ਬਾਦਲਾਂ ਵੱਲੋਂ ਥਾਪੇ ਐਕਟਿੰਗ ਜਥੇਦਾਰ ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਬਾਦਲਾਂ ਦੀ ਬੋਲੀ ਬੋਲ ਕੇ ਸਿੱਖ ਕੌਮ ਵਿੱਚ ਖਾਨਾਜੰਗੀ ਕਰਾਉਣ ਦਾ ਬਿਆਨ ਖਤਰਨਾਕ ਤੇ ਮੰਦਭਾਗਾ

ਡੈਨਹਾਗ ਨੀਦਰਲੈਂਡ :  23/11/2020 (ਹਰਜੋਤ ਸੰਧੂ)    -ਜਥੇਦਾਰ ਕਰਮ ਸਿੰਘ ਹਾਲੈਂਡ, ਹਰਜੀਤ ਸਿੰਘ ਹਾਲੈਂਡ, ਕੁਲਦੀਪ ਸਿੰਘ ਬੈਲਜੀਅਮ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਸੰਸਾਰ ਭਰ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜਾਗਰੂਕ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਸਥਾਪਨਾ ਦਿਵਸ ਸਮਾਗਮ ਦੌਰਾਨ ਦਿਤੇ ਬਿਆਨਾਂ ਦੀ ਸਖਤ ਵਿਰੋਧ ਕਰਦੇ ਹਾਂ। ਯੂਰਪੀਅਨ ਸਿੱਖ ਇਹ ਮਹਿਸੂਸ ਕਰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮੌਕੇ ਬਾਦਲਾਂ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਬਿਆਨ ਬਾਦਲ ਦਲ ਦਾ ਪੱਖ ਪੂਰਨ ਵਾਲਾ ਅਤੇ ਸਿੱਖ ਕੌਮ ਵਿੱਚ ਖਾਨਾ ਜੰਗੀ ਕਰਾਉਣ ਵਾਲਾ ਹੈ । ਇਹ ਬਿਆਨ ਪੰਥ ਦੀ ਚੜ੍ਹਦੀ ਕਲਾ ਨੂੰ ਮੁੱਖ ਨਾ ਰੱਖ ਕੇ ਬਾਦਲ ਦਲ ਨੂੰ ਸਤਾ ਵਿੱਚ ਵਾਪਸ ਲਿਆਉਣ ਲਈ ਕੀਤਾ ਉਪਰਾਲਾ ਹੈ, ਜਿਸ ਲਈ ਕਿ ਬਾਦਲ ਦਲ ਵੱਲੋਂ ਜਥੇਦਾਰੀ ‘ਗਿਆਨੀ’ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਸੀ ।    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਦੀ ਸ਼ਤਾਬਦੀ ਮਨਾਉਣ ਵੇਲੇ ਪਿਛਲੇ ਸਮੇਂ ਦਾ ਪੜਚੋਲ ਕਰਕੇ ਪੰਥ ਤੇ ਧਰਮ ਦੀ ਚੜ੍ਹਦੀ ਕਲਾ ਲਈ ਅੱਗੇ ਵਧਾਉਣ ਦਾ ਮੌਕਾ ਸੀ । ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਬਾਦਲਾਂ ਦੀ ਬੋਲੀ ਬੋਲ ਕੇ ਇਸ ਮੌਕੇ ਨੂੰ ਨਾ ਸਿਰਫ ਗਵਾਇਆ ਹੈ ਬਲਕਿ ਪੰਥ ਵਿੱਚ ਪੈ ਰਹੇ ਪਾੜਿਆਂ ਨੂੰ ਹੋਰ ਡੂੰਘਾ ਕੀਤਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਤੋਂ ਬਾਅਦ ਦਾ ਇਤਿਹਾਸ ਸ਼ਾਨਦਾਰ ਅਤੇ ਮਿਸਾਲੀ ਰਿਹਾ ਹੈ ਪਰ ਮੌਜੂਦਾ ਪ੍ਰਬੰਧ ਥੱਲੇ ਪਿਛਲੇ ਕੁਝ ਸਮਿਆਂ ਤੋਂ ਇਹ ਸੰਸਥਾ ਨਿਘਾਰ ਵੱਲ ਵਧੀ ਹੈ । ਇਸ ਦਾ ਮੁੱਖ ਦੋਸ਼ ਬਾਦਲ ਦਲ ਦਾ ਇਸ ਸੰਸਥਾ ਉੱਤੇ ਕਬਜ਼ਾ ਹੈ ਅਤੇ ਇਸ ਸੰਸਥਾ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤਣਾ ਹੈ । ‘ਗਿਆਨੀ’ ਹਰਪ੍ਰੀਤ ਸਿੰਘ ਦਾ ਸ਼ਤਾਬਦੀ ਮੌਕੇ ਦਿੱਤਾ ਬਿਆਨ ਇਹਨਾਂ ਸੌੜੇ ਹਿਤਾਂ ਨੂੰ ਹੀ ਅੱਗੇ ਵਧਾਉਣ ਦਾ ਯਤਨ ਹੈ ਜੋ ਕਿ ਇਸ ਮਹਾਨ ਸੰਸਥਾ ਨੂੰ ਨੁਕਸਾਨ ਪਹੁੰਚਾਏਗਾ ।    ਜਿਸ ਤਰ੍ਹਾਂ ਦਾ ਬਿਆਨ ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਉਸ ਨਾਲ ਜੋ ਪੰਥ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਮਹੰਤ ਨਰੈਣੂ ਦੇ ਕਬਜ਼ੇ ਦਾ ਬਿਰਤਾਂਤ ਭਾਰੂ ਹੈ ਉਸ ਨੂੰ ਹੋਰ ਬਲ ਮਿਲੇਗਾ ਅਤੇ ਇਹ ਪੰਥ ਵਿੱਚ ਪੈ ਰਹੇ ਪਾੜਿਆਂ ਨੂੰ ਹੋਰ ਵਧਾਏਗਾ । 

      ਉਹਨਾ ਕਿਹਾ ਕਿ ਇਹ ਗੱਲ ਜੱਗ ਜਾਹਰ ਹੈ ਕਿ ਮੌਜੂਦਾ ਸਮਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪੰਥਕ ਮੁੱਦਿਆਂ ਨੂੰ ਤਿਲਾਂਜਲੀ ਦੇ ਕੇ ਬਾਦਲ ਦਲ ਦੇ ਕਾਰਕੁੰਨ ਹੋਣ ਦਾ ਰੋਲ ਨਿਭਾ ਰਿਹਾ ਹੈ । ਇਹ ਰੋਲ ਨਿਭਾਉਂਦਿਆਂ ਹੀ ਇਹ ਸੰਸਥਾ ਗੁਰੂ ਗਰੰਥ ਸਾਹਿਬ ਜੀ ਦੀਆਂ ਹੁੰਦੀਆਂ ਬੇਅਦਬੀਆਂ ਵੇਲੇ ਬਾਦਲਾਂ ਦਾ ਰਾਜ ਹੁੰਦਿਆ ਚੁੱਪ ਰਹੀ । ਇਸ ਸੰਸਥਾ ਨੇ ਬੇਅਦਬੀ ਕਰਾਉਣ ਵਾਲੇ ਸੌਦਾ ਸਾਧ ਨੂੰ ਮਾਫ ਕਰਨ ਦੇ ਬਾਦਲ ਦਲ ਦੇ ਫੈਸਲੇ ਦਾ ਪੂਰਾ ਸਾਥ ਦੇ ਕੇ ਪੰਥ ਨੂੰ ਢਾਹ ਲਾਈ । ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੁਆਫੀ ਦੀ ਵਿਰੋਧਤਾ ਕਰਨ ਦੀ ਬਜਾਏ ਪੁਰਜ਼ੋਰ ਹਿਮਾਇਤ ਕੀਤੀ । ਬਾਦਲ ਦਲ ਦਾ ਹੱਥ ਠੋਕਾ ਬਣੀ ਇਸ ਸੰਸਥਾ ਲਈ ਇਹ ਸ਼ਤਾਬਦੀ ਮਨਾਉਂਦਿਆਂ ਇਹ ਮੌਕਾ ਆਪਣਾ ਆਪਾ ਪੜਚੋਲ ਕੇ ਪੰਥ ਹਿੱਤਾਂ ਦੀ ਰਾਖੀ ਕਰਨ ਦੇ ਆਪਣੇ ਮੂਲ ਨਿਸ਼ਾਨੇ ਵੱਲ ਮੁੜਨਾ ਸੀ ਪਰ ਇਸ ਦੇ ਉਲਟ ਜਾਕੇ ਸ਼ਤਾਬਦੀ ਮੌਕੇ ਪੰਥ ਵਿੱਚ ਹੋ ਰਹੇ ਆਪਣੇ ਵਿਰੋਧ ਖਿਲਾਫ ਡਾਂਗਾਂ ਚੁੱਕਣ ਦਾ ਸੰਦੇਸ਼ ਦੇ ਕੇ ਇਸ ਸੰਸਥਾ ਦੇ ਵੱਕਾਰ ਨੂੰ ਸੱਟ ਲਾਈ ਗਈ ਹੈ।

    ਉਹਨਾ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਬਾਦਲਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ‘ਗਿਆਨੀ’ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਕਿਹਾ ਤਾਂ ਉਹਨਾਂ ਮਾਂ ਹੋਣ ਦਾ ਫਰਜ਼ ਪਛਾਣਦਿਆਂ ਆਪਣੇ ਪੁੱਤ ਨੂੰ ਕੁਰਾਹੇ ਪੈਣ ਤੋਂ ਤਾਂ ਕੀ ਰੋਕਣਾ ਸੀ ਬਲਕਿ ਪੁੱਤ ਦੀ ਚੱਕ ਵਿੱਚ ਆ ਕੇ ਆਪਣੇ ਧਰਮ ਭਾਈਆਂ ਖਿਲਾਫ ਹੀ ਡਾਂਗਾ ਚੁੱਕ ਲੈਣ ਦਾ ਹੋਕਾ ਦੇ ਦਿੱਤਾ ਹੈ ।   

ਉਹਨਾ ਨੇ ਹੋਰ ਕਿਹਾ ਕਿ ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਆਪਣੇ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਦਾ ਵਿਰੋਧ ਕਰਨ ਵਾਲੀਆਂ ਸੰਗਤਾਂ ਨੂੰ ਪੰਥ ਦਾ ਵਿਰੋਧੀ ਕਹਿਣਾ ਬਹੁਤ ਹੀ ਗੁੰਮਰਾਹਕੁੰਨ ਅਤੇ ਖਤਰਨਾਕ ਬਿਆਨ ਹੈ । ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚਲਦਾ ਦੇਖਣਾ ਚਾਹੁੰਦੀਆਂ ਹਨ ਪਰ ਜਦੋਂ ਅਜਿਹਾ ਨਹੀਂ ਹੋ ਰਿਹਾ ਤਾਂ ਉਹ ਇਸ ਪ੍ਰਬੰਧ ਨੂੰ ਸੁਚੱਜਾ ਅਤੇ ਪਾਰਦਰਸ਼ੀ ਬਨਾਉਣ ਲਈ ਅਵਾਜ਼ ਉਠਾ ਰਹੀਆਂ ਹਨ । ਸੰਗਤਾਂ ਦੀ ਇਸ ਅਵਾਜ਼ ਨੂੰ ਪੰਥ ਵਿਰੋਧੀ ਕਹਿਣਾ ਸਿਆਸਤ ਤੋਂ ਪ੍ਰਰਿਤ ਅਤੇ ਸਿਰਫ ਇੱਕ ਪਰਿਵਾਰ ਦੀ ਪੁਸ਼ਤਪਨਾਹੀ ਕਰਨਾ ਹੈ, ਜੋ ਕਿ ਮੰਦਭਾਗਾ ਹੈ ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮੌਕੇ ਵਰਤੇ ਇਸ ਵਰਤਾਰੇ ਨੇ ਇਹ ਗੱਲ ਹੁਣ ਪੱਕੀ ਤਰ੍ਹਾਂ ਸਾਫ ਕਰ ਦਿੱਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਬੰਧ ਪੰਥ ਹਿੱਤਾਂ ਨੂੰ ਛੱਡ ਕੇ ਬਾਦਲ ਦਲ ਦੇ ਹਿਤਾਂ ਲਈ ਕੰਮ ਕਰੇਗਾ ਅਤੇ ਪੰਥ ਵਿੱਚ ਖਾਨਾਜੰਗੀ ਨੂੰ ਵਧਾ ਕੇ ਸਿਆਸੀ ਸੱਤਾ ਪ੍ਰਾਪਤ ਕਰਨ ਦਾ ਯਤਨ ਕਰੇਗਾ । ਇਸ ਵਰਤਾਰੇ ਨੂੰ ਦੇਖਦਿਆਂ ਪੰਥ ਦਰਦੀ ਸੰਗਤਾਂ ਨੂੰ ਅਪੀਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਨੂੰ ਬਦਲਣ ਲਈ ਆਪਣਾ ਬਣਦਾ ਯੋਗਦਾਨ ਪਾਉਣ ।  ਸਿੱਖ ਕੌਮ ਨੇ ਆਪਣੇ ਉੱਤੇ ਆਈ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਕਦੇ ਪੈਰ ਪਿਛਾਂਹ ਨਹੀਂ ਖਿੱਚਿਆ ਪਰ ਬਾਦਲਾਂ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਡਾਂਗਾਂ ਚੁੱਕਣ ਦੇ ਦਿੱਤੇ ਹੋਕੇ ਨੂੰ ਪੰਥ ਦੇ ਵਧੇਰੇ ਹਿਤਾਂ ਲਈ ਨਜ਼ਰਅੰਦਾਜ਼ ਕਰ ਦਿੱਤਾ ਜਾਣਾ ਚਾਹੀਦਾ ਹੈ । ਕਿਉਂਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਿਆਂ ਪੰਥ ਅੰਦਰ ਪਾੜਾ ਹੋਰ ਵਧੇਗਾ ਜਿਸ ਕਰਕੇ ਪੰਥ ਦੇ ਵਧੇਰੇ ਹਿੱਤਾਂ ਲਈ ਅਜਿਹੀ ਕਿਸੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।

    ਇਹਨਾ ਆਗੂਆਂ ਨੇ ਸਿੱਖ ਕੌਮ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਅਤੇ ਬਾਦਲਾਂ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ‘ਗਿਆਨੀ’ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਦੀ ਸਚਾਈ ਨੂੰ ਪਛਾਨਣ । ਪੰਥ ਵਿੱਚ ਪਾੜਾ ਪਾਉਣ ਅਤੇ ਇੱਕ ਪਰਿਵਾਰ ਦੇ ਹੱਥ ਸਤਾ ਦੇਣ ਦੇ ਇਹਨਾਂ ਯਤਨਾਂ ਨੂੰ ਨਕਾਰਨ ਅਤੇ ਇਹੋ ਜਿਹੇ ਸੁਚਾਰੂ ਅਤੇ ਗੁਰਮਤਿ ਦੀ ਭੈ ਭਾਵਨੀ ਵਿੱਚ ਰਹਿ ਕੇ ਚੱਲਣ ਵਾਲੇ ਪ੍ਰਬੰਧਕਾਂ ਨੂੰ ਅੱਗੇ ਲਿਆਉਣ ਜਿਨ੍ਹਾਂ ਦਾ ਮਕਸਦ ਸਿਰਫ ਪੰਥ ਦਾ ਬੋਲ ਬਾਲਾ ਕਰਨਾ ਹੀ ਹੋਵੇ ।

Post Author: admin

Leave a Reply

Your email address will not be published. Required fields are marked *