ਦਾਅ ਪੁੱਠਾ ਪਿਆ

ਭਾਜਪਾ ਦੀਆਂ ਧਰੁਵੀਕਰਨ ਕਰਵਾ ਕੇ ਯੂ ਪੀ ਦੇ 9 ਅਸੰਬਲੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਜਿੱਤਣ ਦੀਆਂ ਖਾਹਿਸ਼ਾਂ ਨੂੰ ਬਹਿਰਾਈਚ ਦੰਗਿਆਂ ਦੇ ਬਾਅਦ ਦੇ ਘਟਨਾਕ੍ਰਮ ਨੇ ਪਲੀਤਾ ਲਾ ਦਿੱਤਾ ਹੈ। ਪਹਿਲਾਂ ਦੰਗੇ ਵਿਚ ਮਾਰੇ ਗਏ ਨੌਜਵਾਨ ਰਾਮ ਗੋਪਾਲ ਮਿਸ਼ਰਾ ਦੀ ਫਰਜ਼ੀ ਪੋਸਟ-ਮਾਰਟਮ ਰਿਪੋਰਟ ਨੂੰ ਲੈ ਕੇ ਸਿਆਪਾ ਕਰ ਰਹੇ ਭਾਜਪਾ ਆਗੂਆਂ ਦੇ ਚਲਦਿਆਂ ਭਾਜਪਾ ਨੂੰ ਬੈਕਫੁਟ ’ਤੇ ਜਾਣਾ ਪਿਆ ਤੇ ਹੁਣ ਸਥਾਨਕ ਭਾਜਪਾ ਵਿਧਾਇਕ ਨੇ ਆਪਣੀ ਪਾਰਟੀ ਦੇ ਅਹੁੁਦੇਦਾਰਾਂ ’ਤੇ ਉਪੱਦਰ ਕਰਾਉਣ ਦਾ ਦੋਸ਼ ਲਾਉਦਿਆਂ ਐੱਫ ਆਈ ਆਰ ਦਰਜ ਕਰਵਾ ਕੇ ਪਾਰਟੀ ਨੂੰ ਕਸੂਤਾ ਫਸਾ ਦਿੱਤਾ ਹੈ। ਨੁਕਸਾਨ ਦੇ ਡਰੋਂ ਹੁਣ ਭਾਜਪਾ ਜ਼ਿਮਨੀ ਚੋਣ ਵਾਲੇ ਹਲਕਿਆਂ ਵਿਚ ਬਹਿਰਾਈਚ ਦਾ ਜ਼ਿਕਰ ਕਰਨੋਂ ਵੀ ਹਟ ਗਈ ਹੈ। ਜ਼ਿਲ੍ਹਾ ਬਹਿਰਾਈਚ ਦੇ ਜਿਸ ਮਹਿਸੀ ਖੇਤਰ ’ਚ ਦੰਗੇ ਹੋਏ, ਉਥੋਂ ਦੇ ਵਿਧਾਇਕ ਸੁਰੇਸ਼ਵਰ ਸਿੰਘ ਨੇ ਪਾਰਟੀ ਦੇ ਯੁਵਾ ਮੋਰਚਾ ਪ੍ਰਧਾਨ ਅਰਪਿਤ ਸ੍ਰੀਵਾਸਤਵ ਸਣੇ ਅੱਠ ਜਣਿਆਂ ਖਿਲਾਫ ਲਿਖਾਈ ਐੱਫ ਆਈ ਆਈ ਵਿਚ ਕਿਹਾ ਹੈ ਕਿ ਦਰਅਸਲ ਦੰਗਾ ਇਸ ਕਰਕੇ ਭੜਕਾਇਆ ਗਿਆ ਕਿ ਉਨ੍ਹਾ ਦੀ ਜਾਨ ਲਈ ਜਾ ਸਕੇ। ਵਿਧਾਇਕ ਦਾ ਦਾਅਵਾ ਹੈ ਕਿ ਜਦੋਂ ਉਹ ਰਾਮ ਗੋਪਾਲ ਮਿਸ਼ਰਾ ਦੀ ਹੱਤਿਆ ਤੋਂ ਬਾਅਦ ਮੌਕੇ ’ਤੇ ਪੁੱਜੇ ਤਾਂ ਉਨ੍ਹਾ ’ਤੇ ਪਥਰਾਅ ਤੇ ਫਾਇਰਿੰਗ ਕੀਤੀ ਗਈ। ਇਸ ਤੋਂ ਪਹਿਲਾਂ ਮਿਸ਼ਰਾ ਦੀ ਫਰਜ਼ੀ ਪੋਸਟ-ਮਾਰਟਮ ਰਿਪੋਰਟ ਕਾਰਨ ਭਾਜਪਾ ਆਗੂਆਂ ਤੇ ਗੋਦੀ ਮੀਡੀਆ ਦੀ ਕਾਫੀ ਥੂ-ਥੂ ਹੋ ਚੁੱਕੀ ਹੈ।

ਇਕ ਕੌਮੀ ਹਿੰਦੀ ਅਖਬਾਰ ਨੇ ਛਾਪ ਦਿੱਤਾ ਸੀ ਕਿ ਮਿਸ਼ਰਾ ਦੇ ਸਰੀਰ ’ਤੇ ਤਲਵਾਰ ਤੇ ਚਾਕੂ ਦੇ 35 ਜ਼ਖਮ ਕੀਤੇ ਗਏ ਤੇ ਨਹੁੰ ਤੱਕ ਉਖਾੜੇ ਗਏ। ਇਸ ਤੋਂ ਬਾਅਦ ਦਿੱਲੀ ਤੋਂ ਲੈ ਕੇ ਯੂ ਪੀ ਤੱਕ ਦੇ ਭਾਜਪਾ ਆਗੂਆਂ ਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਭਾਜਪਾ ਨੇਤਰੀ ਨੂਪੁਰ ਸ਼ਰਮਾ ਨੇ ਖੂਨ ਉਬਾਲਣ ਵਾਲਾ ਭਾਸ਼ਣ ਦੇ ਮਾਰਿਆ। ਹਾਲਾਤ ਵਿਗੜਦੇ ਦੇਖ ਯੂ ਪੀ ਪੁਲਸ ਨੇ ਮੀਡੀਆ ਵਿਚ ਆਈ ਪੋਸਟ-ਮਾਰਟਮ ਰਿਪੋਰਟ ਨੂੰ ਮਾਹੌਲ ਵਿਗਾੜਨ ਵਾਲੀ ਸਾਜ਼ਿਸ਼ ਦੱਸਿਆ। ਪੋਸਟ-ਮਾਰਟਮ ਕਰਾਉਣ ਵਾਲੇ ਮੁੱਖ ਮੈਡੀਕਲ ਅਧਿਕਾਰੀ ਨੇ ਸਰੀਰ ’ਤੇ ਜ਼ਖਮਾਂ ਤੇ ਨਹੁੰ ਉਖਾੜਨ ਦੇ ਦਾਅਵਿਆਂ ਨੂੰ ਨਕਾਰਿਆ। ਦੰਗਿਆਂ ਦਾ ਮਾਹੌਲ ਬਣਾਉਣ ਤੇ ਧਰੁਵੀਕਰਨ ਦੀ ਆਸ ਪਾਲੀ ਬੈਠੀ ਯੂ ਪੀ ਸਰਕਾਰ ਨੇ ਧਿਆਨ ਦੂਜੇ ਪਾਸੇ ਲਿਜਾਣ ਲਈ ਬੁਲਡੋਜ਼ਰ ਇਨਸਾਫ ਦਾ ਸ਼ੋਸ਼ਾ ਛੱਡਿਆ ਅਤੇ ਮਹਿਸੀ ਦੇ ਮਹਿਰਾਜਗੰਜ ਬਾਜ਼ਾਰ ਵਿਚ ਦੰਗਾ ਫੈਲਾਉਣ ਦੇ ਮੁਲਜ਼ਮਾਂ ਦੇ ਘਰਾਂ ਤੇ ਦੁਕਾਨਾਂ ਨੂੰ ਢਾਹੁਣ ਦੇ ਨੋਟਿਸ ਚਿਪਕਾ ਦਿੱਤੇ। ਦਰਜਨ-ਭਰ ਬੁਲਡੋਜ਼ਰ ਵੀ ਲਿਆ ਕੇ ਖੜ੍ਹੇ ਕਰ ਦਿੱਤੇ। ਜਿਨ੍ਹਾਂ 26 ਘਰਾਂ ਤੇ ਦੁਕਾਨਾਂ ’ਤੇ ਨੋਟਿਸ ਚਿਪਕਾਏ ਗਏ, ਉਨ੍ਹਾਂ ਵਿਚ 23 ਘੱਟ ਗਿਣਤੀਆਂ ਦੀਆਂ ਸਨ। ਮਾਮਲਾ ਅਲਾਹਾਬਾਦ ਹਾਈ ਕੋਰਟ ਪੁੱਜਾ ਤਾਂ ਉਸ ਨੇ 15 ਦਿਨਾਂ ਲਈ ਬੁਲਡੋਜ਼ਰਾਂ ਦੀ ਬਰੇਕਾਂ ਲੁਆ ਦਿੱਤੀਆਂ। ਜਿਨ੍ਹਾਂ ਦੇ ਘਰ ਜ਼ਦ ਵਿਚ ਆ ਰਹੇ ਸਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 10 ਤੋਂ 70 ਸਾਲ ਪੁਰਾਣੇ ਮਕਾਨਾਂ ਨੂੰ ਨਜਾਇਜ਼ ਦੱਸ ਕੇ ਢਾਹੁਣ ਦੀ ਗੱਲ ਕਹੀ ਜਾ ਰਹੀ ਹੈ। ਕਈ ਵਿਚਾਰਿਆਂ ਨੇ ਨੋਟਿਸਾਂ ਤੋਂ ਬਾਅਦ ਆਪਣੇ ਘਰ ਢਾਹੁਣੇ ਵੀ ਸ਼ੁਰੂ ਕਰ ਦਿੱਤੇ ਸਨ। ਭਾਜਪਾ ਦੇ ਸੀਨੀਅਰ ਆਗੂ ਵੀ ਦੱਬੀ ਜ਼ੁਬਾਨ ਵਿਚ ਕਹਿ ਰਹੇ ਹਨ ਕਿ ਅਮਨ-ਕਾਨੂੰਨ ਦੇ ਨਾਂਅ ’ਤੇ ਆਪੋਜ਼ੀਸ਼ਨ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਦਾ ਹਥਿਆਰ ਵੀ ਇਨ੍ਹਾਂ ਦੰਗਿਆਂ ਦੇ ਚਲਦਿਆਂ ਨਾਕਾਮ ਹੋ ਗਿਆ ਹੈ ਤੇ ਆਪਣਿਆਂ ਦੀਆਂ ਹਰਕਤਾਂ ਨੇ ਤਾਂ ਸ਼ਰਮਸਾਰ ਕਰ ਦਿੱਤਾ ਹੈ। ਗੋਦੀ ਮੀਡੀਆ ਦੇ ਸਹਿਯੋਗ ਨਾਲ ਫਿਰਕੂ ਕਤਾਰਬੰਦੀ ਨਾਲ ਸੱਤਾ ਹਾਸਲ ਕਰਨ ਵਿਚ ਕਾਮਯਾਬ ਰਹੀ ਭਾਜਪਾ ਦੀਆਂ ਚਾਲਾਂ ਨੂੰ ਸੋਸ਼ਲ ਮੀਡੀਆ ਨਾਕਾਮ ਕਰਦਾ ਆ ਰਿਹਾ ਹੈ। ਲੋਕ ਸੋਸ਼ਲ ਮੀਡੀਆ ’ਤੇ ਵਧੇਰੇ ਯਕੀਨ ਕਰਨ ਲੱਗੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਲੋਕਾਂ ਨੇ ਗੋਦੀ ਮੀਡੀਆ ਦੇ ਪ੍ਰਚਾਰ ਨੂੰ ਨਕਾਰ ਕੇ ਸੋਸ਼ਲ ਮੀਡੀਆ ’ਤੇ ਯਕੀਨ ਕਰਕੇ ਭਾਜਪਾ ਨੂੰ ਯੂ ਪੀ ’ਚ ਬੁਰੀ ਮਾਰ ਮਾਰੀ ਸੀ ਤੇ ਜ਼ਿਮਨੀ ਚੋਣਾਂ ਵਿਚ ਵੀ ਭਾਜਪਾ ਦਾ ਉਹੀ ਹਾਲ ਹੁੰਦਾ ਨਜ਼ਰ ਆ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...