ਕੌਣ ਬਣੇਗਾ ਨਵੇਂ ਅਕਾਲੀ ਦਲ ਦਾ ਪ੍ਰਧਾਨ?
ਸ਼੍ਰੋਮਣੀ ਅਕਾਲੀ ਦਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਭਾਰੀ ਖਿੱਚੋਤਾਣ ਤੇ ਹਲਚਲ ਵਿੱਚੋਂ ਲੰਘ ਰਿਹਾ ਹੈ। ਸਿਰਸੇ ਵਾਲੇ ਬਾਬੇ ਨਾਲ ਜੁੜੇ ਕਾਂਡਾਂ ਤੋਂ ਬਾਅਦ ਬਰਗਾੜੀ ਅਤੇ ਜਵਾਹਰਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਉਪਰੰਤ ਕੋਟਕਪੂਰੇ ਵਿਚ ਹੋਈ ਪੁਲਿਸ ਫਾਇਰਿੰਗ ਨੇ 2017 ਦੀਆਂ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਜਹਾਜ਼ ਡੁਬੋ ਦਿੱਤਾ ਸੀ। ਇਸ ਤੋਂ ਪਹਿਲਾਂ 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਰਾਜਸੀ ਸੱਤਾ ਦੌਰਾਨ ਹੋਈਆਂ ਭੁੱਲਾਂ, ਗ਼ਲਤੀਆਂ ਅਤੇ ਵਧੀਕੀਆਂ ਨਾਲ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੀ ਸਾਖ਼ ਨੂੰ ਭਾਰੀ ਸੱਟ ਵੱਜੀ, ਉੱਥੇ ਹੀ ਬਾਦਲ ਪਰਿਵਾਰ ਦੀ ਰਾਜਸੀ ਗਿਰਾਵਟ ਉਪਰੋਕਤ ਘਟਨਾਵਾਂ ਕਰਕੇ ਹੋਈ।
ਦਰਅਸਲ 1996-97 ਤੋਂ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਤੋਂ ਇਕ ਪਰਿਵਾਰਕ ਪਾਰਟੀ ਬਣ ਕੇ ਰਹਿ ਗਿਆ ਜਿਸ ਦੇ ਨਤੀਜੇ ਪੰਥ ਤੇ ਪੰਜਾਬ ਅੱਜ ਤੱਕ ਭੁਗਤ ਰਹੇ ਹਨ। ਤਕਰੀਬਨ ਉਸੇ ਸਮੇਂ ਤੋਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ‘ਕਾਰਜਕਾਰੀ ਜਥੇਦਾਰ’ ਲਗਾਉਣ ਵਜੋਂ ਸ਼ੁਰੂ ਹੋਈ ਜਿਸ ਨੇ ਅਕਾਲ ਤਖ਼ਤ ਸਾਹਿਬ ਦੇ ਅਕਸ ਅਤੇ ਪੱਧਰ ਨੂੰ ਵੱਡੀ ਢਾਹ ਲਾਈ। ਇਸ ਪੰਥਕ ਸੰਕਟ ਅਤੇ ਜਦੋਜਹਿਦ ਵਿੱਚੋਂ ਅਕਾਲੀ ਸੁਧਾਰ ਲਹਿਰ ਦਾ ਆਗਾਜ਼ ਹੋਇਆ ਅਤੇ ਇਸ ਸੁਧਾਰ ਲਹਿਰ ਦੇ ਆਗੂਆਂ ਨੇ ਅਗਸਤ 2024 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬੱਜਰ ਗੁਨਾਹਾਂ ਤੋਂ ਪਰਦਾ ਚੁੱਕਿਆ ਤੇ ਆਪਣੀਆਂ ਗ਼ਲਤੀਆਂ ਬਾਰੇ ਲਿਖਤੀ ਰੂਪ ’ਚ ਅਕਾਲ ਤਖ਼ਤ ਸਾਹਿਬ ਨੂੰ ਖਰੜਾ ਪੇਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਕੀਤੇ ਗਏ ਪੰਥਕ ਗੁਨਾਹਾਂ ਦਾ ਸਮੁੱਚੀ ਰਾਜਸੀ ਜਮਾਤ ਨੂੰ ਕਸੂਰਵਾਰ ਠਹਿਰਾਉਂਦਿਆਂ ਹੋਇਆਂ ਇਸ ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਨੇ ਆਪਣੇ-ਆਪ ਨੂੰ ਵੀ ਸਜ਼ਾ ਲਵਾਉਣ ਦੀ ਪੇਸ਼ਕਸ਼ ਕੀਤੀ।
ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਕ ਇਤਿਹਾਸਕ ਫ਼ੈਸਲਾ ਲਿਆ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਤਕਰੀਬਨ ਸਾਰੇ ਹੀ ਪ੍ਰਮੁੱਖ ਲੀਡਰਾਂ ਨੂੰ ਕਸੂਰਵਾਰ ਘੋਸ਼ਿਤ ਕੀਤਾ ਗਿਆ ਤੇ ਪੰਥ ਅਤੇ ਪੰਜਾਬ ਨਾਲ ਕੀਤੇ ਗਏ ਗੁਨਾਹਾਂ ਦੀ ਪੰਥਕ ਸਜ਼ਾ ਸੁਣਾਈ ਗਈ। ਇਸ ਘਟਨਾਕ੍ਰਮ ’ਚ ਸ਼੍ਰੋਮਣੀ ਅਕਾਲੀ ਦਲ ਮੁੱਖ ਤੌਰ ’ਤੇ ਇਕ ਦਾਗ਼ੀ ਧੜਾ ਤੇ ਇਕ ਬਾਗ਼ੀ ਧੜੇ ਵਿਚ ਵੰਡਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਪਾਰਦਰਸ਼ਕ ਤੇ ਨਿਯਮਾਂ ਅਨੁਸਾਰ ਭਰਤੀ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚੋਂ ਦੋ ਮੈਂਬਰ ਸਾਹਿਬਾਨ ਨੇ ਅਸਤੀਫ਼ੇ ਦੇ ਕੇ ਆਪਣੇ-ਆਪ ਨੂੰ ਅਲੱਗ ਕਰ ਲਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਦਸੰਬਰ 2024 ਨੂੰ ਕੀਤੇ ਗਏ ਹੁਕਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਅਤੇ ਤਕਰੀਬਨ ਸਾਢੇ ਛੇ ਮਹੀਨੇ ਵਿਚ ਇਹ ਕਾਰਜ ਪੂਰਾ ਕਰ ਲਿਆ। ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਭਰਤੀ ਕੀਤੇ ਗਏ ਮੈਂਬਰਾਂ ਦੀ ਸਕਰਿਊਟਨੀ ਪੂਰੀ ਕਰ ਲਈ ਹੈ ਅਤੇ ਇਹ ਕਮੇਟੀ, ਭਰਤੀ ਹੋਏ ਮੈਂਬਰਾਂ ਵਿੱਚੋਂ ਵਰਕਿੰਗ ਕਮੇਟੀ ਦੇ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਪੂਰੀ ਕਰਨ ਵਿਚ ਰੁੱਝੀ ਹੋਈ ਹੈ। ਇਸੇ ਪੰਜ ਮੈਂਬਰੀ ਕਮੇਟੀ ਨੇ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਲਈ ਡੈਲੀਗੇਟ ਇਜਲਾਸ ਬੁਲਾਉਣ ਦਾ ਫ਼ੈਸਲਾ ਵੀ ਲੈ ਲਿਆ ਹੈ ਜਿਸ ’ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪਾਰਦਰਸ਼ੀ ਢੰਗ ਨਾਲ ਪਾਰਟੀ ਪ੍ਰਧਾਨ ਦੀ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਗਿਆਰਾਂ ਅਗਸਤ 2025 ਨੂੰ ਇਸ ਡੈਲੀਗੇਟ ਇਜਲਾਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੌਣ ਪ੍ਰਧਾਨ ਬਣੇਗਾ? ਇਸ ਲਈ ਪੰਥਕ ਹਲਕਿਆਂ ਅਤੇ ਪੰਜਾਬ ਵਿਚ ਅਤੇ ਪੰਜਾਬ ਤੋਂ ਬਾਹਰ ਦੇ ਸਿੱਖਾਂ ਅਤੇ ਪੰਜਾਬੀਆਂ ਵਿਚ ਭਾਰੀ ਉਤਸੁਕਤਾ ਹੈ। ਇਸ ਸਬੰਧੀ ਕਈ ਲੀਡਰਾਂ ਦੇ ਨਾਂ ਲਏ ਜਾ ਰਹੇ ਹਨ ਪਰ ਇਸ ਪੰਥ ਪ੍ਰਵਾਨ ਦਲ ਦਾ ਕੌਣ ਪ੍ਰਧਾਨ ਬਣੇਗਾ, ਇਸ ਸਬੰਧੀ ਕਿਆਸਅਰਾਈਆਂ ਜਾਰੀ ਹਨ :
ਪ੍ਰਸਤਾਵਿਤ ਡੈਲੀਗੇਟ ਇਜਲਾਸ ਵਿਚ ਜੇ ਸਹੀ ਚੋਣ ਹੋਈ ਤਾਂ ਇਹ ਪੰਥਿਕ ਸਿਆਸਤ ਵਿਚ ‘ਨਵੀਂ ਸਵੇਰ’ ਜਾਣੀ ਜਾਵੇਗੀ। ਜਿਨ੍ਹਾਂ ਸ਼ਖ਼ਸੀਅਤਾਂ ’ਤੇ ਵਧੇਰੇ ਚਰਚਾ ਹੋ ਰਹੀ ਹੈ, ਉਨ੍ਹਾਂ ਵਿਚ ਸਾਬਕਾ ਜਥੇਦਾਰ, ਸਾਬਕਾ ਮੰਤਰੀ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਕਈ ਟਕਸਾਲੀ ਅਕਾਲੀਆਂ ਦੇ ਨਾਂ ਸ਼ਾਮਲ ਹਨ। ਨੌਜਵਾਨ ਪੀੜ੍ਹੀ ’ਤੇ ਦਾਅ ਖੇਡਿਆ ਗਿਆ ਤਾਂ ਅਕਾਲੀ ਸੁਧਾਰ ਲਹਿਰ ਬਾਗ਼ੀ ਧੜੇ ਵਿੱਚੋਂ ਸਭ ਤੋਂ ਲੰਮੇ ਸਮੇਂ ਤੋਂ ਵਿਧਾਇਕ ਰਹੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਵਿਚਾਰਿਆ ਜਾ ਸਕਦਾ ਹੈ। ਉਹ ਪੰਥ ਅਤੇ ਪੰਜਾਬ ਦੇ ਪ੍ਰਮੁੱਖ ਅਕਾਲੀ ਨੇਤਾ ਸਵ. ਸੁਖਦੇਵ ਸਿੰਘ ਢੀਡਸਾ ਦੇ ਸਪੁੱਤਰ ਹਨ ਜਿਨ੍ਹਾਂ ਨੇ ਬਤੌਰ ਕੇਂਦਰੀ ਕੈਬਨਿਟ ਖਾਦ ਅਤੇ ਖੇਡ ਮੰਤਰੀ ਭਾਰਤ ਸਰਕਾਰ ਵਜੋਂ ਸੇਵਾ ਕੀਤੀ ਹੈ। ਉਹ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਹਨ। ਦੂਜੀ ਪੀੜ੍ਹੀ ਦੇ ਟਕਸਾਲੀ ਲੀਡਰਾਂ ’ਚ ਸੁਰਜੀਤ ਸਿੰਘ ਰੱਖੜਾ ਵੀ ਪ੍ਰਭਾਵਸ਼ਾਲੀ ਨੇਤਾ ਗਿਣੇ ਜਾਂਦੇ ਹਨ। ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਵੱਡੇ ਭਰਾ ਦਰਸ਼ਨ ਸਿੰਘ ਧਾਲੀਵਾਲ ਅਤੇ ਛੋਟੇ ਭਰਾ ਚਰਨਜੀਤ ਸਿੰਘ ਧਾਲੀਵਾਲ ਅਮਰੀਕਾ ਵਿਚ ਵੱਡੇ ਕਾਰੋਬਾਰੀ ਹਨ ਤੇ ਸਿਆਸੀ ਖੇਤਰ ’ਚ ਇਸ ਪਰਿਵਾਰ ਦਾ ਇਕ ਅਲੱਗ ਅਹਿਮ ਸਥਾਨ ਹੈ। ਮਨਪ੍ਰੀਤ ਸਿੰਘ ਇਆਲੀ ਮੌਜੂਦਾ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਜਿਨ੍ਹਾਂ ਨੇ ਅਕਾਲੀ ਸੁਧਾਰ ਲਹਿਰ ’ਚ ਮੋਢੀ ਵਜੋਂ ਭੂਮਿਕਾ ਨਿਭਾਈ। ਉਹ ਪੰਜਾਬ ਦੇ ਉੱਘੇ ਕਾਰੋਬਾਰੀ ਰਾਜਨੀਤਕ ਨੇਤਾ ਹਨ ਜਿਨਾਂ ਨੇ 2012 ’ਚ ਪਹਿਲੀ ਵਾਰੀ ਦਾਖਾ ਅਸੈਂਬਲੀ ਹਲਕੇ ਤੋਂ ਚੋਣ ਲੜੀ ਤੇ ਐੱਮਐੱਲਏ ਬਣੇ।
ਜਨਵਰੀ 1950 ’ਚ ਜਨਮੇ ਪ੍ਰੇਮ ਸਿੰਘ ਚੰਦੂਮਾਜਰਾ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਅਲੱਗ-ਅਲੱਗ ਅਹੁਦਿਆਂ ’ਤੇ ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਵਿਦਿਆਰਥੀ ਸਰਗਰਮੀਆਂ ਨਾਲ ਸ਼ੁਰੂ ਕੀਤਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ। ਬੀਬੀ ਜਗੀਰ ਕੌਰ ਦੀ ਲੰਮੀ ਰਾਜਨੀਤਕ ਯਾਤਰਾ ਵਾਦਾਂ-ਵਿਵਾਦਾਂ ਵਿਚ ਘਿਰੀ ਰਹੀ ਹੈ। ਪੰਦਰਾਂ ਅਕਤੂਬਰ 1954 ਨੂੰ ਜਨਮੇ ਬੀਬੀ ਜਗੀਰ ਕੌਰ ਨੇ ਆਪਣਾ ਕਰੀਅਰ ਬਤੌਰ ਅਧਿਆਪਕ ਸ਼ੁਰੂ ਕੀਤਾ। ਸੰਨ 1997 ਵਿਚ ਉਹਨਾਂ ਨੇ ਆਪਣੀ ਪਹਿਲੀ ਵਿਧਾਨ ਸਭਾ ਦੀ ਚੋਣ ਭੁਲੱਥ ਹਲਕੇ ਤੋਂ ਲੜੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਵਿਚ ਬਤੌਰ ਆਵਾਜਾਈ ਤੇ ਸੱਭਿਆਚਾਰਕ ਮਾਮਲਿਆਂ ਤੇ ਮੰਤਰੀ ਵਜੋਂ ਸੇਵਾ ਕੀਤੀ। ਪ੍ਰਕਾਸ਼ ਸਿੰਘ ਬਾਦਲ ਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਹੋਏ ਮਤਭੇਦਾਂ ਤੋਂ ਉਪਰੰਤ ਜਥੇਦਾਰ ਟੌਹੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਤੋਂ ਮੰਤਰੀ ਪਦ ਦੇ ਅਹੁਦੇ ਤੋਂ ਅਸਤੀਫ਼ਾ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਾਈ।
ਬੀਬੀ ਜਗੀਰ ਕੌਰ ਪੰਜਾਬ ਦੀ ਪਹਿਲੀ ਔਰਤ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਵਾਰ ਪ੍ਰਧਾਨ ਰਹਿ ਚੁੱਕੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਨੇਤਾ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਹਨ। ਸੰਨ 2012 ਵਿਚ ਆਪ ਪਹਿਲੀ ਵਾਰ ਨਕੋਦਰ ਹਲਕੇ ਤੋਂ ਪੰਜਾਬ ਅਸੈਂਬਲੀ ਦੇ ਐੱਮਐੱਲਏ ਚੁਣੇ ਗਏ ਅਤੇ ਦੂਸਰੀ ਵਾਰ 2017 ਵਿਚ ਨਕੋਦਰ ਅਸੈਂਬਲੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਅਤੇ ‘ਆਪ’ ਦੇ ਕੈਂਡੀਡੇਟ ਸਵਰਨ ਸਿੰਘ ਹੇਅਰ ਨੂੰ ਹਰਾ ਕੇ ਦੂਸਰੀ ਵਾਰ ਚੁਣੇ ਗਏ। ਅਗਸਤ 2024 ਵਿਚ ਅਕਾਲੀ ਸੁਧਾਰ ਲਹਿਰ ਦੇ ਪ੍ਰਧਾਨ ਚੁਣੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ ਯਤਨ ਆਰੰਭ ਕੀਤੇ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਅਕਾਲੀ ਦਲ ਦੇ ਪੁਨਰਗਠਨ ਲਈ ਸੱਤ ਮੈਂਬਰੀ ਕਮੇਟੀ ਘੋਸ਼ਿਤ ਕੀਤੀ ਗਈ ਜਿਸ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ। ਇਨ੍ਹਾਂ ਨੇ ਅਗਸਤ 2024 ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ।
ਪਿੰਡ ਭੂਰਾਕੋਨਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਜਨਮੇ ਬੀਬੀ ਸਤਵੰਤ ਕੌਰ ਭਾਵੇਂ ਸਿਆਸੀ ਖੇਤਰ ’ਚ ਨਵੇਂ ਹਨ ਪਰ ਪੰਥਕ ਖੇਤਰ ’ਚ ਇਨ੍ਹਾਂ ਦਾ ਵਿਲੱਖਣ ਸਥਾਨ ਹੈ। ਭਾਈ ਅਮਰੀਕ ਸਿੰਘ ਦੀ ਸਪੁੱਤਰੀ ਹਨ ਜਿਨਾਂ ਨੇ 1984 ਵਿਚ ਦਰਬਾਰ ਸਾਹਿਬ ਦੀ ਰੱਖਿਆ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸ਼ਹੀਦੀ ਪ੍ਰਾਪਤ ਕੀਤੀ। ਪੰਜਾਬ ਤੇ ਪੰਥ ਨੂੰ ਪ੍ਰਣਾਏ ਹੋਏ ਇਕਬਾਲ ਸਿੰਘ ਝੂੰਦਾਂ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ’ਚ ਬੜੀਆਂ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।
Share this content:



Post Comment