ਹਮਦਰਦੀ ਮਿਲਣ ਦੀ ਤਾਂਘ ਰੱਖਣ ਵਾਲੇ ਲੋਕਾਂ ਨੂੰ ਸੁਨੇਹਾ
ਹਰ ਮਨੁੱਖ ਦੀਆਂ ਵੱਖ ਵੱਖ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਨੂੰ ਚੰਗੀਆਂ ਗਿਣਿਆ ਜਾਂਦਾ ਹੈ ਤੇ ਕੁਝ ਕੁ ਨੂੰ ਮਾੜਾ। ਸਾਡੀਆਂ ਜੋ ਆਦਤਾਂ ਬਣ ਜਾਂਦੀਆਂ ਹਨ ਜਾਂ ਅਸੀਂ ਬਣਾ ਲੈਂਦੇ ਹਾਂ, ਲਗਪਗ ਸਾਰੀ ਉਮਰ ਹੀ ਉਹ ਸਾਡੇ ਨਾਲ ਨਿਭਦੀਆਂ ਹਨ। ਅੱਜ-ਕੱਲ੍ਹ ਸਮਾਜਿਕ ਵਰਤਾਰੇ ਵਿਚ ਇਕ ਗੱਲ ਜੋ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਹਮਦਰਦੀ ਲੈਣ ਦੀ ਭਾਲ ਕਰਦੇ ਰਹਿਣਾ। ਪੰਜਾਬ ਵਿਚ ਅਨੇਕ ਐੱਨਜੀਓ ਚੱਲ ਰਹੀਆਂ ਹਨ ਜੋ ਵੱਖ-ਵੱਖ ਲੋੜਵੰਦਾਂ ਦੀਆਂ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦੀਆਂ ਹਨ। ਕੁਝ ਬਿਰਧ ਆਸ਼ਰਮ ਚਲਾਉਂਦੀਆਂ ਹਨ, ਕੁਝ ਦਵਾਈਆਂ ਆਦਿ ਵੰਡ ਕੇ, ਕੁਝ ਸਮਾਜ ਤੋਂ ਠੁਕਰਾਏ ਹੋਏ ਲੋਕਾਂ ਦੀ ਸਾਂਭ-ਸੰਭਾਲ ਕਰ ਕੇ ਆਪੋ-ਆਪਣਾ ਯੋਗਦਾਨ ਦੇ ਰਹੀਆਂ ਹਨ। ਅਜੋਕਾ ਯੁੱਗ ਸੋਸ਼ਲ ਮੀਡੀਏ ਦਾ ਹੈ। ਹਰ ਛੋਟੀ ਤੋਂ ਛੋਟੀ ਗੱਲ ਨੂੰ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦੱਸਿਆ ਜਾਂਦਾ ਹੈ। ਇੱਥੋਂ ਤੱਕ ਕਿ ਕੁਝ ਲੋਕ ਤਾਂ ਪਰਿਵਾਰਕ ਲੜਾਈਆਂ ਵੀ ਸਭ ਨੂੰ ਦੱਸ ਰਹੇ ਹੁੰਦੇ ਹਨ। ਕੁਝ ਖਾਣ, ਪੀਣ ਤੇ ਪਹਿਨਣ ਤੋਂ ਲੈ ਕੇ ਹਰ ਨਿੱਕੀ-ਨਿੱਕੀ ਗੱਲ ਸਮਾਜ ਨਾਲ ਸਾਂਝੀ ਕਰਦੇ ਰਹਿੰਦੇ ਹਨ। ਆਏ ਦਿਨ ਕੁਝ ਲੋਕ ਸਮਾਜ ਸੇਵੀਆਂ ਦੇ ਹੱਕ ਵਿਚ ਹੁੰਦੇ ਹਨ ਤੇ ਕੁਝ ਉਨ੍ਹਾਂ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਾਰੇ ਚਾਨਣਾ ਪਾ ਰਹੇ ਹੁੰਦੇ ਹਨ। ਜਿਸ ਵਿਚ ਉਨ੍ਹਾਂ ਵੱਲੋਂ ਪ੍ਰਾਪਤ ਫੰਡਾਂ ਦੇ ਘੁਟਾਲੇ ਬਾਰੇ ਦੱਸਿਆ ਜਾ ਰਿਹਾ ਹੁੰਦਾ ਹੈ।
ਖ਼ੈਰ! ਇਹ ਇਕ ਵੱਖਰਾ ਵਿਸ਼ਾ ਹੈ ਪਰ ਜੋ ਮੁੱਖ ਗੱਲ ਸਮਾਜ ਵਿਚ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਲੋਕਾਂ ਵਿਚ ਆਪਣੇ ਰੋਣੇ-ਧੋਣੇ ਰੋ ਕੇ ਜਾਂ ਦੁੱਖ ਦੱਸ ਕੇ ਹਮਦਰਦੀ ਲੈਣ ਦੀ ਭਾਵਨਾ ਬਹੁਤ ਪ੍ਰਬਲ ਹੈ। ਕੁਝ ਤਾਂ ਸੱਚਮੁੱਚ ਲੋੜਵੰਦ ਹੁੰਦੇ ਹਨ ਪਰ ਕੁਝ ਕਿਰਤ ਵਿਹੂਣੇ ਲੋਕ ਜਿਨ੍ਹਾਂ ਦਾ ਕੰਮ ਕਰਨ ਲਈ ਮਨ ਹੀ ਨਹੀਂ ਕਰਦਾ, ਆਪਣੀ ਗ਼ਰੀਬੀ ਤੇ ਲੋੜਾਂ ਪੂਰੀਆਂ ਨਾ ਹੋਣ ਦੇ ਦੋਸ਼ ਦੂਜਿਆਂ ਜਾਂ ਰੱਬ ਦੇ ਸਿਰ ਮੜ੍ਹ ਕੇ ਹਮਦਰਦੀ ਦੀ ਝਾਕ ਵਿਚ ਬੈਠੇ ਰਹਿੰਦੇ ਹਨ। ਉਹ ਹਮੇਸ਼ਾ ਇਹੀ ਦੱਸਦੇ ਰਹਿੰਦੇ ਹਨ ਕਿ ਉਹ ਆਪਣੀ ਗ਼ਰੀਬੀ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਰੱਬ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਜੇ ਉਹ ਇੰਜ ਕਰ ਲੈਂਦੇ ਤਾਂ ਇੰਜ ਹੋ ਜਾਂਦਾ, ਜੇ ਇੰਜ ਹੁੰਦਾ ਤਾਂ ਉਹ ਇਹ ਕਰ ਲੈਂਦੇ, ਉਹ ਕਰ ਲੈਂਦੇ। ਪਰ ਸੱਚ ਇਹ ਹੈ ਕਿ ਕੁਦਰਤ ਹਰ ਮਨੁੱਖ ਨੂੰ ਮੌਕਾ ਦਿੰਦੀ ਹੈ। ਹਾਲਾਤ ਸਭ ਦੇ ਇੱਕੋ ਜਿਹੇ ਹੁੰਦੇ ਹਨ। ਕੁਝ ਨਿਰੰਤਰ ਸੰਘਰਸ਼ ਕਰਦੇ ਰਹਿੰਦੇ ਹਨ ਤੇ ਕੁਝ ਸ਼ਿਕਾਇਤਾਂ ਦੀ ਪੰਡ ਸਿਰ ’ਤੇ ਚੁੱਕ ਕੇ ਦੁਨੀਆ ਸਾਹਮਣੇ ਨਿਮਾਣੇ ਬਣਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ।
ਇਹ ਲੋਕ ਕੁਦਰਤ ਵੱਲੋਂ ਦਿੱਤੇ ਅਨੇਕ ਮੌਕੇ ਗੁਆ ਕੇ ਦੂਜਿਆਂ ਨੂੰ ਕੋਸਦੇ ਰਹਿੰਦੇ ਹਨ। ਇਹ ਆਪਣੇ-ਆਪ ਨੂੰ ਦੁਖੀ ਹੋਣ ਦਾ ਢਿੰਡੋਰਾ ਪਿੱਟ-ਪਿੱਟ ਕੇ ਹਮਦਰਦੀ ਬਟੋਰਨ ਦੀ ਆਸ ਵਿਚ ਰਹਿੰਦੇ ਹਨ। ਜਦਕਿ ਅਸਲ ਲੋੜਵੰਦ ਵਿਚਾਰੇ ਕਿਤੇ ਪਿੱਛੇ ਸਬਰ ਕਰ ਕੇ ਬੈਠੇ ਰਹਿੰਦੇ ਹਨ। ਅਨੇਕ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੇਕਿਆਂ, ਸਹੁਰਿਆਂ ਤੋਂ ਕੋਈ ਸਹਿਯੋਗ ਨਹੀਂ ਮਿਲਿਆ ਹੁੰਦਾ। ਉਹ ਆਪਣੀ ਮਿਹਨਤ ਨਾਲ ਆਪਣੇ ਬੱਚੇ ਪੜ੍ਹਾ-ਲਿਖਾ ਕੇ ਚੰਗਾ ਗੁਜ਼ਰ-ਬਸਰ ਕਰ ਰਹੀਆਂ ਹਨ। ਕੁਝ ਸਭ ਸੁੱਖ-ਸਹੂਲਤਾਂ ਮਿਲਣ ਦੇ ਬਾਵਜੂਦ ਕੁਝ ਨਹੀਂ ਕਰਦੀਆਂ। ਇਵੇਂ ਹੀ ਮਰਦ ਹਨ। ਕੁਝ ਤਾਂ ਰੀਸੋ-ਰੀਸ ਅੱਗੇ ਵਧਦੇ ਰਹਿੰਦੇ ਹਨ ਤੇ ਕੁਝ ਦਾ ਰੋਣਾ ਸਾਰੀ ਉਮਰ ਇਹੀ ਰਹਿੰਦਾ ਹੈ ਕਿ ਲੋਕ ਸਾਡੇ ਨਾਲ ਹਮਦਰਦੀ ਕਰਦੇ ਰਹਿਣ, ਸਾਨੂੰ ਤਰਸ ਦੀਆਂ ਭਾਵਨਾਵਾਂ ਨਾਲ ਵੇਖਣ ਕਿ ਸਾਡੇ ਨਾਲ ਕੋਈ ਅਨਿਆਂ ਹੋ ਗਿਆ ਹੈ। ਇਹੀ ਗੱਲ ਉਹ ਆਪਣੇ ਬੱਚਿਆਂ ਦੇ ਦਿਮਾਗ ਵਿਚ ਵੀ ਪਾਉਂਦੇ ਰਹਿੰਦੇ ਹਨ। ਨਤੀਜੇ ਵਜੋਂ ਬੱਚੇ ਵੀ ਹਮਦਰਦੀ ਦੀ ਆਸ ਵਿਚ ਬੈਠੇ ਰਹਿੰਦੇ ਹਨ।
ਉਹ ਵੀ ਅਗਾਂਹ ਤੁਰਨ ਲਈ ਆਸਰੇ ਭਾਲਦੇ ਰਹਿੰਦੇ ਹਨ। ਹਮਦਰਦੀ ਲੈਣ ਦੀ ਆਦਤ ਜਿਸ ਦੀ ਬਣ ਜਾਵੇ ਜਾਂ ਜਿਸ ਨੂੰ ਵਿਚਾਰਾ ਬਣ ਕੇ ਸਮਾਜ ’ਚ ਵਿਚਰਨਾ ਚੰਗਾ ਲੱਗਦਾ ਹੋਵੇ, ਉਹ ਕਦੇ ਵੀ ਅਗਾਂਹਵਧੂ ਨਹੀਂ ਹੋ ਸਕਦਾ। ਸਾਡੇ ਨਾਲੋਂ ਹੇਠਲੇ ਦਰਜੇ ’ਤੇ ਰਹਿ ਰਹੇ ਲੋਕ ਵੀ ਸੰਘਰਸ਼ ਕਰ ਰਹੇ ਹਨ ਤੇ ਸਾਨੂੰ ਵੀ ਕਰਨਾ ਚਾਹੀਦਾ ਹੈ। ਘਰ ਦੇ ਅੰਦਰ ਵੜ ਕੇ ਬੈਠੇ ਰਹਿਣਾ ਤੇ ਕੋਈ ਕੰਮ ਨਾ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਕਿਸੇ ਵੀ ਮਨੁੱਖ ਦੀ ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾਂ ਨਹੀਂ ਹੈ। ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਤਾਂ ਕਈ ਅਜਿਹੇ ਲੋਕ ਵੀ ਸਾਹਮਣੇ ਆਏ ਸਨ ਜੋ ਸਾਧਨਾਂ ਪੱਖੋਂ ਗ਼ਰੀਬ ਪਰ ਸਬਰ-ਸਿਦਕ ਤੇ ਰੱਬ ਦੀ ਰਜ਼ਾ ’ਚ ਰਹਿਣ ਵਾਲੇ ਸਨ। ਕੁਝ ਨੀਤੋਂ ਭੁੱਖੇ ਸਭ ਕੁਝ ਇਕੱਠਾ ਕਰਨ ’ਚ ਲੱਗੇ ਹੋਏ ਸਨ। ਕੋਰੋਨਾ ਕਾਲ ਦੌਰਾਨ ਵੀ ਇਵੇਂ ਹੀ ਹੋਇਆ ਸੀ। ਚੜ੍ਹਦੀ ਕਲਾ ’ਚ ਰਹਿਣ ਵਾਲੇ ਲੋਕਾਂ ਨੇ ਸਬਰ ਤੇ ਹਿੰਮਤ ਨਾਲ ਜ਼ਿੰਦਗੀ ਦੇ ਪੰਧ ਨੂੰ ਮੁਕਾਇਆ ਹੈ, ਕਿਸੇ ਤੋਂ ਹਮਦਰਦੀ ਨਹੀਂ ਮੰਗੀ। ਅਜਿਹੇ ਲੋਕ ਦੁਨੀਆ ਲਈ ਚਾਨਣਮੁਨਾਰਾ ਬਣੇ ਹਨ। ਕਿਸੇ ਦੁਖੀ ਨਾਲ ਹਮਦਰਦੀ ਕਰਨਾ ਮਨੁੱਖੀ ਸੁਭਾਅ ਹੈ ਪਰ ਖ਼ੁਦ ਨੂੰ ਹਮਦਰਦੀ ਦਾ ਪਾਤਰ ਹੀ ਬਣਾ ਲੈਣਾ ਚੰਗੀ ਗੱਲ ਨਹੀਂ।
Share this content:



Post Comment