ਕਵਿਤਾ/ ਵਿਸਾਖੀ/ ਰਵੇਲ ਸਿੰਘ ਇਟਲੀ

ਫਸਲਾਂ ਦਾ ਤਿਉਹਾਰ ਵਿਸਾਖੀ।

ਖੁਸ਼ੀਆਂ ਦਾ ਤਿਉਹਾਰ ਵਿਸਾਖੀ।

ਕਣਕਾਂ ਪੱਕੀਆਂ,ਸੁੱਖਾਂ ਸੁੱਖਦੇ,

ਹੋਈਆਂ ਨੇ ਤਯਾਰ ਵਿਸਾਖੀ।

ਦਸਮ ਪਿਤਾ ਨੇ ਸਾਜ ਖਾਲਸਾ,

ਕੀਤਾ ਸੀ ਤਯਾਰ, ਵਿਸਾਖੀ।

ਹੱਕ ਸੱਚ ਲਈ ਜੂਝਣ ਲਈ,

ਚੁਕੀ ਸੀ ਤਲਵਾਰ ਵਿਸਾਖੀ।

ਵੇਖੋ ਹੁਣ ਇਹ ਬੰਦੇ ਖਾਣੀ,

ਕੇਂਦਰ ਦੀ ਸਰਕਾਰ ਵੈਸਾਖੀ।

ਸੜਕਾਂ ਉੱਤੇ ਰੋਲ ਕਿਸਾਨੀ।

ਰਹੀ ਕਿਸਾਨੀ ਮਾਰ ਵੈਸਾਖੀ।

ਇਸ ਵੇਰਾਂ ਆ ਗਿਆ ਕਰੋਨਾ,

ਖੁਸ਼ੀਆਂ ਗਈ ਵਿਸਾਰ ਵਿਸਾਖੀ।

ਪਰ ਸਰਕਾਰ ਕਰੋਨਾ ਤੋਂ ਵੱਧ,

ਕਰਦੀ ਪੁੱਠੀ ਕਾਰ ਵਿਸਾਖੀ।

ਲੋਕ ਰਾਜ ਨੂੰ ਛਿੱਕੇ ਟੰਗਿਆ,

ਕਰਦੀ ਹੈ ਹੰਕਾਰ ਵਿਸਾਖੀ।

ਕਿਰਸਾਣੀ ਨੂੰ ਮਾਰਣ ਲੱਗੀ,

ਕੇਂਦਰ ਦੀ ਸਰਕਾਰ ਵੈਸਾਖੀ।

 ਖੇਤੀ ਦਿਆਂ ਕਾਲੇ ਕਾਨੂਨਾਂ ਨੇ,

ਕਰ ਦਿੱਤੀ  ਬੀਮਾਰ ਵਿਸਾਖੀ।

ਨਾ ਏਧਰ ਨਾ ਓਧਰ  ਲਗਦੀ,

ਜਾਪ ਰਹੀ ਵਿੱਚਕਾਰ ਵਿਸਾਖੀ।

ਰਹਿ ਗਏ ਵਿੱਚੇ, ਗਿੱਧੇ ਭੰਗੜੇ,

ਰੋਂਦੀ ਹੈ ਮੁਟਿਆਰ ਵਿਸਾਖੀ।

ਕੋਵਿਡ-ਉਨੀ ਤੋਂ ਵਧ ਕੇਂਦਰ ਨੂੰ,

ਪਾਉਂਦੀ ਹੈ ਫਟਕਾਰ ਵਿਸਾਖੀ।

ਇਸ ਵਾਰੀ ਜੋ ਆਈ ਵਿਸਾਖੀ,

ਆਏ ਨਾ ਦੂਜੀ ਵਾਰ ਵਿਸਾਖੀ।

ਆਪਣੇ ਹੱਕਾਂ ਦੀ ਰਾਖੀ ਲਈ,

ਹੁੰਦੀ  ਸਦਾ ਵੰਗਾਰ ਵਿਸਾਖੀ।

ਫਸਲਾਂ ਦਾ ਤਿਉਹਾਰ ਵਿਸਾਖੀ,

ਖੁਸ਼ੀਆਂ ਦਾ ਤਿਉਹਾਰ ਵਿਸਾਖੀ।

ਚਲਦਾ ਹੈ ਕਿਰਸਾਨ ਅੰਦੋਲਣ,

ਮੰਨੇ ਗਾ ਨਹੀਂ ਹਾਰ ਵਿਸਾਖੀ।

ਫਸਲਾਂ ਦਾ ਤਿਉਹਾਰ ਵਿਸਾਖੀ।

ਖੁਸ਼ੀਆਂ ਦਾ ਤਿਉਹਾਰ ਵਿਸਾਖੀ।

ਰਵੇਲ ਸਿੰਘ ਇਟਲੀ

Post Author: admin

Leave a Reply

Your email address will not be published. Required fields are marked *