ਜੇਰਾ/ਸੱਤਪਾਲ ਸਿੰਘ ਦਿਓਲ
ਘਰ ਤੋਂ ਪਟਿਆਲਾ ਬਹੁਤ ਦੂਰ ਲੱਗਦਾ ਹੈ। ਹੁਣ ਜਦੋਂ ਵੀ ਜਾਂਦੇ ਹਾਂ ਤਾਂ ਸੁਵਖਤੇ ਹੀ ਘਰੋਂ ਚੱਲ ਪੈਂਦੇ ਹਾਂ ਕਿਉਂਕਿ ਪਤਨੀ ਦੀ ਦਵਾਈ ਜਿਸ ਡਾਕਟਰ ਕੋਲੋਂ ਲੈਣੀ ਹੁੰਦੀ ਹੈ ਉਸ ਕੋਲ ਭੀੜ ਬਹੁਤ ਹੁੰਦੀ ਹੈ। ਨਾਸ਼ਤਾ ਵੀ ਰਾਹ ਵਿੱਚ ਪਟਿਆਲਾ-ਸੁਨਾਮ ਸੜਕ ’ਤੇ ਇੱਕ ਮਸ਼ਹੂਰ ਢਾਬੇ ਤੋਂ ਕਰ ਲੈਂਦੇ ਹਾਂ। ਇਸ ਢਾਬੇ ’ਤੇ ਨਾਸ਼ਤਾ ਕਰਨ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਬਠਿੰਡਾ, ਮਾਨਸਾ, ਸਿਰਸਾ, ਸੰਗਰੂਰ, ਬਰਨਾਲਾ ਵੱਲੋਂ ਰਾਜਧਾਨੀ ਚੰਡੀਗੜ੍ਹ ਵੱਲ ਜਾਣ ਵਾਲੇ ਲੋਕਾਂ ਦੀਆਂ ਕਾਰਾਂ ਅਕਸਰ ਇਸ ਢਾਬੇ ’ਤੇ ਰੁਕਦੀਆਂ ਹਨ। ਇੱਕ ਟਰੈਕਟਰ ਟਰਾਲੀ ਨੂੰ ਸਿੱਧਾ ਸਾਦਾ ਜਿਹਾ ਬੰਦਾ ਚਲਾ ਰਿਹਾ ਸੀ। ਉਹ ਮੇਰੀ ਕਾਰ ਤੋਂ ਥੋੜ੍ਹੀ ਦੂਰ ਉਸੇ ਢਾਬੇ ’ਤੇ ਰੁਕਿਆ। ਹੈਰਾਨੀ ਜਿਹੀ ਹੋਈ ਕਿਉਂਕਿ ਉਸ ਢਾਬੇ ’ਤੇ ਟਰੈਕਟਰ ਤੇ ਟਰੱਕ ਨਹੀਂ ਰੁਕਦੇ। ਇਸੇ ਕਾਰਨ ਸ਼ਾਇਦ ਕਾਰਾਂ ਦੀ ਭੀੜ ਹੁੰਦੀ ਹੈ। ਟਰਾਲੀ ਵਿੱਚ ਇੱਕ ਕਰਾਹਾ, ਹਲ ਜੋ ਪੁਰਾਣੇ ਤੇ ਜੰਗਾਲੇ ਜਿਹੇ ਜਾਪਦੇ ਸੀ, ਲੱਦੇ ਹੋਏ ਸੀ। ਮੇਰੇ ਤੋਂ ਰਿਹਾ ਨਾ ਗਿਆ। ਮੈਂ ਉਸ ਨੂੰ ਪੁੱਛ ਹੀ ਲਿਆ, ‘‘ਵੇਚਣ ਚੱਲੇ ਓ।” ਪਰ ਉਸ ਬੰਦੇ ਦੇ ਮੂੰਹੋਂ ਅਸਲੀਅਤ ਸੁਣ ਕੇ ਮਨ ਅਸ਼ ਅਸ਼ ਕਰ ਉੱਠਿਆ। ਦਿਲੋਂ ਦੁਆ ਨਿਕਲੀ, ‘ਵਾਹ ਓਏ ਬੰਦਿਆ ਜਿਉਂਦਾ ਰਹਿ, ਧੰਨ ਹੈ ਤੇਰੀ ਸੇਵਾ ਤੇ ਸਬਰ।ਤੇਰੇ ਸਿਰ ਪੰਜਾਬੀ ਤੇ ਦਾਨੀ ਹੋਣ ਦਾ ਤਾਜ ਹਮੇਸ਼ਾ ਸਜਿਆ ਰਹੇ।’
ਉਹਨੇ ਦੱਸਿਆ ਕਿ ਉਹ ਸਿਰਫ਼ ਸਫ਼ਾ-ਹਾਜਤ ਲਈ ਢਾਬੇ ’ਤੇ ਰੁਕਿਆ ਹੈ।ਸੰਗਰੂਰ ਜ਼ਿਲ੍ਹੇ ਦੇ ਘੱਗਰ ਕੰਢੇ ਵਸੇ ਪਿੰਡ ਦਾ ਉਹ ਵਸਨੀਕ ਹੈ ਤੇ ਪੰਜ ਕੁ ਏਕੜ ਵਾਲਾ ਕਿਸਾਨ ਹੈ। ਆਮ ਕਿਸਾਨ ਪਰਿਵਾਰਾਂ ਵਾਂਗ ਉਹਦੀ ਜ਼ਮੀਨ ਵੀ ਬੈਂਕ ਵੱਲੋਂ ਕੁਰਕ ਕਰਵਾ ਦਿੱਤੀ ਗਈ ਹੈ। ਦੋ ਕੁ ਸਾਲ ਪਹਿਲਾਂ ਘੱਗਰ ਦਾ ਬੰਨ੍ਹ ਟੁੱਟਣ ਕਾਰਨ ਉਹਦੀ ਫ਼ਸਲ ਵੀ ਬਰਬਾਦ ਹੋਈ ਸੀ ਤਾਂ ਉਹਦੇ ਸਿਰ ਕਰਜ਼ੇ ਦਾ ਬੋਝ ਵਧ ਜਾਣਾ ਤੈਅ ਸੀ। ਉਸ ਵਕਤ ਮਾਝੇ ਵਾਲੇ ਪਾਸੇ ਤੋਂ ਟਰੈਕਟਰ ਟਰਾਲੀਆਂ ’ਤੇ ਆ ਕੇ ਲੋਕਾਂ ਨੇ ਉਨ੍ਹਾਂ ਨੂੰ ਮਦਦ ਪਹੁੰਚਾਈ ਸੀ। ਉਸ ਦੀ ਜ਼ਮੀਨ ਵਿੱਚ ਪੰਜ-ਪੰਜ ਫੁੱਟ ਰੇਤ ਚੜ੍ਹ ਗਈ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਮਦਦਗਾਰ ਆਏ। ਉਨ੍ਹਾਂ ਜ਼ਮੀਨ ਪੱਧਰ ਕਰਕੇ ਉਹਦੀ ਅਗਲੀ ਫਸਲ ਵੀ ਬੀਜੀ ਤੇ ਉਸ ਨੂੰ ਕਰਜ਼ਾ ਹੋਰ ਨਹੀਂ ਲੈਣਾ ਪਿਆ। ਜੇ ਮਦਦ ਨਾ ਆਉਂਦੀ ਤਾਂ ਸ਼ਾਇਦ ਉਸ ਨੂੰ ਕਿੱਲਾ ਜ਼ਮੀਨ ਵੇਚਣੀ ਪੈਂਦੀ ਤੇ ਬੈਂਕ ਕੁਰਕੀ ਦਾ ਹੱਲ ਵੀ ਕਰਨਾ ਪੈਂਦਾ। ਹੁਣ ਜਦੋਂ ਉਨ੍ਹਾਂ ਭਾਈਵੰਦਾਂ ’ਤੇ ਮੁਸੀਬਤ ਪਈ ਤਾਂ ਉਸ ਨੇ ਦੋ ਢੋਲ ਤੇਲ ਦਾ ਜੁਗਾੜ ਕਰ ਲਿਆ ਅਤੇ ਆਪਣੇ ਖੇਤੀਬਾੜੀ ਦੇ ਸੰਦ ਲੈ ਕੇ ਮਦਦ ਲਈ ਜਾ ਰਿਹਾ ਸੀ। ਮਿਹਨਤ ਨਾਲ ਕੀਤੀ ਆਪਣੀ ਕਮਾਈ ਲੋੜਵੰਦ ਲੋਕਾਂ ਵਿੱਚ ਪਹੁੰਚਦੀ ਕਰਨ ਲਈ ਕਿਸੇ ਸੰਸਥਾ ’ਤੇ ਉਹਨੂੰ ਵਿਸ਼ਵਾਸ ਨਹੀਂ ਸੀ। ਬੇਸ਼ੱਕ, ਉਸ ਦੀ ਮਦਦ ਨਿਗੂਣੀ ਜਾਪਦੀ ਹੋਵੇ ਪਰ ਇਸ ਪਿੱਛੇ ਭਾਵਨਾ ਬੜੀ ਉੱਚੀ ਤੇ ਸੁੱਚੀ ਜਾਪਦੀ ਸੀ। ਜਦੋਂ ਬੰਦਾ ਖ਼ੁਦ ਕਰਜ਼ ਦਾ ਦੱਬਿਆ ਹੁੰਦਾ ਤਾਂ ਅਜਿਹਾ ਸੋਚ ਵੀ ਨਹੀਂ ਸਕਦਾ, ਪਰ ਸੱਚਮੁੱਚ ਉਸ ਬੰਦੇ ਦਾ ਬਹੁਤ ਵੱਡਾ ਜੇਰਾ ਸੀ।
Share this content:



Post Comment