
ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਸਹਿਮਤੀ ਬਨਣ ਤੋਂ ਬਾਅਦ ਹੀ ਰੇਲਵੇ ਮੰਤਰਾਲੇ ਨੂੰ ਮੁਸਾਫ਼ਿਰ ਗੱਡੀਆਂ ਸਮੇਤ ਸਾਰੀਆਂ ਗੱਡੀਆਂ ਲਈ ਸੂਬੇ ਦੇ ਟਰੈਕ ਖ਼ਾਲੀ ਹੋਣ ਬਾਰੇ ਸੂਚਿਤ ਕਰਦਿਆਂ ਗੱਡੀਆਂ ਚਾਲੂ ਕਰਨ ਲਈ ਕਿਹਾ ਗਿਆ ਸੀ। ਰੇਲਵੇ ਮੰਤਰਾਲੇ ਨੇ ਵੀ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਵਲੋਂ ਪੱਤਰ ਆਇਆ ਹੈ। ਰੇਲ ਮੰਤਰਾਲੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਵਲੋਂ ਰੇਲਾਂ ਚਲਾਉਣ ਲਈ ਨਿਰੀਖਣ ਤੇ ਹੋਰ ਕਾਰਵਾਈਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ ਤਾਂ ਜੋ ਰੇਲਾਂ ਸ਼ੁਰੂ ਕੀਤੀਆਂ ਜਾ ਸਕਣ।ਰੇਲ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤੀ ਰੇਲਵੇ ਜਲਦੀ ਹੀ ਪੰਜਾਬ ਵਿੱਚ ਕਮਰਸ਼ਲ ਸੇਵਾਵਾਂ ਬਹਾਲ ਕਰੇਗਾ। ਗੋਇਲ ਨੇ ਇਕ ਟਵੀਟ ’ਚ ਕਿਹਾ, ‘ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਵਿੱਚ ਰੇਲ ਮਾਰਗਾਂ ਤੇ ਰੇਲਵੇ ਸਟੇਸ਼ਨਾਂ ’ਤੇ ਲਾਏ ਧਰਨਿਆਂ ਨੂੰ 23 ਨਵੰਬਰ ਤੋਂ ਚੁੱਕਣ ਮਗਰੋਂ ਭਾਰਤੀ ਰੇਲਵੇ ਪੰਜਾਬ ਵਿੱਚ ਰੇਲ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਰੇਲ ਆਵਾਜਾਈ ਦੇ ਸ਼ੁਰੂ ਹੋਣ ਨਾਲ ਮੁਸਾਫ਼ਰਾਂ, ਕਿਸਾਨਾਂ ਤੇ ਸਨਅਤਾਂ ਨੂੰ ਫਾਇਦਾ ਹੋਵੇਗਾ।’ ਚੇਤੇ ਰਹੇ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਸ਼ਨਿੱਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ 23 ਨਵੰਬਰ ਤੋਂ ਅਗਲੇ 15 ਦਿਨਾਂ ਲਈ ਪੰਜਾਬ ਵਿੱਚ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਨੂੰ ਲਾਂਘਾ ਦੇਣ ਦਾ ਐਲਾਨ ਕੀਤਾ ਸੀ। ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਆਪਣਾ ਨਜ਼ਰੀਆ ਨਾ ਬਦਲਿਆ ਤਾਂ ਉਹ 10 ਦਸੰਬਰ ਤੋਂ ਮੁੜ ਰੇਲ ਮਾਰਗਾਂ ’ਤੇ ਧਰਨੇ ਲਾਉਣ ਲਈ ਮਜਬੂਰ ਹੋਣਗੇ।