ਖਤਰੇ ਦੇ ਨਿਸ਼ਾਨ ਤੋਂ ਟੱਪਿਆ ਘੱਗਰ ਦਾ ਪਾਣੀ, ਘਨੌਰ ਦੇ ਪਿੰਡਾਂ ’ਚ ਹਾਈ ਅਲਰਟ
ਚੰਡੀਗੜ੍ਹ, 3 ਸਤੰਬਰ – ਘੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਪਾਣੀ ਹਾਲੇ ਵੀ ਲਗਾਤਾਰ ਵੱਧ ਰਿਹਾ ਹੈ। ਘੱਗਰ ਦਰਿਆ ਦਾ ਪੱਧਰ ਹੋਰ ਵਧ ਕੇ ਦਸ ਫੁੱਟ ’ਤੇ ਪਹੁੰਚ ਗਿਆ ਹੈ, ਜੋ ਇਸ ਦੀ ਸਮਰੱਥਾ 57 ਹਜ਼ਾਰ ਕਿਊਸਕ ਤੋਂ ਵੱਧ ਬਣਦਾ ਹੈ। ਨੀਵੇਂ ਇਲਾਕਿਆਂ ਵਿਚ ਇਹ ਪਾਣੀ ਬਹੁਤ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ।
ਦਰਿਆ ਦਾ ਪਾਣੀ ਸਵੇਰ ਤੋਂ ਲਗਾਤਾਰ ਵੱਧ ਰਿਹਾ ਹੈ ਅਤੇ ਸਾਢੇ 10 ਵਜੇ ਇਸ ਪਾਣੀ ਦੀ ਮਿਕਦਾਰ ਨੌ ਫੁੱਟ ਮਾਪੀ ਗਈ ਸੀ, ਜਿਹੜੀ ਕਿ ਖਤਰੇ ਦੇ ਅੱਠ ਫੁੱਟ ਦੇ ਨਿਸ਼ਾਨ ਤੋਂ ਇੱਕ ਫੁੱਟ ਉੱਪਰ ਹੈ। ਉਦੋਂ ਘੱਗਰ ਵਿੱਚ 45,343 ਕਿਊਸਿਕ ਪਾਣੀ ਵਹਿ ਰਿਹਾ ਸੀ। ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਘੱਗਰ ਦਰਿਆ ਦੇ ਨੇੜੇ ਨਾ ਜਾਣ, ਦਰਿਆ ਦੇ ਪੁਲਾਂ ’ਤੇ ਨਾ ਖੜਨ ਅਤੇ ਕਾਜ਼ ਵੇਅ ਵਾਲੇ ਪੁਲਾਂ ਉੱਤੋਂ ਨਾ ਲੰਘਣ ਦੀ ਅਪੀਲ ਕੀਤੀ ਹੈ।
ਘੱਗਰ ਵਿੱਚ ਕੱਲ੍ਹ ਸਾਰਾ ਦਿਨ ਆਮ ਵਾਂਗ ਪਾਣੀ ਚੱਲਦਾ ਰਿਹਾ ਪਰ ਅੱਜ ਸਵੇਰੇ 5 ਵਜੇ ਤੋਂ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ ਤੇ ਸਵੇਰੇ 9 ਵਜੇ ਤੱਕ ਇਸ ਦੀ ਉਚਾਈ ਸੱਤ ਫੁੱਟ ’ਤੇ ਪਹੁੰਚ ਗਈ ਹੈ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਇੱਕ ਫੁੱਟ ਥੱਲੇ ਸੀ। ਘੱਗਰ ਦੇ ਕਿਨਾਰਿਆਂ ’ਤੇ ਵਸੇ ਬਨੂੜ ਖੇਤਰ ਦੇ ਪਿੰਡ ਮਨੌਲੀ ਸੂਰਤ ਤੇ ਹੰਸਾਲਾ ਦੇ ਵਸਨੀਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਇਹ ਪਾਣੀ ਵੱਧ ਰਿਹਾ ਹੈ ਤੇ ਬਹੁਤ ਤੇਜ਼ੀ ਨਾਲ ਪਾਣੀ ਵਹਿ ਰਿਹਾ ਹੈ।
ਸਿੰਜਾਈ ਵਿਭਾਗ ਦੇ ਭਾਂਖਰਪੁਰ ਦੇ ਪੁਲ ਉੱਤੇ ਪਾਣੀ ਮਾਪਣ ਵਾਲੇ ਅਮਲੇ ਦੇ ਮੈਂਬਰ ਜਗਦੀਸ਼ ਸਿੰਘ ਨੇ ਸੰਪਰਕ ਕਰਨ ਦੇ ਦੱਸਿਆ ਕਿ ਸਵੇਰੇ 7 ਵਜੇ ਘੱਗਰ ਦਰਿਆ ਵਿੱਚ ਪੰਜ ਫੁੱਟ ਦੀ ਉਚਾਈ ’ਤੇ ਪਾਣੀ ਸੀ। ਅੱਠ ਵਜੇ ਛੇ ਫੁੱਟ ’ਤੇ ਪਹੁੰਚ ਗਿਆ ਅਤੇ ਸਵੇਰੇ 9 ਵਜੇ ਇਸ ਦੀ ਉਚਾਈ ਸੱਤ ਫੁੱਟ ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਪਾਣੀ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਜ਼ੋਰਦਾਰ ਮੀਂਹ ਅਤੇ ਸੁਖਨਾ ਝੀਲ ਦੇ ਖੋਲ੍ਹੇ ਗਏ ਫਲੱਡ ਗੇਟਾਂ ਕਾਰਨ ਘੱਗਰ ਦੇ ਪਾਣੀ ਵਿੱਚ ਵਾਧਾ ਹੋਇਆ ਹੈ।
Share this content:


Post Comment