ਕਵਿਤਾਵਾਂ/ ਦਵਿੰਦਰ ਸਿੰਘ ਜੱਸਲ

ਘਰ ਆ ਕੇ ਜੋ ਨਾਰ ਨੂੰ ਤਾੜੇ,
ਵਿੱਚ ਭਾਈਆਂ ਜੋ ਪਾਵੇ ਪਾੜੇ,
ਝੂਠੀਆ ਗੱਲਾ ਕਹਿ ਜੋ ਸਾੜੇ,
ਸੱਜਣਾ ਐਸਾ ਗ਼ਮਖ਼ਾਰ ਬਦਲ ਦੇ।

ਜੋ ਨਹੀ ਯਾਰ ਭਰੋਸਾ ਕਰਦਾ,
ਜੋ ਨਹੀ ਤੇਰੀ ਹਾਮੀ ਭਰਦਾ,
ਜੋ ਨਹੀ ਦੇਖ ਤਰੱਕੀ ਜ਼ਰਦਾ,
ਸੱਜਣਾ ਐਸਾ ਗ਼ਮਖ਼ਾਰ ਬਦਲ ਦੇ।

ਜੋ ਮਾਪਿਆ ਨੂੰ ਗਾਲ਼ਾਂ ਕੱਢੇ,
ਧੀਅ ਕਿਸੇ ਦੀ ਵਿਆਹ ਕੇ ਛੱਡੇ,
ਜੋ ਤੇਰਾ ਖਾ ਕੇ ਜੜ ਤੇਰੀ ਵੱਢੇ,
ਸੱਜਣਾ ਐਸਾ ਗ਼ਮਖ਼ਾਰ ਬਦਲ ਦੇ।

ਲੋੜ ਵੇਲੇ ਜੋ ਕੰਮ ਨਾ ਆਵੇ,
ਗੱਲਾ ਨਾਲ ਜੋ ਪੁੱਲ਼ ਬਨਾਵੇ,
ਹਰ ਵੇਲੇ ਜੋ ਫਾਇਦਾ ਚਾਹਵੇ,
ਸੱਜਣਾ ਐਸਾ ਗ਼ਮਖ਼ਾਰ ਬਦਲ ਦੇ।

ਚੁਗਲੀ ਕਰ ਜੋ ਰਿਸ਼ਤਾ ਤੋੜੇ,
ਹੱਥ ਉਧਾਰ ਜੋ ਲੈ ਨਾ ਮੋੜੇ,
ਵੇਚੇ ਬਲਦ ਜੋ ਕਹਿ ਕੇ ਘੋੜੇ,
ਸੱਜਣਾ ਐਸਾ ਗ਼ਮਖ਼ਾਰ ਬਦਲ ਦੇ।

ਚਾੜ੍ਹ ਕੋਠੇ ਜੋ ਪੌੜੀ ਚੱਕੇ,
ਲੈ ਕਰਜ਼ਾ ਜੋ ਜਾਵੇ ਮੱਕੇ,
ਘਰੋ ਜੋ ਕੱਢੇ ਜੋ ਦੇ ਦੇ ਧੱਕੇ,
ਸੱਜਣਾ ਐਸਾ ਗ਼ਮਖ਼ਾਰ ਬਦਲ ਦੇ।

ਥੁੱਕ ਕੇ ਜਿਹੜਾ ਆਪੇ ਚੱਟੇ,
ਬੇੜੀ ਵਿੱਚ ਜੋ ਪਾਵੇ ਵੱਟੇ,
ਘਰ ਜੋ ਆਪਣੀ ਧੀਅ ਦਾ ਪੱਟੇ,
ਜੱਸਲਾ ਐਸਾ ਗ਼ਮਖ਼ਾਰ ਬਦਲ ਦੇ।

*******

ਮੈਨੂੰ ਲੱਗਦਾ ਕੇ ਮੈਂ ਮੋਮਬੱਤੀ ਦੇ ਧਾਗੇ ਦੀ ਤਰ੍ਹਾਂ ਜਲ਼ ਰਿਹਾ ਹਾਂ। ਤੇ ਲੋਕ
ਵੀ ਮੇਰੇ ਨਾਲ ਮੋਮ ਦੀ ਤਰਾਂ ਜਲਕੇ ਜੱਗ
ਨੂੰ ਰੌਸ਼ਨੀ ਦੇ ਰਹੇ ਹਨ। ਪਰ ਨਹੀਂ ਲੋਕ ਤਾ ਮੋਮ ਦੀ ਤਰਾਂ ਪਿਘਲ ਕੇ ਮੇਰਾ ਸਾਥ ਛੱਡਦੇ ਜਾ ਰਹੇ ਹਨ।ਮੈਂ ਉਹਨਾਂ ਦੇ ਸਾਥ ਤੋਂ ਬਗੈਰ ਜ਼ਿਆਦਾ ਦੇਰ ਨਹੀਂ ਜਲ਼ ਸਕਦਾ । ਇੱਕ ਗੱਲ ਜਰੂਰ ਹੈ ਕੇ ਉਹ
ਮੇਰੇ ਤੋਂ ਅਲੱਗ ਹੋ ਕੇ ਆਪਣਾ ਵਜੂਦ
ਖਤਮ ਨਹੀਂ ਕਰ ਸਕਦੇ। ਵਜੂਦ ਤਾਂ ਹਰ ਵਾਰ ਮੋਮਬੱਤੀ ਵਿੱਚ ਪੈ ਕੇ ਧਾਗੇ ਨੂੰ ਹੀ ਖਤਮ ਕਰਨਾ ਪੈਣਾ । ਦੁਨੀਆਂ ਤੁਹਾਨੂੰ ਜਲਣ ਤੱਕ ਸਹਾਰਾ ਤਾਂ ਜ਼ਰੂਰ ਦੇ ਸਕਦੀ
ਹੈ । ਪਰ ਧਾਗਾ ਬਣਕੇ ਕੋਈ ਜਲਣਾ
ਨਹੀਂ ਚਾਹੁੰਦਾ। ਕੀ ਕਰੀਏ ਇੱਕ ਨੂੰ ਤਾਂ ਆਪਣੀ ਹੋਂਦ ਮਕਾਉਣੀ ਪੈਣੀ ਦੁਨੀਆਂ
ਨੂੰ ਫਿਰ ਰੌਸ਼ਨੀ ਦੇਣ ਲੲੀ । ਸ਼ਾਇਦ ਅਗਲੀ ਵਾਰ ਮੈਂ ਮੋਮ ਦੇ ਰੂਪ ਵਿੱਚ ਆਵਾਂ । ਵਾਰ ਵਾਰ ਜਲਕੇ ਦੁਨੀਆਂ ਨੂੰ ਰੌਸਨੀ ਦੇਣ ਲੲੀ। ਅਤੇ ਉਸ ਧਾਗੇ ਦਾ ਸਾਥ ਦੇਣ ਲਈ । ਜਿਸ ਦੀ ਹੋਂਦ ਮੇਰੇ ਪਿਆਰ ਕਰਕੇ ਵਾਰ ਵਾਰ ਖਤਮ ਹੋ
ਰਹੀ ਹੈ ਕੇ ਆਓ ਅਸੀਂ ਮਿਲ ਮਿਲਕੇ
ਫਿਰ ਤੋ ਤਿਆਰ ਹੋ ਜਾਈਏ ਦੁਨੀਆਂ ਨੂੰ ਰੁਸ਼ਨਾਉਣ ਲਈ । ਕੀ ਤੁਸੀ ਸਹਾਰਾ
ਬਣੋਗੇ ਦੁਨੀਆਂ ਚੋਂ ਹਨੇਰਾ ਖਤਮ ਕਰਨ ਲਈ।

ਆਉ ਰਲਕੇ ਜੋਤ ਜਗਾਈਏ,
ਪੜ੍ਹੀਏ ਅਤੇ ਬੱਚੇ ਪੜ੍ਹਾਈਏ।
ਘਰ ਘਰ ਵਿੱਚ ਵਿੱਦਿਆ ਪਹੁੰਚਾਈਏ

******

ਕੁਝ ਕਰਿਆ ਮੰਜ਼ਿਲ ਮਿਲਣੀ ਏ,
ਤੂੰ ਚੱਲਦਾ ਰਹਿ , ਵੱਸ ਹਾਰ ਨਾ ਮੰਨ।

ਇਹ ਜ਼ਿੰਦਗੀ ਤੋਹਫ਼ਾ ਕੁਦਰਤ ਦਾ,
ਸਫ਼ਲ ਬਣਾ , ਕੋਈ ਭਾਰ ਨਾ ਮੰਨ।

ਤੋਹਮਤਾ , ਤਾਹਨੇ , ਲੱਖਾਂ ਮਿਲਣਗੇ,
ਗਲ਼ ਚੋਂ ਲਾਹ , ਸ਼ਿੰਗਾਰ ਨਾ ਮੰਨ।

ਲੱਖਾਂ ਤੈਨੂੰ ਭਟਕਾਉਣਗੇ ਰਸਤਿਓਂ,
ਦਿਲ ਦੀ ਸੁਣ , ਤਕਰਾਰ ਨਾ ਮੰਨ।

ਲੈ ਹੱਥ ਮਸ਼ਾਲਾਂ , ਤੇ ਸਫ਼ਲ ਕਰ ਪੈਂਡੇ,
ਤੂੰ ਜੁਗਨੂੰ ਬਣ , ਅੰਧਕਾਰ ਨਾ ਮੰਨ।

ਦੁੱਖਾਂ ਤੋਂ ਸਿੱਖ , ਉਠ ਕੇ ਖੜਨਾ,
ਖੁਦ ਨੂੰ ਗ਼ਮ ਦਾ , ਫ਼ਨਕਾਰ ਨਾ ਮੰਨ।

ਲੜ ਜ਼ਿੰਦਗੀ ਸੰਗ ਯੋਧਾ ਬਣ ਕੇ,
ਤੂੰ ਹੱਕ ਲੈਣਾ , ਅਧਿਕਾਰ ਨਾ ਮੰਨ।

ਪਰਲੇ ਪਾਰ ਮਿਲੂ ਪਾਕ ਮੁਹੱਬਤ,
ਤਰ ਕੇ ਜਾਹ , ਮੱਝਧਾਰ ਨਾ ਮੰਨ।

ਅਨਹਦ ਵੱਜਦੀ ਦਿਲ ਵਿੱਚ ਧੁਨ ਜੋ,
ਤੂੰ ਸੁਣ ਉਸ ਨੂੰ , ਹੰਕਾਰ ਨਾ ਮੰਨ।

ਤੂੰ ਕਰਮ ਵਿਧਾਤਾ,ਜ਼ਿੰਦਗੀ ਲਿਖ ਖੁਦ,
ਦਵਿੰਦਰ ਜੱਸਲਾ, ਉਪਕਾਰ ਨਾ ਮੰਨ।

******

*ਦਵਿੰਦਰ ਸਿੰਘ ਜੱਸਲ *
8195856485/7889052061


Post Author: admin

Leave a Reply

Your email address will not be published. Required fields are marked *