ਸੂਬੇ ਦੇ ਪੇਂਡੂ ਖੇਤਰਾਂ ’ਚੋਂ ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਚੋਣ: ਡਾਇਰੈਕਟਰ

* ਸ਼ਾਰਟ ਫੀਲਡ ਟਰਾਇਲ ਮਾਰਚ 2021 ’ਚ ਹੋਵੇਗਾ ਸ਼ੁਰੂ

ਮਾਨਸਾ 26 ਫਰਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਦੇਸ਼ ਦੀ ਜਨਗਣਨਾ-2021 ਦੇ ਮਹੱਤਵਪੂਰਨ ਕਾਰਜ ਦੀ ਸਮੁੱਚੀ ਪ੍ਰਕਿਰਿਆ ਨੂੰ ਲਾਗੂ ਕਰਨ ਤੋਂ ਪਹਿਲਾਂ ਮਾਨਸਾ ਤਹਿਸੀਲ ਦੇ ਪਿੰਡ ਨੰਗਲ ਕਲਾਂ ਵਿਖੇ ‘ਸ਼ਾਰਟ ਫੀਲਡ ਟਰਾਇਲ’ ਵਜੋਂ ਮੋਬਾਇਲ ਐਪਲੀਕੇਸ਼ਨਾਂ ਦਾ ਪ੍ਰੀਖਣ ਕੀਤਾ ਜਾਣਾ ਹੈ ਜਿਸ ਤੋਂ ਪ੍ਰਾਪਤ ਹੋਣ ਵਾਲੇ ਅੰਕੜਿਆਂ ਨੂੰ ਆਧਾਰ ਬਣਾ ਕੇ ਸਮੁੱਚੇ ਪੰਜਾਬ ਵਿੱਚ ਜਨਗਣਨਾ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਜਨਗਣਨਾ ਅਤੇ ਨਾਗਰਿਕ ਜਨਰੇਸ਼ਨ, ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਡਾਇਰੈਕਟਰ ਡਾ. ਅਭਿਸ਼ੇਕ ਜੈਨ (ਆਈ.ਏ.ਐਸ) ਨੇ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸ਼ਹਿਰੀ ਖੇਤਰਾਂ ਦੇ ਅਗੇਤੇ ਟੈਸਟ ਵਜੋਂ ਲੁਧਿਆਣਾ ਦੀ ਚੋਣ ਕੀਤੀ ਗਈ ਹੈ ਜਦਕਿ ਦਿਹਾਤੀ ਖੇਤਰਾਂ ਦੇ ਅਗੇਤੇ ਟੈਸਟ ਵਜੋਂ ਮਾਨਸਾ ਦੇ ਨੰਗਲ ਕਲਾਂ ਪਿੰਡ ਦੀ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਕੋਵਿਡ ਦੇ ਚਲਦਿਆਂ ਜਨਗਣਨਾ ਸਬੰਧੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ ਅਗਲੇ ਮਹੀਨੇ ਵਿਖੇ ਮੋਬਾਇਲ ਐਪਲੀਕੇਸ਼ਨ ਦੇ ਅਗੇਤੇ ਟੈਸਟ ਨੂੰ ਨੇਪਰੇ ਚੜ੍ਹਾਇਆ ਜਾਵੇਗਾ। ਡਾ. ਅਭਿਸ਼ੇਕ ਜੈਨ ਨੇ ਦੱਸਿਆ ਕਿ ਜਨਗਣਨਾ-2021 ਦਾ ਕਾਰਜ ਪੂਰੀ ਤਰ੍ਹਾਂ ਡਿਜ਼ੀਟਲ ਪ੍ਰਣਾਲੀ ਨਾਲ ਕੀਤਾ ਜਾਵੇਗਾ ਜਿਸ ਤਹਿਤ ਜਿਥੇ ਪਹਿਲਾਂ ਇਨੈਮੁਰੇਟਰਾਂ ਦੁਆਰਾ ਘਰ ਘਰ ਜਾ ਕੇ ਫਾਰਮ ਭਰੇ ਜਾਂਦੇ ਸਨ ਉਥੇ ਹੁਣ ਇਹ ਸੁਮੁੱਚੀ ਪ੍ਰਕਿਰਿਆ ਮੋਬਾਇਲ ਐਪਲੀਕੇਸ਼ਨ ਰਾਹੀਂ ਅੰਕੜੇ ਦਰਜ ਕਰਕੇ ਅਮਲ ਵਿੱਚ ਲਿਆਂਦੀ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਬਾਇਲ ਐਪਲੀਕੇਸ਼ਨ ਵਿੱਚ ਅੰਕੜਿਆਂ ਦੇ ਇੰਦਰਾਜ ਸਮੇਂ ਜੋ ਔਕੜਾਂ ਪੇਸ਼ ਆਉਣਗੀਆਂ ਜਾਂ  ਜੋ ਸੁਝਾਅ ਜਾਂ ਫੀਡਬੈਕ ਮਿਲਣਗੀਆਂ ਉਸ ਦੇ ਆਧਾਰ ’ਤੇ ਲੋੜੀਂਦੇ ਸੁਧਾਰ ਕੀਤੇ ਜਾਣਗੇ। ਡਾਇਰੈਕਟਰ ਨੇ ਕਿਹਾ ਕਿ ਇਹ ਬੇਹੱਦ ਮਹੱਤਵਪੂਰਨ ਕਾਰਜ ਹੈ ਜਿਸ ਦੇ ਅੰਕੜੇ ਦਰੁਸਤ ਹੋਣੇ ਚਾਹੀਦੇ ਹਨ ਕਿਉਂਜੋ ਇਹ ਅੰਕੜੇ ਹੀ ਭਵਿੱਖ ਵਿੱਚ ਕਈ ਹੋਰ ਅਹਿਮ ਕਾਰਜਾਂ ਲਈ ਆਧਾਰ ਵਜੋਂ ਵਰਤੋਂ ਵਿੱਚ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਐਪਲੀਕੇਸ਼ਨ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੋਣਗੀਆਂ ਜਿਸ ਵਿੱਚ ਅੰਕੜਿਆਂ ਦੇ ਇੰਦਰਾਜ ਤੋਂ ਇਲਾਵਾ ਮੈਪ ਐਪਲੀਕੇਸ਼ਨ ਵੀ ਹੋਵੇਗੀ।  ਇਸ ਦੌਰਾਨ ਜਨਗਣਨਾ ਵਿਭਾਗ ਦੇ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਅਤੇ ਰਿਸਰਚ ਅਫ਼ਸਰ (ਮੈਪ) ਵਰਿੰਦਰ ਕੌਰ ਵੱਲੋਂ ਪ੍ਰੋਜੈਕਟਰ ਦੀ ਮਦਦ ਨਾਲ ਇਨ੍ਹਾਂ ਮੋਬਾਇਲ ਐਪਲੀਕੇਸ਼ਨਾਂ ਦੀ ਮੁਢਲੀ ਵਰਤੋਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਨਗਣਨਾ ਦੇ ਕਾਰਜ ਲਈ ਇਨੈਮੁਰੇਟਰਾਂ, ਸੁਪਰਵਾਈਜ਼ਰਾਂ ਤੇ ਚਾਰਜ ਅਧਿਕਾਰੀਆਂ ਨੂੰ ਬਾਅਦ ਵਿੱਚ ਵਿਸ਼ੇਸ਼ ਤੌਰ ’ਤੇ ਸਿਖਲਾਈ ਦਿੱਤੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਮਾਨਸਾ ਦੇ ਇਸ ਪਿੰਡ ਵਿੱਚ ਮੋਬਾਇਲ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਲਈ ਚੋਣ ਕੀਤੀ ਗਈ ਹੈ ਅਤੇ ਹੁਣ ਸ਼ਾਰਟ ਫੀਲਡ ਟਰਾਇਲ ਦਾ ਹਿੱਸਾ ਬਣਨ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਸਮੁੱਚੇ ਅੰਕੜੇ ਪੂਰੀ ਤਨਦੇਹੀ ਨਾਲ ਇਕੱਤਰ ਕੀਤਾ ਜਾਵੇ ਕਿਉਂਕਿ ਇਸੇ ਫੀਡਬੈਕ ਦੇ ਆਧਾਰ ’ਤੇ ਹੀ ਪੂਰੇ ਸੂਬੇ ਦੇ ਦਿਹਾਤੀ ਖੇਤਰਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਮੀਟਿੰਗ ਦੌਰਾਨ ਏ.ਡੀ.ਸੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ ਸ਼ਿਖਾ ਭਗਤ, ਤਹਿਸੀਲਦਾਰ ਅਮਰਜੀਤ ਸਿੰਘ, ਡੀ.ਈ.ਓ ਪ੍ਰਾਇਮਰੀ ਸੰਜੀਵ ਕੁਮਾਰ, ਡਿਪਟੀ ਡੀ.ਈ.ਓ ਸੈਕੰਡਰੀ ਜਗਰੂਪ ਸਿੰਘ ਭਾਰਤੀ, ਉਪ ਅਰਥ ਤੇ ਅੰਕੜਾ ਸਲਾਹਕਾਰ ਪਰਮਜੀਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਵੀ ਹਾਜ਼ਰ ਸਨ।

Post Author: admin

Leave a Reply

Your email address will not be published. Required fields are marked *