ਟੁੱਟਦੇ ਸਾਹ, ਕੱਟਦੇ ਖੀਸੇ

ਨਾਸਿਕ : ਮਹਾਰਾਸ਼ਟਰ ਦੇ ਇਸ ਸ਼ਹਿਰ ਦੇ ਡਾ. ਜ਼ਾਕਿਰ ਹੁਸੈਨ ਮਿਊਸਪਲ ਹਸਪਤਾਲ ਵਿਚ ਬੁੱਧਵਾਰ ਇਕ ਸਟੋਰੇਜ ਟੈਂਕਰ ‘ਚੋਂ ਆਕਸੀਜਨ ਲੀਕ ਹੋਣ ਨਾਲ ਸਪਲਾਈ ਵਿਚ ਪਏ ਵਿਘਨ ਕਾਰਨ 22 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ | ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਮੁਤਾਬਕ ਹਸਪਤਾਲ ਵਿਚ 157 ਕੋਰੋਨਾ ਪੀੜਤ ਦਾਖਲ ਸਨ, ਜਿਨ੍ਹਾਂ ਵਿਚੋਂ 61 ਦੀ ਹਾਲਤ ਨਾਜ਼ੁਕ ਚੱਲ ਰਹੀ ਸੀ ਤੇ ਇਨ੍ਹਾਂ ਵਿਚੋਂ ਕੁਝ ਵੈਂਟੀਲੇਟਰ ਤੇ ਆਕਸੀਜਨ ਦੇ ਆਸਰੇ ਸਨ | ਮਰਨ ਵਾਲਿਆਂ ਵਿਚ 11 ਮਰਦ ਤੇ 11 ਮਹਿਲਾਵਾਂ ਹਨ |
ਨਾਸਿਕ ਦੇ ਡਵੀਜ਼ਨਲ ਕਮਿਸ਼ਨਰ ਰਾਧਾ ਕਿ੍ਸ਼ਨ ਗਾਮੇ ਨੇ ਦੱਸਿਆ ਕਿ ਆਕਸੀਜਨ ਟੈਂਕ ਦੀ ਸਵੇਰੇ 10 ਵਜੇ ਸਾਕੇਟ ਖਰਾਬ ਹੋਣ ਕਾਰਨ ਤ੍ਰਾਸਦੀ ਵਾਪਰੀ |
ਚੇਤੇ ਰਹੇ 10 ਅਪ੍ਰੈਲ ਨੂੰ ਸੂਬੇ ਦੇ ਵੱਡੇ ਸ਼ਹਿਰ ਨਾਗਪੁਰ ਦੇ ਵੈੱਲ ਟਰੀਟ ਹਸਪਤਾਲ ਵਿਚ ਅੱਗ ਲੱਗਣ ਨਾਲ ਇਕ ਮਹਿਲਾ ਸਣੇ ਚਾਰ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਸੀ |
ਕੇਂਦਰ ਸਰਕਾਰ ਵੱਲੋਂ ਮਿਲੀ ਖੁੱਲ੍ਹ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬੁੱਧਵਾਰ ਐਲਾਨਿਆ ਕਿ ਉਹ ਆਪਣੀ ਕੋਵਿਡ-19 ਵੈਕਸੀਨ ‘ਕੋਵੀਸ਼ੀਲਡ’ ਰਾਜ ਸਰਕਾਰਾਂ ਨੂੰ 400 ਰੁਪਏ ਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਦੇ ਹਿਸਾਬ ਨਾਲ ਵੇਚੇਗੀ | ਉਹ ਅਗਲੇ ਦੋ ਮਹੀਨਿਆਂ ਵਿਚ ਉਤਪਾਦਨ ਵਧਾਏਗੀ |
ਕੰਪਨੀ ਨੇ ਕਿਹਾ ਕਿ 50 ਫੀਸਦੀ ਟੀਕੇ ਕੇਂਦਰ ਸਰਕਾਰ ਨੂੰ ਦਿੱਤੇ ਜਾਣਗੇ ਅਤੇ ਬਾਕੀ 50 ਫੀਸਦੀ ਰਾਜ ਸਰਕਾਰਾਂ ਤੇ ਨਿੱਜੀ ਹਸਪਤਾਲਾਂ ਨੂੰ | ਕੰਪਨੀ ਮੁਤਾਬਕ ਉਸ ਦਾ ਰੇਟ ਘੱਟ ਹੈ, ਕਿਉਂਕਿ ਅਮਰੀਕੀ ਟੀਕੇ ਨਿੱਜੀ ਮਾਰਕਿਟ ਵਿਚ 1500 ਰੁਪਏ ਅਤੇ ਰੂਸੀ ਤੇ ਚੀਨੀ 750 ਰੁਪਏ ਤੋਂ ਉੱਪਰ ਵਿਕ ਰਹੇ ਹਨ | ਕੰਪਨੀ ਮੁਤਾਬਕ ਉਹ ਕਾਰਪੋਰੇਟ ਘਰਾਣਿਆਂ ਤੇ ਵਿਅਕਤੀਆਂ ਨੂੰ ਇਸ ਵੇਲੇ ਟੀਕੇ ਨਹੀਂ ਦੇ ਸਕਦੀ ਤੇ ਉਨ੍ਹਾਂ ਨੂੰ ਰਾਜ ਸਰਕਾਰਾਂ ਤੇ ਨਿੱਜੀ ਸਿਹਤ ਅਦਾਰਿਆਂ ਤੋਂ ਹੀ ਲੈਣੇ ਪੈਣਗੇ | ਚਾਰ-ਪੰਜ ਮਹੀਨਿਆਂ ਬਾਅਦ ਟੀਕੇ ਬਾਜ਼ਾਰ ਵਿਚ ਆਮ ਮਿਲਣ ਲੱਗ ਪੈਣਗੇ |
ਪਹਿਲੀ ਮਈ ਤੋਂ 18 ਸਾਲ ਤੋਂ ਉਪਰਲੇ ਲੋਕਾਂ ਨੂੰ ਵੀ ਟੀਕੇ ਲੱਗਣੇ ਸ਼ੁਰੂ ਹੋ ਰਹੇ ਹਨ, ਪਰ ਕੇਂਦਰ ਸਰਕਾਰ ਇਸ ਲਈ ਪੈਸੇ ਨਹੀਂ ਦੇਵੇਗੀ | ਨਿੱਜੀ ਹਸਪਤਾਲਾਂ ਨੇ ਤਾਂ ਵਸੂਲਣੇ ਹੀ ਹਨ, ਰਾਜ ਸਰਕਾਰਾਂ ਨੇ ਵੀ ਰੇਟ ਤੈਅ ਕਰਨੇ ਹਨ | ਉਂਜ ਹੁਣ ਤੱਕ ਯੂ ਪੀ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ 18 ਸਾਲ ਤੋਂ ਉੱਪਰਲਿਆਂ ਨੂੰ ਫਰੀ ਟੀਕੇ ਲਾਉਣ ਦਾ ਐਲਾਨ ਕੀਤਾ ਹੈ |
ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕੋਵੀਸ਼ੀਲਡ ਦਾ ਟੀਕਾ 400 ਰੁਪਏ ਵਿਚ ਦੇਣ ਦੇ ਫੈਸਲੇ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ਸਰਕਾਰੀ ਫੈਡਰਲਿਜ਼ਮ (ਸੰਘਵਾਦ) ਕਰਾਰ ਦਿੱਤਾ ਹੈ | ਉਨ੍ਹਾ ਕਿਹਾ—ਕੇਂਦਰ ਸਰਕਾਰ ਕੋਵੀਸ਼ੀਲਡ ਦੇ ਟੀਕੇ ਲਈ 150 ਰੁਪਏ ਦੇਵੇਗੀ, ਜਦਕਿ ਰਾਜ ਸਰਕਾਰਾਂ ਨੂੰ 400 ਰੁਪਏ ਦੇਣੇ ਹੋਣਗੇ | ਇਹ ਸਹਿਕਾਰੀ ਸੰਘਵਾਦ (ਕੋਆਪ੍ਰੇਟਿਵ ਫੈਡਰਲਿਜ਼ਮ) ਨਹੀਂ ਹੈ | ਰਾਜ ਸਰਕਾਰਾਂ ਦੀ ਮਾਲੀ ਹਾਲਤ ਪਹਿਲਾਂ ਹੀ ਕਮਜ਼ੋਰ ਹੈ | ਟੀਕੇ ਦਾ ਰੇਟ ਹੋਰ ਖਸਤਾ ਕਰ ਦੇਵੇਗਾ | ਕੇਂਦਰ ਤੇ ਰਾਜਾਂ ਲਈ ਟੀਕੇ ਦਾ ਰੇਟ ਇੱਕ ਹੋਣਾ ਚਾਹੀਦਾ ਹੈ

Post Author: admin

Leave a Reply

Your email address will not be published. Required fields are marked *