾਲੇ। ਇਹ ਤੱਤ ਇਸ ਕਿਤਾਬ ਨੂੰ ਖ਼ਾਸ ਤੌਰ ’ਤੇ ਸਾਰਥਿਕ ਬਣਾਉਂਦਾ ਹੈ

Post Author: admin

Leave a Reply

Your email address will not be published. Required fields are marked *