Loading Now

ਬੁੱਧ ਬਾਣ/ਪਾਣੀ ਪਾਣੀ ਹੋ ਗਈ ਮਿੱਤਰਾ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਪਾਣੀ ਪਾਣੀ ਹੋ ਗਈ ਮਿੱਤਰਾ/ਬੁੱਧ ਸਿੰਘ ਨੀਲੋਂ

ਪੰਜਾਬ ਵਿੱਚ ਬਰਸਾਤ ਲਗਾਤਾਰ ਜਾਰੀ ਹੈ। ਡੈਮਾਂ ਦਾ ਪਾਣੀ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ। ਪੰਜਾਬ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਹਜ਼ਾਰਾਂ ਏਕੜ ਜ਼ਮੀਨ ਪਾਣੀ ਦੇ ਹੇਠਾਂ ਹੈ। ਫਸਲਾਂ, ਪਸ਼ੂਆਂ ਤੇ ਲੋਕਾਂ ਦਾ ਘਰੇਲੂ ਸਾਮਾਨ ਤਬਾਹ ਹੋ ਰਿਹਾ ਹੈ। ਭਾਖੜਾ ਡੈਮ ਤੇ ਪੌਗ ਡੈਮ ਦਾ ਪਾਣੀ ਪੰਜਾਬ ਵਿੱਚ ਤਬਾਹੀ ਮਚਾ ਰਿਹਾ ਹੈ। ਹਰੀਕੇ ਹੈੱਡ ਵਰਕਸ ਤੋਂ ਪਾਣੀ ਰੀਲੀਜ਼ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਚੁੱਪ ਹੈ। ਹੜ੍ਹ ਰੋਕੂ ਪ੍ਰਬੰਧ ਕਰਨ ਵਾਲੇ ਵਿਭਾਗ ਵੀ ਚੁੱਪ ਹਨ। ਹੁਣ ਦਰਿਆਵਾਂ ਦੇ ਪਾਣੀਆਂ ਦੀ ਮੰਗ ਹਰਿਆਣਾ, ਰਾਜਸਥਾਨ ਤੇ ਦਿੱਲੀ ਸਰਕਾਰ ਨਹੀਂ ਕਰਦੀਆਂ। ਪਾਣੀਆਂ ਦੀ ਮਾਰ ਪੰਜਾਬ ਝੱਲ ਰਿਹਾ ਹੈ। ਹੜ੍ਹ ਦੇ ਪਾਣੀਆਂ ਉੱਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਪੰਜਾਬ ਨੂੰ ਉਜਾੜਨ ਲਈ ਇਹ ਨਵੀਂ ਸਾਜ਼ਿਸ਼ ਹੈ।

ਮਨੁੱਖ ਤੇ ਧਰਤੀ ਉੱਤੇ ਪਾਣੀ ਬਰਾਬਰ ਹੈ। ਇਹ ਵਧਿਆ ਤੇ ਘਟਿਆ ਹੋਇਆ ਜਾਨ ਲੇਵਾ ਹੈ। ਪੰਜਾਬ ਤੇ ਦੇਸ਼ ਵਿੱਚ ਪਾਣੀਆਂ ਉਤੇ ਸਿਆਸਤ ਹੋ ਰਹੀ ਹੈ। ਹਰ ਤਰ੍ਹਾਂ ਦਾ ਵਪਾਰੀ ਆਪਣਾ ਸਮਾਨ ਵੇਚਣ ਲਈ ਪਾਣੀ ਦੇ ਫਾਇਦੇ ਤੇ ਨੁਕਸਾਨ ਦੱਸ ਕੇ ਵਪਾਰ ਕਰ ਰਿਹਾ ਹੈ। ਕੋਈ ਵੇਚ ਰਿਹਾ ਹੈ ਤੇ ਕੋਈ ਖ਼ਰੀਦ ਰਿਹਾ ਹੈ। ਮੰਡੀਆਂ ਵਿੱਚ ਫ਼ਸਲਾਂ ਆਉਣ ਤੋਂ ਪਹਿਲਾਂ ਮੰਡੀ ਬੋਰਡ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰਨ ਦੀਆਂ ਖ਼ਬਰਾਂ ਆਉਂਦੀਆਂ ਹਨ। ਹੁਣ ਖ਼ਬਰਾਂ ਆਉਣਗੀਆਂ ਕਿ ਹੜ੍ਹਾਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿਵੇਂ ਉੱਤੇ ਤੋਂ ਚੀਜ਼ ਥੱਲੇ ਆਉਂਦੀ ਹੈ, ਇਵੇਂ ਇਹ ਹੁਕਮ ਆਉਂਦੇ ਹਨ। ਇਹ ਹੁਕਮ ਥੱਲੇ ਕਿਥੇ ਜਾਂਦੇ ਹਨ, ਇਸ ਦੀ ਖੋਜ ਦੱਸਦੀ ਕਿ ਉਹ ਧਰਤੀ ਦੇ ਅੰਦਰ ਪਤਾਲ਼ ਵਿੱਚ ਪੁੱਜ ਕੇ ਤਪੱਸਿਆ ਕਰਨ ਲੱਗਦੇ ਹਨ। ਉਹਨਾਂ ਦੀ ਇਹ ਤਪੱਸਿਆ ਉਹਨਾਂ ਦੇ ਜੀਵਨ ਵਿੱਚ ਕੰਮ ਆਉਂਦੀ ਹੈ। ਉਹਨਾਂ ਨੂੰ ਇਹ ਤਪੱਸਿਆ ਗਿਆਨ ਦੇਂਦੀ ਹੈ ਕਿ ਪੰਜ ਦੇ ਪੰਜ ਲੱਖ ਕਿਵੇਂ ਬਣਾਉਣੇ ਹਨ। ਖ਼ੈਰ ਇਹ ਗਣਿਤ ਦਾ ਮਸਲਾ ਹੈ। ਇਹ ਅਲਜਬਰੇ ਤੇ ਵਿਆਕਰਣ ਵਾਂਗ ਹਰ ਕਿਸੇ ਦੇ ਸਮਝ ਨਹੀਂ ਆਉਂਦਾ।

ਜਿਹਨਾਂ ਨੂੰ ਇਹ ਸਮਝ ਆਉਂਦਾ ਹੈ, ਉਹ ਨਵੇਂ ਨਵੇਂ ਪਲਾਟ ਖਰੀਦਣ ਦੇ ਹਨ। ਉਹਨਾਂ ਦੀਆਂ ਕਾਰਾਂ ਤੇ ਕੋਠੀਆਂ ਸ਼ਹਿਰਾਂ ਤੇ ਵਿਦੇਸ਼ਾਂ ਵਿੱਚ ਹੁੰਦੀਆਂ ਹਨ। ਮਹਾਨਗਰ ਵਿੱਚ ਵਸਦੇ ਲੋਕਾਂ ਦਾ ਤੇ ਪਿੰਡਾਂ ਵਿਚਲੇ ਲੋਕਾਂ ਦਾ ਕੋਈ ਮੇਲ ਨਹੀਂ ਹੈ। ਮਹਾਨਗਰ ਵਿੱਚ ਕੋਈ ਕੁੱਝ ਕਰੇ। ਗੁਆਂਢ ਵਿੱਚ ਪਤਾ ਨਹੀਂ ਲੱਗਦਾ। ਪਿੰਡ ਵਿੱਚ ਕੋਈ ਘਰੇ ਕੁੱਝ ਕਰੇ ਤਾਂ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਕਿਸ ਦੇ ਚੁੱਲ੍ਹੇ ਉੱਤੇ ਕੀ ਰਿੱਝਦਾ ਹੈ। ਪਿੰਡ ਦੀ ਸਿਆਸਤ ਉਪਰਲੀ ਸਿਆਸਤ ਨਾਲੋਂ ਖ਼ਤਰਨਾਕ ਹੁੰਦੀ ਹੈ। ਉਪਰਲੀ ਸਿਆਸਤ ਵਿੱਚ ਕੋਈ ਪੱਕਾ ਮਿੱਤਰ ਤੇ ਦੁਸ਼ਮਣ ਨਹੀਂ ਹੁੰਦਾ। ਸਭ ਮੌਕੇ ਮੁਤਾਬਕ ਗਿਰਗਿਟ ਵਾਂਗੂ ਰੰਗ ਬਦਲਦੇ ਹਨ, ਜਿਵੇਂ ਹੁਣ ਬਦਲ ਰਹੇ ਹਨ। ਲੋਕ ਸਵਾਲ ਕਰਦੇ ਹਨ ਕਿ ਇਹ ਉਦੋਂ ਠੀਕ ਸਨ ? ਇਹ ਤਾਂ ਹਮੇਸ਼ਾ ਹੀ ਠੀਕ ਹੁੰਦੇ ਹਨ, ਲੋਕ ਹੀ ਮਾਨਸਿਕ ਤੌਰ ਬੀਮਾਰ ਹਨ। ਜਿਹੜੇ ਇਹਨਾਂ ਦੀ ਬੋਲੀ ਤੇ ਭਾਸ਼ਾ ਨਹੀਂ ਸਮਝਦੇ। ਇਹਨਾਂ ਦੀ ਹਾਲਾਤ ਪੌਣ ਕੁੱਕੜ ਵਰਗੀ ਹੁੰਦੀ ਹੈ। ਲੋਕ ਲਕੀਰ ਦੇ ਫ਼ਕੀਰ ਹੁੰਦੇ ਹਨ। ਹੁਣ ਲੋਕ ਆਪਸ ਵਿੱਚ ਲੜ ਰਹੇ ਹਨ ਕਿ ਚੋਰ ਕੌਣ ਹੈ ਤੇ ਸਾਧ ਕੌਣ ਹੈ। ਇਹ ਦੋਵੇਂ ਹੀ ਆਮ ਲੋਕਾਂ ਨੂੰ ਭਰਮਾਉਣ ਲਈ ਲੜਾਉਣ ਲਈ ਵਰਤਦੇ ਹਨ। ਲੋਕ ਵਰਤੇ ਜਾਂਦੇ ਹਨ, ਸੁਆਦ ਦੇ ਚੱਕਰ ਵਿੱਚ ਕੁੱਤੀ ਤੇ ਕੁੱਤਾ ਬਾਰਡਰ ਲੰਘ ਜਾਂਦੇ ਹਨ।

ਲਾਲਚ, ਲਾਲਸਾ ਤੇ ਹਰ ਤਰ੍ਹਾਂ ਦੀ ਹਵਸ਼ ਜਦੋਂ ਸਿਰ ਉੱਤੇ ਸਵਾਰ ਹੋ ਜਾਵੇ, ਫੇਰ ਚਿੱਟਾ ਕੀ ਤੇ ਕਾਲਾ ਕੀ ਹੁੰਦਾ ਹੈ ਕੋਈ ਫ਼ਰਕ ਨਹੀਂ ਪੈਂਦਾ। ਕਿਉਂਕਿ ਮਾਇਆ ਆਉਂਦੀ ਹੈ ਤੇ ਰੁਤਬਾ ਵਧਦਾ ਹੈ। ਮਾਇਆ ਜਾਂਦੀ ਤਾਂ ਰੁਤਬਾ ਘੱਟਦਾ ਹੈ। ਇਹ ਸਭ ਮਾਇਆ ਦੀ ਖੇਡ ਹੈ। ਕੋਈ ਖੇਡ ਰਿਹਾ ਹੈ ਤੇ ਕੋਈ ਖਿਡਾ ਰਿਹਾ ਹੈ। ਸਾਰੇ ਧੰਦੇ ਲੱਗੇ ਹੋਏ ਹਨ। ਹੁਣ ਸਿਆਸਤ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਕੋਈ ਡੁੱਬ ਰਿਹਾ ਹੈ, ਕੋਈ ਡੁਬੋਇਆ ਜਾ ਰਿਹਾ ਹੈ। ਕੋਈ ਬੇੜੀ ਲੈ ਕੇ ਡੁੱਬਦੇ ਲੋਕਾਂ ਨੂੰ ਬਚਾਉਣ ਲੱਗਿਆ ਹੋਇਆ ਹੈ। ਕੋਈ ਬੇੜੀ ਵਿੱਚ ਵੱਟੇ ਪਾਉਣ ਲੱਗਿਆ ਹੋਇਆ ਹੈ। ਵਕਤ ਵਕਤ ਖੇਲਾ ਹੈ। ਜਿਸ ਦੀ ਜੇਬ ਭਰੀ ਹੋਈ ਹੈ, ਉਸ ਦੇ ਲਈ ਦੁਨੀਆ ਇੱਕ ਮੇਲਾ ਹੈ। ਪੰਜਾਬ ਦੇ ਵਿੱਚ ਬਹੁਤੇ ਮੇਲ਼ੇ ਮੜੀਆਂ ਮਸਾਣਾਂ ਉਤੇ ਭਰਦੇ ਹਨ। ਮਰਨ ਵਾਲਾ, ਮੜੀਆਂ ਮਸਾਣਾਂ ਵਾਲਾ ਕੌਣ ਹੈ, ਕੋਈ ਪਤਾ ਨਹੀਂ ਕਰਦਾ। ਦੁਕਾਨਦਾਰ ਸਮਾਨ ਲੈ ਕੇ ਦੁਕਾਨਾਂ ਲਗਾਉਂਦੇ ਹਨ। ਮੌਕੇ ਅਨੁਸਾਰ ਉਹ ਸਮਾਨ ਵੇਚਦੇ ਹਨ। ਪੰਜਾਬ ਦੇ ਵਿੱਚ ਬਹੁਗਿਣਤੀ ਪੁੱਤ ਤੇ ਧੀਆਂ ਇਹਨਾਂ ਸਮਾਧਾਂ ਤੇ ਸੁਖਣਾ ਸੁਖ ਕੇ ਹੋਏ ਹਨ। ਤੁਸੀਂ ਇਹ ਅਕਸਰ ਸੁਣਦੇ ਓ, ਇਹ ਤਾਂ ਫਲਾਣੇ ਬਾਬਿਆਂ ਦੀ ਕਿਰਪਾ ਨਾਲ ਹੋਇਆ ਹੈ।

ਬਾਬਿਆਂ ਦੀ ਕਿਰਪਾ ਕਿਵੇਂ ਹੁੰਦੀ ਹੈ। ਉਹ ਤੁਹਾਨੂੰ ਪਤਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ। ਬਾਬਿਆਂ ਦੇ ਅੰਨ੍ਹੇ ਭਗਤਾਂ ਵਲੋਂ ਸਮਾਨ ਵੇਚਿਆ ਜਾਂਦਾ ਹੈ। ਉਹਨਾਂ ਦੀ ਮਹਿਮਾ ਗਾਈ ਜਾਂਦੀ ਹੈ। ਵੱਡੇ ਵੱਡੇ ਗੱਪ ਤੇ ਕਹਾਣੀਆਂ ਪ੍ਰਚਾਰੀਆਂ ਜਾਂਦੀਆਂ ਹਨ। ਅਸੀਂ ਲੋਕ ਕੰਨਾਂ ਦੇ ਕੱਚੇ ਹੁੰਦੇ ਹਾਂ, ਸੁਣੀਂ ਤੇ ਸੁਣਾਈਂ ਗੱਲ ਉਤੇ ਯਕੀਨ ਕਰਦੇ ਹਾਂ। ਹਿਟਲਰ ਨੀਤੀ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲੋ, ਉਹ ਸੱਚ ਬਣ ਜਾਂਦੀ ਹੈ। ਕੀ ਹੋਇਆ ਜੇ ਤੁਹਾਡੇ ਪੰਦਰਾਂ ਲੱਖ ਰੁਪਏ ਖਾਤਿਆਂ ਵਿੱਚ ਨਹੀਂ ਆਏ। ਉਹ ਵੀਹ ਸੌ ਪੰਜਤਾਲੀ ਵਿੱਚ ਜਰੂਰ ਆਉਣਗੇ। ਆਸ ਨੂੰ ਬੂਰ ਲੱਗਦਾ ਹੈ। ਬੀਬੀਆਂ ਦਾ ਚਾਲ਼ੀ ਹਜ਼ਾਰ ਰੁਪਏ ਅਗਲੇ ਦਿਨਾਂ ਵਿੱਚ ਆਉਣ ਵਾਲ਼ਾ ਹੈ। ਕਿਉਂਕਿ ਹੁਣ ਹੜ੍ਹ ਆਉਣ ਵਾਲ਼ਾ ਹੈ। ਇਸ ਭੂਚਾਲ ਨਾਲ ਕੌਣ ਕਿਸ ਨੂੰ ਠਿੱਬੀ ਲਾਉਂਦਾ ਹੈ, ਇਹ ਹੜ੍ਹ ਆਉਣ ਸਮੇਂ ਪਤਾ ਲੱਗੇਗਾ। ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਝੀਲਾਂ ਬਣੀਆਂ ਹੋਈਆਂ ਹਨ। ਹੁਣ ਕੋਈ ਮੁਟਿਆਰ ਇਹ ਨਹੀਂ ਗਾਉਂਦੀ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾਈ ਦੇ ਵੇ ਮਾਹੀਆ। ਪੰਜਾਬ ਵਿੱਚ ਹੋ ਰਹੀ ਬਰਸਾਤ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ।

ਹੁਣ ਕੌਣ ਦੱਸੇਗਾ ਕਿ ਪਾਣੀਆਂ ਦਾ ਮਸਲਾ ਕੀ ਹੈ, ਜਿਸ ਉੱਤੇ ਸਿਆਸਤ ਰੋਟੀਆਂ ਸੇ ਰਹੀ ਹੈ। ਅਗਲੇ ਦਿਨਾਂ ਵਿੱਚ ਕੀ ਹਨੇਰੀ ਆਉਂਦੀ ਹੈ, ਦੇਖਦੇ ਰਹੋ, ਬਦਲਾਅ ਵਾਲੀ ਫ਼ਿਲਮ। ਹੁਣ ਫ਼ਿਲਮ ਤੋਂ ਗੱਲ ਚੇਤੇ ਆਉਂਦੀ ਹੈ ਕਿ ਆਮ ਫ਼ਿਲਮ ਦਾ ਕੀ ਚੱਕਰ ਹੈ? ਧੋਤੀਆਂ ਵਾਲਿਆਂ ਨੂੰ ਪੱਗ ਦਾਹੜੀ ਵਾਲੇ ਕਿਉਂ ਨਹੀਂ ਚਾਹੁੰਦੇ? ਉਹਨਾਂ ਨੂੰ ਇਤਿਹਾਸ ਕਿਉਂ ਭੁੱਲ ਗਿਆ ਹੈ, ਜਾਂ ਉਹਨਾਂ ਨੂੰ ਕਿਸੇ ਨੇ ਉਹ ਇਤਿਹਾਸ ਪੜ੍ਹਾਇਆ ਨਹੀਂ, ਜਿਸਨੂੰ ਇਹ ਸਿੱਖਾਂ ਦੇ ਬਾਰਾਂ ਵੱਜ ਗਏ, ਵਾਲੇ ਅਸਲੀ ਸੱਚ ਨੂੰ। ਇਹਨਾਂ ਨੂੰ ਸੱਚ ਨਾਲ ਨਫ਼ਰਤ ਹੈ। ਝੂਠ ਤੇ ਗੋਬਰ ਨਾਲ ਪਿਆਰ ਹੈ। ਇਸੇ ਕਰਕੇ ਇਹ ਨਵੇਂ ਨਵੇਂ ਢੰਗ ਤਰੀਕੇ ਵਰਤਦੇ ਹਨ। ਅਸੀਂ ਵਰਤੇ ਜਾਂਦੇ ਹਾਂ ਕਿਉਂਕਿ ਸਾਡੇ ਵਿੱਚ ਬਹੁਤ ਲਹਿਣਾ ਸਿੰਘ ਵਰਗੇ ਹਨ, ਜਿਹੜੇ ਸਾਜ਼ਿਸ਼ ਕਰਨ ਲਈ ਮੌਕਾ ਵੇਖਦੇ ਹਨ। ਜਦੋਂ ਕੋਈ ਮੌਕਾ ਮਿਲਿਆ ਉਹ ਮਾਰੂਥਲ ਵਿੱਚ ਵੀ ਹੜ੍ਹ ਲਿਆ ਸਕਦੇ ਹਨ। ਪਾਣੀ ਬਿਨਾਂ ਜੀਵਨ ਨਹੀਂ। ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। ਅਸੀਂ ਤਾਂ ਗਾਈ ਜਾ ਰਹੇ ਹਾਂ, ਉਹਨਾਂ ਦੇ ਗੀਤ ਜਿਹੜੇ ਦਰਬਾਰੀ ਹਨ। ਉਹਨਾਂ ਦਾ ਕੰਮ ਹੈ ਵਪਾਰ ਕਰਨਾ। ਵਪਾਰ ਕੇਵਲ ਫਸਲਾਂ ਦਾ ਨਹੀਂ ਹੁੰਦਾ, ਨਸਲਾਂ ਦਾ ਵੀ ਹੁੰਦਾ ਹੈ। ਤੁਸੀਂ ਤੀਜਾ ਨੇਤਰ ਖੋਲ੍ਹ ਕੇ ਦੇਖਿਓ, ਸਭ ਕੁੱਝ ਨਜ਼ਰ ਆ ਜਾਵੇਗਾ ਕਿ ਪਾਣੀ ਕਿਥੇ ਚੜ੍ਹਿਆ ਹੋਇਆ ਹੈ ਤੇ ਕਿਧਰ ਉਤਰ ਗਿਆ ਹੈ। ਇਸੇ ਕਰਕੇ ਕਹਿੰਦੇ ਹਨ ਕਿ ਪਾਣੀ ਬਚਾਉਂਦਾ ਵੀ ਹੈ ਤੇ ਇਹ ਡੋਬਦਾ ਵੀ ਹੈ। ਪਾਣੀ ਦੀ ਤਾਕਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਾਣੀਆਂ ਨੂੰ ਅੱਗ ਲੱਗ ਗਈ ਜੱਟੀ ਨ੍ਹਾ ਕੇ ਛੱਪੜ ਵਿਚੋਂ ਨਿਕਲੀ!

ਤੁਸੀਂ ਵੀ ਨ੍ਹਾ ਧੋ ਲਵੋ।
-ਬੁੱਧ ਸਿੰਘ ਨੀਲੋਂ
-946434370823

Share this content:

Post Comment