ਕਿਸਾਨ ਮੋਰਚਿਆਂ ਵਿੱਚ ਗ਼ਦਰ ਲਹਿਰ ਦਾ ਸਥਾਪਨਾ ਦਿਵਸ ਮਨਾਇਆ

ਚੰਡੀਗੜ੍ਹ, 21 ਅਪਰੈਲ- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਅੱਗੇ ਧਰਨੇ ਸਮੇਤ ਸਵਾ ਸੌ ਤੋਂ ਵੱਧ ਥਾਵਾਂ ਉੱਤੇ ਜਾਰੀ ਧਰਨਿਆਂ ’ਤੇ ਅੱਜ ਗ਼ਦਰ ਲਹਿਰ ਦਾ 107ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਕਿਸਾਨ ਬੁਲਾਰਿਆਂ ਨੇ ਆਜ਼ਾਦੀ-ਸੰਗਰਾਮ ਲਈ ਲੋਕ ਚੇਤਨਾ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦਿਆਂ ਕਿਹਾ ਕਿ 21 ਅਪਰੈਲ, 1913 ਨੂੰ ਗ਼ਦਰੀ ਸੂਰਮਿਆਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ। ਅੱਜ ਇੱਕ ਸਦੀ ਬਾਅਦ ਵੀ ਗ਼ਦਰ ਪਾਰਟੀ ਦੇ ਸਾਮਰਾਜ ਤੋਂ ਮੁਕਤ, ਆਜ਼ਾਦ, ਧਰਮ-ਨਿਰਪੱਖ, ਜਮਹੂਰੀ ਅਤੇ ਸਾਂਝੀਵਾਲਤਾ ਭਰਿਆ ਰਾਜ ਅਤੇ ਸਮਾਜ ਸਿਰਜਣ ਦੇ ਉਦੇਸ਼ ਨੂੰ ਨੇਪਰੇ ਚਾੜਨ ਲਈ ਚਿੰਤਨ, ਚੇਤਨਾ ਅਤੇ ਸੰਘਰਸ਼ ਦਾ ਪਰਚਮ ਬੁਲੰਦ ਰੱਖਣਾ ਸਮੇਂ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਗ਼ਦਰ ਪਾਰਟੀ ਦਾ ਪ੍ਰੋਗਰਾਮ, ਵਿਦੇਸ਼ੀ ਅਤੇ ਦੇਸੀ ਦੋਵੇਂ ਤਰ੍ਹਾਂ ਦੀ ਗ਼ੁਲਾਮੀ, ਪਾੜੇ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਦੀ ਜੜ੍ਹ ਵੱਢਣਾ ਸੀ। ਉਨ੍ਹਾਂ ਕਿਹਾ ਕਿ ਮੁਲਕ ਨੂੰ ਪੂੰਜੀਪਤੀ ਘਰਾਣਿਆਂ ਤੋਂ ਮੁਕਤ ਕਰਵਾਉਣ ਅਤੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਲੋਕ ਸੰਗਰਾਮ ਜਾਰੀ ਰਹੇਗਾ।

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਕਰੋਨਾ ਦੀ ਆੜ ਹੇਠ ਕੇਂਦਰੀ ਹਕੂਮਤ ਦੀਆਂ ‘ਅਪ੍ਰੇਸ਼ਨ ਕਲੀਨ’ ਵਰਗੀਆਂ ਜਾਬਰ ਧਮਕੀਆਂ ਦਾ ਸ਼ਾਂਤਮਈ ‘ਅਪ੍ਰੇਸ਼ਨ ਸ਼ਕਤੀ’ ਨਾਲ ਠੋਕਵਾਂ ਜੁਆਬ ਦੇਣ ਲਈ ਕਣਕ ਦੀ ਵਾਢੀ ਦੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਮੋਗਾ, ਫਿਰੋਜ਼ਪੁਰ, ਫਰੀਦਕੋਟ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਪਟਿਆਲਾ, ਲੁਧਿਆਣਾ ਜ਼ਿਲ੍ਹਿਆਂ ਤੋਂ ਡੱਬਵਾਲੀ, ਖਨੌਰੀ ਅਤੇ ਸਰਦੂਲਗੜ੍ਹ, ਸ਼ੰਭੂ ਨੇੜਲੀਆਂ ਹਰਿਆਣਾ ਦੀਆਂ ਹੱਦਾਂ ਤੋਂ ਸੈਂਕੜੇ ਵੱਡੇ-ਛੋਟੇ ਵਾਹਨਾਂ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਟਿਕਰੀ ਅਤੇ ਸਿੰਘੂ ਸਰਹੱਦ ’ਤੇ ਚੱਲ ਰਹੇ ਮੋਰਚਿਆਂ ’ਚ ਸ਼ਮੂਲੀਅਤ ਲਈ ਰਵਾਨਾ ਹੋਏ।

‘ਅਪਰੇਸ਼ਨ ਕਲੀਨ’ ਦੇ ਨਤੀਜੇ ਭਾਜਪਾ ਲਈ ਘਾਤਕ ਹੋਣਗੇ: ਉਗਰਾਹਾਂ

ਸੰਗਰੂਰ : ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਦਾ ਵੱਡਾ ਕਾਫ਼ਲਾ ਅੱਜ ਖਨੌਰੀ ਬਾਰਡਰ ਤੋਂ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਕਾਫ਼ਲੇ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੀਤੀ। ਦੋਵਾਂ ਆਗੂਆਂ ਨੇ ਸਾਂਝੇ ’ਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚਿਆਂ ਦੇ ਹਵਾਈ ਸਰਵੇਖਣ ਕਰਵਾਏ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਨੂੰ ਭੁਲੇਖਾ ਹੈ ਕਿ ਬਾਰਡਰਾਂ ’ਤੇ ਕਿਸਾਨਾਂ ਦੀ ਗਿਣਤੀ ਘਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਕਰੀਬ ਵੀਹ ਹਜ਼ਾਰ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਰਵਾਨਾ ਹੋ ਰਿਹਾ ਹੈ, ਜਿਨ੍ਹਾਂ ਦੇ ਹੌਸਲੇ ਬੁਲੰਦ ਹਨ। ਸ੍ਰੀ ਉਗਰਾਹਾਂ ਨੇ ਕਿਹਾ ਕਿ ਜੇ ਭਾਜਪਾ ਸਰਕਾਰ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੋਂ ਜਬਰੀ ਉਠਾਉਣ ਲਈ ਕੋਈ ‘ਅਪਰੇਸ਼ਨ ਕਲੀਨ’ ਕਰਦੀ ਹੈ ਤਾਂ ਇਸ ਦੇ ਨਤੀਜੇ ਭਾਜਪਾ ਲਈ ਬੇਹੱਦ ਘਾਤਕ ਹੋਣਗੇ

Post Author: admin

Leave a Reply

Your email address will not be published. Required fields are marked *