ਵਿਕਾਸ ਨੂੰ ਪ੍ਰਣਾਇਆ ਇਤਿਹਾਸਕ ਪਿੰਡ ਪਲਾਹੀ/ ਤਰਨਜੀਤ ਸਿੰਘ ਕਿੰਨੜਾ

ਫਗਵਾੜਾ – ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਦੇ ਇਤਿਹਾਸਕ ਪਿੰਡ ਦਾ ਨਾਂਅ ਇਸ ਇਲਾਕੇ ਵਿਚ ਉੱਗੇ ਹੋਏ ਦਰਖ਼ਤ, ਜੋ ‘ਫਲਾਹ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਤੋਂ ਪਲਾਹ ਅਤੇ ਫਿਰ ਪਲਾਹੀ ਪਿਆ ਦੱਸਿਆ ਜਾਂਦਾ ਹੈ | ਪਿੰਡ ਨੂੰ ਤਿੰਨ ਗੁਰੂ ਸਾਹਿਬਾਨ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਇ ਜੀ ਤੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਹੈ | ਪਿੰਡ ਦੀ ਸੱਲ, ਗਿੱਲ, ਪੱਤੀ ਤੋਂ ਇਲਾਵਾ ਬਸਰਾ ਪੱਤੀ ਅਤੇ ਹੋਰ ਵਰਗਾਂ ਨਾਲ ਸਬੰਧਿਤ ਪੱਤੀਆਂ ਹਨ ਅਤੇ ਪਿੰਡ ਦੇ 90 ਪ੍ਰਤੀਸ਼ਤ ਲੋਕ ਵਿਦੇਸ਼ ਵਿਚ ਰਹਿੰਦੇ ਹਨ ਜੋ ਪਰਿਵਾਰਕ ਮੈਂਬਰਾਂ ਦੀ ਆਰਥਿਕ ਸਹਾਇਤਾ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹਨ |

ਧਾਰਮਿਕ ਤੇ ਸਿੱਖਿਆ ਸਥਾਨ:-ਪਿੰਡ ਵਿਚ ਗੁਰਦੁਆਰਾ ਛੇਵੀਂ ਪਾਤਸ਼ਾਹੀ, ਗੁਰਦੁਆਰਾ ਬਾਬਾ ਟੇਕ ਸਿੰਘ ਜੀ, ਗੁਰਦੁਆਰਾ ਪੱਤੀ ਬਸਰਾ ਅਤੇ ਗੁਰਦੁਆਰਾ ਗੁਰੂ ਰਵਿਦਾਸ ਜੀ ਮੁੱਖ ਹਨ, ਦੋ ਮੰਦਰ ਤੇ ਇਕ ਮਸਜਿਦ ਵੀ ਹੈ | ਪਿੰਡ ਵਿਚ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਖ਼ਾਲਸਾ ਏ.ਵੀ. ਮਿਡਲ ਸਕੂਲ, ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ, ਗੁਰੂ ਹਰਿਗੋਬਿੰਦ ਪਬਲਿਕ ਸਕੂਲ, ਕੈਮਬਿ੍ਜ ਇੰਟਰਨੈਸ਼ਨਲ ਸਕੂਲ, ਆਂਗਣਵਾੜੀ ਸਕੂਲ, ਸਿਲਾਈ ਸੈਂਟਰ ਅਤੇ ਜਗਤ ਸਿੰਘ ਪਲਾਹੀ ਆਈ.ਟੀ.ਆਈ. ਹਨ |
ਸਿਹਤ ਸਹੂਲਤਾਂ ਅਤੇ ਖੇਡ ਸਥਾਨ-ਪਿੰਡ ਵਿਚ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ, ਸਰਕਾਰੀ ਆਯੁਰਵੈਦਿਕ ਹਸਪਤਾਲ, ਸਰਕਾਰੀ ਪਸ਼ੂ ਹਸਪਤਾਲ ਮੌਜੂਦ ਹਨ ਖੇਡਾਂ ਲਈ ਦੋ ਗਰਾਉਂਡਾਂ ਹਨ, ਲੜਕੀਆਂ ਦੀ ਜਿੰਮ ਵੀ ਹੈ | ਗੁਰੂ ਹਰਿਗੋਬਿੰਦ ਸਪੋਰਟਸ ਕਲੱਬ, ਜਗਤ ਸਿੰਘ ਪਲਾਹੀ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸ੍ਰੀ ਗੁਰੂ ਹਰਿਰਾਇ ਫੁੱਟਬਾਲ ਅਕੈਡਮੀ ਖੇਡ ਸਰਗਰਮੀਆਂ ਲਈ ਪ੍ਰਸਿੱਧ ਹਨ |

ਹੋਰ ਸਹੂਲਤਾਂ:-ਪਿੰਡ ਵਿਚ ਸੁਵਿਧਾ ਕੇਂਦਰ ਹੈ, ਸਰਕਾਰੀ ਟੈਂਕੀਆਂ ਅਤੇ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ ਹੈ | ਪਿੰਡ ਵਿਚ ਗੁਰੂ ਰਵਿਦਾਸ ਪਾਰਕ, ਗੁਰੂ ਹਰਿਰਾਇ ਜੀ ਪਾਰਕ, ਪੰਚਾਇਤ ਪਾਰਕ ਰਾਮਗੜ੍ਹ ਰੋਡ ਆਦਿ ਮੁੱਖ ਹਨ | ਦੋ ਸ਼ਮਸ਼ਾਨਘਾਟ ਅਤੇ ਦੋ ਪਾਣੀ ਦੀਆਂ ਟੈਂਕੀਆਂ ਤੋਂ ਇਲਾਵਾ ਪੀਣ ਲਈ ਫ਼ਿਲਟਰਡ ਪਾਣੀ ਦਾ ਵੀ ਪ੍ਰਬੰਧ ਹੈ | ਪਿੰਡ ਵਿਚ ਇਤਿਹਾਸਿਕ ਯਾਦਗਾਰ, ਇਤਿਹਾਸਕ ਸਰੋਵਰ, ਸੱਗੂ ਜੰਜ ਘਰ, ਬੀ.ਸੀ. ਧਰਮਸਾਲਾ, ਐਸ.ਸੀ. ਧਰਮਸ਼ਾਲਾ, ਕਮਿਊਨਿਟੀ ਕੈਰੀਅਰ ਸੈਂਟਰ, ਮੀਰੀ-ਪੀਰੀ ਹਾਲ ਅਤੇ ਘੰਟਾ-ਘਰ ਆਦਿ ਹਨ | ਪਿੰਡ ‘ਚ ਨੈਸ਼ਨਲ ਰੂਰਲ ਡਿਵੈਲਪਮੈਂਟ ਸੁਸਾਇਟੀ, ਮਾਈ ਭਾਗੋ ਸੇਵਾ ਸੁਸਾਇਟੀ, ਗੁਰੂ ਹਰਿਗੋਬਿੰਦ ਵੈੱਲਫੇਅਰ ਸੁਸਾਇਟੀ, ਕਾਰ ਸੇਵਾ ਸੁਸਾਇਟੀ ਵੀ ਕੰਮ ਕਰ ਰਹੀਆਂ ਹਨ | ਪਿੰਡ ਵਿਚ ਤਿੰਨ ਬੈਂਕ, ਦੋ ਏ.ਟੀ.ਐਮ, ਇਕ ਕੋਆਪ੍ਰੇਟਿਵ ਸੁਸਾਇਟੀ, ਮਿਲਕ ਸੁਸਾਇਟੀ ਵੀ ਹੈ | ਪਿੰਡ ਵਿਚ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਲਈ ਅੰਡਰਗਰਾਉਂਡ ਪਾਈਪ ਹਨ, ਅਤੇ ਪਿੰਡ ਦੇ ਆਲੇ-ਦੁਆਲੇ ਸੜਕਾਂ ਉੱਤੇ ਅਤੇ ਪਿੰਡ ‘ਚ ਐਲ.ਈ.ਡੀ. ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ | ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਅਤੇ ਪਿੰਡ ਦੀ ਫਿਰਨੀ ਉੱਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਨਾਲ-ਨਾਲ ਪਿੰਡ ਦੇ ਆਲੇ-ਦੁਆਲੇ ਅਤੇ ਸੜਕ ਦੇ ਕੰਢਿਆਂ ਉੱਤੇ ਸੁੰਦਰ ਪੌਦੇ ਲਗਾਏ ਗਏ ਹਨ |

ਪਿੰਡ ਦੀ ਪੰਚਾਇਤ:-ਪੰਚਾਇਤ ਵਿਚ ਸਰਪੰਚ ਰਣਜੀਤ ਕੌਰ, ਪੰਚ ਮਨੋਹਰ ਸਿੰਘ ਸੱਗੂ, ਮਦਨ ਲਾਲ, ਰਵੀ ਪਾਲ, ਰਾਮ ਪਾਲ, ਸਤਵਿੰਦਰ ਕੌਰ, ਬਲਵਿੰਦਰ ਕੌਰ, ਰੀਮਾ, ਸੁਰਿੰਦਰ ਕੌਰ, ਧਰਮਿੰਦਰ ਸਿੰਘ ਹਨ ਜਦਕਿ ਪਹਿਲਾਂ ਰਹੇ ਸਰਪੰਚਾਂ ਵਿਚ ਹਰੀ ਸਿੰਘ ਬਸਰਾ, ਜਗਤ ਸਿੰਘ ਪਲਾਹੀ, ਜਗਤ ਸਿੰਘ ਸੱਲ, ਜੋਗਿੰਦਰ ਸਿੰਘ ਸੱਲ, ਸੁਰਜੀਤ ਲਾਲ ਸੋਨੀ (ਸਾਰੇ ਸਵਰਗਵਾਸੀ) ਦਰਬਾਰਾ ਸਿੰਘ, ਗੁਰਪਾਲ ਸਿੰਘ ਸੱਗੂ, ਚਰਨਜੀਤ ਕੌਰ ਬਸਰਾ ਹਨ |
ਮੁੱਖ ਮੰਗ:-ਪਿੰਡ ਵਾਸੀਆਂ ਦੀ ਮੁੱਖ ਮੰਗ ਹੈ ਕਿ ਪੰਚਾਇਤ ਘਰ ਅਤੇ ਸਪੋਰਟਸ ਸੈਂਟਰ ਦੀ ਉਸਾਰੀ ਕਰਵਾਈ ਜਾਵੇ|

Post Author: admin

Leave a Reply

Your email address will not be published. Required fields are marked *