ਪੰਚਾਇਤਾਂ, ਖਾਪ-ਪੰਚਾਇਤਾਂ,ਮਹਾਂ-ਪੰਚਾਇਤਾਂ ਅਤੇ ਕਿਸਾਨ ਅੰਦੋਲਨ/ਰਵਿੰਦਰ ਚੋਟ

         ਖੁਲ੍ਹੇ ਅਸਮਾਨ ਹੇਠ ਜੰਗਲਾਂ ਵਿੱਚ ਕੁਦਰਤ ਦੀ ਗੋਦ ਮਾਣਦਾ ਮਨੁੱਖ ਜਦੋ ਸਭਿਆ ਸਮਾਜ ਸਿਰਜਣ ਵਲ ਤੁਰਿਆ ਤਾਂ ਇਸ ਨੇ ਆਪਣੇ ਆਪ ਹੀ ਆਪਣੇ ਦੁਆਲੇ ਸਮਾਜਿਕ ਬੰਦਸ਼ਾ ਸਿਰਜਣੀਆਂ ਸ਼ੁਰੂ ਕਰ ਦਿਤੀਆ।ਇਹੀ ਬੰਦਸ਼ਾ ਸਮਾਜਿਕ ਰਹੁ-ਰੀਤਾਂ ਅਤੇ ਰਿਵਾਜ ਬਣਦੇ ਗਏ। ਹੌਲੀ ਹੌਲੀ ਇਹ ਰਹੁ-ਰੀਤਾਂ ਕਬੀਲਿਆਂ,ਜਾਤਾਂ,ਗੋਤਾਂ ਵਿੱਚ ਵੰਡ ਹੁੰਦੀਆਂ ਗਈਆਂ।ਇਹਨਾਂ ਰਹੁ-ਰੀਤਾਂ ਦੇ ਘੇਰੇ ਨੂੰ ਨਿਰਵਿਘਨ ਚਾਲੂ ਰੱਖਣ ਲਈ ਉਹਨਾਂ ਕਬੀਲਿਆਂ ਦੇ ਤਕੜੇ ਤੇ ਬਹਾਦਰ ਬੰਦੇ ਆਗੂਆਂ ਦੇ ਰੂਪ ਵਿੱਚ ਅੱਗੇ ਆਉਂਦੇ ਰਹੇ।ਇਹਨਾਂ ਆਗੂਆਂ ਦਾ ਗਰੁੱਪ ਸਮਾਜਿਕ ਸੰਸਥਾਂ ਦਾ ਰੂਪ ਲੈ ਕੇ ਕਿਸੇ ਖਿੱਤੇ ਦੀ ਜਾਤ ਬਰਾਦਰੀ ਲਈ ਘੜੇ ਗਏ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਗੇ।ਖਾਪ ਪੰਚਾਇਤਾਂ ਵੀ ਇਹਨਾਂ ਸੰਸਥਾਵਾਂ ਦਾ ਹੀ ਅਗਲਾ-ਅਗਲੇਰਾ ਰੂਪ ਹੈ।ਇਹ ਖਾਪ ਪੰਚਾਇਤਾਂ ਜਨਤਾ ਵਲੋਂ ਚੁਣੀਆਂ ਹੋਈਆਂ ਨਹੀ ਹੁੰਦੀਆਂ ਸਗੋਂ ਮੋਹਤਵਾਰ ਤੇ ਪ੍ਰਭਾਵਸ਼ਾਲੀ ਲੋਕ ਹੀ ਅਗਵਾਈ ਕਰਦੇ ਹਨ। ਖਾਪਾਂ ਉਤਰ-ਪ੍ਰਦੇਸ਼,ਹਰਿਆਣਾ,ਅਤੇ ਰਾਜਸਥਾਨ ਦੇ ਕੁੱਝ ਇਲਾਕਿਆਂ ਵਿੱਚ ਆਪਣੀ ਦੀਰਘ ਹੋਂਦ ਰੱਖਦੀਆਂ ਹਨ। ਹਰਿਆਣੇਵਿੱਚ ਤਕਰੀਬਨ 120 ਖਾਪ ਪੰਚਾਇਤਾਂ ਕੰਮ ਕਰ ਰਹੀਆਂ ਹਨ। ਆਮ ਕਰਕੇ ਇਕ ਖਾਪ ਵਿੱਚ 84 ਪਿੰਡ ਆਉਂਦੇ ਹਨ ਪਰ ਇਹ ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ।ਹਰਿਆਣੇ ਵਿੱਚਇਹ ਜਿਆਦਾ ਕਰਕੇ ਜਾਟ ਬਿਲਟ ਵਜੋ ਜਾਣੇ ਜਾਂਦੇਜਿਲ੍ਹੇਜ਼ੀਦ,ਰੋਹਤਕ,ਸੋਨੀਪਤ,ਰਿਵਾੜੀ,ਮਹਿੰਦਰਗੜ੍ਹ,ਚਰਖੀ-ਦਾਦਰੀ, ਹਿਸਾਰ, ਭਵਾਨੀ, ਅਤੇ ਝੱਜ਼ਰ ਵਿੱਚ ਕੰਮ ਕਰਦੀਆਂ ਹਨ।ਇਸੇ ਤਰ੍ਹਾਂ ਯੂ.ਪੀ. ਅਤੇ ਰਾਜਸਥਾਨ ਵਿੱਚ ਵੀ ਬਹੁਤੀਆਂ ਖਾਪਾਂ ਜਾਟ ਬਰਾਦਰੀ ਨਾਲ ਸਬੰਧ ਰੱਖਦੀਆਂ ਹਨ।ਯੂ.ਪੀ. ਵੀ ਦੇ ਅਠਾਰਾਂ ਤੋਂ ਵੀਹ ਜਿਲ੍ਹਿਆ ਵਿੱਚ ਜਾਟ ਬਰਾਦਰੀ ਦਾ ਕਾਫੀ ਪ੍ਰਭਾਵ ਹੈ।

           ਪਿਛਲੇ ਸਮੇਂ ਵਿੱਚ ਖਾਪਾਂ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ-ਚਿੰਨ ਲੱਗਦੇ ਰਹੇ ਹਨ ਕਿਉਂਕਿ ਇਹਨਾਂ ਦੇ ਮੁਖੀਏ ਬਰਾਦਰੀ ਨਾਲ ਸਬੰਧਤ ਨਿਯਮਾਂ ਨੂੰ ਬਹੁਤ ਸਖਤੀ ਨਾਲ ਲਾਗੂ ਕਰਦੇ ਆ ਰਹੇ ਹਨ।ਇਹ ਖਾਪਾਂ ਖਾਨਗਾਹੀ ਕੋਰਟਾਂ ਦੇ ਤੌਰ ਤੇ ਕੰਮ ਕਰਦੀਆਂ ਹਨ ਅਤੇ ਇਹਨਾਂ ਕੋਲ ਆਪੇ ਪੈਦਾ ਕੀਤੇ ਵਿਆਪਕ ਅਧਿਕਾਰ ਹਨ। ਇਹਨਾਂ ਖਾਪਾਂ ਦੇ ਬਹੁਤ ਸਾਰੇ ਫਤਵੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਨ ਵਾਲੇ ਵੀ ਹੁੰਦੇ ਹਨ।ਗੈਂਗ ਰੇਪ ਅਤੇ ਆਨਰ ਕਿਲਿੰਗ ਇਸੇ ਸ਼ਰੇਣੀ ਵਿੱਚ ਆਉਂਦੇ ਹਨ।ਇਕੋ ਗੋਤਰ ਵਿੱਚ ਜਾਂ ਦੂਸਰੀ ਜਾਤੀ ਵਿੱਚ ਵਿਆਹ ਕਰਨਾ ਵਰਜਿਤ ਹੈ। ਜੇਕਰ ਕੋਈ ਜੋੜਾ ਇਸ ਤਰ੍ਹਾਂ ਆਪਣੇ ਹੀ ਗੋਤਰ ਵਿੱਚ ਵਿਆਹ ਕਰਦਾ ਹੈ ਤਾਂ ਉਹਨਾਂ ਲਈ ਸਖਤ ਸਜ਼ਾਵਾਂ ਨਿਯਤ ਹਨ। ਅਜੇਹਾ ਵਿਆਹ ਤੁੜਵਾ ਦਿੱਤਾ ਜਾਂਦਾ ਹੈ।ਉਹਨਾਂ ਦਾ ‘ਹੁੱਕਾ ਪਾਣੀ ਬੰਦ’ ਕਰਕੇ ਬਰਾਦਰੀ ਵਿੱਚੋਂ ਛੇਕ ਦਿਤਾ ਜਾਂਦਾ ਹੈ।ਕਈ ਵਾਰੀ ਪਿੰਡੋਂ ਕੱਢ ਦਿਤਾ ਜਾਂਦਾ ਹੈ।ਇਥੋਂ ਤਕ ਕਿ ਬਰਾਦਰੀ ਦਾ ਜਿਹੜਾ ਬੰਦਾ ਉਹਨਾਂ ਨਾਲ ਵਰਤੋਂ ਰੱਖਦਾ ਹੈ ਉਸ ਨੂੰ ਵੀ ਸਖਤ ਸਜ਼ਾਵਾਂ ਦਿਤੀਆਂ ਜਾਂਦੀਆਂ ਹਨ।ਕਈ ਵਾਰੀ ਅਜੇਹੇ ਜੋੜਿਆ ਨੂੰ ਮਾਰਨ ਦੀਆਂ ਸਜ਼ਾਵਾਂ ਵੀ ਦਿਤੀਆਂ ਗਈਆ।ਇਸੇ ਕਰਕੇ 2018 ਵਿੱਚ ਦੇਸ਼ ਦੀ ਮਾਨਯੋਗ ਸਰਬ ਉੱਚ ਅਦਾਲਤ ਨੇਇਹਨਾਂ ਖਾਪਾਂ ਦੇ ਫੈਸਲਿਆ ਨੂੰ ਗੈਰਕਾਨੂੰਨੀ ਕਰਾਰ ਦਿਤਾ ਹੈ।

           ਹਰਿਆਣਾ ਅਤੇ ਯੂ.ਪੀ ਵਿੱਚ ਜਦੋਂ ਤਕ ਗੈਰ-ਬੀ.ਜੇ.ਪੀ ਸਰਕਾਰਾਂ ਰਹੀਆਂ ਉਦੋ ਤਕ ਇਹਨਾਂ ਖਾਪਾਂ ਦੀ ਤੂਤੀ ਉਚੀ ਆਵਾਜ਼ ਵਿੱਚ ਬੋਲਦੀ ਰਹੀ।ਪਿਛਲੇ ਪੰਜ-ਛੇ ਸਾਲਾਂ ਤੋਂ ਬੀ.ਜੇ.ਪੀ ਦੀਆਂ ਸਰਕਾਰਾਂ ਦੇ ਹੋਂਦ ਵਿੱਚ ਆਉਣ ਤੇ ਇਹਨਾਂ ਦਾ ਪ੍ਰਭਾਵ ਕੁੱਝ ਘੱਟ ਵੇਖਣ ਨੂੰ ਮਿਲਿਆ।ਹਰਿਆਂਣੇ ਵਿੱਚ ਖੱਟਰ ਸਰਕਾਰ ਤੋਂ ਪਹਿਲਾਂ ਆਮ ਕਰਕੇ ਜਾਟ ਮੁੱਖ ਮੰਤਰੀ ਰਹੇ ਜਿਵੇ ਕਿ ਦੇਵੀ ਲਾਲ,ਓਮ ਪ੍ਰਕਾਸ਼ ਚੌਟਾਲਾ ਅਤੇ ਭੂਪਿੰਦਰ ਸਿੰਘ ਹੂਡਾ ਆਦਿ।ਜਾਟ ਸਰਕਾਰਾਂ ਵਿੱਚ ਖਾਪਾਂ ਆਪਣੇ ਅਧਿਕਾਰ ਖੂਬ ਵਰਤਦੀਆਂ ਰਹੀਆਂ।ਬੀ.ਜੇ.ਪੀ ਸਰਕਾਰਾਂ ਵਿੱਚ ਖਾਪਾਂ ਦਾ ਜਿਨ੍ਹਾਂ ਪ੍ਰਭਾਵ ਖੀਣ ਹੋਇਆ -ਹੁਣ ਕਿਸਾਨੀ ਅੰਦੋਲਨ ਵਿੱਚ ਇਹ ਦੁੱਗਣਾਂ ਹੋ ਕੇ ਉਭਰਿਆ ਹੈ।ਇਹ ਖਾਪਾਂ ਜ਼ਿਮੀਦਾਰਾ ਬਰਾਦਰੀ ਨਾਲ ਸਬੰਧਤ ਹੋਣ ਕਰਕੇ ਖੁਲ੍ਹ ਕੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਈਆ।ਕਿਸਾਨ ਅੰਦੋਲਨ ਨੇ ਜਿੱਥੇ ਖਾਪ-ਪੰਚਾਇਤਾਂ ਨੂੰ ਨਵੀਂ ਰੂਹ ਤੇ ਵੱਖਰਾ ਰੰਗ ਦਿਤਾ ਹੈ ਉੱਥੇ ਖਾਪਾਂ ਨੇ ਕਿਸਾਨ ਅੰਦੋਲਨ ਨੂੰ ਵੀ ਵਿਆਪਕਤਾ ਬਖਸ਼ੀ ਹੈ।

          26 ਜਨਵਰੀ ਵਾਲੇ ਦਿਨ ਵਾਪਰੀ ਲਾਲ ਕਿਲ੍ਹੇ  ਵਾਲੀ ਮੰਦਭਾਗੀ ਘਟਨਾ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਨੇ ਗਾਜ਼ੀਪੁਰ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਨੂੰ ਹੁਕਮ ਦਿਤਾ ਕਿ ਸਵੇਰ ਤਕ ਇਹ ਬਾਰਡਰ ਖਾਲੀ ਕਰ ਦਿਤਾ ਜਾਵੇ ਤਾਂ ਇਸ ਮੋਰਚੇ ਦੇ ਮੁੱਖ ਆਗੂ ਰਕੇਸ਼ ਟਿਕੇਤ ਦੀ ਹੰਝੂਆਂ ਭਰੀ ਦਹਾੜ ਨੇ ਕਿਸਾਨ ਅੰਦੋਲਨ ਦਾ ਰੁੱਖ ਹੀ ਬਦਲ ਦਿਤਾ। 29 ਫਰਵਰੀ ਨੂੰ ਇਸੇ ਅਪੀਲ ਨੂੰ ਮੁੱਖ ਰੱਖਦਿਆ ਮੁਜ਼ੱਫਰ ਨਗਰ ਵਿਖੇ ਮਹਾਂਵੀਰ ਚੌਕ ਕੋਲ ਜੀ.ਆਈ.ਜੀ ਗਰਾਉਂਡ ਵਿੱਚ ਰਕੇਸ਼ ਟਿਕੇਤ ਦੇ ਭਰਾ ਦੀ ਅਗਵਾਈ ਵਿੱਚ ਟਿਕੇਤ ਖਾਪ ਵਲੋਂ ਮਹਾਂ-ਪੰਚਾਇਤ ਬੁਲਾਈ ਗਈ।ਇਸ਼ ਮਹਾਂ-ਪੰਚਾਇਤ ਵਿੱਚ ਖਾਪਾਂ ਦੇ ਆਗੂਆਂ ਦੇ ਨਾਲ ਨਾਲ ਰਾਸ਼ਟਰੀ ਲੋਕ ਦਲ ਦੇ ਮੁੱਖੀ ਅਜੀਤ ਸਿੰਘ ਅਤੇ ਪੁਤਰ ਜੈਅੰਤ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ।ਇਸ ਮਹਾਂ-ਪੰਚਾਇਤ ਵਿੱਚ ਹੋਏ ਫੈਸਲੇ ਤੇ ਅਮਲ ਕਰਦਿਆਂ ਹਜ਼ਾਰਾਂ ਕਿਸਾਨ ਟਰੈਕਟਰ ਲੈ ਕੇ ਮੋਰਚੇ ਵਿੱਚ ਪਹੁੰਚ ਗਏ।ਉਸ ਰਾਤ ਕੇਂਦਰ ਸਰਕਾਰ ਵਲੋਂ ਇਸ ਬਾਰਡਰ ਤੇ ਅਰਧ-ਸੈਨਿਕ ਬਲ ਕਿਸੇ ਖਾਸ ਐਕਸ਼ਨ ਲਈ ਭੇਜੇ ਗਏ ਸਨ-ਕਿਸਾਨਾਂ ਦੇ ਭਾਰੀ ਇਕੱਠ ਨੂੰ ਵੇਖਦਿਆਂ ਉਹਨਾਂ ਨੂੰ ਵਾਪਿਸ ਬੁਲਾ ਲਿਆ ਗਿਆ।ਥੋੜਾ ਜਿਹਾ ਹਿਲ ਚੁਕਿਆ ਮੋਰਚਾ ਫਿਰ ਮੁੜ ਪੱਕੇ ਪੈਰੀ ਖੜਾ ਹੋ ਗਿਆ।ਇਹ ਸ਼ੁਰੂਆਤ ਸੀ ਖਾਪ ਪੰਚਾਇਤਾਂ ਦੀ ਆਪਣੇ ਨਵੇਂ ਰੰਗ ਵਿੱਚ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਖੜਨ ਦੀ ਅਤੇ ਲੋਕ ਮਨਾ ਵਿੱਚ ਬਣੀ ਆਪਣੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਦਿੱਖ ਨੂੰ ਸੁਧਾਰਨ ਦੀ।ਇਸ ਤੋਂ ਅੱਗੇ ਹਿਮਾਇਤ ਦਾ ਇਹ ਸਿਲਸਿਲਾ ਨਿਰੰਤਰ ਯਾਰੀ ਹੈ।

          ਸਿੰਘੂ ਬਾਰਡਰ ਤੇ ਪੁਰ ਅਮਨ ਸੰਘਰਸ਼ ਕਰ ਰਹੇ ਕਿਸਾਨਾਂ ਤੇ ਅਣਪਛਾਤੇ ਗੁੰਡਿਆਂ ਵਲੋਂ ਹਮਲਾ ਕੀਤਾ ਗਿਆ,ਟੈਂਟ ਪਾੜ ਦਿਤੇ ਗਏ,ਬਿਜਲੀ-ਪਾਣੀ ਬੰਦ ਕਰ ਦਿੱਤਾ ਗਿਆ,ਦੂਸਰੇ ਕਿਸਾਨ ਮੋਰਚਿਆ ਵਿਚੋਂ ਵੀ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਰੋਸ ਵਜੋਂ ਹਰਿਆਣੇ ਦੇ ਕਿਸਾਨਾਂ ਨੇ ਜੀਂਦ ਜਿਲ੍ਹੇ ਦੇ ਕੰਧੋਲਾ ਪਿੰਡ ਵਿੱਚ ਤਿੰਨ ਫਰਵਰੀ 2021 ਨੂੰ ਟੇਕ ਰਾਮ ਕੰਦੇਲਾ ਦੀ ਪ੍ਰਧਾਨਗੀ ਵਿੱਚ ਕੰਦੇਲਾਂ ਖਾਪ ਵਲੋਂ ਮਹਾਂ-ਪੰਚਾਇਤ ਬੁਲਾਈ ਗਈ। ਟੇਕ ਰਾਮ ਕੰਦੇਲਾ ਆਪ ਭਾਵੇ ਬੀ.ਜੇ.ਪੀ ਦਾ ਸਮਰਥਕ ਹੈ ਪਰ ਉਸ ਨੇ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦਿਤਾ।

ਇਸ ਮਹਾਂ-ਪੰਚਾਇਤ ਵਿੱਚ ਹਰਿਅਣਾ,ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੀਆਂ ਲੱਗਪਗ ਪੰਜਾਹ ਖਾਪਾਂ ਦੇ ਮੈਬਰਾਂ ਅਤੇ ਆਗੂਆਂ ਨੇ ਭਾਗ ਲਿਆ।ਇਸ ਮਹਾਂ ਪੰਚਾਇਤ ਵਿੱਚ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਰਕੇਸ਼ ਟਿਕੇਤ,ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਕੁਝ ਮਤੇ ਪਾਸ ਕੀਤੇ।ਪਹਿਲਾ ਕਿਸਾਨਾਂ ਨਾਲ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਅਤੇ ਗ੍ਰਹਿ-ਮੰਤਰੀ ਦੀ ਮੌਜ਼ੂਦਗੀ ਜ਼ਰੂਰੀ,ਦੂਸਰਾ ਕਿਸਾਨ ਵਿਰੋਧੀ ਤਿੰਨੇ ਬਿਲ ਰੱਦ ਕੀਤੇ ਜਾਣ ਅਤੇ ਐਮ,ਐਸ.ਪੀ ਨੂੰ ਲਾਜ਼ਮੀ ਕੀਤਾ ਜਾਵੇ,ਤੀਸਰਾ ਕਿਸਾਨਾਂ ਤੇ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਗਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ,ਚੌਥਾ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ।ਕੇਂਦਰ ਦੀ ਸਰਕਾਰ ਤੇ ਇਹਨਾਂ ਮਹਾਂ-ਪੰਚਾਇਤਾਂ ਦਾ ਭਾਵੇ ਸਿਧੇ ਤੌਰ ਕੋਈ ਬਹੁਤਾ ਅਸਰ ਨਹੀ ਹੋਇਆ ਪਰ ਜਨ ਸਮੂਹ ਦੇ ਮਨਾ ਵਿੱਚ ਬੀ.ਜੇ.ਪੀ ਦੀ ਰਾਜਸੀ ਜ਼ਮੀਨ ਖਸਕਾਉਣ ਲਈ ਇਹ ਮਹਾਂ-ਪੰਚਾਇਤਾਂ ਪਲੇਟਫਾਰਮ ਤਿਆਰ ਕਰ ਰਹੀਆਂ ਹਨ।ਇਹ ਇਹਨਾਂਦਾ ਉਪਰਾਲਾ ਅਜੇ ਵੀ ਯਾਰੀ ਹੈ।

            ਉੱਤਰ ਪ੍ਰਦੇਸ਼ ਵਿੱਚ ਮੁਜ਼ਫਰ ਨਗਰ,ਮਥਰਾ,ਬਾਗਪੱਤ ਤੋਂ ਬਾਅਦ ਪੰਜ ਫਰਵਰੀ ਨੂੰ ਜਿਲ੍ਹਾ ਸ਼ਮਲੀ ਦੇ ਪਿੰਡ ਭੈਸਵਾਲ ਵਿਖੇ ਰਾਸ਼ਟਰੀ ਲੋਕ ਦਲ ਵਲੋਂ ਕਿਸਾਨਾਂ ਦੀ ਮਹਾਂ ਪੰਚਾਇਤ ਬੁਲਾਈ ਗਈ ਜਿਸ ਵਿੱਚ ਧਾਰਾ 144 ਲੱਗੀ ਹੋਣ ਦੇ ਵਾਬਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।ਇਸ ਵਿੱਚ ਆਰ.ਐਲ.ਡੀ ਦੇ ਆਗੂ ਜੈਅੰਤ ਚੌਧਰੀ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ ਉਠਾਈ।

ਇਸੇ ਤਰ੍ਹਾਂ ਚਰਖੀ ਦਾਦਰੀ ਦੇ ਵਿਧਾਇਕ ਸੋਮਵੀਰ ਸਾਂਗਵਾਨ ਵਲੋਂ ਕਿਟਲਾਣਾ ਟੋਲ ਪਲਾਜ਼ਾ ਤੇ ਮਹਾਂ-ਪੰਚਾਇਤ ਬੁਲਾਈ ਗਈ। ਇਥੇ ਵੀ ਲੋਕਾਂ ਦੇ ਵੱਡੇ ਇਕੱਠ ਵਿੱਚ ਉਹੀ ਮਤੇ ਪਾਸ ਕੀਤੇ ਗਏ। ਬਾਰਾਂ ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਬਹਾਦਰ ਗੜ੍ਹ ਅਤੇ ਬੁਲਾਰੀ ਵਿਖੇ ਵੀ ਮਹਾਂ-ਪੰਚਾਇਤਾਂ ਕੀਤੀਆਂ ਗਈਆਂ ਅਤੇ ਸਰਕਾਰ ਨੂੰ ਚੇਤਾਵਨੀ ਦਿਤੀ ਗਈ ਕਿ ਭੁੱਖ ਦਾ ਵਪਾਰ ਨਹੀ ਕਰਨ ਦਿਤਾ ਜਾਵੇਗਾ। ਹਰਿਆਣਾ ਵਿੱਚ ਕਰਨਾਲ ਵਿਖੇ ਇੰਦਰੀ ਅਨਾਜ ਮੰਡੀ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਮਹਾਂ-ਪੰਚਾਇਤ14 ਫਰਵਰੀ ਨੂੰ ਕੀਤੀ ਗਈ ਹਜ਼ਾਰਾਂ ਵਿੱਚ ਕਿਸਾਨ,ਮਜ਼ਦੂਰ ਤੇ ਹੋਰ ਵਰਗਾਂ ਦੇ ਲੋਕ ਇਕੱਠੇ ਹੋਏ ਅਤੇ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।ਕਿਸਾਨ ਲਿਖਣ ਬੋਲਣ ਅਤੇ ਪ੍ਰੈਸ ਦੀ ਖੁਸ ਰਹੀ ਆਜ਼ਾਦੀ ਤੇ ਵੀ ਚਿੰਨਤਿਤ ਹਨ। ਇਹ ਵੀ ਖਬਰਾਂ ਹਨ ਕਿ ਖਾਪਾਂ ਦੇ ਇਕੱਠਾਤੋਂ ਪ੍ਰਭਾਵਤ ਹੋ ਕੇ ਯੂ.ਪੀ.ਦੇ ਅਠਾਰਾਂ ਜਿਲ੍ਹਿਆਂ ਦੇ ਜਾਟਾਂਨੇ ਬੀ.ਜੇ.ਪੀ ਤੋਂ ਮੂੰਹ ਮੋੜ ਕੇ ਕਿਸਾਨ ਅੰਦੋਲਨ ਨਾਲ ਆ ਖੜੇ ਹੋਏ ਹਨ।ਇਸੇ ਕਰਕੇ ਸੰਯੁਕਤ ਮੋਰਚੇ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸਾਰੇ ਦੇਸ਼ ਵਿੱਚ ਮਹਾਂ-ਪੰਚਾਇਤਾਂ ਕਰਨ ਦਾ ਮਨ ਬਣਾਇਆ ਹੈ। ਕਿਸਾਨ ਅੰਦੋਲਨ ਨੂੰ ਏਨੀ ਸ਼ਿੱਦਤ ਨਾਲ ਲੜਿਆ ਜਾ ਰਿਹਾ ਹੈ ਕਿ ਹਰਿਆਣੇ ਦੇ ਕਿਸਾਨ ਆਗੂ ਇਸ ਨੂੰ ਪ੍ਰਚੰਡ ਕਰਨ ਲਈ ਦਰਬਾਰ ਸਾਹਿਬ ਅਮ੍ਰਿੰਤਸਰ ਦੇ ਪਵਿੱਤਰ ਸਰੋਵਰ ਤੋਂ ਜਲ ਅਤੇ ਜੱਲ੍ਹਿਆਂਵਾਲੇ ਬਾਗ ਤੋਂ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਮਿੱਟੀ ਵੀ ਸਿੰਘੂ ਬਾਰਡਰ ਤੇ ਲੈ ਕੇ ਗਏ ਹਨ।ਪੰਜਾਬ ਵਿੱਚ ਖਾਪਾਂ ਨਾ ਦੇ ਬਰਾਬਰ ਹਨ।ਇਥੇ ਪਿੰਡਾਂ ਵਿੱਚ ਲੋਕਾਂ ਵਲੋਂ ਚੁਣੀਆਂ ਪੰਚਾਇਤਾਂ ਹੀ ਕੰਮ ਕਰਦੀਆਂ ਹਨ।

ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਗਿਆਰਾਂ ਫਰਵਰੀ2021 ਨੂੰ ਜਗਰਾਂਓ ਵਿਖੇ ਮਹਾਂ-ਪੰਚਾਇਤ ਦਾ ਇਕੱਠ ਕੀਤਾ ਗਿਆ।ਇਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸਾਰੇ ਵਰਗਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਸਿੱਧ ਕਰ ਦਿਤਾ ਕਿ ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਚੁੱਕਾ ਹੈ-ਜਾਤ,ਧਰਮ,ਇਲਾਕਾ ਸਭ ਪਿਛੇ ਰਹਿ ਗਏ ਹਨ। ਇਹ ਵੀ ਸਿੱਧ ਕਰ ਦਿਤਾਂ ਹੈ ਕਿ ਇਹ ਲੋਕ ਕੋਈ ਅਤਿਵਾਦੀ ਵੱਖਵਾਦੀ ਨਹੀ ਹਨ ਸਗੋਂ ਰਾਸ਼ਟਰਵਾਦੀ ਹੋਣ ਕਰਕੇ ਸਾਰੇ ਰਾਸ਼ਟਰ ਨਾਲ ਪੁਲਵਾਮਾਂ ਦੇ ਸ਼ਹੀਦਾਂ ਨੂੰ ਮੋਮਬੱਤੀਆਂ ਜਗਾ ਕੇ ਦਿਲੋਂ ਸ਼ਰਧਾਜ਼ਲੀਆਂ ਦੇ ਰਹੇ ਹਨ।ਹੁਣ ਪੰਜਾਬ ਵਿੱਚ ਵੀ ਥਾਂ ਥਾਂ ਤੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਦੀਆਂ ਮਹਾਂ-ਪੰਚਾਇਤਾਂ ਰੰਗ ਦਿਖਾ ਰਹੀਆਂ ਹਨ। ਬੰਗਾਲ ਦੀਆਂ ਹੋ ਰਹੀਆਂ ਚੋਣਾਂ ਵਿੱਚ ਵੀ ਇਹਨਾਂ ਪੰਚਾਇਤਾਂ ਰਾਹੀਂ ਹਵਾ ਦਾ ਰੁਖ ਬਦਲਦਾ ਨਜ਼ਰ ਆ ਰਿਹਾ ਹੈ।

ਪੰਚਾਇਤਾਂ,ਖਾਪ ਪੰਚਾਇਤਾਂ ਅਤੇ ਮਹਾਂ-ਪੰਚਾਇਤਾਂਦੇ ਭਰਵੇਂ ਸਮਾਗਮਾਂ ਦੀ ਲਗਾਤਾਰਤਾ ਵਿੱਚ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਅੰਦੋਲਨ ਦੀਆਂ ਝੰਡਾ ਬਰਦਾਰ ਬਣੀਆਂ ਹਨ।ਕਿਸਾਨਾਂ ਦੇ ਨਾਲ ਮਜ਼ਦੂਰ,ਛੋਟੇ ਦੁਕਾਨਦਾਰ ਤੇ ਵਪਾਰੀ,ਆੜ੍ਹਤੀਏ,ਬੁੱਧੀਜੀਵੀ,ਚਿੰਤਕਾਂ,ਲੇਖਕਾਂ,ਫਿਲਮੀ ਅਦਾਕਾਰਾਂ ਸਮੇਤ ਸਮਾਜ ਦਾ ਹਰ ਚੇਤਨ ਵਰਗ ਇਹਨਾਂ ਕਾਲੇ ਕਾਨੂੰਨਾਂ ਦਾ ਮਾਤਮ ਮਨਾ ਰਿਹਾ ਹੈ।ਇਸ ਵਿਆਪਕ ਵਿਰੋਧ ਦਾਤੁਫਾਨ ਸਰਕਾਰ ਦੀ ਰੂਹ ਤੇ ਅਦਿੱਖ ਬੋਝ ਬਣਦਾ ਜਾ ਰਿਹਾ ਹੈ ਜਿਹੜਾ ਕਿ ਦਿੱਲੀ ਦੀਆਂ ਸੜਕਾਂ ਤੇਕਿਸਾਨ ਮੋਰਚਿਆਂ ਦੇ ਦੁਆਲੇ ਗੱਡੀਆਂ ਕਿੱਲਾਂ,ਕੰਡਿਆਲੀਆਂ ਤਾਰਾਂ,ਸੀਮੈਂਟ ਦੇ ਬਲਾਕਾਂ ਅਤੇ ਮਸ਼ੀਨਾਂ ਨਾਲ ਪੁੱਟੇ ਵੱਡੇ ਵੱਡੇ ਟੋਇਆਂ ਦੇ ਰੂਪ ਵਿੱਚ ਵਿਅਕਤ ਹੋ ਰਿਹਾ ਹੈ।ਦੇਖਣਾ ਇਹ ਹੈ ਕਿੰਨੀ ਕੁ ਦੇਰ ਹੋਰ ਸਰਕਾਰ ਇਸ ਬੋਝ ਹੇਠ ਸੰਤੁਲਨ ਬਣਾ ਕੇ ਰੱਖਦੀ ਹੈ ਅਤੇ ਇਸ ਸਮੱਸਿਆ ਦਾ ਸਾਰਥਕ ਹੱਲ ਕਰਦੀ ਹੈ।ਭਾਵੇ ਕਿਸਾਨ ਆਗੂਆਂ ਨੇ ਇਹ ਸੋਚਦੇ ਹੋਏ ਕਿ ਅਜੇ ਦਿੱਲੀ ਬਾਰਡਰਾਂ ਤੇ ਲਗੇ ਮੋਰਚਿਆਂ ਨੂੰ ਹੋਰ ਤੀਬਰਤਾਂ ਨਾਲ ਭਖਾਉਣ ਦੀ ਲੋੜ ਹੈ-ਪੰਜਾਬ ਹਰਿਆਣੇ ਵਿੱਚ ਕੁੱਝ ਦੇਰ ਲਈ ਮਹਾਂ-ਪੰਚਾਇਤਾਂ ਨਾ ਕਰਨ ਦਾ ਫੈਸਲਾ ਲਿਆ ਹੈ ਪਰ ਇਹਨਾਂ ਇਕੱਠਾ ਨੇ ਲੋਕਾਂ ਨੂੰ ਜਾਗਰਤ ਕਰਨ ਵਿੱਚ ਵੱਡਾ ਹਿੱਸਾ ਪਾਇਆ ਹੈ।

ਰਵਿੰਦਰ ਚੋਟ/ਫੋਨ-9872673703
246,ਅਰਬਨ ਅਸਟੇਟ ਫਗਵਾੜਾ।

Post Author: admin

Leave a Reply

Your email address will not be published. Required fields are marked *