ਕਹਾਣੀ/ “ਆਸ”/ ਪਰਵਿੰਦਰਜੀਤ ਸਿੰਘ

ਪੂਰੀ ਜ਼ਿੰਦਗੀ ਸੁਖਪਾਲ ਸਿੰਘ ਨੇ ਕੀ ਕਮਾਇਆ ਅਤੇ ਖੱਟਿਆ ਵੱਡੇ ਹਸਪਤਾਲ ਦੇ ਮੰਜੇ ਤੇ ਪਏ ਹੋਏ ਸੋਚ ਰਿਹਾ ਸੀ। ਇਹ ਖੱਟਣਾ ਕੋਈ ਪੈਸੇ ਵਾਲਾ ਨਹੀਂ ਸਗੋਂ ਜ਼ਿੰਦਗੀ ਦੇ ਆਖ਼ਰੀ ਸਮੇਂ ਵਿੱਚ ਸਵੈ ਪੜਚੋਲ ਸੀ। ਕਿਸ ਤਰਾਂ ਉਸ ਨੇ ਗਰੀਬ ਪਰਵਾਰ ‘ਚੋਂ ਉਠ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਕਰੋੜਾਂ ਦੀ ਜਾਇਦਾਦ ਬਣਾ ਲਈ ਸੀ ਅਤੇ ਹੁਣ ਦੋ ਫੈਕਟਰੀਆਂ ਦਾ ਮਾਲਕ ਵੀ ਸੀ। ਉਸ ਦੀ ਪਤਨੀ ਨੂੰ ਉਸ ਤੋਂ ਵਿਛੜੇ ਦੋ ਦਹਾਕੇ ਤੋਂ ਵੀ ਵੱਧ ਹੋ ਗਏ ਸਨ। ਪੁੱਤਰ ਅਤੇ ਧੀ ਵਿਆਹ ਕਰਵਾ ਕੇ ਵਿਦੇਸ਼ ਜਾ ਕੇ ਵੱਸ ਗਏ ਸਨ। ਹਫਤਾ-ਮਹੀਨਾਵਾਰੀ ਉਸ ਦਾ ਹਾਲ ਚਾਲ ਪੁੱਛ ਲੈਂਦੇ ਸਨ।

ਸੁਖਪਾਲ ਆਪਣੇ ਆਪ ਨਾਲ ਗੱਲ ਕਰਦੇ ਹੋਏ ਕਹਿੰਦਾ ਹੈ ਕਿ “ਮੈਂ ਇੱਕੋ ਪੁੱਤਰ ਕਮਾਇਆ ਸੀ,  ਉਹ ਵੀ ਜਾਂਦੇ ਹੋਏ ਗਵਾ ਬੈਠਾ“। ਇਹ ਪੁੱਤਰ ਸੀ ਅਨਮੋਲ ਜੋ ਕੇ 13 ਕੁ ਸਾਲ ਪਹਿਲਾ ਜਿਸ ਵੇਲੇ ਉਹ 20 ਕੁ ਸਾਲ ਦਾ ਸੀ ਨੌਕਰੀ ਦੀ ਭਾਲ ‘ਚ ਉਸ ਕੋਲ ਆਇਆ ਸੀ। ਆਰਥਿਕ ਤੰਗੀ ਉਸ ਦੇ ਮੁੱਖ ਤੋਂ ਹੀ ਝਲਕ ਰਹੀ ਸੀ। ਸੁਖਪਾਲ ਨੂੰ ਪਹਿਲੀ ਮੁਲਾਕਾਤ ‘ਚ ਹੀ ਅਨਮੋਲ ਆਪਣੇ ਪੁੱਤਰ ਵਾਂਗ ਜਾਪਿਆ ਸੀ ਅਤੇ ਅਨਮੋਲ ਦਾ ਨਾਤਜ਼ਰਬੇਕਾਰ ਅਤੇ ਘੱਟ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਸ ਨੂੰ ਆਪਣੀ ਇੱਕ ਫੈਕਟਰੀ ‘ਚ ਲੇਖਾ ਜੋਖਾ ਕਰਨ ਲਈ ਰੱਖ ਲਿਆ।  ਸੁਖਪਾਲ ਨੂੰ ਯਾਦ ਆਇਆ ਕਿ ਕਿਵੇਂ ਉਸ ਵੇਲੇ ਅਨਮੋਲ ਦਿਲ ਲਗਾ ਕੇ ਕੰਮ ਕਰਦਾ ਸੀ ਅਤੇ 2 ਕੁ ਸਾਲਾ ‘ਚ ਹੀ ਸੁਖਪਾਲ ਦੀ ਨਿੱਕੀ-ਮੋਟੀ ਗੱਲ ਅਤੇ ਜ਼ਰੂਰਤ ਦਾ ਖਿਆਲ ਰੱਖਣ ਲਗ ਪਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਸੁਖਪਾਲ ਨੂੰ ਅਨਮੋਲ ਨਾਲ ਪੁੱਤਰ ਮੋਹ ਹੋ ਗਿਆ। ਅਨਮੋਲ ਨੂੰ ਉਹ ਸਕੀ ਔਲਾਦ ਨਾਲੋ ਵੱਧ ਪਿਆਰ ਕਰਨ ਲਗ ਪਿਆ, ਇਸ ਆਸ ‘ਚ ਕਿ ਇੱਕ ਦਿਨ ਉਹ ਉਸ ਦੇ ਬੁਢਾਪੇ ਦਾ ਸਹਾਰਾ ਬਣੇਗਾ।

ਅਨਮੋਲ ਵੀ ਦਿਲ ਲਗਾ ਕੇ ਫੈਕਟਰੀ ‘ਚ ਕੰਮ ਕਰਦਾ ਅਤੇ ਬਾਅਦ ‘ਚ ਸੁਖਪਾਲ ਦੀ ਸੇਵਾ ਕਰਦਾ। ਉਸ ਨੂੰ ਅਜੇ 4 ਕੁ ਸਾਲ ਹੀ ਹੋਏ ਸੀ ਕਿ ਸੁਖਪਾਲ ਨੇ ਉਸ ਨੂੰ ਇੱਕ ਫੈਕਟਰੀ ‘ਚ ਮੈਨੇਜਰ ਬਣਾ ਦਿੱਤਾ। ਸੁਖਪਾਲ ਬਹਾਨੇ ਨਾਲ ਉਸ ਦੀ ਤਨਖਾਹ ਤੋਂ ਇਲਾਵਾ ਵੀ ਹੋਰ ਆਰਥਿਕ ਅਤੇ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਗ ਪਿਆ ਸੀ। ਸੁਖਪਾਲ ਨੇ ਇੱਕ ਵਾਰ ਆਪਣੇ ਬੱਚਿਆਂ ਨੂੰ ਪੁੱਛਿਆ ਸੀ ਕਿ ਉਹ ਹੁਣ ਵਾਪਸ ਇੰਡੀਆ ਆਕੇ ਕੰਮ ਕਾਜ ਦੇਖਣ ਪਰ ਉਹਨਾਂ ਨੇ ਕੋਰੀ ਨਾਹ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਦਾ ਦਿਲ ਤੇ ਟੁੱਟਾ ਸੀ ਪਰ ਅਨਮੋਲ ਦੇ ਹੁੰਦੇ ਉਸ ਨੂੰ ਜਾਪਿਆ ਹੁਣ ਅਨਮੋਲ ਹੀ ਉਸ ਦੀ ਥਾਂ ਲਵੇਗਾ।

ਪੁਰਾਣੇ ਸਮੇਂ ਨੂੰ ਯਾਦ ਕਰਦਿਆ ਸੁਖਪਾਲ ਹਉਕੇ ਵੀ ਭਰ ਰਿਹਾ ਸੀ , ਖੁਸ਼ ਵੀ ਸੀ ਅਤੇ ਦੁੱਖੀ ਵੀ। ਉਸ ਦੀ ਚਿਹਰੇ ਦੇ ਭਾਵ ਵਾਰ-ਵਾਰ ਬਦਲ ਰਹੇ ਸਨ। ਸੁਖਪਾਲ ਨੂੰ ਹਸਪਤਾਲ ਦੇ ਮੰਜੇ ਤੇ ਪਏ ਯਾਦ ਆਇਆ ਕਿ ਕਿਵੇਂ ਅੱਜ ਸਵੇਰੇ ਉਸ ਦੀ ਸਾਹ ‘ਚ ਤਕਲੀਫ਼ ਕਾਰਨ ਉਸ ਨੇ ਅਨਮੋਲ ਨੂੰ ਫੋਨ ਕੀਤਾ ਸੀ ਕਿ ਉਸ ਨੂੰ ਹਸਪਤਾਲ ਲੈ ਜਾਵੇ ਪਰ ਅਨਮੋਲ ਨੇ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਕੇ “ਕਰੋਨਾ ਮਹਾਂਮਾਰੀ ਦੇ ਦਿਨ ਚੱਲ ਰਹੇ ਹਨ ਹਸਪਤਾਲਾਂ ‘ਚ ਜਾਣਾ ਸਹੀ ਨਹੀਂ।  ਤੁਸੀਂ ਐਂਵੇ ਕਰੋ ਕੇ ਭਾਫ਼ ਲੈ ਲਵੋ ਸ਼ਾਮ ਤੱਕ ਠੀਕ ਹੋ ਜਾਵੋਗੇ…” ਇਸ ਤੋਂ ਬਾਅਦ ਉਸ ਦਾ ਹੁਣ ਤੱਕ ਕੋਈ ਫੋਨ ਨਹੀਂ ਆਇਆ ਸੀ। ਆਪਣੇ ਬਾਹਰ ਵਾਲੇ ਪੁੱਤ ਅਤੇ ਪੁੱਤਰੀ ਤੋਂ ਉਸ ਨੂੰ ਪਹਿਲਾਂ ਹੀ ਉਮੀਦ ਨਹੀਂ ਸੀ ਅਤੇ ਹੋਰ ਕੋਈ ਉਸ ਦੇ ਇੰਨਾਂ ਕਰੀਬੀ ਨਹੀਂ ਸੀ ਜਿਸ ਨੂੰ ਆਪਣੀ ਤਕਲੀਫ਼ ਦੱਸ ਸਕੇ ਅਤੇ ਉਸ ਤੇ ਭਰੋਸਾ ਕਰ ਸਕਦਾ ਹੋਵੇ।

ਸੁਖਪਾਲ ਯਾਦ ਕਰਦਾ ਹੈ ਕਿ ਉਹ ਕਿਵੇਂ ਜਿਥੇ ਵੀ ਜਾਂਦਾ ਸੀ ਉਥੇ ਅਨਮੋਲ ਨੂੰ ਆਪਣਾ ਪੁੱਤਰ ਹੀ ਦੱਸਦਾ ਸੀ।  ਸੁਖਪਾਲ ਨੂੰ ਯਾਦ ਆਉਂਦਾ ਹੈ ਕਿਵੇਂ ਆਪਣੇ ਪੁੱਤ ਵਾਂਗਰਾਂ ਹੀ ਅਨਮੋਲ ਦੇ ਵਿਆਹ ਦਾ ਸਾਰਾ ਖਰਚ ਕੀਤਾ ਸੀ। ਹੁਣ ਤੇ ਅਨਮੋਲ ਫੈਕਟਰੀਆਂ ‘ਚ ਵੀ ਹਿੱਸੇਦਾਰ ਸੀ ਅਤੇ ਵੱਡੀ ਸਾਰੀ ਕੋਠੀ ਸ਼ਹਿਰ ਦੇ ਮਹਿੰਗੇ ਰਿਹਾਇਸ਼ੀ ਇਲਾਕੇ ਵਿੱਚ ਸੀ। ਸੁਖਪਾਲ ਦੇ ਪੁੱਤਰ ਅਤੇ ਪੁੱਤਰੀ ਨੂੰ ਫੈਕਟਰੀਆਂ ਵਿੱਚ ਕੋਈ ਦਿਲਚਸਪੀ ਨਹੀਂ ਸੀ, ਉਹਨਾਂ ਦਾ ਕਾਰੋਬਾਰ ਬਾਹਰਲੇ ਮੁਲਕਾਂ ‘ਚ ਵਧੀਆ ਚੱਲ ਰਿਹਾ ਸੀ। ਕਿਉਂ ਕਿ ਅਨਮੋਲ ਹੀ ਹੁਣ ਦੋਵੇ ਫੈਕਟਰੀਆ ਦੇਖ ਰਿਹਾ ਸੀ ਅਤੇ ਸੁਖਪਾਲ ਵੀ ਕਦੇ ਕਦਾਈਂ ਹੀ ਫੈਕਟਰੀ ਜਾਂਦਾ ਸੀ ਇਸ ਕਾਰਨ ਅਨਮੋਲ ਦੀ ਪੁੱਛ ਗਿੱਛ ਫੈਕਟਰੀ ‘ਚ ਵੱਧ ਗਈ ਸੀ।

ਫੇਰ ਸੁਖਪਾਲ ਯਾਦ ਕਰਦਾ ਹੈ ਕਿ ਉਹ ਕਿਵੇਂ ਅੱਜ ਹਸਪਤਾਲ ਤੱਕ ਪੁਜਿਆ। ਅੱਜ ਦੀ ਸ਼ਾਮ ਨੂੰ ਉਸ ਦੇ ਮਿੱਤਰ ਜਗਜੀਤ ਸਿੰਘ ਦਾ ਫੋਨ ਆਇਆ ਤੇ ਸੁਖਪਾਲ ਨੇ ਉਸ ਨੂੰ ਆਪਣੀ ਤਕਲੀਫ਼ ਦੱਸੀ ਤੇ ਉਸ ਨੇ ਝੱਟ-ਪਟ ਦੇਣੀ ਆਪ ਆਕੇ ਉਸ ਨੁੰ ਐੰਬੂਲੈਂਸ ਬੁਲਾ ਕੇ ਹਸਪਤਾਲ ਪਹੁੰਚਾਇਆ ਸੀ। ਸੁਖਪਾਲ ਮਨ-ਮਨ ‘ਚ ਹੀ ਜਗਜੀਤ ਦਾ ਸ਼ੁਕਰ ਕਰਦਾ ਹੋਇਆ ਕਹਿੰਦਾ ਹੈ “ਵਾਹ ਵੇ ਯਾਰਾ! ਤੂੰ ਯਾਰੀ ਨਿਭਾ ਹੀ ਦਿੱਤੀ ਪਰ ਲਗਦਾ ਨਹੀਂ ਹੁਣ ਮੇਰੇ ਕੋਲ ਜਿਆਦਾ ਸਮਾਂ ਹੈ”। ਡਾਕਟਰਾਂ ਨੇ ਜਗਜੀਤ ਨੂੰ ਦੱਸਿਆ ਕਿ “ਹੁਣ ਦੇਰੀ ਹੋ ਚੁੱਕੀ ਹੈ ਆਕਸੀਜਨ ਪੱਧਰ ਕਾਫੀ ਘੱਟ ਹੈ ਸੁਖਪਾਲ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ ਅਸੀਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਾਂਗੇ”। ਇਸ ਲਈ ਉਸ ਨੂੰ ਜਾਂਦੇ ਸਾਰ ਹੀ ਵੈਂਟੀਲੇਟਰ ਲਗਾ ਦਿੱਤਾ ਗਿਆ ਸੀ। ਸੁਖਪਾਲ ਇਸ ਹਾਲਤ ‘ਚ ਵੀ ਆਸ ਕਰਦਾ ਹੈ ਕਿ ਕਦੋਂ ਉਸ ਦਾ ਅਨਮੋਲ ਆਵੇਗਾ ਪਰ ਉਸ ਦੇ ਦਿਲ ਨੂੰ ਇਹ ਵੀ ਪਤਾ ਲਗ ਗਿਆ ਸੀ ਜ਼ਿੰਦਗੀ ਦੇ ਇਸ ਆਖਰੀ ਪਲਾਂ ਵਿੱਚ ਉਸ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਹੈ।

ਨੀਂਦ ਉਸ ਦੇ ਅੱਖਾਂ ਤੋਂ ਬਹੁਤ ਦੂਰ ਸੀ। ਵੈਂਟੀਲੇਟਰ ਦੇ ਲੱਗੇ ਹੋਣ ਦੇ ਬਾਵਜੂਦ ਉਸ ਨੂੰ ਸਿਰਫ ਤੇ ਸਿਰਫ ਅਨਮੋਲ ਦੀ ਹੀ ਫਿਕਰ ਸੀ ਕਿ ਉਹ ਠੀਕ ਠਾਕ ਹੋਵੇ। ਸੁਖਪਾਲ ਸਿਰਫ ਇੱਕ ਵਾਰ ਅਨਮੋਲ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ ਸੀ। ਉਹ ਰਾਤ ਉਸ ਨੇ ਆਪਣੇ ਜੀਵਨ ਨੂੰ ਯਾਦ ਕਰਦੇ ਹੋਏ ਕੱਢੀ।

ਸਵੇਰੇ ਅਨਮੋਲ ਨੂੰ ਜਗਜੀਤ ਤੋਂ ਖਬਰ ਦਿੱਤੀ “ਸੁਖਪਾਲ ਦੁਨੀਆ ‘ਚ ਨਹੀਂ ਰਿਹਾ ਉਹ ਉਸ ਦੇ ਸ਼ਰੀਰ ਨੂੰ ਹਸਪਤਾਲ ਤੋਂ ਲੈ ਕੇ ਆਉਣ ਲੱਗੇ ਆ, ਜੇ ਉਹ ਆਉਣਾ ਚਾਹੇ ਤਾਂ ਆ ਸਕਦਾ ਹੈ।“ ਅਨਮੋਲ ਨੇ ਉਨਾਂ ਨੂੰ ਇਹ ਕਹਿ ਕੇ ਹਸਪਤਾਲ ਲਈ ਮਨਾ ਕਰ ਦਿੱਤਾ ਕਿ “ਬੱਚੇ ਛੋਟੇ ਹਨ ਅਤੇ ਸੁਖਪਾਲ ਦੀ ਬਿਮਾਰੀ ਕਾਰਨ ਉਹ ਕਿਸੇ ਤਰਾਂ ਦਾ ਖਤਰਾ ਨਹੀਂ ਲੈ ਸਕਦਾ , ਮੈਂ ਆਪਣੀ ਥਾਂ ਕਿਸੇ ਨੂੰ ਭੇਜਦਾਂ“। ਜਗਜੀਤ ਨੇ ਸੁਖਪਾਲ ਦੀ ਖਬਰ ਉਸ ਦੇ ਬਾਹਰ ਵਸਦੇ ਬੱਚਿਆਂ ਤੱਕ ਵੀ ਪਹੁੰਚਾਈ ਪਰ ਉਨਾਂ ਨੇ ਵੀ ਭਾਰਤ ‘ਚ ਵੱਧ ਕਰੋਨਾ ਬਿਮਾਰੀ ਫੈਲੀ ਹੋਣ ਕਾਰਨ ਬੇਵਸੀ ਜ਼ਾਹਿਰ ਕੀਤੀ। ਅਨਮੋਲ ਸੁਖਪਾਲ ਦੇ ਸੰਸਕਾਰ ਤੇ ਵੀ ਬੁੱਝੇ ਜਿਹੇ ਮਨ ਨਾਲ ਗਿਆ ਅਤੇ ਉਸ ਦੇ ਮੁੱਖ ਤੇ ਕੋਈ ਆਪਣੇ ਨੂੰ ਗਵਾਉਣ ਦੀ ਸ਼ਿਕਨ ਨਹੀਂ ਸੀ। ਉਹ ਸਿਰਫ਼ ਲੋਕ-ਲਾਜ ਲਈ ਗਿਆ ਸੀ ਅਤੇ ਜੋ ਬਣਦੇ ਸਰਦੇ ਰੀਤੀ-ਰਵਾਜ ਪੁੱਤ ਦੀ ਥਾਂ ਤੇ ਨਿਭਾਏ। ਹਫਤੇ ਬਾਅਦ ਅਨਮੋਲ ਨੂੰ ਫੈਕਟਰੀਆਂ ਦਾ ਨਵਾਂ ਐਮ. ਡੀ. ਬਣਾ ਦਿੱਤਾ ਗਿਆ ਉਸੇ ਦਿਨ ਉਸ ਦੇ ਬੱਚੇ ਦਾ ਵੀ ਜਨਮ ਦਿਨ ਸੀ। ਉਸ ਨੇ ਇੱਕ ਪਾਰਟੀ ਰੱਖ ਕੇ ਆਪਣੇ ਦੋਸਤਾਂ ਅਤੇ ਕਰਮਚਾਰੀਆਂ ਨੂੰ ਸੱਦਾ ਦਿੱਤਾ ਲੌਕ-ਡਾਊਨ ਹੋਣ ਦੇ ਬਾਵਜੂਦ ਵੱਡਾ ਇੱਕਠ ਕਰ ਕੇ ਆਪਣੇ ਬੱਚੇ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ।

-ਪਰਵਿੰਦਰਜੀਤ ਸਿੰਘ
-9872007176   

Post Author: admin

Leave a Reply

Your email address will not be published. Required fields are marked *