
ਨਵੀਂ ਦਿੱਲੀ, 9 ਮਾਰਚ- ਦਿੱਲੀ-ਸਿੰਘੂ ਹੱਦ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਵਾ ਵਿਚ ਗੋਲੀਆਂ ਚਲਾਈਆਂ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਸਥਾਨਕ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਤੋਂ ਬਾਅਦ 2 ਵਜੇ ਦੇ ਕਰੀਬ ਵਾਪਰੀ ਜਦੋਂ ਚਾਰ ਵਿਅਕਤੀ ਇੱਕ ਕਾਰ ਵਿੱਚ ਆਏ ਅਤੇ ਹਵਾ ਵਿੱਚ ਤਿੰਨ ਰਾਊਂਡ ਫਾਇਰ ਕਰਨ ਮਗਰੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪੰਜਾਬ ਦੇ ਜਾਪਦੇ ਸਨ ਕਿਉਂਕਿ ਉਹ ਇਕ ਵਾਹਨ ਦੀ ਵਰਤੋਂ ਕਰ ਰਹੇ ਸਨ ਜਿਸ ਵਿਚ ਚੰਡੀਗੜ੍ਹ ਦੀ ਨੰਬਰ ਪਲੇਟ ਲੱਗੀ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਬਰਾਮਦ ਕਰ ਲਈ ਹੈ ਅਤੇ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੌਰਾਨ ਅੰਦੋਲਨਕਾਰੀਆਂ ਨੇ ਦੋਸ਼ ਲਾਇਆ ਕਿ ਇਹ ਘਟਨਾ ‘ਸ਼ਾਂਤਮਈ’ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਢਾਹ ਲਾਉਣ ਦੀ ‘ਯੋਜਨਾਬੱਧ ਸਾਜ਼ਿਸ਼’ ਦਾ ਹਿੱਸਾ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਲੋੜੀਂਦੀ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ ਤਾਂ ਉਹ ਹੋਰ ਸੜਕਾਂ ਜਾਮ ਕਰਨਗੇ।