ਇੱਕ ਕਿਰਤੀ ਗੁਰਸਿੱਖ ਭਾਈ ਲਾਲੋ/ਜਸਵਿੰਦਰ ਸਿੰਘ ‘ਰੁਪਾਲ
ਭਾਈ ਲਾਲੋ ਜੀਂ ਅਣਵੰਡੇ ਪੰਜਾਬ ਦੇ ਪਿੰਡ ਸੈਦਪੁਰ, ਐਮਨਾਬਾਦ ਜਿਲਾ ਗੁਜਰਾਂਵਾਲਾ (ਪਾਕਿਸਤਾਨ) ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1452 ਈਸਵੀ ਨੂੰ ਪਿਤਾ ਸ੍ਰੀ ਜਗਤ ਰਾਮ ਦੇ ਘਰ ਮਾਤਾ ਖੇਮੋ ਦੀ ਕੁੱਖੋਂ ਹੋਇਆ। ਜਨਮ ਤਾਰੀਖ ਬਹੁਤੇ ਸਰੋਤਾਂ ਵਿਚ ਨਹੀਂ ਮਿਲਦੀ। ਪਰ ਫੇਰ ਵੀ 11 ਅੱਸੂ ਨੂੰ ਆਪ ਜੀ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ,ਜੋ ਇਸ ਸਾਲ 3 ਸਤੰਬਰ ਨੂੰ ਆ ਰਿਹਾ ਹੈ। ਸੰਤਾਨ ਪੱਖੋਂ ਆਪ ਜੀ ਦੇ ਇੱਕ ਪੁੱਤਰੀ ਬੀਬੀ ਰੱਜੀ ਦਾ ਜਿਕਰ ਮਿਲਦਾ ਹੈ ਜਿਸ ਦੀ ਔਲਾਦ ਪਿੰਡ ਤਤਲਾ ਜਿਲਾ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਵੱਸਦੀ ਹੈ। ਭਾਈ ਲਾਲੋ ਜੀਂ ਰਾਮਗੜ੍ਹੀਆ ਬਿਰਾਦਰੀ ਵਿਚੋਂ ਹੋਣ ਕਰਕੇ ਤਰਖਾਣਾ ਕੰਮ ਕਰਦੇ ਸਨ। ਆਪ ਸ਼ਾਂਤ ਸੁਭਾਅ ਦੇ, ਪਰਮਾਤਮਾ ਤੋਂ ਡਰਨ ਵਾਲੇ, ਇਮਾਨਦਾਰੀ ਦੀ ਕਿਰਤ ਕਰਨ ਵਾਲੇ, ਸਾਧੂ ਸੰਤਾਂ ਦਾ ਸਤਿਕਾਰ ਕਰਨ ਵਾਲੇ ਅਤੇ ਸੰਤੋਖੀ ਬਿਰਤੀ ਦੇ ਸਨ । ਉਹ ਆਪਣੇ ਤਰਖਾਣਾ ਕੰਮ ਦੇ ਨਾਲ ਨਾਲ ਹਕੀਮੀ ਵੀ ਕਰਦੇ ਸਨ ਪਰ ਇਹ ਉਹ ਸਿਰਫ ਸੇਵਾ ਭਾਵ ਨਾਲ ਹੀ ਕਰਦੇ ਸਨ। ਕਿਸੇ ਤੋਂ ਵੀ ਦਵਾਈ ਬੂਟੀ ਦੇ ਕੇ ਉਸਦੇ ਇਵਜ਼ ਵਿੱਚ ਕੁਝ ਨਹੀਂ ਸੀ ਲੈਂਦੇ। ਪਿੰਡ ਵਿੱਚ ਹਰੇਕ ਦਾ ਉਹ ਸਤਿਕਾਰ ਕਰਦੇ ਸਨ, ਲੋੜਵੰਦਾਂ ਦੀ ਮੱਦਦ ਕਰਦੇ ਸਨ ਅਤੇ ਇੱਕ ਮਿਹਨਤੀ ਅਤੇ ਇਮਾਨਦਾਰ ਇਨਸਾਨ ਵਜੋਂ ਪਿੰਡ ਵਿੱਚ ਉਹਨਾਂ ਦੀ ਕਾਫੀ ਇੱਜਤ ਸੀ।
ਸੰਸਾਰ ਜੇ ਅੱਜ ਭਾਈ ਲਾਲੋ ਜੀਂ ਦਾ ਨਾਮ ਜਾਣਦਾ ਹੈ ਤਾਂ ਸਿਰਫ ਗੁਰੂ ਨਾਨਕ ਦੇਵ ਜੀ ਕਰਕੇ। ਗੁਰੂ ਨਾਨਕ ਜੀ ਭਾਈ ਲਾਲੋ ਕੋਲ ਜ਼ਾ ਕੇ ਰੁਕੇ ਵੀ ਸਨ ਅਤੇ ਉਹਨਾਂ ਨੇ ਭਾਈ ਲਾਲੋ ਦੀ ਕਿਰਤ ਦਾ ਪੂਰਾ ਸਤਿਕਾਰ ਕੀਤਾ। ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਗੁਰੂ ਨਾਨਕ ਜੀ ਆਪਣੀ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ 1507 ਈਸਵੀ ਵਿੱਚ ਪੂਰਬ ਵੱਲ ਆਰੰਭ ਕੀਤੀ ਸੀ। ਰਬਾਬੀ ਭਾਈ ਮਰਦਾਨਾ ਉਹਨਾਂ ਦੇ ਨਾਲ ਸੀ । ਇਸ ਯਾਤਰਾ ਦੌਰਾਨ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ,ਬਨਾਰਸ, ਜਗਣਨਾਥਪੁਰੀ, ਮਦੁਰਾਈ, ਰਮੇਸ਼੍ਵਰਮ, ਸੋਮਨਾਥ ਦਵਾਰਿਕਾ, ਪੁਸ਼ਕਰ ਮਥਰਾ ਬਿੰਦਰਾਬਨ ਅਤੇ ਕੁਰੂਕਸ਼ੇਤਰ ਤੋਂ ਇਲਾਵਾ ਸਿੰਗਲਦੀਪ ,ਸਿੱਕਮ ,ਅਸਾਮ, ਬੰਗਾਲ ਉੜੀਸਾ ਦਰਾਵੜ ਦੇਸ਼ ਬੰਬਈ ਔਰੰਗਾਬਾਦ ਉਜੈਨ ਕੱਛ ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ । ਇਸ ਪਹਿਲੀ ਉਦਾਸੀ ਦੌਰਾਨ ਗੁਰੂ ਜੀ ਮਰਦਾਨੇ ਸਮੇਤ, ਭਾਈ ਲਾਲੋ ਦੇ ਘਰ ਰੁਕੇ। ਪਰ ਉਹਨਾਂ ਦੀ ਇਹ ਠਹਿਰ ਕਿੰਨੇ ਸਮੇਂ ਲਈ ਸੀ, ਇਤਿਹਾਸਕ ਸਰੋਤ ਪੱਕਾ ਨਹੀਂ ਦੱਸਦੇ। ਜਾਪਦਾ ਹੈ ਇਹ ਠਹਿਰ ਕੁਝ ਦਿਨਾਂ ਦੀ ਹੀ ਸੀ।
ਗੁਰੂ ਨਾਨਕ ਜੀ ਆਪਣੀ ਤੀਸਰੀ ਉਦਾਸੀ ਸਮੇਂ (1517-1521ਈਸਵੀ) ਦੂਸਰੀ ਬਾਰ ਭਾਈ ਲਾਲੋ ਦੇ ਘਰ ਆਏ। ਇਸ ਵਾਰੀ ਗੁਰੂ ਜੀ ਦੀ ਠਹਿਰ ਕੁਝ ਹਫਤਿਆਂ ਦੀ ਮੰਨੀ ਜਾਂਦੀ ਹੈ। ਇਸੇ ਸਮੇਂ ਦੌਰਾਨ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਸੀ। ਬਾਬਰ ਨੇ 1520 ਈਸਵੀ ਵਿੱਚ ਭਾਰਤ ਤੇ ਪਹਿਲਾ ਹਮਲਾ ਕੀਤਾ ।ਜਿਸ ਵਿਚ ਭੇਰਾ, ਸਿਆਲਕੋਟ ਅਤੇ ਸੈਦਪੁਰ ਤੇ ਹਮਲਾ ਕਰਕੇ ਇਹ ਕਬਜੇ ਵਿੱਚ ਲੈ ਲਏ ਸਨ। ਪ੍ਰਿੰ. ਸਤਿਬੀਰ ਸਿੰਘ ਜੀ ਆਪਣੀ ਪੁਸਤਕ ਬਲਿਓ ਚਿਰਾਗ ਵਿੱਚ ਲਿਖਦੇ ਹਨ ਕਿ ਗੁਰੂ ਨਾਨਕ ਜੀ ਜਦੋਂ ਸੈਦਪੁਰ ਆਏ ਤਾਂ ਆਪਣਾ ਡੇਰਾ ਪਿੰਡ ਤੋਂ ਬਾਹਰ ਲਗਾਇਆ। ਇਹ ਧਰਤੀ ਰੋੜ੍ਹਾਂ ਵਾਲੀ ਸੀ ਜੋ ਗੁਰੂ ਜੀ ਦੇ ਆਉਣ ਕਾਰਨ ਪੂਜਣਯੋਗ ਬਣ ਗਈ ਸੀ। ਭਾਈ ਲਾਲੋ ਗੁਰੂ ਨਾਨਕ ਜੀ ਦੀ ਮਿਕਨਾਤੀਸੀ ਸ਼ਖਸ਼ੀਅਤ ਦਾ ਬੱਧਾ ਖਿੱਚਿਆ ਗਿਆ। ਜਿਕਰ ਹੈ ਕਿ ਜਦੋ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਗਏ ਉਹ ਕਿਲੇ ਘੜ ਰਿਹਾ ਸੀ। ਬਾਬੇ ਕਿਹਾ, “ਕਿਲੇ ਹੀ ਘੜੀ ਜਾਏਂਗਾ ਜਾਂ ਮਨ ਨੂੰ ਵੀ ਘੜ੍ਹੇਗਾ ?? ਭਾਈ ਲਾਲੋ ਨੂੰ ਗੱਲ ਸਮਝ ਆ ਗਈ। ਉਹਨਾਂ ਸੰਗਤ ਕੀਤੀ ਅਤੇ ਸ਼ਬਦ ਜਾਪ ਨਾਲ ਆਪਣੇ ਮਨ ਦੀ ਘਾੜਤ ਘੜਨੀ ਆਰੰਭ ਕੀਤੀ।
ਉਸ ਸਮੇਂ ਜਾਤ ਪਾਤ ਅਤੇ ਛੂਤ ਛਾਤ ਦਾ ਬੋਲ ਬਾਲਾ ਹੈ ਸੀ। ਇਸੇ ਲਈ ਭਾਈ ਲਾਲੋ ਜੀਂ ਨੇ ਗੁਰੂ ਨਾਨਕ ਜੀ ਨੂੰ ਖਾਣਾ ਪੂਰੀ ਸ਼ੁੱਧਤਾ ਅਤੇ ਸੁੱਚਮ ਨਾਲ ਤਿਆਰ ਕਰਵਾਇਆ। ਉਪਰੰਤ ਗੁਰੂ ਸਾਹਿਬ ਨੂੰ ਕਿਹਾ ,”ਚੌਂਕੇ ਵਿੱਚ ਚੱਲੋ ਅਤੇ ਭੋਜਨ ਪਾਓ। ” ਕਿਉਂਕਿ ਚੌਂਕਾ ਵੀ ਪੂਰਾ ਸੁੱਚਾ ਕੀਤਾ ਗਿਆ ਸੀ। ਗੁਰੂ ਨਾਨਕ ਬੋਲੇ ,”ਲਾਲੋ ! ਸਾਰੀ ਧਰਤੀ ਹੀ ਚੌਂਕਾ ਹੈ। ਸੱਚ ਵਿੱਚ ਰੱਤਿਆਂ ਸਾਰੀ ਸੁੱਚ ਹੋ ਜਾਂਦੀ ਹੈ। ਤੂੰ ਭੋਜਨ ਇੱਥੇ ਹੀ ਲੈ ਆ।” ਤਦ ਭਾਈ ਲਾਲੋ ਜੀਂ ਕੋਧਰੇ ਦੀ ਰੋਟੀ ਅਤੇ ਸਾਗ ਲੈ ਆਏ। ਜਿਸ ਵਿਚੋਂ ਬਾਬੇ ਨੂੰ ਅਤੇ ਮਰਦਾਨੇ ਨੂੰ ਅੰਮ੍ਰਿਤ ਵਰਗਾ ਸਵਾਦ ਆਇਆ ।ਇਸ ਤਰਾਂ ਗੁਰੂ ਬਾਬੇ ਨੇ ਆਪਣਾ ਸਿਧਾਂਤ ਦ੍ਰਿੜ੍ਹ ਕਰਵਾਇਆ।
ਜਨਮ ਸਾਖੀ ਸਾਹਿਤ ਅਨੁਸਾਰ ਸੈਦਪੁਰ ਦੇ ਸ਼ਾਸ਼ਕ ਜਾਲਿਮ ਖਾਨ ਦਾ ਇੱਕ ਰਿਸ਼ਵਤਖੋਰ ਅਹਿਲਕਾਰ ਮਲਕ ਭਾਗੋ ਵੀ ਰਹਿੰਦਾ ਸੀ। ਜਿਸ ਨੇ ਬੇਈਮਾਨੀ ਕਰ ਕੇ ਕਾਫੀ ਦੌਲਤ ਇਕੱਠੀ ਕੀਤੀ ਹੋਈ ਸੀ ।ਉਸ ਨੇ ਇੱਕ ਵਾਰੀ ਆਪਣੇ ਮਾਪਿਆਂ ਦੇ ਸਰਾਧ ਕਰਨ ਲਈ ਵੱਡਾ ਭੋਜ ਕੀਤਾ ਜਿਸ ਵਿਚ ਸਭ ਨੂੰ ਸੱਦਾ ਭੇਜਿਆ ਗਿਆ। ਗੁਰੂ ਨਾਨਕ ਜੀ ਕੋਲ ਵੀ ਜਦੋਂ ਸੱਦਾ ਆਇਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇੱਥੇ ਭਾਈ ਲਾਲੋ ਕੋਲ ਬਹੁਤ ਖੁਸ਼ ਹਾਂ। ਗੁਰੂ ਸਾਹਿਬ ਜੀ ਦਾ ਤਰਕ ਸੀ ਕਿ ਇਮਾਨਦਾਰੀ ਨਾਲ ਕਿਰਤ ਕਰ ਕੇ ਕਮਾਈ ਹੋਈ ਰੋਟੀ ਖਾਧੀ ਜੈਵ, ਤਾਂ ਭਜਨ ਬੰਦਗੀ ਵਿੱਚ ਮਨ ਟਿਕਦਾ ਹੈ। ਇਲਾਕੇ ਦੇ ਪੰਡਿਤ ਜਿਹੜੇ ਇਸ ਗੱਲ ਤੋਂ ਪਹਿਲਾਂ ਹੀ ਕਾਫੀ ਔਖੇ ਸਨ ਕਿ ਗੁਰੂ ਨਾਨਕ ਜੀ ਨੇ ਕਥਿਤ ਨੀਵੀਂ ਜਾਤ ਵਾਲੇ ਨੂੰ ਮਾਣ ਦਿੱਤਾ ਹੈ, ਉਹਨਾਂ ਨੂੰ ਮੌਕਾ ਮਿਲ ਗਿਆ ਅਤੇ ਉਹਨਾਂ ਨੇ ਮਲਕ ਭਾਗੋ ਕੋਲ ਗੁਰੂ ਨਾਨਕ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਕਿ ਉਸਨੇ ਮਲਕ ਭਾਗੋ ਦਾ ਸੱਦਾ ਠੁਕਰਾ ਕੇ ਉਸਦਾ ਅਪਮਾਨ ਕੀਤਾ ਹੈ ਅਤੇ ਨਾਨਕ ਹੰਕਾਰੀ ਹੈ । ਉਹ ਭਾਰਤੀ ਪਰੰਪਰਾ ਦਾ ਸਤਿਕਾਰ ਨਹੀਂ ਕਰਦਾ ਆਦਿ ਆਦਿ । ਮਲਕ ਭਾਗੋ ਦੀ ਹਉਮੈ ਹੋਰ ਵਧ ਗਈ ਅਤੇ ਉਸਨੇ ਕੁਝ ਅਹਿਲਕਾਰ ਗੁਰੂ ਨਾਨਕ ਨੂੰ ਮੁੜ ਲੈ ਕੇ ਆਉਣ ਲਈ ਭੇਜੇ ਅਤੇ ਕਿਹਾ ਕਿ ਲੋੜ ਪੈਣ ਤੇ ਉਹ ਜਬਰੀ ਉਠਾ ਲਿਆਉਣ। ਗੁਰੂ ਨਾਨਕ ਉਹਨਾਂ ਦੇ ਜੋਰ ਦੇਣ ਤੇ ਨਾਲ ਚੱਲ ਪਏ। ਮਲਕ ਭਾਗੋ ਨੇ ਪੁੱਛਿਆ ਕਿ ਤੁਸੀਂ ਮੇਰਾ ਸੱਦਾ ਸਵੀਕਾਰ ਕਿਉ ਨਹੀ ਕੀਤਾ। ਬਾਬੇ ਨੇ ਕਿਹਾ ਕਿ ਤੇਰੀ ਕਿਰਤ ਇਮਾਨਦਾਰੀ ਦੀ ਨਹੀਂ ਹੈ। ਤੂੰ ਲੋਕਾਂ ਨੂੰ ਲੁੱਟਦਾ ਰਿਹਾ ਹੈਂ। ਤੇਰੇ ਖਾਣੇ ਵਿੱਚ ਉਹਨਾਂ ਕਿਰਤੀਆਂ ਅਤੇ ਮਿਹਨਤਕਸ਼ਾਂ ਦਾ ਖੂਨ ਹੈ। ਭਾਈ ਲਾਲੋ ਦੀ ਇਮਾਨਦਾਰੀ ਅਤੇ ਦਸਾਂ ਨਹੁੰਆਂ ਦੀ ਕੀਤੀ ਕਮਾਈ ਵਾਲੇ ਸਾਦੇ ਖਾਣੇ ਵਿਚੋਂ ਵੀ ਦੁੱਧ ਦੇ ਅੰਮ੍ਰਿਤ ਦਾ ਸੁਆਦ ਆਉਂਦਾ ਹੈ। ਜਨਮ ਸਾਖੀ ਅਨੁਸਾਰ ਗੁਰੂ ਜੀ ਨੇ ਇੱਕ ਹੱਥ ਵਿਚ ਮਲਕ ਭਾਗੋ ਦੀ ਪੂੜੀ ਅਤੇ ਦੂਸਰੇ ਵਿਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਲੈ ਕੇ ਨਿਚੋੜੀ। ਪੂੜੀ ਵਿਚੋਂ ਖੂਨ ਦੀਆਂ ਧਾਰਾਂ ਅਤੇ ਕੋਧਰੇ ਦੀ ਰੋਟੀ ਵਿਚੋਂ ਦੁੱਧ ਦੀਆਂ ਧਾਰਾਂ ਚੋਈਆਂ । ਸਾਖੀ ਦੀ ਇਸ ਕਰਾਮਾਤੀ ਘਟਨਾ ਨੂੰ ਛੱਡ ਵੀ ਦੇਈਏ, ਤਦ ਵੀ ਮਲਕ ਭਾਗੋ ਨੂੰ ਕਿਸੇ ਨੇ ਅੱਜਤੱਕ ਟੋਕਿਆ ਨਹੀਂ ਸੀ। ਐਨੇ ਸਪਸ਼ਟ ਸ਼ਬਦਾਂ ਵਿੱਚ ਇੱਕ ਫਕੀਰ ਦੇ ਮੂੰਹੋਂ ਸੱਚੇ ਬੋਲ ਸੁਣ ਕੇ ਉਸਦਾ ਧੁਰ ਅੰਦਰ ਕੰਬ ਗਿਆ। ਉਸਨੂੰ ਤਾਂ ਪਤਾ ਹੀ ਸੀ ਕਿ ਉਸਦੀ ਆਮਦਨ ਲੋਕਾਂ ਦੀ ਲੁੱਟ ਤੋਂ ਹੀ ਸੀ। ਜਦੋਂ ਗੁਰੂ ਬਾਬੇ ਨੇ ਹੋਰ ਵਿਸਥਾਰ ਵਿੱਚ ਸਮਝਾਇਆ ਕਿ ਇਸ ਤਰਾਂ ਨਾਲ ਉਹ ਕਿੰਨਾ ਵੱਡਾ ਗੁਨਾਹ ਕਰ ਰਿਹਾ ਹੈ। ਕਿੰਨੀਆਂ ਬਦ ਅਸੀਸਾਂ ਲੈ ਰਿਹਾ ਹੈ ,ਤਾਂ ਉਸਨੇ ਗੁਰੂ ਨਾਨਕ ਜੀ ਤੋਂ ਮੁਆਫ਼ੀ ਮੰਗੀ। ਮਲਕ ਭਾਗੋ ਨੂੰ ਤਾਂ ਰਿਸ਼ਵਤ ਵਾਲੇ ਉਸ ਖੂਨ ਦਾ ਪਤਾ ਹੀ ਸੀ । ਇਸ ਤਰਾਂ ਭਾਈ ਲਾਲੋ ਜੀਂ ਦੀ ਸੁੱਚੀ ਕਿਰਤ ਨੂੰ ਮਾਣ ਦਿਵਾਇਆ। ਭਾਈ ਲਾਲੋ ਧੰਨ ਹੋ ਗਿਆ।
ਬਾਬਰ ਦੇ ਹਮਲੇ ਬਾਰੇ ਗੁਰੂ ਨਾਨਕ ਸਾਹਿਬ ਨੇ ਜੋ ਸ਼ਬਦ ਉਚਾਰੇ ਉਹ ਬਾਬਰਬਾਣੀ ਦੇ ਨਾਮ ਨਾਲ ਪ੍ਰਸਿੱਧ ਹਨ। ਗੁਰੂ ਸਾਹਿਬ ਦੇ ਉਹ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਇਹ ਚਾਰ ਸ਼ਬਦ ਇਹ ਹਨ–
* ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ।।……………………………(ਪੰਨਾ ੭੨੨, ਤਿਲੰਗ ਮਹਲਾ ੧)
*ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ।।……………………………………….(ਪੰਨਾ ੩੬੦,ਆਸਾ ਮਹਲਾ ੧)
* ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ।।………………(ਪੰਨਾ ੪੧੭,ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩)
* ਕਹਾ ਸੁ ਖੇਲ ਤਬੋਲਾ ਘੋੜੇ ਕਹਾ ਭੇਰੀ ਸਹਨਾਈ ।।…………………(ਪੰਨਾ ੪੧੭,.ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩)
ਇਹਨਾਂ ਵਿਚੋਂ ਪਹਿਲਾ ਸ਼ਬਦ ਭਾਈ ਲਾਲੋ ਜੀਂ ਨੂੰ ਸਿੱਧਾ ਸੰਬੋਧਨ ਕਰਕੇ ਉਚਾਰਿਆ ਗਿਆ ਹੈ। ਜਦਕਿ ਬਾਕੀ ਦੇ ਇਹ ਸ਼ਬਦ ਵੀ ਇਸੇ ਸਮੇਂ ਦੇ ਉਚਾਰਨ ਕੀਤੇ ਹੋਏ ਹਨ। ਪਹਿਲੇ ਸ਼ਬਦ ਦੇ ਅਰਥ ਦੇਖੀਏ ਤਾਂ ਦੇਖਦੇ ਹਾਂ ਕਿ ਇਸ ਵਿਚ ਗੁਰੂ ਨਾਨਕ ਸਾਹਿਬ ਬਾਬਰ ਨੂੰ ਪਾਪ ਕੀ ਜੰਝ ਲੈ ਕੇ ਆਉਣ ਵਾਲਾ ਆਖ ਰਹੇ ਹਨ। ਜਿਹੜਾ ਧੱਕੇ ਨਾਲ ਇਸ ਮਾਤਰ ਭੂਮੀ ਦੇ ਖਜ਼ਾਨੇ ਦੀ ਮੰਗ ਕਰਦਾ ਹੈ। ਗੁਰੂ ਨਾਨਕ ਭਾਈ ਲਾਲੋ ਨਾਲ ਬਾਬਰ ਦੇ ਜ਼ੁਲਮ ਦੀ ਗੱਲ ਕਰਦੇ ਹਨ ਅਤੇ ਆਖਦੇ ਹਨ ਕਿ ਸੱਚ ਬੋਲਣ ਦੇ ਸਮੇ ਨਾਨਕ ਸੱਚ ਦੇ ਬਚਨ ਸੁਣਾਉਂਦਾ ਹੈ। ਗੁਰੂ ਨਾਨਕ ਜੀਂ ਦੇ ਇਹ ਸ਼ਬਦ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ ਹਨ। ਉਹ ਭਾਈ ਲਾਲੋ ਨੂੰ ਸਾਰੀ ਸਚਾਈ ਦੱਸਦੇ ਹੋਏ ਉਸਦੇ ਰਾਹੀਂ ਆਪਣੇ ਸਿੱਖਾਂ ਨੂੰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਕਰਦੇ ਹਨ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਹੋਰ ਬਿਰਤਾਂਤ ਲਿਖਦੇ ਹਨ ਕਿ ਨਵਾਬ ਦਾ ਬੇਟਾ ਬਿਮਾਰ ਹੋ ਗਿਆ। ਕਿਸੇ ਦੇ ਕਹਿਣ ਤੇ ਸਾਰੇ ਫਕੀਰ ਕੈਦ ਕਰ ਲਏ ਕਿ ਬੱਚੇ ਲਈ ਦੁਆ ਕਰੋ। ਮਲਕ ਭਾਗੋ ਜੋ ਅਜੇ ਧੁਰ ਅੰਦਰੋਂ ਹਉਮੈ ਨਹੀਂ ਸੀ ਛੱਡ ਸਕਿਆ ਅਤੇ ਗੁਰੂ ਨਾਨਕ ਦੇ ਉਸਦੇ ਭੋਜਨ ਨੂੰ ਠੁਕਰਾਉਣ ਵਾਲੀ ਗੱਲ ਅਜੇ ਦਿਲ ਤੋਂ ਪੂਰੀ ਤਰਾਂ ਗਈ ਨਹੀਂ ਸੀ, ਕੁਝ ਕੁਝ ਅਪਮਾਨਿਤ ਹੋਇਆ ਵੀ ਮੰਨਦਾ ਸੀ। ਉਸਨੇ ਨਵਾਬ ਨੂੰ ਗੁਰੂ ਨਾਨਕ ਦੀ ਦੱਸ ਪਾਈ ਕਿ ਉਸਨੂੰ ਵੀ ਕੈਦ ਕਰੋ ਅਤੇ ਦੁਆ ਲਈ ਆਖੋ। ਨਵਾਬ ਨੇ ਕੁਝ ਸਿਪਾਹੀ ਗੁਰੂ ਨਾਨਕ ਨੂੰ ਲਿਆਉਣ ਲਈ ਭੇਜ ਦਿੱਤੇ। ਗੁਰੂ ਜੀ ਬੋਲੇ ਕਿ ਖ਼ੈਰ ਜੋਰ ਨਾਲ ਨਹੀਂ ਮਿਲਦੀ ਹੁੰਦੀ। ਜਿਹਨਾਂ ਫਕੀਰਾਂ ਨੂੰ ਜੋਰ ਨਾਲ ਕੈਦ ਕਰ ਰਿਹਾ ਹੈਂ, ਉਹ ਕਿਵੇਂ ਤੇਰੇ ਪੁੱਤ ਲਈ ਖੈਰ ਮੰਗ ਸਕਦੇ ਹਨ। ਨਵਾਬ ਨੂੰ ਪਤਾ ਲੱਗਿਆ, ਸ਼ਰਮਿੰਦਾ ਹੋਇਆ। ਆਪ ਆਇਆ ਬੇਨਤੀ ਕੀਤੀ ਕਿ ਮਿਹਰ ਕਰੋ। ਬਾਬਾ ਜੀ ਦੇ ਕਹਿਣ ਤੇ ਸਾਰੇ ਫਕੀਰ ਛੱਡੇ। ਫੇਰ ਪੁੱਤਰ ਦੇ ਠੀਕ ਹੋਣ ਦੀ ਬੇਨਤੀ ਕੀਤੀ। ਪਹਿਲਾਂ ਤਾਂ ਬਾਬੇ ਇਹੀ ਕਿਹਾ ਕਿ ਹੁਕਮ ਮੰਨਣਾ ਸਿੱਖ। ਜੋ ਦਾਤੇ ਨੂੰ ਮਨਜ਼ੂਰ ਹੈ, ਉਹ ਹੋਣ ਦੇ। ਪਰ ਨਵਾਬ ਤਰਲੇ ਲੈਣ ਲੱਗਿਆ। ਤਾਂ ਗੁਰੂ ਨਾਨਕ ਨੇ ਭਾਈ ਲਾਲੋ ਦੇ ਘਰੋਂ ਜੂਠਾ ਟੁੱਕਰ ਮੰਗਵਾ ਕੇ ਨਵਾਬ ਦੇ ਪੁੱਤਰ ਨੂੰ ਖਵਾਇਆ ਤੇ ਉਹ ਤੰਦਰੁਸਤ ਹੋਇਆ। ਗੁਰੂ ਜੀ ਨੇ ਸਮਦ੍ਰਿਸ਼ਟੀ, ਖਲਕਤ ਨਾਲ ਪਿਆਰ ਅਤੇ ਇਮਾਨਦਾਰੀ ਦੀ ਕਿਰਤ ਕਰਨ ਦਾ ਉਪਦੇਸ਼ ਦੁਹਰਾਇਆ। ਮਲਕ ਭਾਗੋ ਵੀ ਹੁਣ ਧੁਰ ਅੰਦਰੋਂ ਬਦਲ ਗਿਆ ਅਤੇ ਉਸਨੇ ਗੁਰੂ ਨਾਨਕ ਜੀ ਤੋਂ ਖਿਮਾ ਮੰਗੀ। ਗੁਰੂ ਸਾਹਿਬ ਨੇ ਸਭ ਨੂੰ ਪਰਮਾਤਮਾ ਦਾ ਨਾਮ ਜਪਣ ਅਤੇ ਉਸਦੀ ਲੋਕਾਈ ਨਾਲ ਪਿਆਰ ਕਰਨ ਅਤੇ ਉਹਨਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ।
ਭਾਈ ਲਾਲੋ ਜੀਂ ਉਮਰ ਵਿਚ ਗੁਰੂ ਨਾਨਕ ਜੀ ਤੋਂ ਲੱਗਭੱਗ 17 ਸਾਲ ਵੱਡੇ ਸਨ। ਪਰ ਉਹਨਾਂ ਨੇ ਗੁਰੂ ਨਾਨਕ ਨੂੰ ਧੁਰ ਅੰਦਰੋਂ ਗੁਰੂ ਮੰਨ ਕੇ ਉਹਨਾਂ ਦਾ ਉਪਦੇਸ਼ ਗ੍ਰਹਿਣ ਕੀਤਾ। ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਸਨ, ਸੰਗਤ ਸਥਾਪਿਤ ਕਰ ਦਿੰਦੇ ਸਨ। ਭਾਈ ਲਾਲੋ ਨੂੰ ਉਸ ਇਲਾਕੇ ਦੀ ਸੰਗਤ ਦਾ ਮੁਖੀ ਥਾਪਿਆ ਗਿਆ । ਜਿੱਥੇ ਉਹਨਾਂ ਨੇ ਗੁਰੂ ਨਾਨਕ ਦੇ ਮੂਲ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦਾ ਪ੍ਰਚਾਰ ਕੀਤਾ। ਸਭ ਨੂੰ ਸਮਦ੍ਰਿਸ਼ਟੀ ਸਿਖਾਈ। 1531 ਈਸਵੀ ਵਿੱਚ ਪਿੰਡ ਤਤਲਾ ਵਿਖੇ ਗੁਰੂ ਨਾਨਕ ਦਾ ਕਿਰਤੀ ਸਿੱਖ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਦੇ ਸਿੱਖਾਂ ਨੂੰ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਨੂੰ ਉਹਨਾਂ ਦੇ ਇਮਾਨਦਾਰੀ ਨਾਲ ਕਿਰਤ ਕਰਨ ਤੋਂ ਸੇਧ ਲੈਣੀ ਚਾਹੀਦੀ ਹੈ। ਅਤੇ ਨਾ ਕਿਸੇ ਨੂੰ ਲੁੱਟਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਨੂੰ ਲੁੱਟਣ ਦੇਣਾ ਚਾਹੀਦਾ ਹੈ।

-ਜਸਵਿੰਦਰ ਸਿੰਗ ਰੁਪਾਲ
-9814715796
Share this content:


Post Comment