ਕਵਿਤਾ/ਜੇਕਰ/ਯਸ਼ ਪਾਲ
ਜੇਕਰ
ਇਲਜ਼ਾਮਾਂ ਦੀ
ਫ਼ਿਕਰ ਕਰੇ ਬਿਨਾਂ
ਕਾਇਮ ਰੱਖ ਸਕੋ ਤੁਸੀਂ
ਆਪਣਾ
ਮਾਨਸਿਕ ਤਵਾਜ਼ਨ
ਜੇਕਰ
ਹੋਰਨਾਂ ਦੀਆਂ
ਸ਼ੱਕੀ ਨਿਗਾਹਾਂ ਤੋਂ
ਰਹਿ ਕੇ ਨਿਰਲੇਪ
ਅਣਭਿੱਜ
ਰੱਖ ਸਕੋ
ਆਪਣੇ ਆਪ ਉੱਤੇ
ਆਪਣਾ ਵਿਸ਼ਵਾਸ
ਜੇਕਰ
ਤੁਸੀਂ ਤਿਆਰ ਹੋ
ਹਾਸ਼ੀਏ ‘ਤੇ ਰੱਖ ਕੇ
ਆਪਣਾ
ਸ਼ਿਕਵਾ-ਸ਼ਿਕਾਇਤ
ਰੰਜ਼ੋ-ਗ਼ਮ ਤੇ ਹਤਾਸ਼ਾ
‘ਚਿਰ-ਕਾਲ’ ਤੱਕ
ਸੁਹਾਵਣੇ ਪਲਾਂ ਦੀ
ਉਡੀਕ ਲਈ
ਜੇਕਰ
ਝੂਠ ਤੋਂ ਕਰਦਿਆਂ ਗ਼ੁਰੇਜ਼
ਤੁਸੀਂ ਇਹ ਵੀ
ਬਣਾ ਸਕਦੇ ਹੋ ਯਕੀਨੀ
ਕਿ ਕੋਈ ਗੈਰ ਵੀ
ਨਾ ਕਰ ਸਕੇ ਜ਼ੁਰਅਤ
ਤੁਹਾਡੇ ਬਾਰੇ
ਝੂਠ ਬੋਲਣ ਫੈਲਾਉਣ ਦੀ
ਜੇਕਰ
ਤੁਸੀਂ ਨਾ ਬੁਣੋ
ਨਫ਼ਰਤਾਂ ਦੀ ਤਾਣੀ
ਨਾ ਹੀ ਦਿਉ
ਕੋਈ ਦਲੀਲ
ਜਾਂ ਤਰਕ
ਅਜਿਹਾ ਕਰਨ ਲਈ
ਹੋਰਨਾਂ ਨੂੰ
ਜੇਕਰ
ਤੁਸੀਂ ਖੁਦ ਕਰ ਸਕੋ
ਇੱਕ ਸਿੱਧੀ-ਸਾਦੀ
ਜਿੰਦਗੀ ਨੂੰ ਪਿਆਰ
ਜੇਕਰ
ਤੁਸੀਂ ਬਚ ਸਕੋ
ਆਪਣੀ ਵਿਦਵਤਾ ਦੀ
ਧਾਂਕ ਜਮਾਉਣ ਦੀ ਲਾਲਸਾ ਤੋਂ
ਜੇਕਰ
ਸੁਪਨਸਾਜ਼ ਹੁੰਦਿਆਂ ਵੀ
ਤੁਸੀਂ ਨਾ ਬੋਲਣ ਦਿਉ
ਸੁਪਨਿਆਂ ਨੂੰ ਸਿਰ ਚੜ੍ਹਕੇ
ਜੇਕਰ
ਚਿੰਤਕ ਹੁੰਦੇ ਹੋਏ ਵੀ
ਤੁਸੀਂ ਦੇ ਸਕੋ
ਦੋ-ਟੁੱਕ ਜਵਾਬ
ਚਿੰਤਾਵਾਂ ਨੂੰ
ਜੀਵਨ-ਜਾਚ ‘ਚ ਢਾਲਣ ਤੋਂ
ਜੇਕਰ
ਤੁਸੀਂ ਦੇਖ ਸਕੋ
ਜਿੱਤ-ਹਾਰ ਨੂੰ
ਇੱਕੋ ਨਜ਼ਰ ਨਾਲ
ਜੇਕਰ
ਤੁਸੀਂ ਹੋ ਸਕੋ ਕਾਬਿਲ
ਸੱਚ ਸੁਣਨ
ਤੇ ਸੱਚ ਜੀ ਸਕਣ ਦੇ ਵੀ
ਜੇਕਰ
ਤੁਸੀਂ ਦੇ ਸਕਦੇ ਹੋ
ਫਿਰ ਉਹੀ ਸਰੂਪ
ਉਹੀ ਅੰਦਾਜ਼
ਉਹੀ ਟੁਣਕਾਰ
ਆਪਣੇ ਪੁਰਾਣੇ ਸੰਦਾਂ ਨੂੰ
ਮੁੜ ਇੱਕ ਵਾਰ
ਉਨ੍ਹਾਂ ਸੁਪਨਿਆਂ ਨੂੰ
ਦੇਖਦੇ ਹੋਏ ਵੀ
ਤਿੜਕਦੇ-ਚਕਨਾਚੂਰ
ਜਿਨ੍ਹਾਂ ਨੂੰ
ਬੁਣਨ-ਉਸਾਰਨ ‘ਚ
ਘੜਨ-ਸੰਵਾਰਨ ‘ਚ
ਤੁਸੀਂ ਲਾਈ ਸੀ
ਸਾਰੀ ਜਿੰਦਗੀ
ਗੁਹਾਰ
ਜੇਕਰ
ਤੁਸੀਂ ਵਾਰ ਵਾਰ
ਜਿੱਤ ਨੂੰ ਹਾਰ
ਬੁਲੰਦੀ ਨੂੰ ਪਸਤੀ
ਪਸਤੀ ਨੂੰ ਫਿਰ ਬੁਲੰਦੀ
ਹਾਰ ਨੂੰ ਫਿਰ ਜਿੱਤ
ਤੇ ਇਹ ਸਭ
ਵਾਰ ਵਾਰ
ਜਿਉਣ ਤੇ ਭੋਗਣ ਲਈ
ਹੋ ਸਕੋ ਤਿਆਰ
ਜੇਕਰ
ਤੁਸੀਂ ਹਰ ਮੋੜ ‘ਤੇ
ਮੁੜ
ਇੱਕ ਨਵੀਂ ਸ਼ੁਰੂਆਤ ਦਾ
ਹੀਲਾ ਬਣਾ ਕੇ
ਰੱਖ ਸਕੋ ਤਿਆਰ
ਜੇਕਰ
ਆਪਣੇ ਦਿਲੋ-ਦਿਮਾਗ਼ ਨੂੰ
ਸਾਹਾਂ ਦੀ ਧੜਕਣ ਤੋਂ
ਰੱਖ ਕੇ ਥੋੜ੍ਹਾ ਹਟਵਾਂ
ਇੱਕ ਬੁਲੰਦ ਆਵਾਜ਼ ‘ਚ
ਦੇ ਸਕੋ
ਵਕ਼ਤ ਨੂੰ
ਇੱਕ ਤਕੜੀ ਵੰਗਾਰ
ਜੇਕਰ
ਆਪਣੇ ਆਲੇ ਦੁਆਲੇ
‘ਕੱਠੀ ਹੋਈ ਭੀੜ ਨਾਲ ਵੀ
ਰਚਾਈ ਰੱਖ ਸਕੋ
ਇੱਕ ਸੰਵਾਦ
ਸੱਤਾ ਦੀ ਟੀਸੀ ‘ਤੇ ਬੈਠੇ
ਸੂਤਰਧਾਰਾਂ ਨਾਲ ਵੀ
ਤੁਸੀਂ ਕਾਇਮ ਰੱਖ ਸਕੋ
ਸਹਿਜ ਵਾਰਤਾਲਾਪ ਦੀ
ਇੱਕ ਨਪੀ-ਤੁਲੀ
ਸੁਰ-ਆਵਾਜ਼
ਜੇਕਰ
ਤੁਸੀਂ ਛੱਡ ਸਕੋ
ਦੋਸਤਾਂ-ਦੁਸ਼ਮਣਾਂ ਦੀ
ਕਿਸੇ ਗੱਲ ਤੋਂ
ਹੋਣਾ
ਦੁਖੀ ਜਾਂ ਉਦਾਸ
ਜੇਕਰ
ਸਭਨਾਂ ਨੂੰ
ਦੇ ਸਕੋ
ਜਿਉਣ ਦਾ ਤਰਕ
ਸ਼ਾਨ ਦੇ ਦਾਇਰੇ ਅੰਦਰ
ਬਣਦਾ ਮਾਨ-ਸਨਮਾਨ
ਜੇਕਰ
ਨਾ ਮੁਆਫ਼ੀਯੋਗ
ਨਾ ਕਾਬਲੇ-ਬਰਦਾਸ਼ਤ
ਪਲਾਂ ‘ਚੋਂ ਉਗਮੇ
ਖਲਾਅ ਨੂੰ ਭਰਨ ਦੇ
ਹੋ ਸਕੋ ਸਮਰੱਥ
ਤੇ ਮਹਿਜ਼
ਸੱਠ ਸਕਿੰਟਾਂ ਦੇ ਵਕ਼ਫ਼ੇ ‘ਚ
ਕਰ ਸਕੋ ਪਾਰ
ਦੂਰੀਆਂ ਦੁਸ਼ਵਾਰ
ਤਾਂ ਫਿਰ
ਇਹ ਸਾਰੀ ਧਰਤ
ਤੁਹਾਡੀ ਹੈ
ਤੁਹਾਡਾ ਹੈ ਸਾਰਾ ਆਕਾਸ਼
ਚੰਦ ਤਾਰੇ
ਹਵਾ ਪਾਣੀ ਅੱਗ
ਸਭ ਨੇ
ਤੁਹਾਡੇ ਮੁਹਤਾਜ਼
ਦਿਸ਼ਾਵਾਂ
ਤੁਹਾਡੀ ਕਰਨ ਇੰਤਜ਼ਾਰ
ਵਕ਼ਤ
ਤੁਹਾਥੋਂ ਲਏ ਨਿਰਦੇਸ਼
ਤੇ ਤੁਸੀਂ ਕਹਾਉਗੇ
ਇੱਕ “ਮਹਾਂ-ਪੁਰਖ”
ਇੱਕ ਵਿਦਵਾਨ”
ਇੱਕ ਸਿਰਜਨਹਾਰ
#ਮੂਲ ਅੰਗ੍ਰੇਜ਼ੀ ਕਵੀ:
‘ਰੁਡਾਰਡ ਕਿਪਲਿੰਗ’
ਦੀ ਕਵਿਤਾ
”if” ਦਾ ਰੂਪਾਂਤਰਨ
ਅੰਗ੍ਰੇਜ਼ੀ ਤੋਂ ਹਿੰਦੀ:
ਡਾ.ਚੰਦਰ ਤ੍ਰਿਖਾ
ਹਿੰਦੀ ਤੋਂ ਪੰਜਾਬੀ:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment