ਸਟਾਕਹੋਮ, 12 ਸਤੰਬਰ – ਇਕ ਅਧਿਐਨ ’ਚ ਪਤਾ ਲੱਗਾ ਹੈ ਕਿ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਘਾਤਕ ਮੇਲਾਨੋਮਾ ਜਾਂ ਚਮੜੀ ਦੇ ਕੈਂਸਰ ਦਾ ਖ਼ਤਰਾ ਘੱਟ ਰਿਹਾ ਹੈ। ਖੋਜੀਆਂ ਨੇ ਪਾਇਆ ਕਿ ਨੌਜਵਾਨਾਂ ਵਿਚ ਇਹ ਰੁਝਾਨ ਹੇਠਾਂ ਵੱਲ ਨੂੰ ਜਾ ਰਿਹਾ ਹੈ। ਉਨ੍ਹਾਂ ਇਸ ਪਿੱਛੇ ਕੁਝ ਕਾਰਨਾਂ ਦਾ ਵਿਸ਼ਲੇਸ਼ਣ ਵੀ ਕੀਤਾ ਜਿਵੇਂ ਸੂਰਜ ਤੋਂ ਸੁਰੱਖਿਆ ਬਾਰੇ ਜਾਗਰੂਕਤਾ। ਖੋਜ ਵਿਚ ਸਮੇਂ ਦੇ ਨਾਲ ਵੱਖ-ਵੱਖ ਉਮਰ ਸਮੂਹਾਂ ਲਈ ਮੇਲਾਨੋਮਾ ਦੀਆਂ ਘਟਨਾਵਾਂ ਅਤੇ ਮੌਤ ਦਰ ਦੀ ਜਾਂਚ ਕਰਨ ਲਈ ਸਵੀਡਿਸ਼ ਮੇਲਾਨੋਮਾ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜ ਦੇ ਲੇਖਕ ਤੇ ਸਵੀਡਨ ਦੇ ਪਾਕਰੋਲਿੰਸਕਾ ਇੰਸਟੀਚਿਊਟ ਦੇ ਸੀਨੀਅਰ ਸਲਾਹਕਾਰ ਤੇ ਓਨਕੋਲੌਜੀ ਦੇ ਐਸੋਸੀਏਟ ਪ੍ਰੋਫੈਸਰ ਹਿਲਦੂਰ ਹੇਲਗਾਦਾਤਿ ਰ ਨੇ ਕਿਹਾ ਕਿ ਮੌਤ ਦਰ ਦੇ ਮਾਮਲੇ ਵਿਚ 59 ਸਾਲ ਦੀ ਉਮਰ ਤੱਕ ਗਿਰਾਵਟ ਆਈ ਹੈ ਪਰ 60 ਸਾਲ ਤੋਂ ਵੱਧ ਉਮਰ ਵਾਲਿਆਂ ਵਿਚ ਅਜਿਹਾ ਨਹੀਂ ਦੇਖਿਆ ਗਿਆ।
ਸਵਾਲ ਇਹ ਹੈ ਕਿ ਮੇਲਾਨੋਮਾ ਦਾ ਖ਼ਤਰਾ ਕਿਉਂ ਘਟਿਆ ਹੈ।ਖੋਜੀਆਂ ਨੇ ਕਿਹਾ ਕਿ ਅਸੀਂ ਅਧਿਐਨ ਵਿਚ ਸਿੱਧੇ ਤੌਰ ’ਤੇ ਕਾਰਨਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਪਰ ਸਾਡੇ ਕੋਲ ਅਜਿਹੇ ਕਾਰਕਾਂ ਬਾਰੇ ਪਰਿਕਲਪਨਾ ਹੈ, ਜਿਨ੍ਹਾਂ ਬਾਰੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਨ੍ਹਾਂ ਪਰਸਪਰ ਕਿਰਿਆ ਕੀਤੀ ਹੋ ਸਕਦੀ ਹੈ। ਇਸਦੇ ਪਿੱਛੇ ਇਕ ਮੁੱਖ ਕਾਰਨ ਸੂਰਜ ਤੋਂ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਣਾ ਹੈ। ਮੋਬਾਈਲ ਫੋਨ ਤੇ ਕੰਪਿਊਟਰ ਵੀ ਇਕ ਕਾਰਨ ਹੈ ਕਿ ਬੱਚੇ ਤੇ ਨੌਜਵਾਨ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾ ਰਹੇ ਹਨ ਅਤੇ ਧੁੱਪ ਦੇ ਘੱਟ ਸੰਪਰਕ ਵਿਚ ਹਨ। ਬਾਹਰੋਂ ਆਉਣ ਵਾਲੇ ਲੋਕ ਸੂਰਜ ਦੀਆਂ ਕਿਰਨਾਂ ਨੂੰ ਬਿਹਤਰ ਢੰਗ ਨਾਲ ਬਰਦਾਸ਼ਤ ਕਰ ਸਕਦੇ ਹਨ।