Loading Now

ਮੈਡੀਕਲ ਕਾਲਜ ‘ਚ ਦਾਖਲੇ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ, ਵਧਣਗੀਆਂ 8 ਹਜ਼ਾਰ ਸੀਟਾਂ

ਮੈਡੀਕਲ ਕਾਲਜ ‘ਚ ਦਾਖਲੇ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ, ਵਧਣਗੀਆਂ 8 ਹਜ਼ਾਰ ਸੀਟਾਂ

ਨਵੀਂ ਦਿੱਲੀ, 21 ਅਗਸਤ – ਮੈਡੀਕਲ ਕੋਰਸਾਂ ’ਚ ਦਾਖ਼ਲੇ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਖ਼ੁਸ਼ਖ਼ਬਰੀ ਹੈ। ਇਸ ਵਿੱਦਿਅਕ ਸੈਸ਼ਨ ਤੋਂ ਦੇਸ਼ ’ਚ ਮੈਡੀਕਲ ਕੋਰਸਾਂ ਦੀਆਂ ਅੱਠ ਹਜ਼ਾਰ ਸੀਟਾਂ ਵਧਾਏ ਜਾਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਮੈਡੀਕਲ ਕਾਲਜਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਨੀਟ-ਯੂਜੀ ਲਈ ਕੌਂਸਲਿੰਗ ਸ਼ੁਰੂ ਹੋ ਚੁੱਕੀ ਹੈ ਤੇ ਪਹਿਲਾ ਦੌਰ ਪੂਰਾ ਹੋ ਚੁੱਕਾ ਹੈ। ਕੌਂਸਲਿੰਗ ਦਾ ਦੂਜਾ ਦੌਰ 25 ਅਗਸਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਇਸ ਸਾਲ ਜੁਲਾਈ ’ਚ ਸੀਬੀਆਈ ਵੱਲੋਂ ਕੇਂਦਰੀ ਸਿਹਤ ਮੰਤਰਾਲੇ, ਐੱਨਐੱਮਸੀ ਦੇ ਅਧਿਕਾਰੀਆਂ, ਵਿਚੌਲੀਆਂ ਤੇ ਨਿੱਜੀ ਮੈਡੀਕਲ ਕਾਲਜਾਂ ਦੇ ਨੁਮਾਇੰਦਿਆਂ ਦੇ ਇਕ ਨੈੱਟਵਰਕ ਦਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਸ ਵਿੱਦਿਅਕ ਸ਼ੈਸ਼ਨ ’ਚ ਮੈਡੀਕਲ ਸੀਟਾਂ ਦੀ ਗਿਣਤੀ ’ਚ ਕਮੀ ਆਵੇਗੀ। ਇਹ ਅਧਿਕਾਰੀ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਤੇ ਮੈਡੀਕਲ ਕਾਲਜਾਂ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰੀ ਢਾਂਚੇ ’ਚ ਨਾਜਾਇਜ਼ ਤਰੀਕੇ ਨਾਲ ਹੇਰਾਫੇਰੀ ਸਮੇਤ ਕਈ ਗੰਭੀਰ ਹਰਕਤਾਂ ’ਚ ਸ਼ਾਮਲ ਸਨ। ਜਦੋਂ ਸੀਬੀਆਈ ਜਾਂਚ ਸ਼ੁਰੂ ਹੋਈ ਤਾਂ ਐੱਨਐੱਮਸੀ ਨੇ ਸੀਟਾਂ ਦੀ ਗਿਣਤੀ ਵਧਾਉਣ ਜਾਂ ਨਵੇਂ ਕੋਰਸ ਸ਼ੁਰੂ ਕਰਨ ਦੀ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਸੀ।

ਰਾਸ਼ਟਰੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਮੁਖੀ ਅਭਿਜੀਤ ਸੇਠ ਨੇ ਕਿਹਾ ਕਿ ਇਸ ਵਿੱਦਿਅਕ ਸੈਸ਼ਨ ਤੋਂ ਮੈਡੀਕਲ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ’ਚ ਲਗਪਗ ਅੱਠ ਹਜ਼ਾਰ ਸੀਟਾਂ ਵਧਾਏ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੇਰੀ ਨਿਯੁਕਤੀ ਦੇ ਨਾਲ ਹੀ ਮੈਡੀਕਲ ਅਸੈਸਮੈਂਟ ਐਂਡ ਰੇਟਿੰਗ ਬੋਰਡ (ਐੱਮਏਆਰਬੀ) ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਹੈ। ਅਸੀਂ ਤਰਜੀਹ ਦੇ ਆਧਾਰ ’ਤੇ ਗ੍ਰੈਜੂਏਟ ਕੋਰਸਾਂ ਦੀਆਂ ਮੈਡੀਕਲ ਸੀਟਾਂ ਦਾ ਨਿਰੀਖਣ ਪੂਰਾ ਕਰ ਲਿਆ ਹੈ ਤੇ ਮੁਲਾਂਕਣ ਦਾ ਕੰਮ ਪ੍ਰਗਤੀ ’ਤੇ ਹੈ। ਇਸ ਵਿੱਦਿਅਕ ਸਾਲ ’ਚ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਦੇ ਆਧਾਰ ’ਤੇ ਸਾਨੂੰ ਲਗਪਗ ਅੱਠ ਹਜ਼ਾਰ ਸੀਟਾਂ (ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਸੀਟਾਂ ਨੂੰ ਮਿਲਾ ਕੇ) ਦੇ ਵਾਧੇ ਦੀ ਉਮੀਦ ਹੈ। ਡਾ. ਸੇਠ ਨੇ ਕਿਹਾ ਕਿ ਸੀਬੀਆਈ ਜਾਂਚ ਕਾਰਨ ਗ੍ਰੈਜੂਏਟ ਸੀਟਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਹਾਲਾਂਕਿ ਨਿਰੀਖਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੀਟਾਂ ਦੀ ਗਿਣਤੀ ਵੱਧ ਜਾਵੇਗੀ।

Share this content:

Post Comment