ਛੇ ਨਾਮੀ ਪਰਵਾਸੀ ਪੰਜਾਬੀ ਸਿਆਸਤਦਾਨ / ਗੁਰਮੀਤ ਸਿੰਘ ਪਲਾਹੀ

ਉੱਜਲ ਦੋਸਾਂਝ ਕੈਨੇਡਾ:
ਇੱਕ ਸਦੀ ਤੋਂ ਵੀ ਪਹਿਲਾਂ ਪਰਵਾਸੀ ਪੰਜਾਬੀਆਂ ਨੇ ਅਮਰੀਕਾ, ਕੈਨੇਡਾ ਦੀ ਧਰਤੀ ‘ਤੇ ਆਪਣੇ ਪੈਰ ਰੱਖੇ। ਸਖ਼ਤ ਘਾਲਣਾ ਕੀਤੀ। ਹੱਥੀਂ ਕਿਰਤ ਕੀਤੀ। ਨਾਮ ਕਮਾਇਆ। ਕਈਆਂ ਜ਼ਮੀਨਾਂ ਮੁੱਲ ਲਈਆਂ। ਆਪਣੇ ਕਾਰੋਬਾਰ ਚਲਾਏ। ਫਿਰ ਉਥੋਂ ਦੀ ਸਿਆਸਤ ਵਿੱਚ ਕੁੱਦੇ ਅਤੇ ਉੱਚ ਪਦਵੀਆਂ ਵੀ ਪ੍ਰਾਪਤ ਕੀਤੀਆਂ। ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਦਾ 9 ਸਤੰਬਰ 1947 ਨੂੰ ਜਨਮਿਆ ਉੱਜਲ ਦੋਸਾਂਝ ਉਰਫ ਉਜਲਦੇਵ ਸਿੰਘ ਦੋਸਾਂਝ 17 ਵਰਿਆ ਦੀ ਉਮਰੇ ਇੰਗਲੈਂਡ ਪੁੱਜਾ। ਉਥੇ ਹੀ ਯੂਨੀਵਰਸਿਟੀ ‘ਚ ਪੜਾਈ ਕੀਤੀ ਤੇ ਮਜ਼ਦੂਰੀ ਵੀ। ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ‘ਚ ਕੈਨੇਡਾ ‘ਚੋਂ ਕਾਨੂੰਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੀ ‘ਲਾਅ ਫਰਮ‘ ਖੋਲੀ। ਸਾਲ 1991 ਵਿੱਚ ਸਿਆਸਤ ਵਿੱਚ ਕੁੱਦਿਆ ਅਤੇ ਬੀਸੀ ਦੀ ਅਸੈਂਬਲੀ ਦਾ 2000 ‘ਚ ਮੈਂਬਰ ਬਣਿਆ ਅਤੇ 10 ਸਾਲ ਬੀਸੀ ਅਸੰਬਲੀ ਦਾ ਮੈਂਬਰ ਰਿਹਾ। 2000 ਤੋਂ 2001 ਤੱਕ ਸੂਬੇ ਬੀਸੀ ਦਾ ਪ੍ਰੀਮੀਅਮ (ਮੁੱਖ ਮੰਤਰੀ) ਬਣਿਆ। 2004 ਤੋਂ 2011 ਤੱਕ ਕੈਨੇਡਾ ਦਾ ਮੈਂਬਰ ਪਾਰਲੀਮੈਂਟ ਤੇ ਇਸੇ ਦੌਰਾਨ 2004 ਤੋਂ 2006 ਤੱਕ ਉਹ ਕੇਂਦਰੀ ਸਿਹਤ ਮੰਤਰੀ ਰਿਹਾ। ਅਗਸਤ 1995 ਤੋਂ ਫਰਵਰੀ 2000 ਤੱਕ ਬਿ੍ਰਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਵਜੋਂ ਵੀ ਉਹ ਸੇਵਾ ਨਿਭਾਉਂਦਾ ਰਿਹਾ। ਉੱਜਲ ਦੋਸਾਂਝ ਹਿੰਸਾ ਤੇ ਵੱਖਵਾਦ ਦਾ ਕੱਟੜ ਵਿਰੋਧੀ ਹੈ। ਪੰਜਾਬੀ ਭਾਈਚਾਰੇ ਨਾਲ ਕੈਨੇਡਾ ‘ਚ ਪੀਡੀ ਸਾਂਝ ਪਾ ਕੇ ਬੈਠਾ ਦੋਸਾਂਝ ਲਿਬਰਲ ਪਾਰਟੀ ਆਫ਼ ਕੈਨੇਡਾ ਦਾ ਮੈਂਬਰ ਹੈ ਅਤੇ ਅੱਕ-ਕੱਲ ਵੈਨਕੂਵਰ ਰਹਿੰਦਾ ਆਪਣੀ ਲਾਅ ਫਰਮ ਉੱਜਲ ਦੋਸਾਂਝ ਐਂਡ ਕੰਪਨੀ ‘ਚ ਵਕਾਲਤ ਕਰ ਰਿਹਾ ਹੈ।

ਵਰਿੰਦਰ ਸ਼ਰਮਾ ਬਰਤਾਨੀਆ:
ਇੰਗਲੈਂਡ ਰਹਿੰਦਾ ਪਰਵਾਸੀ ਪੰਜਾਬੀ ਵਰਿੰਦਰ ਸ਼ਰਮਾ 19 ਕੁਲਾਈ 2007 ਨੂੰ ਬਰਤਾਨੀਆ ਦੀ ਪਾਰਲੀਮੈਂਟ ਦਾ ਮੈਂਬਰ ਬਣਿਆ। ਉਹ ਪੰਜ ਵੇਰ ਬਰਤਾਨੀਆ ਦੀ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਹੈ। ਜਲੰਧਰ ਜ਼ਿਲੇ ਦੇ ਮੰਢਾਲੀ ਪਿੰਡ ਦਾ ਵਾਸੀ ਵਰਿੰਦਰ ਸ਼ਰਮਾ 25 ਵਰੇ ਇੰਗਲੈਂਡ ਦੀ ਈਲਿੰਗ ਕੌਂਸਲ ਦਾ ਮੈਂਬਰ ਰਿਹਾ ਅਤੇ ਇੱਕ ਵਾਰ ਮੇਅਰ ਵੀ। ਸਮਾਜ ਸੇਵਕ ਵਜੋਂ ਪੰਜਾਬੀ ਭਾਈਚਾਰੇ ‘ਚ ਵਿਸ਼ੇਸ਼ ਥਾਂ ਰੱਖਣ ਵਾਲਾ, ਪੰਜਾਬੀ, ਹਿੰਦੀ, ਉਰਦੂ ਦਾ ਵਕਤਾ 73 ਵਰਿਆਂ ਦਾ ਵਰਿੰਦਰ ਸ਼ਰਮਾ ਇੰਗਲੈਂਡ ਦੀ ਲੇਬਰ ਪਾਰਟੀ ਦਾ ਮੈਂਬਰ ਹੈ। ਉਹ 1968 ‘ਚ ਭਾਰਤ ‘ਚੋਂ ਇੰਗਲੈਂਡ ਪੁੱਜਾ, ਬੱਸ ਕੰਡਕਟਰ ਵਜੋਂ ਨੌਕਰੀ ਕੀਤੀ। ਲੰਡਨ ਸਕੂਲ ਆਫ ਇਕਾਨਮਿਕਸ ‘ਚੋਂ ਟਰੇਡ ਯੂਨੀਅਨ ਸਕਾਲਰਸ਼ੀਪ ਅਧੀਨ ਪੜਾਈ ਕੀਤੀ। ਫਿਰ ਹਲਿੰਗਟਿਨ ਵਿਖੇ ਅੰਗਹੀਣ ਲੋਕਾਂ ਲਈ ਡੇ ਸਰਵਿਸ ਮੈਨੇਜਰ ਵਜੋਂ ਕੰਮ ਕੀਤਾ। ਲਿਬਰਲ ਪਾਰਟੀ ਦਾ ਮੈਂਬਰ ਬਣਿਆ ਤੇ ਫਿਰ ਲੇਬਰ ਪਾਰਟੀ ਆਫ ਇੰਗਲੈਂਡ ਦਾ ਮੈਂਬਰ। ਇਸ ਵੇਲੇ ਉਹ ਥ੍ਰੀ ਬਰਿੱਜ ਅਤੇ ਵੌਲਫ ਫੀਲਡਜ਼ ਸਕੂਲਾਂ ਦੇ ਗਵਰਨਰ ਵਜੋਂ ਵੀ ਕੰਮ ਕਰਦਾ ਹੈ। ਇੰਗਲੈਂਡ ਰਹਿੰਦੇ ਭਾਰਤੀ ਲੋਕਾਂ ਨਾਲ ਪੀਡੀ ਸਾਂਝ ਕਾਰਨ ਉਹ ਮੁੜ ਈਲਿੰਗ ਸਾਊਥਹਾਲ ਤੋਂ 2015 ਦੀਆਂ ਚੋਣਾਂ ਦੌਰਾਨ ਲੇਬਰ ਪਾਰਟੀ ਵਲੋਂ ਮੈਂਬਰ ਚੁਣੇ ਜਾਣ ਵਾਲਾ ਇੰਡੋ-ਇੰਗਲੈਂਡੀਅਨ ਹੈ।


ਬੌਬੀ ਜਿੰਦਲ ਅਮਰੀਕਾ:
ਅਮਰੀਕਾ ‘ਚ ਜਨਮਿਆ, ਪੜਿਆ ਤੇ ਸਿਆਸਤ ਦੇ ਉੱਚੇ ਡੰਡੇ ਚੜਿਆ ਬੌਬੀ ਜਿੰਦਲ ਪੰਜਾਬੀ ਮਾਂ-ਪਿਉ ਦਾ ਸੂਝਵਾਨ ਪੁੱਤਰ ਹੈ ਜਿਹੜਾ ਕਿ ਅਮਰੀਕਾ ਦੇ ਸੂਬੇ ਲੁਸੀਆਨਾ ਦਾ 55ਵਾਂ ਗਵਰਨਰ ਹੈ। ਉਹਨੇ 36 ਵਰਿਆਂ ਦੀ ਉਮਰੇ 2008 ਵਿੱਚ ਇਹ ਅਹੁਦਾ ਸੰਭਾਲਿਆ । ਬੌਬੀ ਜਿੰਦਲ ਦੇ ਇੰਡੋ ਅਮਰੀਕਨ ਪੰਜਾਬੀ ਪਿਤਾ ਅਮਰ ਜਿੰਦਲ ਅਤੇ ਮਾਤਾ ਰਾਜ ਜਿੰਦਲ ਪੰਜਾਬੋਂ ਪੜ ਕੇ ਅਮਰੀਕਾ ਆ ਵਸੇ ਅਤੇ ਇਥੇ ਹੀ ਬੌਬੀ ਜਿੰਦਲ ਦਾ 10 ਜੂਨ, 1971 ਨੂੰ ਜਨਮ ਹੋਇਆ। ਗਰੈਜੁਏਸ਼ਨ ਦੀ ਪੜਾਈ ਸਾਲ 2005 ਤੋਂ 2008 ਤੱਕ ਉਹ ਯੂਨਾਈਟਿਡ ਸਟੇਟਸ ਹਾਊਸ ਆਫ ਰੀਪਰੇਜੈਨਟੇਟਿਵ ਲੁਸਿਆਣਾ ਜ਼ਿਲੇ ਦਾ ਮੈਂਬਰ ਚੁਣਿਆ ਗਿਆ। ਆਪਣੇ ਦਿ੍ਰੜ ਵਿਚਾਰਾਂ, ਇਮਾਨਦਾਰੀ ਨਾਲ ਕੰਮ ਕਰਨ ਸਦਕਾ ਉਹ 2001 ਵਿੱਚ ਬੁਸ਼ ਪ੍ਰਸ਼ਾਸਨ ਮੌਕੇ ਸਿਹਤ ਤੇ ਮਨੁੱਖੀ ਸੇਵਾਵਾਂ ਦਾ ਅਸੀਸਟੈਂਟ ਸਕੱਤਰ ਬਣਿਆ। ਯੂਨਾਈਟਿਡ ਸਟੇਟਸ ਸੈਨੇਟ ਦਾ ਸਰਬਸੰਮਤੀ ਨਾਲ 2001 ਵਿੱਚ ਮੈਂਬਰ ਚੁਣਿਆ ਗਿਆ। ਇਸੇ ਦੌਰਾਨ ਉਹ ਸਿਹਤ ਤੇ ਮਨੁੱਖੀ ਸੇਵਾਵਾਂ ਦੇ ਲੁਸੀਆਨਾ ਦਾ ਸਕੱਤਰ ਵੀ ਨਿਯੁਕਤ ਕੀਤਾ ਗਿਆ।
ਬੌਬੀ ਜਿੰਦਲ ਗਰਭਪਾਤ ਦੇ ਖਿਲਾਫ਼ ਹੈ। ਉਸ ਨੇ ਲੁਸੀਆਨਾ ਸੂਬੇ ‘ਚ ਸਿੱਖਿਆ, ਟੈਕਸ ਪਾਲਿਸੀ, ਸਿਵਲ ਅਧਿਕਾਰਾਂ, ਇਮੀਗਰੇਸ਼ਨ, ਸਿਹਤ ਸਬੰਧੀ ਸੁਧਾਰ ਲਿਆ ਕੇ ਅਮਰੀਕਨ ਲੋਕਾਂ ਦੇ ਜੀਵਨ ਸੁਧਾਰ ‘ਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਹ ਆਪਣੀ ਪਤਨੀ ਸੁਪਰਿਆ ਜੌਲੀ ਤੇ ਤਿੰਨ ਬੱਚਿਆਂ ਨਾਲ ਲੁਸੀਆਨਾ ਵਿਖੇ ਰਹਿੰਦਾ ਹੈ। ਪਿਛਲੀ ਰਾਸ਼ਟਰਪਤੀ ਚੋਣ ਵੇਲੇ ਉਸ ਨੇ ਆਪਣੇ ਆਪ ਨੂੰ ਰਿਪਬਲਿਕ ਪਾਰਟੀ ਦੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਵਜੋਂ ਐਲਾਨਿਆਂ ਅਤੇ ਇਸ ਦੌੜ ਵਿੱਚ ਸ਼ਾਮਲ ਹੋਣ ਵਾਲਾ ਉਹ ਪਹਿਲਾ ਇੰਡੋ ਅਮਰੀਕਨ ਹੈ।

ਹਰਬ ਧਾਲੀਵਾਲ ਕੈਨੇਡਾ :
12 ਦਸੰਬਰ 1952 ਨੂੰ ਜਨਮਿਆ ਹਰਬੰਸ ਧਾਲੀਵਾਲ ਉਰਫ ਹਰਬ ਧਾਲੀਵਾਲ ਇੱਕੋ ਵੇਲੇ ਕੈਨੇਡੀਅਨ ਕਾਰੋਬਾਰੀ ਵੀ ਹੈ ਤੇ ਸਿਆਸਤਦਾਨ ਵੀ। ਛੇ ਸਾਲਾਂ ਦੀ ਉਮਰੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਸਿਆ ਧਾਲੀਵਾਲ ਯੂਨੀਵਰਸਿਟੀ ਆਫ ਕੋਲੰਬੀਆ ਦਾ ਕਾਮਰਸ ਗਰੈਜੂਏਟ ਹੈ ਜਿਹੜਾ ਟਰਾਂਸਪੋਰਟੇਸ਼ਨ, ਮੇਨਟੀਨੈਂਸ, ਰੀਅਲ ਅਸਟੇਟ ਦੇ ਕਿੱਤੇ ਨਾਲ ਜੁੜਿਆ ਤੇ ਇਸ ਕਾਰੋਬਾਰ ਦੀਆਂ ਬੁਲੰਦੀਆਂ ‘ਤੇ ਪੁੱਜਾ। ਸਾਲ 1993 ਵਿੱਚ ਕੈਨੇਡੀਅਨ ਹਾਊਸ ਆਫ ਕਾਮਨ ਲਈ ਲਿਬਰਲ ਪਾਰਟੀ ਦੀ ਟਿਕਟ ‘ਤੇ ਵੈਨਕੁਵਰ ਸਾਊਥ ਤੋਂ ਮੈਨਬਰ ਪਾਰਲੀਮੈਂਟ ਬਣਿਆ ਅਤੇ 2004 ਤੱਕ ਲਗਾਤਾਰ ਚੁਣਿਆ ਜਾਂਦਾ ਰਿਹਾ। ਸਾਲ 1997 ਵਿੱਚ ਉਹ ਕੈਨੇਡਾ ਫੈਡਰਲ ਸਰਕਾਰ ਵਿੱਚ ਰੈਵੀਨੀਊ ਮਹਿਕਮੇ ਦਾ ਪਹਿਲਾ ਇੰਡੋ ਕੈਨੇਡੀਅਨ ਕੈਬਨਿਟ ਮੰਤਰੀ ਬਣਿਆ ਤੇ ਫਿਰ 1999 ਅਤੇ 2002 ਵਿੱਚ ਕੈਬਨਿਟ ਮੰਤਰੀ ਵਜੋਂ ਉਸ ਨੇ ਫਿਸ਼ਰੀਜ਼ ਤੇ ਕੁਦਰਤੀ ਸੋਮਿਆਂ ਦੇ ਮਹਿਕਮਿਆਂ ਦਾ ਚਾਰਜ ਸੰਭਾਲਿਆ। 2000 ਵਿੱਚ ਵੈਨਕੂਵਰ ਸਨ ਅਖ਼ਬਾਰ ਨੇ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਪਿਛਲੇ 100 ਸਾਲਾਂ ਦੀਆਂ 100 ਮਹੱਤਵਪੂਰਨ ਸ਼ਖਸੀਅਤਾਂ ਵਿੱਚ ਹਰਬ ਧਾਲੀਵਾਲ ਦਾ ਨਾਂ ਸ਼ੁਮਾਰ ਕੀਤਾ। ਹਰਬ ਧਾਲੀਵਾਲ ਨੇ ਪੰਜਾਬੀ ਭਾਈਚਾਰੇ ਦੀ ਕੈਨੇਡਾ ‘ਚ ਸਥਾਪਤੀ ‘ਚ ਵਰਨਣਯੋਗ ਭੂਮਿਕਾ ਨਿਭਾਈ। ਕੈਨੇਡਾ ‘ਚ ਸਿੱਖਾਂ ਦੇ ਨਿਵਾਸ ਦੇ 100 ਸਾਲ ਪੂਰੇ ਤੇ ਖਾਲਸੇ ਦੀ 300 ਸਾਲਾ ਸ਼ਤਾਬਦੀ ਮੌਕੇ ਸਾਲ 1999 ‘ਚ ਕੈਨੇਡਾ ਸਰਕਾਰ ਵਲੋਂ ਡਾਕ ਟਿਕਟ ਜਾਰੀ ਕਰਵਾਉਣਾ ਉਸ ਦੀ ਵੱਡੀ ਪ੍ਰਾਪਤੀ ਹੈ।

ਪਰਮਿੰਦਰ ਸਿੰਘ ਮਰਵਾਹਾ ਯੂਗਾਂਡਾ:
ਯੂਗਾਂਡਾ ‘ਚ ਰਹਿਣ ਵਾਲਾ ਆਪਣੇ ਪਰਿਵਾਰ ਦੀ ਤੀਜੀ ਪੀੜੀ ਦਾ ਪਰਮਿੰਦਰ ਸਿੰਘ ਮਰਵਾਹਾ ਯੂਗਾਂਡਾ ਦਾ ਪਹਿਲਾ ਸਿੱਖ ਮੈਂਬਰ ਪਾਰਲੀਮੈਂਟ ਹੈ। ਉਸ ਦਾ ਪਰਿਵਾਰ ਯੂਗਾਂਡਾ ਦੇ ਉਨਾਂ 15 ਪਰਿਵਾਰਾਂ ਵਿੱਚ ਸ਼ਾਮਲ ਸੀ ਜਿਨਾਂ ਨੂੰ ਈਦੀ ਅਮੀਨ ਦੇ ਰਾਜ ਸਮੇਂ 1970 ਵਿੱਚ ਯੂਗਾਂਡਾ ਵਿਚੋਂ ਨਹੀਂ ਸੀ ਕੱਢਿਆ ਗਿਆ। ਈਦੀ ਅਮੀਨ ਨੇ ਸਮੁੱਚੇ ਭਾਰਤੀਆਂ ਨੂੰ ਯੂਗਾਂਡਾ ਛੱਡ ਦੇਣ ਲਈ ਹੁਕਮ ਜਾਰੀ ਕੀਤੇ ਸਨ।
ਉਸ ਦਾ ਦਾਦਾ 1934 ਵਿੱਚ ਕੰਪਾਨਾ ਰੇਲਵੇ ਸਟੇਸ਼ਨ ਬਣਾਉਣ ਸਮੇਂ ਇੱਕ ਸਧਾਰਨ ਵਰਕਰ ਸੀ ਪਰ ਪਰਮਿੰਦਰ ਸਿੰਘ ਮਰਵਾਹਾ ਯੂਗਾਂਡਾ ਦਾ ਟਰਾਂਸਪੋਰਟਰ ਹੈ ਤੇ ਉਸ ਕੋਲ 20 ਟੈਂਕਰ ਹਨ। ਉਹ ਦੁੱਧ ਡੇਅਰੀ ਦਾ ਕਾਰੋਬਾਰ ਕਰਦਾ ਹੈ। ਉਹ ਦੋ ਵਾਰ ਯੂਗਾਂਡਾ ਦੀ ਪਾਰਲੀਮੈਂਟ ਵਿੱਚ ਮੈਂਬਰ ਪਾਰਲੀਮੈਂਟ ਚੁਣਿਆ ਜਾ ਚੁੱਕਾ ਹੈ। ਮਰਵਾਹਾ ਦਾ ਪਿਛੋਕੜ ਜਲੰਧਰ ਦੇ ਰਾਮਗੜੀਆ ਕਮਿਊਨਿਟੀ ਦਾ ਪ੍ਰਦਾਨ ਹੈ , ਜਿਥੇ ਲਗਭਗ 1000 ਪੰਜਾਬੀ ਪਰਿਵਾਰ ਵਸਦੇ ਹਨ ਅਤੇ 12 ਗੁਰਦੁਆਰਾ ਸਾਹਿਬਾਨ ਸਥਾਪਤ ਹਨ। ਉਹ ਸਾਲ 2014 ਵਿੱਚ ਪੰਜਾਬ ਸਰਕਾਰ ਵਲੋਂ ਜਲੰਧਰ ਵਿਖੇ ਕਰਵਾਈ ਪਰਵਾਸੀ ਪੰਜਾਬੀ ਕਾਨਫਰੰਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਇਆ ਸੀ।

ਹਰਜੀਤ ਸਿੰਘ ਸਾਜਨ ਕੈਨੇਡਾ:
ਹਰਜੀਤ ਸਿੰਘ ਸਾਜਨ ਇਕ ਇਹੋ ਜਿਹਾ ਪੰਜਾਬੀ-ਕੈਨੇਡੀਅਨ ਹੈ ਜੋ ਕੈਨੇਡੀਅਨ ਆਰਮੀ ਅਫ਼ਸਰ ਤੋਂ ਕੈਨੇਡਾ ਦਾ ਰੱਖਿਆ ਮੰਤਰੀ ਦੇ ਅਹੁਦੇ ਤੱਕ ਪਹੁੰਚਿਆ। ਉਹ ਵੈਨਕੂਵਰ ਸਾਊਥ ਤੋਂ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਸੀ। ਉਸਦਾ ਜਨਮ 6 ਸਤੰਬਰ 1970 ਨੂੰ ਬੰਵੇਲੀ (ਹੁਸ਼ਿਆਰਪੁਰ) ਵਿਖੇ ਹੋਇਆ ਅਤੇ ਉਹ ਪਹਿਲੀ ਵੇਰ 2015 ਵਿੱਚ ਪਾਰਲੀਮੈਂਟ ਵਿੱਚ ਪਹੁੰਚਾ। ਉਸਦਾ ਵਿਆਹ 1996 ਵਿੱਚ ਕੁਲਜੀਤ ਕੌਰ ਸਾਜਨ ਨਾਲ ਹੋਇਆ ਅਤੇ ਉਹਨਾ ਦੇ ਦੋ ਬੱਚੇ ਜੇਬੂਤ ਸਾਜਨ ਅਤੇ ਅਰਜਨ ਸਾਜਨ ਹਨ। ਕੈਨੇਡਾ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਦੇ ਮੰਤਰੀ ਮੰਡਲ ਵਿੱਚ ਰੱਖਿਆ ਮੰਤਰੀ ਬਣਨ ਵਾਲਾ ਉਹ ਪਹਿਲਾ ਸਿੱਖ ਹੈ। ਉਹ ਲਿਬਰਲ ਪਾਰਟੀ ਨਾਲ ਸਬੰਧ ਰੱਖਦਾ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾ ਉਸਨੇ 1999 ਤੋਂ 2015 ਤੱਕ ਫੌਜ ਵਿੱਚ ਨੌਕਰੀ ਕੀਤੀ ਅਤੇ ਉਹ ਵੈਨਕੂਵਰ ਪੁਲਿਸ ਵਿਭਾਗ ਵਿੱਚ ਵੀ ਕੰਮ ਕਰਦੇ ਰਹੇ। ਇਸ ਦੌਰਾਨ ਉਹਨਾ ਨੂੰ ਬਹੁਤ ਸਾਰੇ ਫੌਜੀ ਮੈਡਲ ਮਿਲੇ। ਉਹ 1976 ਵਿੱਚ ਆਪਣੀ ਮਾਤਾ ਅਤੇ ਵੱਡੀ ਭੈਣ ਨਾਲ ਕੈਨੇਡਾ ਪਹੁੰਚੇ ਜਦੋਂ ਕਿ ਉਹਨਾ ਦੀ ਉਮਰ 5 ਵਰਿਆਂ ਦੀ ਸੀ। ਕੈਨੇਡਾ ਵਿੱਚ ਹੀ ਉਸਨੇ ਮੁੱਢਲੀ ਪੜਾਈ ਕੀਤੀ। ਫੌਜ ਵਿੱਚ ਨੌਕਰੀ ਕੀਤੀ ਅਤੇ ਸਿਆਸਤ ਵਿੱਚ ਆ ਕੇ 2015 ਅਤੇ 2019 ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਪਾਰਲੀਮੈਂਟ ਮੈਂਬਰ ਵਜੋਂ ਜਿੱਤ ਪ੍ਰਾਪਤ ਕੀਤੀ। ਹਰਜੀਤ ਸਾਜਨ ਪੰਜਾਬੀਆਂ ਵਿੱਚ ਹਰਮਨ ਪਿਆਰਾ ਹੈ ਅਤੇ ਕੈਨੇਡਾ ਦਾ 42ਵਾਂ ਰੱਖਿਆ ਮੰਤਰੀ ਹੈ।

ਗੁਰਮੀਤ ਸਿੰਘ ਪਲਾਹੀ
-9815802070


Post Author: admin

Leave a Reply

Your email address will not be published. Required fields are marked *