ਰੋਗੁ ਦਾਰੂ ਦੋਵੈ ਬੁਝੈ
ਸਿਹਤ ਅਤੇ ਬਿਮਾਰੀ ਦੇ ਪੱਖ ਤੋਂ ਜਦੋਂ ਅਸੀਂ ਆਪਣੇ ਆਲੇ-ਦੁਆਲੇ ਵੱਲ ਨਜ਼ਰ ਮਾਰਦੇ ਹਾਂ ਤਾਂ ਲਗਦਾ ਹੈ ਜਿਵੇਂ ਹਰ ਘਰ ਬਿਮਾਰ ਹੈ। ਮਤਲਬ ਕਿ ਭਾਵੇਂ ਘਰ ਦੇ ਸਾਰੇ ਜੀਅ ਬਿਮਾਰ ਨਾ ਵੀ ਹੋਣ, ਇੱਕ ਦੋ ਅਜਿਹੇ ਮੈਂਬਰ ਹੋਣਗੇ ਜੋ ਦਵਾਈਆਂ ਨਾਲ ਆਪਣਾ ਜੀਵਨ ਲੰਘਾ ਰਹੇ ਹਨ ਜਾਂ ਕੋਈ ਥੋੜੀ-ਬਹੁਤ ਦਵਾਈ ਰੋਜ਼ਾਨਾ ਖਾ ਹੀ ਰਿਹਾ ਹੈ। ਇਸ ਗੱਲ ਦੀ ਪੁਸ਼ਟੀ, ਇਸ ਤੱਥ ਤੋਂ ਹੋ ਸਕਦੀ ਹੈ ਕਿ ਹਰ ਗਲੀ-ਬਾਜ਼ਾਰ ਵਿੱਚ ਦਵਾਈਆਂ ਦੀ ਦੁਕਾਨ ਹੈ ਤੇ ਉਨਾਂ ਤੇ ਵੀ ਪੂਰੀ ਤਰਾਂ ਭੀੜ ਹੈ, ਜਿਵੇਂ ਰਾਸ਼ਨ ਦੀਆਂ ਦੁਕਾਨਾਂ ਤੇ ਹੁੰਦੀ ਹੈ। ਇੱਕ ਸਰਵੇਖਣ ਮੁਤਾਬਕ ਪਿੰਡਾਂ ਵਿੱਚ, ਛੋਟੇ ਤੋਂ ਛੋਟੇ, ਚਾਰ ਤੋਂ ਪੰਜ ਕੈਮਸਿਟ ਬੈਠੇ ਹਨ। ਭਾਵੇਂ ਕਿ ਇਸ ਦਾ ਇੱਕ ਪੱਖ ਇਹ ਵੀ ਹੈ ਕਿ ਉਹ ਕੈਮਸਿਟ ਦੀ ਦੁਕਾਨ ਦੀ ਆੜ ਵਿੱਚ ਕਿਹੜਾ ਧੰਦਾ ਕਰ ਰਹੇ ਹਨ।
ਸਵਾਲ ਹੈ ਕਿ ਅਜੋਕੇ ਸਮੇਂ ਵਿੱਚ ‘ਬਿਮਾਰੀ ਦੀ ਸਰਦਾਰੀ’ ਕਿਉਂ ਹੈ? ਕਈ ਪੁਰਾਣੇ ਲੋਕ, ਚਾਲੀ-ਪੰਜਾਹ ਸਾਲ ਪਹਿਲੋਂ ਦੇ ਸਮੇਂ ਵਿੱਚ ਵਿਚਰੇ ਕਹਿੰਦੇ ਮਿਲ ਜਾਣਗੇ ਕਿ ਪਹਿਲਾਂ ਇੰਨੀਆਂ ਬਿਮਾਰੀਆਂ ਨਹੀਂ ਸੀ ਹੁੰਦੀਆਂ। ਮਤਲਬ ਇਹ ਸਿੱਟਾ ਕੱਢਿਆ ਜਾਵੇ ਕਿ ਬਿਮਾਰੀਆਂ ਵੱਧ ਗਈਆਂ ਹਨ ਤੇ ਨਾਲ ਇਹ ਵੀ ਕਿ ਬਿਮਾਰੀਆਂ ਪੈਦਾ ਹੋ ਗਈਆ ਹਨ। ਜੇਕਰ ਇਹ ਸੱਚ ਹੈ ਤਾਂ ਬਿਮਾਰੀਆਂ ਪੈਦਾ ਹੋਣ ਪਿੱਛੇ ਵੀ ਤਾਂ ਕੋਈ ਕਾਰਨ ਹੋਵੇਗਾ? ਉਹ ਕੀ ਤਬਦੀਲੀ ਹੈ, ਜਦੋਂ ਕਿ ਅਸੀਂ ਵਿਗਿਆਨਕ ਸਮਝ ਤਹਿਤ ਸਾਫ਼ ਪਾਣੀ, ਸਾਫ਼-ਸਫ਼ਾਈ, ਸਿਹਤ ਪ੍ਰਤੀ ਸੁਚੇਤਤਾ ਆਦਿ ਅਨੇਕਾਂ ਅਜਿਹੇ ਉਪਰਾਲਿਆਂ ਨੂੰ ਸਲਾਹੁੰਦੇ ਹਾਂ ਤੇ ਉਨਾਂ ਦੇ ਸਿਰ ਸਿਹਰਾ ਬੰਨਦੇ ਹਾਂ। ਔਸਤਨ ਉਮਰ ਵਿੱਚ ਵਾਧੇ ਨੂੰ ਲੈ ਕੇ ਵੀ ਇਹੀ ਗੱਲ ਹੁੰਦੀ ਹੈ ਕਿ ਸਿਹਤ ਪ੍ਰਤੀ ਕਾਫ਼ੀ ਖੋਜ ਹੋਈ ਹੈ ਤੇ ਬਿਮਾਰੀਆਂ ਦੇ ਕਾਰਗਰ ਇਲਾਜ ਸੰਭਵ ਹੋਏ ਹਨ।
ਸਿਹਤ ਦਾ ਦਿ੍ਰਸ਼ ਬਦਲਿਆ ਹੈ, ਬਿਲਕੁੱਲ ਸਹੀ ਹੈ, ਪਰ ਬਿਮਾਰੀਆਂ ਵੀ ਵਧੀਆ ਹਨ, ਇਹ ਵੀ ਸੱਚ ਹੈ।
ਸਿਹਤ ਅਤੇ ਬਿਮਾਰੀ ਦੇ ਦਿ੍ਰਸ਼ ਨੂੰ ਸਮਝਣ ਲਈ ਕੁੱਝ ਪਿੱਛੇ ਵੱਲ ਝਾਤ ਮਾਰਾਂਗੇ ਤਾਂ ਮਨੁੱਖ ਸਭ ਤੋਂ ਪਹਿਲਾਂ ਮੌਤ ਪ੍ਰਤੀ ਸੁਚੇਤ ਹੋਇਆ, ਜਦੋਂ ਉਸਨੇ ਦੇਖਿਆ, ਇੱਕ ਚੰਗਾ-ਭਲਾ ਤੁਰਦਾ-ਫਿਰਦਾ ਵਿਅਕਤੀ, ਇਕੋਦਮ ਬੇਹਰਕਤ ਹੋ ਜਾਂਦਾ ਹੈ। ਦੂਸਰੇ ਪੜਾਅ ਦੌਰਾਨ ਮਨੁੱਖ ਨੇ ਮਹਿਸੂਸ ਕੀਤਾ ਕਿ ਮੌਤ ਤੋਂ ਪਹਿਲਾਂ ਜਾਂ ਵੈਸੇ ਵੀ ਵਿਅਕਤੀ ਕੱਝ ਢਿੱਲਾ ਜਿਹਾ ਮਹਿਸੂਸ ਕਰਦਾ ਹੈ। ਉਹ ਕੁੱਝ ਦਿਨ ਇਸ ਹਾਲਤ ਵਿੱਚ ਰਹਿ ਕੇ ਵੀ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਆਪਣੀ ਸਹਿਜ ਅਵਸਥਾ ਵਿੱਚ ਵਾਪਸ ਨਹੀਂ ਪਰਤਦਾ ਹੈ।ਉਸ ਨੇ ਕੁੱਝ ਅਹੁੜ-ਪਹੁੜ ਕਰਕੇ, ਉਸ ਅਵਸਥਾ ਵਿੱਚੋਂ ਬਾਹਰ ਆਉਣ ਦੇ ਢੰਗ ਤਰੀਕੇ ਵੀ ਲੱਭੇ।
ਅੱਜ ਅਸੀਂ ਤੀਸਰੇ ਪੜਾਅ ਵਿੱਚ ਕਹੇ ਜਾਂਦੇ ਹਾਂ। ਇਹ ਹੈ ਸਿਹਤ ਪ੍ਰਤੀ ਸੁਚੇਤ ਹੋਣਾ। ਇਸ ਦਾ ਇਹ ਅਰਥ ਨਹੀਂ ਕਿ ਬਿਮਾਰ ਨਹੀਂ ਹੁੰਦੇ ਜਾਂ ਬਿਮਾਰੀ ਨੇੜੇ ਨਹੀਂ ਆਉਂਦੀ। ਇਸ ਅਵਸਥਾ ਦਾ ਅਰਥ ਹੈ ਕਿ ਸਾਨੂੰ ਵਿਗਿਆਨ ਨੇ ਬਿਮਾਰੀ ਦੇ ਕਾਰਨਾਂ ਪ੍ਰਤੀ ਸੁਚੇਤ ਕਰ ਦਿੱਤਾ ਹੈ। ਇਹ ਹੁਣ ਸਾਡੇ ਗਿਆਨ ਦਾ ਹਿੱਸਾ ਹੈ ਕਿ ਕੋਈ ਬਿਮਾਰ ਕਿਵੇਂ ਹੁੰਦਾ ਹੈ ਤੇ ਅਸੀਂ ਉਸ ਪ੍ਰਤੀ ਸਮਝਦਾਰੀ ਨਾਲ ਵਿਵਹਾਰ ਕਰਦੇ ਹੋਏ, ਬਿਮਾਰ ਹੋਣ ਤੋਂ ਬਚ ਸਕਦੇ ਹਾਂ, ਭਾਵ ਅਸੀਂ ਸਿਹਤਮੰਦ ਰਹਿਣ ਦੇ ਤਰੀਕੇ ਜਾਣ ਲਏ ਹਨ। ਤੁਸੀਂ ਅਜੋਕੇ ਸਮੇਂ ਵਿੱਚ ਸਿਹਤਮੰਦ, ਪ੍ਰੀਮੀਅਮ ਖਾਣੇ, ਨਮਕੀਨ, ਬਿਸਕੁਟ, ਜੂਸ ਬਾਰੇ ਅਜਿਹੀ ਸਮਝਦਾਰੀ ਸੁਣ ਸਕਦੇ ਹੋ।
ਸਿਹਤ ਪ੍ਰਤੀ ਸਮਝ, ਲੰਮੀ ਉਮਰ ਅਤੇ ਹਰ ਘਰ ਵਿੱਚ ਇੱਕ ਵਿਸ਼ੇਸ ਦਵਾਈਆਂ ਲਈ ਬਜਟ ਅਤੇ ਅਲਮਾਰੀ ਵਿੱਚ ਇੱਕ ਥਾਂ, ਜਿੱਥੇ ਦਵਾਈਆਂ ਮੌਜੂਦ ਨੇ। ਜਿੱਥੇ ਕਿਤੇ ਵੀ ਬੈਠੋ, ਤੁਸੀਂ ਕਿਸੇ ਨੂੰ ਮਿਲਣ ਜਾਵੋ, ਕੋਈ ਤਹਾਨੂੰ ਮਿਲਣ ਆਵੇ, ਬਿਮਾਰੀਆਂ ਬਾਰੇ ਚਰਚਾ ਜਰੂਰ ਹੁੰਦੀ ਹੈ, ਸਿਹਤ ਬਾਰੇ ਹੋਵੇ ਨਾ ਹੋਵੇ।
ਸਿਹਤ ਅਤੇ ਬਿਮਾਰੀ ਦੀ ਸਮਝ ਵਿੱਚ ਆਈ ਤਬਦੀਲੀ ਨੂੰ ਇਸ ਪੱਖ ਤੋਂ ਸਮਝੀਏ ਕਿ ਇਹਨਾਂ ਦੋਹਾਂ ਪਹਿਲੂਆਂ ਵਿੱਚ ਇੱਕ ਤੀਸਰਾ ਪੱਖ ਹੈ, ਡਾਕਟਰ। ਨਿਸ਼ਚਿਤ ਹੀ ਉਹ ਇੱਕ ਵਿਧੀਵਤ ਜਾਣਕਾਰ ਹੈ। ਉਹ ਚਾਹੇ ਸਾਡੇ ਪੁਰਾਤਨ ਵੈਦ ਵਿਵਸਥਾ ਤੋਂ ਹੈ ਤੇ ਚਾਹੇ ਹੁਣ ਵਿਗਿਆਨਕ, ਮੈਡੀਕਲ ਪੜਾਈ ਨਾਲ ਲੈਸ। ਉਹ ਬਿਮਾਰੀ ਬੁੱਝਦਾ ਹੈ ਤੇ ਫੇਰ ਦਵਾਈ ਦਿੰਦਾ ਹੈ। ਦਵਾਈ ਜੋ ਕਿਸੇ ਵੇਲੇ ਡਾਕਟਰ ਆਪਣੀ ਸਮਝ ਨਾਲ ਘਰੇ ਹੀ ਤਿਆਰ ਕਰਕੇ ਦਿੰਦਾ ਸੀ। ਹੁਣ ਉਹ ਇੱਕ ਵਿਸ਼ੇਸ਼ ਖੇਤਰ ਹੈ। ਇਸ ਤਰਤੀਬ ਵਿੱਚ ਹੁਣ ਬਿਮਾਰੀ ਅਤੇ ਸਿਹਤ ਦੇ ਖੇਤਰ ਵਿੱਚ ਡਾਕਟਰ ਦੇ ਨਾਲ ਦਵਾ ਕੰਪਨੀ ਅਤੇ ਦਵਾਈਆਂ ਦੀ ਖਰੀਦ-ਵੇਚ ਦਾ ਇੱਕ ਬਾਜ਼ਾਰ ਹੈ। ਡਾਕਟਰ ਕੋਲ ਸਿਖਲਾਈ ਹੈ ਕਿ ਰੋਗ ਵੀ ਲੱਭੇ ਤੇ ਦਾਰੂ ਵੀ। ਰੋਗ ਲੱਭਣ ਦੀ ਤਕਨੀਕ ਹੀ ਸਿਖਾਉਂਦੀ ਹੈ ਪੜਾਈ। ਮਰੀਜ਼ ਆਪਣੀ ਤਕਲੀਫ਼ ਦੱਸਦਾ ਹੈ, ਡਾਕਟਰ ਨਬਜ਼ ਦੇਖਦਾ ਹੈ ਜਾਂ ਕੁੱਝ ਹੋਰ ਸਰੀਰ ਦੇ ਹਿੱਸੇ ਤੇ ਫਿਰ ਬਿਮਾਰੀ ਬੁੱਝ ਲੈਂਦਾ ਹੈ। ਨਹੀਂ ਤਾਂ ਇੱਕ ਅੱਧਾ ਟੈਸਟ ਕਰਵਾ ਲੈਂਦਾ ਹੈ ਜੋ ਕਿ ਨਵਾਂ ਪਹਿਲੂ ਹੈ, ਇੱਕ ਪੂਰੀ ਸਨਅਤ। ਬਿਮਾਰੀ, ਸਿਹਤ, ਡਾਕਟਰ, ਦਵਾਈਆਂ, ਟੈਸਟ।
ਜੇਕਰ ਇਸ ਸਮਝ ਨੂੰ ਕੁੱਝ ਸੀਮਿਤ ਕਰਕੇ ਦੇਖੀਏ ਤਾਂ ਇਹ ਹੈ ਮਰੀਜ਼, ਡਾਕਟਰ ਅਤੇ ਬਾਜ਼ਾਰ। ਪਰ ਇਹ ਸਮਝ ਸਗੋਂ ਬਹੁਤ ਜਿਆਦਾ ਫੈਲ ਗਈ ਹੈ। ਇਹ ਫੈਲਾਅ ਹੈ ਜੋ ਘਰ ਘਰ ਪਹੁੰਚ ਗਿਆ ਹੈ ਜਾਂ ਹਰ ਘਰ ਬਾਜ਼ਾਰ ਵਿੱਚ ਨਜ਼ਰ ਆਉਂਦਾ ਹੈ।
ਸਿਹਤ ਅਤੇ ਬਿਮਾਰੀ ਦੇ ਖੇਤਰ ਨਾਲ ਜੁੜੇ ਕੁੱਝ ਤਰਕਸ਼ੀਲ ਡਾਕਟਰ-ਵਿਗਿਆਨੀ, ਬਿਮਾਰੀਆਂ ਦੇ ਵਿਧੀਵਤ ਨਾਮਾਂ ਤੋਂ ਇਨਕਾਰੀ ਹਨ। ਉਦਾਹਰਨ ਦੇ ਤੌਰ ਤੇ ਦਿਲ ਦੀਆਂ ਬਿਮਾਰੀਆਂ ਜਾਂ ਬਲੱਡ ਪ੍ਰੈਸ਼ਰ ਨੂੰ ਉਹ ਬਿਮਾਰੀ ਨਹੀਂ ਮੰਨਦੇ। ਸੱਚ-ਮੁੱਚ ਹੈ ਵੀ ਨਹੀਂ। ਜੇਕਰ ਇਸਦਾ ਫੌਰੀ ਕਾਰਨ ਸਮਝਣਾ ਹੋਵੇ ਤਾਂ ਉਹ ਹੈ ਮੋਟਾਪਾ ਜਾਂ ਲੋੜ ਤੋਂ ਵੱਧ ਭਾਰ। ਮੋਟਾਪਾ ਵੀ ਆਪਣੇ ਆਪ ਵਿੱਚ ਬਿਮਾਰੀ ਨਹੀਂ ਹੈ। ਇਸ ਤਰਾਂ, ਮੋਟਾਪਾ ਅਤੇ ਬਲੱਡ ਪ੍ਰੈਸ਼ਰ ਕਿਸੇ ਹੋਰ ਲੁਕਵੀਂ ਅਵਸਥਾ ਦੇ ਲੱਛਣ ਹਨ। ਤਾਂ ਹੀ ਬਲੱਡ ਪ੍ਰਸ਼ੈਰ ਲਈ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ, ਕਿਉਂਕਿ ਬਿਮਾਰੀ ਲੱਭੀ ਹੀ ਨਹੀਂ।ਇਸ ਹਾਲਤ ਵਿੱਚ ਬਿਮਾਰੀ ਕਰਨ ਵਾਲੀ ਹਾਲਤ ਹੈ, ਖੁਰਾਕ ਪ੍ਰਤੀ ਬੇਸਮਝੀ, ਉਸਦੀ ਬੇਤਰਤੀਬੀ। ਉਹ ਬੇਤਰਤੀਬੀ ਚਾਹੇ ਖੁਰਾਕ ਪਦਾਰਥਾਂ ਦੀ ਚੋਣ ਵਿੱਚ ਹੈ ਜਾਂ ਖੁਰਾਕੀ ਪਦਾਰਥਾਂ ਦੀ ਵਰਤੋਂ ਵਿੱਚ। ਉਸ ਵਿੱਚ ਸੰਤੁਲਨ ਨਹੀਂ ਹੈ।
ਇਸੇ ਤਰਾਂ ਕਿਸੇ ਵੀ ਬਿਮਾਰੀ ਲਈ, ਜੋ ਡਾਕਟਰ/ਵੈਦ, ਪਰਚੀ ਤੇ ਲਿਖਦਾ ਹੈ, ਉਹ ਬਹੁਤੀ ਵਾਰੀ ਬਿਮਾਰੀ ਦੇ ਲੱਛਣ ਹਨ। ਇੱਥੋਂ ਤੱਕ ਕਿ ਮਲੇਰੀਆਂ ਬੁਖਾਰ, ਭਾਵੇਂ ਕਿ ਖੂਨ ਦੇ ਟੈਸਟ ਨੇ ਪੱਕਾ ਕਰ ਦਿੱਤਾ ਹੈ, ਪਰ ਫਿਰ ਵੀ ਉਹ ਕਿਸੇ ਖਾਸ ਵਾਤਾਵਰਨ ਦੀ ਪੈਦਾਵਾਰ ਹੈ। ਅਸੀਂ ਮੱਛਰ ਨੂੰ ਦੋਸ਼ੀ ਠਹਿਰਾ ਸਕਦੇ ਹਾਂ, ਬਿਮਾਰ ਵਿਅਕਤੀ ਨੂੰ ਖੁੱਲੇ ਵਿਹੜੇ ਵਿੱਚ ਸੌਣ ਕਰਕੇ ਜਾਂ ਬੁਨੈਣ ਵਿੱਚ ਫਿਰਦੇ ਰਹਿਣ ਲਈ ਝਿੜਕ ਸਕਦੇ ਹਾਂ। ਪਰ ਅਸਲੀ ਕਾਰਨ, ਉਹ ਗੰਦੇ ਪਾਣੀ ਵਾਲਾ ਟੋਬਾ ਹੈ ਜਿੱਥੇ ਮੱਛਰ ਪਨਪਦਾ ਹੈ। ਉਸ ਕਾਰਨ ਨੂੰ ਪਛਾਨਣਾ ਹੀ ਬਿਮਾਰੀ ਨੂੰ ਬੁੱਝਣਾ ਹੈ।
ਇਹ ਇੱਕ ਵਿਗਿਆਨਕ ਸਮਝ ਹੈ ਕਿ ਜਦੋਂ ਤੱਕ ਸਹੀ ਕਾਰਨ ਤੇ ਉੱਗਲ ਨਹੀਂ ਧਰੀ ਜਾਵੇਗੀ, ਇਲਾਜ ਵੀ ਸਹੀ ਦਿਸ਼ਾ ਵਿੱਚ ਨਹੀਂ ਹੋਵੇਗਾ। ਲੱਛਣਾਂ ਦੇ ਇਲਾਜ ਕਰ ਕਰ ਕੇ, ਡਾਕਟਰ ਵੀ ਹੰਭ ਜਾਵੇਗਾ ਤੇ ਮਰੀਜ਼ ਵੀ ਨਿਰਾਸ਼ਾ ਦੇ ਘੇਰੇ ਵਿੱਚ ਚਲਾ ਜਾਵੇਗਾ। ਡਾਕਟਰਾਂ ਦਾ ਇੱਥੇ ਕੋਈ ਮੁਫ਼ਾਦ ਹੋ ਸਕਦਾ ਹੈ ਜੋ ਕਿ ‘ਦੁਕਾਨ’ ਖੋਲ ਕੇ ਬੈਠਾ ਹੈ ਤੇ ਬਾਜ਼ਾਰ ਦਾ ਹਿੱਸਾ ਹੈ।
ਜਦੋਂ ਗੱਲ ਇਹ ਚੱਲ ਰਹੀ ਹੈ ਕਿ ਬਿਮਾਰੀ ਦੀ ਸਰਦਾਰੀ ਹੈ ਤਾਂ ਉਸ ਪਿੱਛੇ ਇਸ ਪਹਿਲੂ ਤੇ ਵੀ ਗੱਲ ਕਰਨੀ ਬਣਦੀ ਹੈ ਕਿ ਮੈਡੀਕਲ ਅਮਲਾ ਵੀ ਬਹੁਤ ਹੱਦ ਤੱਕ ਬਿਮਾਰੀ ਤੇ ਹੀ ਖੋਜ ਕਰਦਾ ਹੈ। ਜਰੂਰੀ ਹੈ ਕਿ ਬਿਮਾਰੀ ਦੇ ਕਾਰਨ ਜਾਣੇ ਜਾਣ ਤੇ ਉਨਾਂ ਲਈ ਇਲਾਜ ਹੋਵੇ ਤੇ ਤਕਲੀਫ਼ ਵਿੱਚੋਂ ਲੰਘ ਰਹੇ ਵਿਅਕਤੀ ਨੂੰ ਰਾਹਤ ਮਿਲੇ। ਪਰ ਜਦੋਂ ਅਸੀਂ ਆਪਣੇ ਆਪ ਨੂੰ ‘ਸਿਹਤ ਪ੍ਰਤੀ ਸੁਚੇਤਤਾ’ ਦੇ ਪੜਾਅ ਵਿੱਚ ਲੰਘ ਰਹੇ ਮੰਨਦੇ ਹਾਂ ਤਾਂ ਕੀ ਇਹ ਪਹਿਲੂ ਵਿਚਾਰਨ ਵਾਲਾ ਨਹੀਂ ਕਿ ਸਿਹਤ ਨੂੰ ਲੈ ਕੇ ਖੋਜ ਹੋਵੇ। ਕਿਤੇ ਹੀ ਇਸ ਤਰਾਂ ਦੀ ਖੋਜ ਦੇਖਣ ਨੂੰ ਮਿਲਦੀ ਹੈ ਕਿ ਪੰਜ-ਚਾਰ ਸੌ ਬਜ਼ੁਰਗ, ਜੋ ਕਿ 60-70 ਸਾਲ ਦੀ ਉਮਰ ਦੇ ਹੋਣ ਤੇ ਉਹ ਕੋਈ ਵੀ ਦਵਾਈ ਨਾ ਖਾ ਰਹੇ ਹੋਣ ਭਾਵ ਸਿਹਤਮੰਦ ਹੋਣ। ਉਨਾਂ ਨਾਲ ਉਨਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਕਰਕੇ, ਉਹ ਨੁਕਤੇ ਉਭਾਰੇ ਜਾਣ ਤਾਂ ਕਿ ਇਹ ਢੰਗ-ਤਰੀਕੇ ਹਨ ਜੋ ਸਿਹਤਮੰਦ ਰੱਖ ਸਕਦੇ ਹਨ।
ਇਹ ਨਹੀਂ ਕਿ ਸਾਡੇ ਕੋਲ ਸਿਹਤਮੰਦ ਰਹਿਣ ਦੇ, ਸਰੀਰ ਵਿਗਿਆਨ ਦੇ ਪਹਿਲੂ ਤੋਂ ਅਧਿਐਨ ਦੀ ਸਮਝ ਨਾ ਹੋਵੇ, ਪਰ ਉਹ ਪ੍ਰੈਕਟੀਕਲ ਘੱਟ ਹੈ ਤੇ ਬਾਜ਼ਾਰ ਨਾਲ ਜੁੜੀ ਵੱਧ। ਕਾਰਪੋਰੇਟ ਕੰਪਨੀਆਂ ਕਦੇ ਰਿਫਾਇੰਡ ਤੇਲ, ਕਦੇ ਦੇਸੀ ਘੀ, ਕਦੇ ਨਮਕ ਵਿੱਚ ਪੋਟਾਸ਼ੀਅਮ ਦੀ ਮਾਤਰਾ ਦੀ ਘੱਟ ਵੱਧ ਵਰਤੋਂ ਨੂੰ ਲੈ ਕੇ, ਕਦੇ ਕੋਲਸਟਰੋਲ ਅਤੇ ਕਦੇ ਟਰਾਸ ਫੈਟ ਬਾਰੇ ਖੋਜਾਂ ਕਰਵਾਉਂਦੀਆਂ ਹਨ। ਪਰ ਇੱਕ ਸਮੁੱਚਤਾ ਅਤੇ ਸੰਤੁਲਨ ਵਾਲਾ, ਜੀਵਨ ਦੇ ਹਰ ਪਹਿਲੂ ਨੂੰ ਸਾਹਮਣੇ ਰੱਖ ਕੇ ਸਿਹਤਮੰਦ ਰਹਿਣ ਦਾ ਅਧਿਐਨ ਲੋੜੀਂਦਾ ਹੈ ਜੋ ਸਾਡੇ ਆਲੇ-ਦੁਆਲੇ ਹੈ। ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ਪੜਾਅ ਸ਼ੁਰੂ ਕੀਤਾ ਜਾਵੇ।
ਡਾ. ਸ਼ਿਆਮ ਸੁੰਦਰ ਦੀਪਤੀ
ਮੋਬਾਇਲ: 98158-08506