ਪੈਟਰੋਲ,ਡੀਜ਼ਲ ’ਤੇ ਆਬਕਾਰੀ ਡਿਊਟੀ ਵਿੱਚ ਰਿਕਾਰਡ ਵਾਧਾ

ਨਵੀਂ ਦਿੱਲੀ, 6 ਮਈ
ਕੇਂਦਰ ਸਰਕਾਰ ਨੇ ਮੰਗਲਵਾਰ ਦੇਰ ਸ਼ਾਮ ਪੈਟਰੋਲ ’ਤੇ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ’ਤੇ 13 ਰੁਪਏ ਪ੍ਰਤੀ ਲਿਟਰ ਆਬਕਾਰੀ ਡਿਊਟੀ ਵਧਾ ਦਿੱਤੀ। ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਵਿੱਚ ਕੀਤੇ ਇਸ ਰਿਕਾਰਡ ਵਾਧੇ ਨਾਲ ਕੇਂਦਰ ਸਰਕਾਰ ਨੂੰ ਇਸ ਵਿੱਤੀ ਵਰ੍ਹੇ ਦੌਰਾਨ 1.6 ਲੱਖ ਕਰੋੜ ਰੁਪਏ ਵੱਧ ਮਾਲੀਆ ਇਕੱਠਾ ਹੋਵੇਗਾ। ਇਸ ਨਾਲ ਵਾਹਨਾਂ ਦੇ ਤੇਲ ’ਤੇ ਟੈਕਸ ਹੁਣ ਕੀਮਤ ਦਾ 70 ਫ਼ੀਸਦ ਹੋ ਗਿਆ ਹੈ।
ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਡਿਊਟੀ ’ਚ ਵਾਧੇ ਨਾਲ ਸਰਕਾਰ ਕੌਮਾਂਤਰੀ ਤੇਲ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ ਕਾਰਨ ਮੁਨਾਫ਼ਾ ਕਮਾਏਗੀ। ਇਸ ਵਾਧੇ ਨਾਲ ਤੇਲ ਦੀਆਂ ਰਿਟੇਲ ਕੀਮਤਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਪੈਟਰੋਲ ਕੀਮਤਾਂ 71.26 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਕੀਮਤਾਂ 69.39 ਰੁਪਏ ਪ੍ਰਤੀ ਲਿਟਰ ਹੀ ਰਹਿਣਗੀਆਂ ਕਿਉਂਕਿ ਸਰਕਾਰੀ ਤੇਲ ਕੰਪਨੀਆਂ ਵਲੋਂ ਐਕਸਾਈਜ਼ ਡਿਊਟੀ ਵਿਚਲੇ ਵਾਧੇ ਨੂੰ ਕੌਮਾਂਤਰੀ ਤੇਲ ਕੀਮਤਾਂ ਵਿੱਚ ਗਿਰਾਵਟ ਕਾਰਨ ਮਿਲੇ ਮੁਨਾਫ਼ੇ ਵਿਰੁਧ ਅਡਜਸਟ ਕੀਤਾ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਸਰਕਾਰ ਵਲੋਂ ਦੂਜੀ ਵਾਰ ਆਬਕਾਰੀ ਡਿਊਟੀ ’ਚ ਵਾਧਾ ਕੀਤਾ ਗਿਆ ਹੈ ਅਤੇ ਇਸ ਨਾਲ ਸਰਕਾਰ ਨੂੰ 2019-20 ਦੀ ਤੇਲ ਖ਼ਪਤ ਅਨੁਸਾਰ 1.7 ਲੱਖ ਕਰੋੜ ਵੱਧ ਮਾਲੀਆ ਇਕੱਠਾ ਹੋਣ ਵਿੱਚ ਮਦਦ ਮਿਲੇਗੀ। ਕਰੋਨਾਵਾਇਰਸ ਦੇ ਲੌਕਡਾਊਨ ਕਰਕੇ ਆਵਾਜਾਈ ਪਾਬੰਦੀਆਂ ਕਾਰਨ ਘਟੀ ਤੇਲ ਖ਼ਪਤ ਦੇ ਮੱਦੇਨਜ਼ਰ ਇਹ ਮਾਲੀਆ ਮੌਜੂਦਾ ਵਿੱਤੀ ਵਰ੍ਹੇ ਲਈ 1.6 ਲੱਖ ਕਰੋੜ ਰੁਪਏ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਪੈਟਰੋਲ ਕੀਮਤਾਂ ਵਿੱਚ ਦੋ ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਕੀਮਤਾਂ ਵਿੱਚ ਇੱਕ ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਇਸ ਨਾਲ ਯੂਪੀ ਵਿੱਚ ਪੈਟਰੋਲ 73.91 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 63.86 ਰੁਪਏ ਪ੍ਰਤੀ ਲਿਟਰ ਉਪਲੱਬਧ ਹੋਵੇਗਾ।

Post Author: Gurmit Palahi

Leave a Reply

Your email address will not be published. Required fields are marked *