ਸਾਮਰਾਜ ਤੇ ਉਸ ਦੇ ਹਿੱਤ-ਪਾਲਕਾਂ ਤੋਂ ਮੁਕਤੀ ਦੀ ਲੋੜ


ਗ਼ਦਰ ਪਾਰਟੀ ਦੇ 108ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਏ ਸਥਾਪਨਾ ਦਿਵਸ ਸਮਾਗਮ ਨੇ ਗੰਭੀਰ ਵਿਚਾਰ-ਚਰਚਾ ਕਰਕੇ ਤੱਤ ਕੱਢਿਆ ਕਿ ਸਾਮਰਾਜ ਤੋਂ ਮੁਕਤ, ਆਜ਼ਾਦ, ਧਰਮ-ਨਿਰਪੱਖ, ਜਮਹੂਰੀ ਅਤੇ ਸਾਂਝੀਵਾਲਤਾ ਭਰਿਆ ਰਾਜ ਅਤੇ ਸਮਾਜ ਸਿਰਜਣ ਦਾ ਜੋ ਗ਼ਦਰ ਪਾਰਟੀ ਦਾ ਮਹਾਨ ਉਦੇਸ਼ ਸੀ, ਉਸ ਨੂੰ ਨੇਪਰੇ ਚਾੜ੍ਹਨ ਲਈ ਚਿੰਤਨ, ਚੇਤਨਾ ਅਤੇ ਸੰਘਰਸ਼ ਦਾ ਪਰਚਮ ਬੁਲੰਦ ਰੱਖਣਾ ਸਮੇਂ ਦੀ ਲੋੜ ਹੈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬਾਸਰਕੇ ਨੇ ਸਮਾਗਮ ‘ਚ 21 ਅਪ੍ਰੈਲ 1913 ਨੂੰ ਅਮਰੀਕਾ ਦੀ ਧਰਤੀ ‘ਤੇ ਬਣੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ | ਇਸ ਮੌਕੇ ਆਪਣੇ ਸੰਬੋਧਨ ‘ਚ ਮਨਜੀਤ ਸਿੰਘ ਬਾਸਰਕੇ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਪ੍ਰੋਗਰਾਮ, ਵਿਦੇਸ਼ੀ ਅਤੇ ਦੇਸੀ ਦੋਵੇਂ ਤਰ੍ਹਾਂ ਦੀ ਗ਼ੁਲਾਮੀ, ਪਾੜੇ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਦੀ ਜੜ੍ਹ ਵੱਢਣਾ ਸੀ | ਇਹ ਟੀਚੇ ਨਾ ਪੂਰੇ ਹੋਣ ਕਾਰਨ ਹੀ ਕਿਰਤ ਅਤੇ ਖੇਤੀ ਸੰਬੰਧੀ ਕਾਲ਼ੇ ਕਾਨੂੰਨ ਜਬਰੀ ਮੜ੍ਹੇ ਜਾ ਰਹੇ ਹਨ | ਉਹਨਾਂ ਕਿਹਾ ਕਿ ਮੁਲਕ ਦੇ ਅਜੋਕੇ ਹਾਲਾਤ ਦੱਸਦੇ ਹਨ ਕਿ ਜੇ ਕਾਰਪੋਰੇਟ ਘਰਾਣਿਆਂ ਹਵਾਲੇ ਮੁਲਕ ਕੀਤਾ ਜਾ ਰਿਹਾ ਹੈ ਤਾਂ ਲੋਕ ਸੰਗਰਾਮ ਵੀ ਜਾਰੀ ਹੈ ਅਤੇ ਜਾਰੀ ਰਹੇਗਾ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰ ਪਾਰਟੀ ਦੇ ਇਤਿਹਾਸਕ ਸਫ਼ਰ ਦੇ ਮਹੱਤਵਪੂਰਨ ਪੜਾਵਾਂ ਬਾਰੇ ਰੌਸ਼ਨੀ ਪਾਉਂਦਿਆਂ ਦਰਸਾਇਆ ਕਿ ਨਸਲੀ ਵਿਤਕਰੇ ਅਤੇ ਜ਼ਿਹਨੀ ਗ਼ੁਲਾਮੀ ਦੀਆਂ ਜ਼ੰਜੀਰਾਂ ਖ਼ਿਲਾਫ਼ ਲੜ ਕੇ ਹੀ ਗ਼ਦਰੀ ਸੰਗਰਾਮੀਆਂ ਨੇ ਆਪਣੇ ਸਵੈਮਾਣ ਲਈ ਰਾਹ ਖੋਲਿ੍ਹਆ |
ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਦਰ ਪਾਰਟੀ ‘ਚ ਧਰਮ ਹਰ ਵਿਅਕਤੀ ਦਾ ਨਿੱਜੀ ਮਾਮਲਾ ਸੀ | ਉਹ ਸੱਚੇ-ਸੁੱਚੇ ਦੇਸ਼ ਭਗਤ ਆਜ਼ਾਦੀ ਸੰਗਰਾਮੀਏ ਸੀ, ਜੋ ਧਰਮ ਦੇ ਆਧਾਰ ‘ਤੇ ਕਿਸੇ ਕਿਸਮ ਦੇ ਵੀ ਰਾਜ ਦੇ ਡਟ ਕੇ ਵਿਰੋਧੀ ਸਨ | ਮਾਨਵਤਾ ਹੀ ਉਹਨਾਂ ਦਾ ਧਰਮ ਸੀ |
ਉਹਨਾਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਨੇ ਦੁਸ਼ਵਾਰੀਆਂ ਦੇ ਧੱਕਿਆਂ ‘ਚੋਂ ਇਹ ਨਿਚੋੜ ਕੱਢਿਆ ਕਿ:
”ਦੇਸ਼ ਪੈਣ ਧੱਕੇ, ਬਾਹਰ ਮਿਲੇ ਢੋਈ ਨਾ
ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ |
ਇਸ ਲਈ ਉਹਨਾਂ ਨੇ ਖ਼ਰੀ ਆਜ਼ਾਦੀ ਲਈ ਝੰਡਾ ਚੁੱਕਿਆ |”
ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ ਉਸ ਮੌਕੇ ਮਨਾਇਆ ਜਾ ਰਿਹਾ ਹੈ ਜਦੋਂ ਸਾਡੇ ਮੁਲਕ ਦੇ ਹਾਕਮਾਂ ਦਾ ਸਾਮਰਾਜੀਆਂ ਨਾਲ ਗੂੜ੍ਹਾ ਯਰਾਨਾ ਸ਼ਰੇਆਮ ਨੰਗਾ ਹੋ ਰਿਹਾ ਹੈ | ਕਿਰਤ ਅਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਹਕੂਮਤ ਦੀਆਂ ਜੜ੍ਹਾਂ ਉਪਰ ਹੱਲਾ ਬੋਲ ਰਿਹਾ ਹੈ, ਇਸ ਕਰਕੇ ਹੀ ਭਾਜਪਾ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਈ ਹੈ | ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਉਸਰੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਅਪਣਾਏ ਜਾ ਰਹੇ ਹੋਛੇ ਹੱਥਕੰਡੇ ਕਦਾਚਿਤ ਸਫ਼ਲ ਨਹੀਂ ਹੋਣਗੇ | ਕਮੇਟੀ ਮੈਂਬਰ ਪਿ੍ਥੀਪਾਲ ਮਾੜੀਮੇਘਾ ਨੇ ਕਿਹਾ ਕਿ ਗ਼ਦਰ ਪਾਰਟੀ ਦੀ ਸੋਚ ਕਿਸਾਨ ਸੰਘਰਸ਼ ਵਿੱਚ ਧੜਕਦੀ ਹੈ | ਉਹਨਾਂ ਕਿਹਾ ਕਿ ਗ਼ਦਰ ਲਹਿਰ ਦੀਆਂ ਤਰੰਗਾਂ ਚੜ੍ਹਦੀ ਜੁਆਨੀ ਕੋਲ ਲਿਜਾਣ ‘ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਵਰਨ ਸਿੰਘ ਵਿਰਕ ਨੇ ਦੱਸਿਆ ਕਿ ਨਾਮਧਾਰੀ ਮੁਖੀ ਨਾਲ ਚੜ੍ਹਦੀ ਉਮਰੇ ਸੋਹਣ ਸਿੰਘ ਭਕਨਾ ਦੀ ਨਿੱਕੀ ਜਿਹੀ ਮੁਲਾਕਾਤ ਇਹ ਦਰਸਾਉਂਦੀ ਹੈ ਕਿ ਵਿਚਾਰਧਾਰਕ ਅਤੇ ਸ਼ਖ਼ਸੀਅਤ ਦੇ ਜੀਵਨ ਸਫ਼ਰ ‘ਚ ਸਿਫ਼ਤੀ ਤਬਦੀਲੀ ਵਿਚਾਰਾਂ ਅਤੇ ਅਮਲਾਂ ਦੇ ਸੁਮੇਲ ਨਾਲ ਹੋਇਆ ਕਰਦੀ ਹੈ | ਉਹਨਾਂ ਦੱਸਿਆ ਕਿ 1920 ‘ਚ ਪ੍ਰਕਾਸ਼ਿਤ ਪੱਤਿ੍ਕਾ ‘ਸਤਿਯੁਗ’ ਦੇ ਹਵਾਲੇ ਨਾਲ ਦੱਸਿਆ ਕਿ 1939 ਦੇ ਕਿਸਾਨ ਸੰਘਰਸ਼ ਵਿੱਚ ਬਾਲਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਅਜੋਕੇ ਸੰਘਰਸ਼ ਲਈ ਚਾਨਣ-ਮੁਨਾਰਾ ਹੈ | ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਬੋਲਦਿਆਂ ਜ਼ੋਰ ਦਿੱਤਾ ਕਿ ਕਿਸਾਨ-ਮਜ਼ਦੂਰ ਅੰਦੋਲਨ ਵਿੱਚ ਔਰਤਾਂ ਨੇ ਭਰਵਾਂ ਯੋਗਦਾਨ ਪਾ ਕੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਬੁਲੰਦ ਕੀਤਾ ਹੈ | ਸੁਰਿੰਦਰ ਕੁਮਾਰੀ ਕੋਛੜ ਨੇ ਵਿਸ਼ਾਲ ਏਕਤਾ ਅਤੇ ਸੰਘਰਸ਼ ‘ਤੇ ਜ਼ੋਰ ਦਿੱਤਾ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਦੀ ਤਰਫ਼ੋਂ ਤਿੰਨ ਮਤੇ ਪੇਸ਼ ਕੀਤੇ | ਜਲਿ੍ਹਆਂਵਾਲਾ ਬਾਗ਼ ਨੂੰ ਤੁਰੰਤ ਜਨਤਕ ਤੌਰ ‘ਤੇ ਖੋਲਿ੍ਹਆ ਜਾਵੇ | ਮਤੇ ‘ਚ ਕਿਹਾ ਗਿਆ ਕਿ ਜਲਿ੍ਹਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਨੂੰ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂਅ ਹੇਠ ਮੇਟਣ ਦਾ ਜੇ ਯਤਨ ਕੀਤਾ ਤਾਂ ਸਰਕਾਰ, ਪ੍ਰਸ਼ਾਸਨ ਅਤੇ ਪ੍ਰਬੰਧਕਾਂ ਨੂੰ ਇਸ ਖਿਲਾਫ਼ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਏਗਾ | ਕਿਰਤ ਅਤੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਅਤੇ ਫ਼ਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਸਥਾਨ ਨੂੰ ਕੌਮੀ ਵਿਰਾਸਤ ਦੇ ਮਿਊਜ਼ੀਅਮ ਦੇ ਤੌਰ ‘ਤੇ ਸੰਭਾਲਣ ਦੀ ਵੀ ਮਤਿਆਂ ‘ਚ ਮੰਗ ਕੀਤੀ ਗਈ | ਲੋਕ ਸੰਗੀਤ ਮੰਡਲੀ ਮਸਾਣੀ ਦੇ ਨਿਰਦੇਸ਼ਕ ਧਰਮਿੰਦਰ ਮਸਾਣੀ ਨੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਕਲਮ ਤੋਂ ਲਿਖਿਆ ਗੀਤ ”ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੈ” ਗਾ ਕੇ ਉਦਾਸੀ ਨੂੰ ਯਾਦ ਕਰਦਿਆਂ ਦਿੱਲੀ ਮੋਰਚੇ ਨਾਲ ਸਾਂਝ ਪਾਈ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ, ਇਤਿਹਾਸ, ਕੁਰਬਾਨੀਆਂ ਅਤੇ ਅਮਿਟ ਦੇਣ ਤੋਂ ਸਾਡੇ ਸਮਿਆਂ ਨੂੰ ਸਾਮਰਾਜ ਅਤੇ ਉਸ ਦੇ ਹਿੱਤ ਪਾਲਕਾਂ ਕੋਲੋਂ ਮੁਕਤੀ ਹਾਸਲ ਕਰਨ ਲਈ ਅਮੁੱਲੇ ਸਬਕ ਗ੍ਰਹਿਣ ਕਰਨ ਦੀ ਲੋੜ ਹੈ | ਉਹਨਾਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦੀ ਧਰਤੀ ਨੂੰ ਅਨੇਕਾਂ ਚੁਣੌਤੀਆਂ ਦਰਪੇਸ਼ ਹਨ, ਜਿਹਨਾਂ ਨੂੰ ਲੋਕ ਏਕਤਾ ਅਤੇ ਲੋਕ ਸੰਘਰਸ਼ਾਂ ਨਾਲ ਹੀ ਸਰ ਕੀਤਾ ਜਾ ਸਕਦਾ ਹੈ | ਮੰਚ ਸੰਚਾਲਨ ਦੀ ਭੂਮਿਕਾ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ

Post Author: admin

Leave a Reply

Your email address will not be published. Required fields are marked *