Loading Now

ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ’ਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ

ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ’ਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ

10, ਸਤੰਬਰ – ਪੰਜਾਬ ਸਰਕਾਰ ਵਾਤਾਵਰਣ ਅਨੁਕੂਲ ਅਤੇ ਸਾਫ਼-ਸੁਥਰੀ ਜਨਤਕ ਆਵਾਜਾਈ ਨੂੰ ਵਧਾਵਾ ਦੇਣ ਲਈ ਵੱਡਾ ਕਦਮ ਚੁੱਕ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਆਧੁਨਿਕ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਤ ਕਰਕੇ ਜਲਦੀ ਹੀ 447 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟੇਗਾ ਸਗੋਂ ਡਰਾਈਵਰਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਮੰਤਰੀ ਨੇ ਕਿਹਾ ਕਿ ਡੀਜ਼ਲ ਤੋਂ ਇਲੈਕਟ੍ਰਿਕ ਵਾਹਨਾਂ ਵੱਲ ਰੁਝਾਨ ਟਿਕਾਊ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਤੋਂ ਇਲਾਵਾ, ਇਹ ਪਹਿਲ ਔਰਤਾਂ ਦੇ ਸਸ਼ਕਤੀਕਰਨ ਲਈ ਵੀ ਅਹਿਮ ਸਾਬਤ ਹੋ ਰਹੀ ਹੈ, ਕਿਉਂਕਿ ਮਾਰਚ 2024 ਤੋਂ ਹੁਣ ਤੱਕ ਅੰਮ੍ਰਿਤਸਰ ਵਿੱਚ ਈ-ਆਟੋ ਫਲੀਟ ਵਿੱਚ 200 ਔਰਤਾਂ ਸ਼ਾਮਲ ਹੋਈਆਂ ਹਨ।

ਵਿਸ਼ਵ ਈਵੀ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਸੰਮੇਲਨ ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਈ-ਆਟੋਜ਼ ਨੂੰ ਲੈ ਕੇ ਲੋਕਾਂ ਵੱਲੋਂ ਵਧੀਆ ਪ੍ਰਤੀਕ੍ਰਿਆ ਮਿਲ ਰਹੀ ਹੈ। ਇਸ ਸੰਮੇਲਨ ਨੇ ਸਾਫ਼-ਸੁਥਰੀ ਤੇ ਟਿਕਾਊ ਆਵਾਜਾਈ ‘ਤੇ ਵਿਚਾਰਚਰਚਾ ਲਈ ਨੀਤੀ ਨਿਰਧਾਰਕਾਂ, ਮਾਹਿਰਾਂ, ਸ਼ਹਿਰ ਦੇ ਆਗੂਆਂ ਅਤੇ ਈ-ਆਟੋ ਡਰਾਈਵਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ। ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕੁਲਵੰਤ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬ ਦੇ ਟਿਕਾਊ ਭਵਿੱਖ ਲਈ ਸਾਰੇ ਨਾਗਰਿਕਾਂ ਦੀ ਸਾਂਝੀ ਦ੍ਰਿਸ਼ਟੀ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 1,200 ਡੀਜ਼ਲ ਆਟੋਜ਼ ਨੂੰ ਇਲੈਕਟ੍ਰਿਕ ਆਟੋਜ਼ ‘ਚ ਬਦਲਣਾ ਇੱਕ ਪ੍ਰੇਰਨਾਦਾਇਕ ਯਾਤਰਾ ਹੈ, ਜੋ ਮਜ਼ਬੂਤ ਨੀਤੀਆਂ ਅਤੇ ਮਿਲੀਜੁਲੀ ਕੋਸ਼ਿਸ਼ਾਂ ਕਰਕੇ ਸੰਭਵ ਹੋ ਸਕਿਆ ਹੈ।

ਇਲੈਕਟ੍ਰਿਕ ਬੱਸਾਂ ਦੀ ਯੋਜਨਾ ਨੂੰ ਹਰੀ ਝੰਡੀ

ਉਨ੍ਹਾਂ ਦੱਸਿਆ ਕਿ ਇਸ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਹੁਣ ਪੰਜਾਬ ਵਿੱਚ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਰਗੇ ਵੱਡੇ ਸ਼ਹਿਰਾਂ ਵਿੱਚ ਚਲਣਗੀਆਂ। ਇਸ ਲਈ ਪੀਐੱਮਆਈਡੀਸੀ ਸਰਕਾਰ ਨਾਲ ਮਿਲ ਕੇ ਰੂਟ ਰੈਸ਼ਨਲਾਈਜ਼ੇਸ਼ਨ, ਚਾਰਜਿੰਗ ਢਾਂਚਾ ਅਤੇ ਆਧੁਨਿਕੀਕਰਨ ਲਈ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕਰਾਂਗੇ ਤਾਂ ਨਾ ਸਿਰਫ਼ ਚੁਣੌਤੀਆਂ ਦਾ ਹੱਲ ਹੋਵੇਗਾ ਸਗੋਂ ਪੰਜਾਬ ਦੇ ਵਿਕਾਸ ਦੀ ਗਤੀ ਵੀ ਤੇਜ਼ ਹੋਵੇਗੀ।

Share this content:

Post Comment