ਕੁਦਰਤ ਤੋਂ ਲਾਂਭੇ ਲਿਜਾ ਰਿਹਾ ਮੌਜੂਦਾ ਵਿਕਾਸ ਮਾਡਲ/ਵਿਜੈ ਬੰਬੇਲੀ

ਮਨੁੱਖ ਕੁਦਰਤ ਦੇ ਸਹਿਜ ਜੀਵ ਵਿਕਾਸ ਦੀ ਵਿਲੱਖਣ ਉੱਪਜ ਹੈ। ਲੱਗਭੱਗ ਦੋ ਅਰਬ ਸਾਲ ਪਹਿਲਾਂ ਧਰਤੀ ਦੀ ਸਤਹਿ ਉੱਤੇ ਜ਼ਿੰਦਗੀ ਧੜਕੀ। ਪਹਿਲਾਂ ਬੈਕਟੀਰੀਆ/ਪ੍ਰੋਟੋਜ਼ੋਆਂ, ਫਿਰ ਸੂਖਮ ਪੌਦੇ ਤੇ ਸੂਖਮ ਜੀਵ ਮਗਰੋਂ ਵਿਸ਼ਾਲ ਬਿਰਖ ਅਤੇ ਧੜਵੈਲ ਜਾਨਵਰ। ਸਮੇਂ ਦੇ ਫੇਰ ਨਾਲ ਬਾਂਦਰ-ਚਿਪੈਂਜੀ ਅਤੇ ਇਨ੍ਹਾਂ ਤੋਂ ਮਨੁੱਖ। ਦਰਅਸਲ ਮਨੁੱਖ, ਕੁਦਰਤੀ ਪ੍ਰਣਾਲੀ ਦੀ ਸਾਧਾਰਨ ਵੰਨਗੀ ਸੀ। ਕੁਦਰਤੀ ਕਿਰਿਆਵਾਂ ਪ੍ਰਕਿਰਿਆਵਾਂ ਉਸ ਦੇ ਵਿਹਾਰ ਅਤੇ ਜਨਸੰਖਿਆ ਉੱਤੇ ਡਾਢਾ ਕੰਟਰੋਲ ਰੱਖਦੀਆਂ ਸਨ। ਇਸੇ ਕਾਰਨ ਧਰਤੀ ਉੱਤੇ ਮਨੁੱਖੀ ਜਨਸੰਖਿਆ ਨੂੰ ਇੱਕ ਅਰਬ ਦੀ ਗਿਣਤੀ ਪ੍ਰਾਪਤ ਕਰਨ ਲਈ ਲੱਗਭੱਗ ਦਸ ਲੱਖ ਸਾਲ ਲੱਗੇ। ਫਿਰ ਮਨੁੱਖ ਕੁਦਰਤ ਨੂੰ ਖੁਦ ਕੰਟਰੋਲ ਕਰਨ ਵੱਲ ਤੁਰ ਪਿਆ। ਸਿੱਟੇ ਵਜੋਂ ਮਨੁੱਖ ਦੀ ਦੁੱਗਣੀ ਗਿਣਤੀ ਅਗਲੀਆਂ ਕੁਝ ਸਦੀਆਂ ਅੰਦਰ ਹੀ ਹੋ ਗਈ ਅਤੇ ਚਾਰ ਅਰਬ ਦੀ ਸੀਮਾ ਪਾਰ ਕਰਨ ਵਿਚ ਸਦੀ ਤੋਂ ਵੀ ਘੱਟ ਸਮਾਂ ਲੱਗਾ।

ਹੁੁਣ ਮਨੁੱਖ ਨੇ ਆਪਣੀ ਜਨਮਦਾਤੀ ਧਰਤੀ ਦੇ ਕੁਦਰਤੀ ਸਮਤੋਲ ਤੇ ਵਾਤਾਵਰਨ ’ਚ ਆਪਣੀ ‘ਵਿਕਾਸ’ ਲਾਲਸਾ ਕਾਰਨ ਡਾਢਾ ਅਸਾਵਾਂਪਨ ਤੇ ਪ੍ਰਦੂਸ਼ਨ ਪੈਦਾ ਕਰ ਦਿੱਤਾ ਹੈ। ਜਿਸ ਕੁਦਰਤ ਦਾ ਮਨੁੱਖ ਰਿਣੀ ਹੈ, ਉਸ ਤੋਂ ਸਾਹ-ਸਤ ਲੈਂਦਾ ਹੈ, ਉਸੇ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ ਹੈ। ਧਰਤੀ ਦੀ ਬੇਹੁਰਮਤੀ ਕਾਰਨ ਮਨੁੱਖ ਤੇ ਕੁਦਰਤ ਦਾ ਰਿਸ਼ਤਾ ਟੁੱਟ ਰਿਹਾ ਹੈ। ਇਸ ਨੇ ਬੇਸ਼ੁਮਾਰ ਵਾਤਾਵਰਨੀ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਪਹਿਲਾਂ ਕੁਦਰਤ ਮਧੋਲੀ ਗਈ ਸੀ, ਹੁਣ ਉਹ ਮਨੁੱਖ ਨੂੰ ਮਿੱਧ ਰਹੀ ਹੈ। ਵਿਗਿਆਨੀਆਂ ਅਨੁਸਾਰ, ਮੌਜੂਦਾ ਬਿਪਤਾਵਾਂ ਕੁਦਰਤ ਦੇ ਸਾਵੇਂਪਨ ਵਿਚ ਆਪਹੁਦਰੀਆਂ ਦਖਲਅੰਦਾਜ਼ੀਆਂ ਦਾ ਸਿੱਟਾ ਹਨ। ‘ਜੇਤੂ’ ਮਨੁੱਖ ਅੱਜ ਕੁਦਰਤ ਦੇ ਕਟਿਹਰੇ ਵਿਚ ‘ਮੁਲਜ਼ਮ’ ਬਣਿਆ ਖੜ੍ਹਾ ਹੈ।

ਇਸ ਸਮੇਂ ਕੁਦਰਤ ਦੇ ਨਿਘਾਰ ਦੀਆਂ ਸਮੱਸਿਆਵਾਂ ਮੋਟੇ ਤੌਰ ਤੇ ਦੋ ਤਰ੍ਹਾਂ ਦੀਆਂ ਹਨ। ਇਕ ਤਾਂ ਕੁਦਰਤੀ ਸਾਧਨਾਂ ਦੇ ਆਧਾਰ ਤੇ ਬੁਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ। ਦੂਜਾ, ਮਾਰੂ ਰਹਿੰਦ-ਖੂੰਹਦ ਨੂੰ ਵਿਲੇ ਲਾਉਣ ਲਈ ਕਾਰਗਰ ਵਸੀਲਿਆਂ ਦੀ ਘਾਟ ਹੈੈ। ਸਮੱਸਿਆ ਦਾ ਪਹਿਲਾ ਜੁੱਟ ਪ੍ਰਿਥਵੀ ਦੇ ਜਲ, ਥਲ, ਖਾਣਾਂ ਅਤੇ ਜੰਗਲਾਂ ਦੇ ਸਾਧਨਾਂ ਦੇ ਨਿਘਾਰ ਦੀ ਮਾਰਮਿਕ ਕਥਾ ਬਿਆਨਦਾ ਹੈ। ਆਉਣ ਵਾਲੇ ਸਮੇਂ ਵਿਚ ਇਸ ਧਰਤੀ ਦੇ ਲੋਕ ਇਨ੍ਹਾਂ ਸਾਧਨਾਂ ਤੋਂ ਬਿਨਾਂ ਕਿਵੇਂ ਜਿਊਣਗੇ? ਹਾਸਲ ਸਾਧਨਾਂ ਦੀ ਬੇਕਿਰਕ ਵਰਤੋਂ ਅਤੇ ਉਜਾੜੇ ਨੇ ਵਾਯੂਮੰਡਲ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਜੀਵਨ ਰੱਖਿਅਕ ਓਜ਼ੋਨ ਪਰਤ ਛਿੱਜ ਰਹੀ ਹੈ। ਦੂਜਾ, ਹਰ ਸਾਲ ਪ੍ਰਿਥਵੀ ਤੇ 10 ਅਰਬ ਟਨ ਕੱਚੇ ਪਦਾਰਥ ਮੁੱਛ ਕੇ ਉਸ ਦਾ 94 ਖ਼ੀਸਦੀ ਹਿੱਸਾ ਮੁੜ ਗੰਦਗੀ ਦੇ ਰੂਪ ਵਿਚ ਧਰਤੀ ਨੂੰ ਮੋੜ ਦਿੰਦੇ ਹਾਂ। ਮਲੀਨਗੀ ਤਾਂ ਵਧੀ ਹੀ ਹੈ, ਗੰਧਲੀ ਸਿਆਸਤ ਵੀ ਕੁਦਰਤ ਨੂੰ ਹੋਰ ਗੰਧਲਾ ਕਰ ਰਹੀ ਹੈ। ਕੁਦਰਤੀ ਸੰਕਟ ਇੰਨੇ ਆਰਥਿਕ ਵਾਧੇ ਵਾਲੇ ਨਹੀਂ ਜਿੰਨੇ ‘ਯੋਜਨਾਬੱਧ’ ਵਾਧੇ ਵਾਲੇ ਹਨ। ਇਨ੍ਹਾਂ ਸੰਕਟਾਂ ਦੇ ਸਿਆਸੀ, ਸਮਾਜਿਕ ਜਾਂ ਤਕਨੀਕ ਉੱਪਰ ਆਧਾਰਿਤ ਹੱਲ ਲੱਭਣ ਨੂੰ ਬਹੁਤ ਸਮਾਂ ਲੱਗੇਗਾ। ਇਹ ਸੰਕਟ ਥੋੜ੍ਹੇ ਸਮੇਂ ਵਿਚ ਹੀ ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ। ਸਿਆਸਤਦਾਨਾਂ ਦਾ ਤਾਂ ਇਸ ਬੰਨੇ ਖਿਆਲ ਹੀ ਨਹੀਂ।

ਵਾਤਾਵਰਨੀ ਮਾਹਰ ਡਾ. ਸੋਕੋਲੇਪ ਅਨੁਸਾਰ, “ਹਰ ਸ਼ਖ਼ਸ ਨੂੰ ਵਾਤਾਵਰਨ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ। ਕੁਦਰਤੀ ਸਾਵੇਂਪਨ ਤੋਂ ਬਿਨਾਂ ਅਸੀਂ ਸਰਬੱਤ ਦੇ ਭਲੇ ਵਾਲੀ ਆਰਥਿਕਤਾ ਦੀ ਮੁੜ ਉਸਾਰੀ ਨਹੀਂ ਕਰ ਸਕਾਂਗੇ। ਵਾਤਾਵਰਨੀ ਸੰਕਟਾਂ ਬਾਰੇ ਗਿਆਨ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ।” ਲਿਓਪੋਲਡ ਨੇ ਕਿਹਾ ਹੈ, “ਕੁਦਰਤੀ ਸੰਭਾਲ ਜਿਸ ਨੂੰ ਧਰਤੀ ਕਿਹਾ ਜਾਂਦਾ ਹੈ, ਮੇਰੀ ਨਜ਼ਰੇ ਇਹੋ ਹੀ ਵਾਤਾਵਰਨ ਹੈ। ਇਸ ਦਾ ਭਵਿੱਖ ਮਨੁੱਖ ਦੀ ਜ਼ਮੀਰ ਨਾਲ ਜੁੜਿਆ ਹੋਇਆ ਹੈ।” ਡਾ. ਰਸ਼ਮੀ ਮੁਤਾਬਿਕ, “ਜਿਹੜੇ ਅਜੇ ਵੀ ਇਹ ਸੋਚਦੇ ਹਨ ਹਨ ਕਿ ਓਜ਼ੋਨ ਦਾ ਛਿੱਜਣਾ ਕੇਵਲ ਭਰਮ ਹੈ… ਜਿਹੜੇ ਇਹ ਚਿਤਵਦੇ ਹਨ ਕਿ ਸ਼ੇਰਾਂ-ਚੀਤਿਆਂ, ਡੱਡੂਆਂ-ਕੱਛੂਆਂ, ਚਿੜੀਆਂ-ਜਨੌਰਾਂ ਆਦਿ ਜਾਂ ਪਿੱਪਲਾਂ-ਬੋਹੜਾਂ ਨੂੰ ਹੁਣ ਲੋਪ ਹੋ ਜਾਣਾ ਚਾਹੀਦਾ ਹੈ ਕਿਉਂਕਿ ਮਨੁੱਖ ਤੇ ਉਸ ਦੀਆਂ ਸਿੰਥੈਟਿਕ ਵਸਤਾਂ ਲਈ ਹੋਰ ਧਰਤੀ ਦੀ ਲੋੜ ਹੈ, ਤਾਂ ਉਨ੍ਹਾਂ ਲੋਕਾਂ ਦੀ ਇਸ ਪ੍ਰਿਥਵੀ ਨਾਲ ਕੋਈ ਵਫਾ ਨਹੀਂ ਲੱਗਦੀ। ਇਨ੍ਹਾਂ ਦੀ ਬੇਵਫਾਈ ਸਾਰਿਆਂ ਨੂੰ ਲੈ ਬੈਠੇਗੀ।” ਇਸ ਕੁੱਢਰ ਚਾਲ ਵਿਚ ਹਾਕਮ ਜਮਾਤਾਂ ਨੇ ਬੜੀ ਭੈੜੀ ਭੂਮਿਕਾ ਨਿਭਾਈ ਹੈ।

ਬਦਤਰ ਹੋ ਰਹੇ ਹਾਲਾਤ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਵਾਤਾਵਰਨੀ ਪ੍ਰੋਗਰਾਮ ਸੰਸਥਾ (ਯੂਨਿਪ) ਨੇ 1991 ਵਿਚ ਆਪਣਾ ਵਿਸ਼ਾ ਚੁਣਿਆ ਸੀ- ‘ਬਦਲਦਾ ਜਲਵਾਯੂ – ਸੰਸਾਰ ਸਾਂਝ ਦੀ ਲੋੜ’। ਉਸ ਕਿਹਾ, “ਵਧਦੇ ਤਾਪਮਾਨਾਂ ਨੇ ਸਾਨੂੰ ਸਭ ਨੂੰ ਫਿ਼ਕਰਮੰਦ ਕਰ ਦਿੱਤਾ ਹੈ। ਹੁਣ ਉਨ੍ਹਾਂ ਭਾਗਾਂ ਵਿਚ ਵੀ ਹੜ੍ਹ ਅਤੇ ਝੱਖੜ ਆ ਸਕਦੇ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਪਹਿਲਾਂ ਕਦੀ ਨਹੀਂ ਸੀ ਹੰਢਾਇਆ। ਇਹ ਸੰਸਾਰਵਿਆਪੀ ਸਮੱਸਿਆ ਹੈ ਤੇ ਇਸ ਦਾ ਹੱਲ ਵੀ ਸੰਸਾਰ ਪੱਧਰੀ ਸਾਂਝ ਹੈ। ਸੰਸਾਰਵਿਆਪੀ ਨਿੱਘ ਓਨੀ ਦੇਰ ਵਧਦਾ ਹੈ, ਜਿੰਨੇ ਚਿਰ ਤੱਕ ਉਦਯੋਗਿਕ ਖੇਤਰ ਦੇ ਵਿਕਸਿਤ ਮੁਲਕ ਵਿਕਾਸਸ਼ੀਲ ਮੁਲਕਾਂ ਨੂੰ ਸਾਫ ਤੇ ਮਲੀਨਤਾ ਰਹਿਤ ਤਕਨੀਕਾਂ ਸੌਖੀਆਂ ਸ਼ਰਤਾਂ ਤੇ ਬਰਾਮਦ ਨਹੀਂ ਕਰਦੇ।” ਪਰ ਕੀ ਯੂਐੱਨਓ ਸਵੈ-ਸੰਪਨ ਹੈ?

ਤਾਪਮਾਨ ਵਧਣ ਨਾਲ ਸਾਗਰ ਫੈਲ ਜਾਣਗੇ, ਦੁਨੀਆ ਦੇ ਅਤਿ ਉਪਜਾਊ ਡੈਲਟਾ ਡੁੱਬ ਜਾਣਗੇ। ਰੁੱਤਾਂ ਅਤੇ ਵਰਖਾ-ਬਣਤਰ ਵੀ ਬਦਲ ਜਾਵੇਗੀ, ਇਸ ਬਾਰੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਧਰੁਵਾਂ ਦਾ ਪਿਘਲਣਾ, ਸਾਗਰਾਂ ਦਾ ਉਛਾਲ, ਟਾਪੂ ਮੁਲਕਾਂ ਨੂੰ ਖਤਰਾ, ਤਟਵਰਤੀ ਭਾਗਾਂ ਉੱਪਰ ਤੂਫਾਨਾਂ ਦੀ ਮਾਰ, ਤਪਤ ਤੇ ਅਰਧ ਤਪਤ ਖੇਤਰਾਂ ਵਿਚ ਵੱਧ ਗਰਮੀ ਤੇ ਵੱਧ ਸੋਕਾ, ਭੋਜਨ ਸਾਧਨਾਂ ਦੀ ਕਮੀ ਅਤੇ ਸੀਤ ਮੁਲਕਾਂ ਵਿਚ ਗਰਮੀ ਦਾ ਵਾਧਾ ਵੀ ਵਾਤਾਵਰਨੀ ਵਿਗਾੜਾਂ ਦਾ ਹੀ ਸਿੱਟਾ ਹੈ; ਪਰ ਕੀ ਅਸੀਂ ਕੋਈ ਸਬਕ ਸਿੱਖਿਆ ਹੈ? ਨਹੀਂ।

ਮਨੁੱਖ ਦੁਆਰਾ ਸਿਰਜਤ ਵਾਤਾਵਰਨੀ ਬਿਪਤਾਵਾਂ ਪ੍ਰਿਥਵੀ ਦਾ ਮੁਹਾਂਦਰਾ ਬਦਲ ਰਹੀਆਂ ਹਨ। ਸਿਆਸਤਦਾਨ ਇਸ ਦਾ ਵੀ ਮੁੱਲ ਵੱਟਣ ਦੀ ਕੋਸ਼ਿਸ ਕਰਨਗੇ। ਵਿਗਿਆਨ-ਪੱਤਰਕਾਰ ਪਰਵੀਨ ਲਿਖਦਾ ਹੈ, “ਸਨਅਤੀ ਸਮਾਜ ਦਾ ਕੀਤਾ ਗਿਆ ਈਕੋਲੋਜੀਕਲ ਵਿਨਾਸ਼ ਪ੍ਰਿਥਵੀ ਨੂੰ ਪਰਮਾਣੂ ਸਰਬਨਾਸ਼ ਵਰਗੇ ਕਗਾਰ ਵੱਲ ਧੱਕ ਰਿਹਾ ਹੈ। ਮਨੁੱਖ ਨੇ ਅੰਤਰ-ਆਧਾਰੀ ਜਲਵਾਯੂ ਪ੍ਰਣਾਲੀਆਂ ਵਿਚ ਬੇਸਮਝ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਪ੍ਰਤੀਕਰਮਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਜੀਵਨ ਦੇ ਗੁਣਾਤਮਕ ਪੱਖਾਂ ਉੱਪਰ ਮਾੜੇ ਪ੍ਰਭਾਵ ਪੈਣਗੇ ਅਤੇ ਜ਼ਿੰਦਗੀ ਨੂੰ ਆਸਰਾ ਦੇਣ ਵਾਲੀਆਂ ਪ੍ਰਣਾਲੀਆਂ ਖਿੰਡ-ਪੁੰਡ ਜਾਣਗੀਆਂ।”

ਸਾਡਾ ਖੂਬਸੂਰਤ ਗ੍ਰਹਿ ਜੀਵੰਤ ਪ੍ਰਣਾਲੀ ਹੈ। ਜਲ, ਭੂਮੀ, ਪੌਣ, ਬਨਸਪਤੀ ਅਤੇ ਪ੍ਰਾਣੀ ਸਭ ਇੱਕ ਦੂਜੇ ਉੱਪਰ ਪਰਸਪਰ ਆਧਾਰਿਤ ਹਨ ਤੇ ਇੱਕੋ ਹੀ ਤਾਣੇ-ਬਾਣੇ ਵਿਚ ਜੁੜੇ ਹੋਏ ਹਨ। ਜੇ ਇਕ ਵੀ ਹਿੱਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਵੇਗੀ। ਇਸ ਤਾਣੀ ਨੂੰ ਮੌਜੂਦਾ ਨਿਜ਼ਾਮ ਅਤੇ ਬੇਰੋਕ ਵਸੋਂ ਵੀ ਉਲਝਾ ਰਹੀ ਹੈ। ਜੰਗਲ ਮਰ-ਮੁੱਕ ਰਹੇ ਹਨ, ਜਲਵਾਯੂ ਬਦਲ ਗਈ ਹੈ, ਮਿੱਟੀ ਦੀਆਂ ਜ਼ਰਖੇਜ਼ ਪਰਤਾਂ ਰੁੜ੍ਹ ਰਹੀਆਂ ਹਨ। ਬੀਤੀ ਸਦੀ ਵਿਚ ਮਨੁੱਖ ਧਰਤੀ ਉਪਰਲੀਆਂ ਮੂਲ ਸਹੂਲਤਾਂ ਅਤੇ ਧਰਤੀ ਹੇਠਲੇ ਖਣਿਜਾਂ ਉੱਪਰ ਹੀ ਨਿਰਭਰ ਰਿਹਾ ਹੈ। ਇਨ੍ਹਾਂ ਵਸਤਾਂ ਦੀ ਸਿਰਜਣਾ ਵਿਚ ਕੁਦਰਤ ਨੂੰ ਕਰੋੜਾਂ ਸਾਲ ਲੱਗ ਗਏ ਸਨ ਪਰ ਮਨੁੱਖ ਉਨ੍ਹਾਂ ਨੂੰ ਕੁਝ ਕੁ ਪੀੜ੍ਹੀਆਂ ਵਿਚ ਹੀ ਮੁਕਾ ਚਲਿਆ ਹੈ। ਧੜਵੈਲ ਮੁਲਕਾਂ ਅਤੇ ਲੁਟੇਰੀਆਂ ਹਾਕਮ ਜਮਾਤਾਂ ਨੇ ‘ਵਿਕਾਸ’ ਦੇ ਨਾਂ ਉੱਤੇ ਬੜਾ ਕੁਝ ਹੂੰਝਿਆ ਅਤੇ ਲੁੱਟਿਆ ਹੈ ਪਰ ਵਿਕਾਸਸ਼ੀਲ ਮੁਲਕਾਂ ਅੰਦਰ ਵੀ ਗ਼ਲਤ ਮਿੱਥ ਚਲ ਰਹੀ ਹੈ ਕਿ ਵਿਕਾਸ ਯੋਜਨਾਵਾਂ ਹੀ ਹਰ ਬਿਮਾਰੀ ਦਾ ਹੱਲ ਹਨ। ਇਨ੍ਹਾਂ ਵਿਕਾਸ ਯੋਜਨਾਵਾਂ ਦੀ ਘਾੜਤ ਸਮੇਂ ਵਾਤਾਵਰਨੀ ਪੱਖ ਸਦਾ ਹੀ ਨਜ਼ਰਅੰਦਾਜ਼ ਹੁੰਦੇ ਹਨ। ‘ਵਿਕਾਸ ਕਿਸੇ ਵੀ ਕੀਮਤ ਤੇ’ ਵਾਲੀ ਧਾਰਨਾ ਗ਼ਲਤ ਹੈ। ਬਹੁਤ ਘੱਟ ਲੋਕ ਹੀ ਇਨ੍ਹਾਂ ਵਿਕਾਸ ਯੋਜਨਾਵਾਂ ਦਾ ਲਾਭ ਉਠਾ ਸਕਦੇ ਹਨ, ਜਦਕਿ ਸੰਤਾਪ ਸਭ ਨੂੰ ਭੁਗਤਣਾ ਪੈਣਾ ਹੈ। ਫਿਰ ਇਹ ਵਿਕਾਸ ਕਿਸ ਦਾ ਹੋਇਆ?

ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚ ਮਨੁੱਖ ਜਾਤੀ ਲੰਘ ਰਹੀ ਹੈ, ਉਸ ਵਿਚ ਕੁਦਰਤ/ਧਰਤੀ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜੀ ਅਤੇ ਆਰਥਿਕ ਚਿੰਤਾਵਾਂ ਵਿਚ ਜਿੰਨਾ ਵਾਧਾ ਹੋਇਆ ਹੈ, ਉਸ ਦਾ ਮੂਲ ਆਧਾਰ ਕੁਦਰਤ ਦਾ ਉਜਾੜਾ ਹੈ। ਕੁਦਰਤ ਵਿਗਿਆਨੀ ਲਾਪਤੇਵ ਦਾ ਕਹਿਣਾ ਹੈ, “ਮਨੁੱਖ ਦਾ ਇਤਿਹਾਸ ਸਿਰਫ ਕਾਗਜ਼ਾਂ ਉੱਪਰ ਹੀ ਨਹੀਂ, ਪ੍ਰਿਥਵੀ ਦੇ ਚਿਹਰੇ ਉੱਪਰ ਵੀ ਲਿਖਿਆ ਜਾਂਦਾ ਹੈ। ਕਾਗਜ਼ ਉੱਪਰ ਲਿਖਿਆ ਇਤਿਹਾਸ ਤਾਂ ਮਿਟ ਸਕਦਾ ਹੈ ਪਰ ਕੁਦਰਤ ਦੇ ਜ਼ਿਹਨ ਵਿਚ ਉਕਰੀਆਂ ਗੱਲਾਂ ਅਮਿਟ ਬਣ ਜਾਂਦੀਆਂ ਹਨ।” ਇਸ ਲਈ ਸਮੁੱਚੇ ਸੰਸਾਰ ਨੂੰ ਜਾਗਣ ਦੀ ਲੋੜ ਹੈ। ਭਾਰਤੀ ਦਰਸ਼ਨ ਵੀ ਸਾਨੂੰ ਕੁਦਰਤ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਾਡੇ ਮੇਲੇ ਨਦੀਆਂ ਕੰਢੇ ਜੁੜਦੇ ਹਨ। ਅਸੀਂ ਕੰਜਕਾਂ ਨੂੰ ਪੂਜਦੇ ਹਾਂ। ਸਾਡਾ ਸਭਿਆਚਾਰ ਭੌਣਾਂ-ਜਨੌਰਾਂ ਨੂੰ ਚੋਗਾ ਪਾਉਂਦਾ, ਜਲ ਕੁੰਡਾਂ ਤੇ ਦੀਵੇ ਜਗਾਉਂਦਾ ਹੈ। ਰੁੱਖਾਂ ਨੂੰ ਮੌਲ਼ੀਆਂ ਬੰਨ੍ਹਦਾ ਸੀ। ਅਸੀਂ ਹੀ ਇਸ ਦੇ ਅਸਲ ਭਾਵਾਂ ਨੂੰ ਭੁੱਲ-ਭੁਲਾ ਗਏ ਹਾਂ। ਵੇਲਾ ਹੈ, ਆਓ: ਬ੍ਰਿਛਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫੜੀਏ, ਧਰਤੀ ਦਾ ਅਦਬ ਕਰੀਏ।

ਸੰਪਰਕ: 94634-39075

Post Author: admin

Leave a Reply

Your email address will not be published. Required fields are marked *