Loading Now

ਉੱਘੇ ਆਜ਼ਾਦੀ ਘੁਲਾਟੀਏ ਕਾਮਰੇਡ ਸੋਹਣ ਸਿੰਘ ਜੋਸ਼ ਨੂੰ ਚੇਤੇ ਕਰਦਿਆਂ

ਉੱਘੇ ਆਜ਼ਾਦੀ ਘੁਲਾਟੀਏ ਕਾਮਰੇਡ ਸੋਹਣ ਸਿੰਘ ਜੋਸ਼ ਨੂੰ ਚੇਤੇ ਕਰਦਿਆਂ

ਕਾਮਰੇਡ ਸੋਹਣ ਸਿੰਘ ਜੋਸ਼ ਨੇ ਅਕਾਲੀ ਤੇ ਕਮਿਊਨਿਸਟ ਲਹਿਰਾਂ ਰਾਹੀਂ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਹਿੱਸਾ ਪਾਇਆ। ਉਹ ਅਣਥੱਕ ਦੇਸ਼ ਸੇਵਕ, ਆਜ਼ਾਦੀ ਘੁਲਾਟੀਏ ਅਤੇ ਮਾਰਕਸਵਾਦ-ਲੈਨਿਨਵਾਦ ਦੇ ਧਾਰਨੀ ਸਨ। ਸੋਹਣ ਸਿੰਘ ਜੋਸ਼ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਚੇਤਨਪੁਰਾ ਪਿੰਡ ਵਿਚ 12 ਨਵੰਬਰ 1898 ਨੂੰ ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ 1916 ਵਿਚ ਚਰਚ ਮਿਸ਼ਨ ਸਕੂਲ ਮਜੀਠਾ ਤੋਂ ਮਿਡਲ ਦਾ ਇਮਤਿਹਾਨ ਪਾਸ ਕੀਤਾ ਅਤੇ 1917 ਵਿਚ ਡੀਏਵੀ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕੀਤੀ। ਇਸ ਤੋਂ ਪਿੱਛੋਂ ਉਹ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਦਾਖ਼ਲ ਹੋ ਗਏ। ਖ਼ਾਲਸਾ ਕਾਲਜ ਦੀ ਪੜ੍ਹਾਈ ਉਪਰੰਤ ਉਨ੍ਹਾਂ ਨੇ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਰੁਜ਼ਗਾਰ ਦੀ ਤਲਾਸ਼ ਵਿਚ ਉਹ ਹੁਗਲੀ, ਕੋਲਕਾਤਾ ਚਲੇ ਗਏ ਅਤੇ ਬਾਅਦ ਵਿਚ ਮੁੰਬਈ ਜਾ ਕੇ ਸੈਂਸਰ ਵਿਭਾਗ ਵਿਚ 1918 ਤੱਕ ਨੌਕਰੀ ਕਰਦੇ ਰਹੇ। ਮੁੰਬਈ ਤੋਂ ਵਾਪਸ ਆ ਕੇ ਉਹ ਚਰਚ ਮਿਸ਼ਨ ਸਕੂਲ ਮਜੀਠਾ ਵਿਚ ਅਧਿਆਪਕ ਲੱਗ ਗਏ। ਇੱਥੋਂ ਹੀ ਉਨ੍ਹਾਂ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ। ਅਕਤੂਬਰ 1920 ਵਿਚ ਲਾਹੌਰ ਵਿਖੇ ਹੋਏ ਸੈਂਟਰਲ ਸਿੱਖ ਲੀਗ ਦੇ ਇਜਲਾਸ ਵਿਚ ਸੋਹਣ ਸਿੰਘ ਜੋਸ਼ ਸ਼ਾਮਲ ਹੋਏ। ਇਸ ਇਜਲਾਸ ਵਿਚ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਸਰਕਾਰ ਵੱਲੋਂ ਢਾਹੀ ਗਈ ਕੰਧ ਨੂੰ ਮੁੜ ਤੋਂ ਉਸਾਰਨ ਲਈ ਮੋਰਚਾ ਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੋਰਚੇ ਵਿਚ ਜਾਣ ਵਾਲੇ ਸ਼ਹੀਦੀ ਜੱਥੇ ਵਿਚ ਜੋਸ਼ ਨੇ ਵੀ ਆਪਣਾ ਨਾਂ ਦਰਜ ਕਰਵਾਇਆ।

ਅਕਾਲੀ ਲਹਿਰ ਦੇ ਪ੍ਰਭਾਵ ਹੇਠ ਜੋਸ਼ ਨੇ ਪਿੰਡ-ਪਿੰਡ ਜਾ ਕੇ ਅੰਗਰੇਜ਼ ਰਾਜ ਖ਼ਿਲਾਫ਼ ਜ਼ੋਰਦਾਰ ਤਕਰੀਰਾਂ ਕੀਤੀਆਂ। ਸਰਕਾਰ ਵੱਲੋਂ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ। ਅਕਾਲੀ ਲਹਿਰ ਵਿਚ ਹਿੱਸਾ ਲੈਣ ਸਦਕਾ ਉਨ੍ਹਾਂ ਨੇ ਤਿੰਨ ਸਾਲ ਕੈਦ ਕੱਟੀ। ਉਹ 15 ਜੁਲਾਈ 1923 ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ 30 ਸਤੰਬਰ 1923 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ ਹੋਏ। ਬਾਰਾਂ ਅਕਤੂਬਰ 1923 ਨੂੰ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਭ ਸੰਸਥਾਵਾਂ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਕੇ ਸਰਗਰਮ ਅਕਾਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਜੋਸ਼ ਦੀ ਵੀ ਗ੍ਰਿਫ਼ਤਾਰੀ ਹੋਈ। ਅਕਾਲੀਆਂ ਉੱਪਰ ਲਾਹੌਰ ਸੈਂਟਰਲ ਜੇਲ੍ਹ ਅਤੇ ਲਾਹੌਰ ਕਿਲ੍ਹੇ ਵਿਚ ਕੇਸ ਚਲਾਇਆ ਗਿਆ। ਸੰਨ 1925 ਵਿਚ ਗੁਰਦੁਆਰਾ ਐਕਟ ਪਾਸ ਹੋਇਆ। ਸਰ ਮੈਲਕਮ ਹੈਲੀ ਗਵਰਨਰ ਪੰਜਾਬ ਨੇ ਗ੍ਰਿਫ਼ਤਾਰ ਲੀਡਰਾਂ ਦੀ ਰਿਹਾਈ ਲਈ ਸ਼ਰਤਾਂ ਰੱਖ ਦਿੱਤੀਆਂ। ਉਸ ਸਮੇਂ ਲਾਹੌਰ ਕਿਲ੍ਹੇ ਵਿਚ 40 ਆਗੂ ਸਨ।

ਉਨ੍ਹਾਂ ਵਿੱਚੋਂ 23 ਆਗੂ 25 ਜਨਵਰੀ 1926 ਨੂੰ ਸ਼ਰਤਾਂ ਪ੍ਰਵਾਨ ਕਰ ਕੇ ਰਿਹਾਅ ਹੋ ਗਏ ਸਨ ਜਿਨ੍ਹਾਂ ਆਗੂਆਂ ਨੇ ਗਵਰਨਰ ਦੀਆਂ ਸ਼ਰਤਾਂ ਨਹੀਂ ਮੰਨੀਆਂ ਸਨ, ਉਨ੍ਹਾਂ ਵਿਚ ਸੋਹਣ ਸਿੰਘ ਜੋਸ਼ ਵੀ ਸ਼ਾਮਲ ਸਨ। ਇਸ ਸਮੇਂ ਉਨ੍ਹਾਂ ਨੇ ਜੇਲ੍ਹ ਵਿਚ ਕਾਰਲ ਮਾਰਕਸ, ਏਂਜਲਸ ਅਤੇ ਲੈਨਿਨ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਪੜ੍ਹਿਆ। ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਉਹ 19 ਮਈ 1927 ਨੂੰ ‘ਕਿਰਤੀ’ ਅਖ਼ਬਾਰ ਦੇ ਐਡੀਟਰ ਬਣੇ। ਕਿਰਤੀ ਰਾਹੀਂ ਜੋਸ਼ ਨੇ ਆਜ਼ਾਦੀ ਅਤੇ ਸਮਾਜਵਾਦ ਦੇ ਸਿਧਾਂਤ ਦਾ ਜ਼ੋਰਦਾਰ ਪ੍ਰਚਾਰ ਕੀਤਾ। ਉਹ 1927 ਤੋਂ 1929 ਤੱਕ ਕਿਰਤੀ ਕਿਸਾਨ ਪਾਰਟੀ ਦੇ ਜਨਰਲ ਸਕੱਤਰ ਰਹੇ। ਅਪ੍ਰੈਲ 1928 ਵਿਚ ਉਨ੍ਹਾਂ ਨੇ ਸਰਦਾਰ ਭਗਤ ਸਿੰਘ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਨੂੰ ਮੁੜ ਸੁਰਜੀਤ ਕੀਤਾ। ਸਭਾ ਦਾ ਸੰਵਿਧਾਨ ਤਿਆਰ ਕਰਨ ਅਤੇ ਸਾਰੇ ਪਾਸੇ ਸ਼ਾਖਾਵਾਂ ਕਾਇਮ ਕਰਨ ਤੋਂ ਪਿੱਛੋਂ ਜੋਸ਼ 24 ਫਰਵਰੀ 1929 ਨੂੰ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਚੁਣੇ ਗਏ। ਦਸੰਬਰ 1928 ਨੂੰ ਕਲਕੱਤੇ ਵਿਚ ਮਜ਼ਦੂਰਾਂ-ਕਿਸਾਨਾਂ ਦੀ ਹੋਈ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਸੋਹਨ ਸਿੰਘ ਜੋਸ਼ ਨੇ ਕੀਤੀ। ਮਾਰਚ 1929 ਵਿਚ ਉਨ੍ਹਾਂ ਨੂੰ ਅਬਦੁਲ ਮਜੀਦ ਅਤੇ ਕੇਦਾਰ ਨਾਥ ਸਹਿਗਲ ਨਾਲ ਮੇਰਠ ਸਾਜ਼ਿਸ਼ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕੇਸ ਵਿਚ ਜੋਸ਼ ਨੂੰ ਪੰਜ ਸਾਲ ਸਖ਼ਤ ਕੈਦ ਦੀ ਸਜ਼ਾ ਹੋਈ। ਉਹ 1934 ਵਿਚ ਰਿਹਾਅ ਹੋਏ।

ਰਿਹਾਈ ਤੋਂ ਬਾਅਦ ਉਨ੍ਹਾਂ ਨੇ ਕਿਰਤੀਆਂ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਯਤਨ ਤੇਜ਼ ਕਰ ਦਿੱਤੇ। ਸੰਨ 1937 ਵਿਚ ਕਾਮਰੇਡ ਜੋਸ਼ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਅਸੈਂਬਲੀ ਲਈ ਮੈਂਬਰ ਚੁਣੇ ਗਏ। ਸੰਨ 1938-39 ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਸੰਨ 1939 ਵਿਚ ਦੂਜੇ ਵਿਸ਼ਵ ਯੁੱਧ ਸਮੇਂ ਉਹ ਫੜੇ ਗਏ ਅਤੇ 1943 ਤੱਕ ਉਨ੍ਹਾਂ ਨੂੰ ਦਿਉਲੀ ਕੈਂਪ (ਰਾਜਸਥਾਨ) ਵਿਚ ਨਜ਼ਰਬੰਦ ਰੱਖਿਆ ਗਿਆ। ਉਹ ਕਮਿਊਨਿਸਟ ਪਾਰਟੀ ਪੰਜਾਬ ਦੇ ਕਾਫ਼ੀ ਸਮਾਂ ਸਕੱਤਰ ਰਹੇ। ਸੰਨ 1951 ਵਿਚ ਉਨ੍ਹਾਂ ਨੂੰ ਕੇਂਦਰੀ ਕਮੇਟੀ ਦਾ ਮੈਂਬਰ ਬਣਾਇਆ ਗਿਆ। ਪੰਦਰਾਂ ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਪਰ ਕਾਮਰੇਡ ਜੋਸ਼ ਦਾ ਸੰਘਰਸ਼ ਖ਼ਤਮ ਨਹੀਂ ਹੋਇਆ। ਉਹ ਆਰਥਿਕ ਸੁਤੰਤਰਤਾ ਲਈ ਸੰਘਰਸ਼ ਕਰਦੇ ਰਹੇ। ਦੇਸ਼ ਆਜ਼ਾਦ ਹੋਣ ਪਿੱਛੋਂ 1948 ਤੋਂ 1950 ਤੱਕ ਉਹ ਨਜ਼ਰਬੰਦ ਰਹੇ।

ਸੰਨ 1962 ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਨੇ ਯੋਲ ਕੈਂਪ (ਕਾਂਗੜਾ) ਦੀ ਜੇਲ੍ਹ ਵਿਚ ਕੈਦ ਕੱਟੀ। ਸੰਨ 1964-68 ਵਿਚ ਉਹ ਕਮਿਊਨਿਸਟ ਪਾਰਟੀ ਦੀ ਕੇਂਦਰੀ ਐਗਜ਼ੈਕਟਿਵ ਦੇ ਮੈਂਬਰ ਰਹੇ। ਸੰਨ 1971-75 ਦੌਰਾਨ ਉਹ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ‘ਅਕਾਲੀ’ ਦੇ ਸੰਪਾਦਕ ਮੰਗਲ ਸਿੰਘ ਦੀ ਗ੍ਰਿਫ਼ਤਾਰੀ ਪਿੱਛੋਂ ਉਨ੍ਹਾਂ ਕੁਝ ਸਮੇਂ ਲਈ ‘ਅਕਾਲੀ’ ਦੀ ਸੰਪਾਦਨਾ ਵੀ ਕੀਤੀ। ਕਾਮਰੇਡ ਸੋਹਣ ਸਿੰਘ ਜੋਸ਼ ‘ਕਿਰਤੀ’,‘ਪ੍ਰਭਾਤ’,‘ਜੰਗ-ਏ-ਆਜ਼ਾਦੀ’ਅਤੇ ‘ਨਵਾਂ ਜ਼ਮਾਨਾ’ ਅਖ਼ਬਾਰਾਂ ਦੇ ਕਈ ਸਾਲ ਐਡੀਟਰ ਰਹੇ। ਉਨ੍ਹਾਂ ਨੇ ਅਕਾਲੀ ਮੋਰਚਿਆਂ ਦਾ ਇਤਿਹਾਸ, ਗ਼ਦਰ ਪਾਰਟੀ ਦਾ ਸੰਖੇਪ ਇਤਿਹਾਸ, ਜੀਵਨੀ ਬਾਬਾ ਸੋਹਨ ਸਿੰਘ ਭਕਨਾ, ਜੀਵਨੀ ਭਾਈ ਸੰਤੋਖ ਸਿੰਘ, ਕਾਮਾਗਾਟਾ ਮਾਰੂ ਦਾ ਦੁਖਾਂਤ, ਮੇਰਠ ਸਾਜ਼ਿਸ਼ ਕੇਸ ਅਤੇ ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ ਸਮੇਤ ਕਈ ਇਤਿਹਾਸਕ ਪੁਸਤਕਾਂ ਲਿਖੀਆਂ। ਉਨ੍ਹਾਂ ਦੁਆਰਾ ਲਿਖੀਆਂ ਪੁਸਤਕਾਂ ਇਤਿਹਾਸਕ ਜਾਣਕਾਰੀ ਦੀਆਂ ਚੰਗੀਆਂ ਸਰੋਤ ਹਨ। ‘ਰੁੱਤ ਨਵਿਆਂ ਦੀ ਆਈ’ (1955) ਉਨ੍ਹਾਂ ਦਾ ਕਾਵਿ-ਸੰਗ੍ਰਹਿ ਹੈ। ਸਾਹਿਤਕ ਖੇਤਰ ਵਿਚ ਬੰਗਾਲੀ ਸਾਹਿਤ ਦੀ ਵੰਨਗੀ, ‘ਮੇਰੀ ਰੂਸੀ ਯਾਤਰਾ’,‘ਪੰਜਾਬੀ ਬੋਲੀ ਤੇ ਭਾਸ਼ਾ ਵਿਗਿਆਨ’ ਉਨ੍ਹਾਂ ਦੀਆਂ ਰਚਨਾਵਾਂ ਹਨ। ਉਨ੍ਹਾਂ ਨੂੰ ਰੂਸ ਸਰਕਾਰ ਵੱਲੋਂ ਸੋਵੀਅਤ ਲੈਂਡ ਨਹਿਰੂ ਸ਼ਾਂਤੀ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਪੱਤਰਕਾਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਸੀ। ਕਾਮਰੇਡ ਜੋਸ਼ 29 ਜੁਲਾਈ 1982 ਨੂੰ ਆਪਣੀ ਜੀਵਨ ਯਾਤਰਾ ਸਮਾਪਤ ਕਰ ਗਏ।

Share this content:

Post Comment