
ਮੁੰਬਈ, 21 ਜਨਵਰੀ- ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ‘ਟਵਿੱਟਰ ਅਕਾਊਂਟ’ ਆਰਜ਼ੀ ਤੌਰ ’ਤੇ ਬੰਦ ਰਿਹਾ। ਇਹ ਖੁਲਾਸਾ ਕੰਗਨਾ ਨੇ ਇਕ ਟਵੀਟ ਰਾਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਕੰਗਨਾ ਨੇ ਵੈੱਬ ਸੀਰੀਜ਼ ‘ਤਾਂਡਵ’ ਖ਼ਿਲਾਫ਼ ਇਕ ਵਿਵਾਦਿਤ ਪੋਸਟ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਉਸ ਦਾ ‘ਟਵਿੱਟਰ ਖਾਤਾ’ ਬੰਦ ਹੋ ਗਿਆ। ਅਦਾਕਾਰਾ ਨੇ ਆਖਿਆ ਕਿ ਇਹ ਸਮਾਂ ਅਜਿਹੀਆਂ ਤਾਕਤਾਂ ਨੂੰ ਡੱਕਣ ਦਾ ਹੈ ਜਿਹੜੀਆਂ ਵੈੱਬ ਸੀਰੀਜ਼ ਜ਼ਰੀਏ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਹਨ। ਕੰਗਨਾ ਨੇ ਟਵਿੱਟਰ ਦੇ ਸੀਈਓ ਨੂੰ ਸ਼ਿਕਾਇਤ ਕਰਕੇ ਉਸ ਦਾ ਖਾਤਾ ਬੰਦ ਕਰਵਾਉਣ ਵਾਲਿਆਂ ਦੀ ਆਲੋਚਨਾ ਕੀਤੀ। ਕੰਗਨਾ ਨੇ ਆਖਿਆ,‘‘ਆਜ਼ਾਦ ਖਿਆਲੀਆਂ ਨੇ ਰੌਲਾ-ਰੱਪਾ ਪਾ ਕੇ ਮੇਰਾ ਖਾਤਾ ਬੰਦ ਕਰਵਾਇਆ ਹੈ। ਉਹ ਮੈਨੂੰ ਧਮਕੀਆਂ ਦੇ ਰਹੇ ਹਨ। ਮੇਰਾ ਟਵਿੱਟਰ ਖਾਤਾ ਕਦੇ ਵੀ ਦੇਸ਼ ਲਈ ਸ਼ਹੀਦ ਹੋ ਸਕਦਾ ਹੈ ਪਰ ਮੇਰੀ ਦੇਸ਼ ਭਗਤੀ ਫ਼ਿਲਮਾਂ ਰਾਹੀਂ ਹਮੇਸ਼ਾਂ ਜ਼ਿੰਦਾ ਰਹੇਗੀ। ਤੁਹਾਡਾ ਜਿਉਣਾ ਦੁੱਭਰ ਕਰ ਦਿਆਂਗੀ।’’ ਵੈੱਬ ਸੀਰੀਜ਼ ‘ਤਾਂਡਵ’ ਉਪਰ ਲੋਕਾਂ ਨੇ ਦੋਸ਼ ਲਾਏ ਹਨ ਕਿ ‘ਤਾਂਡਵ’ ਭਾਈਚਾਰਕ ਸਾਂਝ ਲਈ ਖ਼ਤਰਾ ਹੈ ਅਤੇ ਇਸ ਵਿੱਚ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।