Loading Now

ਫੰਡ ਜੁਟਾਉਣ ਲਈ ਕੱਢਿਆ ਟੈਂਡਰ ਰੱਦ ਕਰਨ ਦਾ ਅਮਲ ਸ਼ੁਰੂ

ਫੰਡ ਜੁਟਾਉਣ ਲਈ ਕੱਢਿਆ ਟੈਂਡਰ ਰੱਦ ਕਰਨ ਦਾ ਅਮਲ ਸ਼ੁਰੂ

ਨਵੀਂ ਦਿੱਲੀ, 28 ਨਵੰਬਰ – ਪੰਜਾਬ ਸਰਕਾਰ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਵੱਲੋਂ ਬਾਂਡਾਂ, ਬੈਂਕ ਕਰਜ਼ਿਆਂ ਅਤੇ ਹੋਰ ਕਰਜ਼ਾ ਸਾਧਨਾਂ ਰਾਹੀਂ ਫੰਡ ਜੁਟਾਉਣ ਲਈ ਜਾਰੀ ਕੀਤੇ ਗਏ 15,000 ਕਰੋੜ ਰੁਪਏ ਦੇ ਵਿਵਾਦਤ ਫੰਡ ਜੁਟਾਊ ਟੈਂਡਰ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਗਮਾਡਾ ਨੇ 191.16 ਕਰੋੜ ਰੁਪਏ ਦੀ ਫੀਸ ਦੇ ਕੇ ਫੰਡਾਂ ਦਾ ਪ੍ਰਬੰਧ ਕਰਨ ਲਈ ਇਹ ਟੈਂਡਰ ਗੁਜਰਾਤ ਦੀ ਫਰਮ ਨੂੰ ਦਿੱਤਾ ਸੀ; ਹਾਲਾਂਕਿ ਚੁਣੀ ਗਈ ਕੰਪਨੀ ਨੇ ਐਕਰੂਅਲ-ਆਧਾਰਿਤ ਲੇਖਾ ਪ੍ਰਣਾਲੀ (ਸਮੇਂ ਦੇ ਨਾਲ ਜਮ੍ਹਾਂ ਹੋਣ ਜਾਂ ਵਧਣ ਵਾਲੀ) ਉਤੇ ਜ਼ੋਰ ਦਿੱਤਾ, ਜਦਕਿ ਗਮਾਡਾ ਡਬਲ-ਐਂਟਰੀ (ਦੋਹਰੀ) ਲੇਖਾ ਪ੍ਰਣਾਲੀ ਦੀ ਪਾਲਣਾ ਕਰਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਪ੍ਰਣਾਲੀ ਨੂੰ ਬਦਲਣ ਵਿੱਚ ਘੱਟੋ-ਘੱਟ ਛੇ ਮਹੀਨੇ ਲੱਗਣੇ ਸਨ, ਜਿਸ ਕਾਰਨ ਵਿਭਾਗ ਨੇ ਟੈਂਡਰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਟੈਂਡਰ ਰੱਦ ਕਰਨ ਦੇ ਫ਼ੈਸਲੇ ਬਾਰੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਜਾਣਕਾਰੀ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਤਜਵੀਜ਼ਸ਼ੁਦਾ ਫੰਡ ਜੁਟਾਉਣ ਦੀ ਪ੍ਰਕਿਰਿਆ ਲਈ ਅਪਣਾਈ ਜਾਣ ਵਾਲੀ ਲੇਖਾ ਪ੍ਰਣਾਲੀ ’ਤੇ ਤਕਨੀਕੀ ਮਤਭੇਦਾਂ ਕਾਰਨ ਇਸ ਟੈਂਡਰ ’ਤੇ ਅੱਗੇ ਕਾਰਵਾਈ ਨਹੀਂ ਕੀਤੀ ਜਾ ਸਕੀ।

ਜ਼ਿਕਰਯੋਗ ਹੈ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੀ ਗਮਾਡਾ ਦੇ 15,000 ਕਰੋੜ ਰੁਪਏ ਦੇ ਫੰਡ ਜੁਟਾਉਣ ਵਾਲੇ ਪ੍ਰਾਜੈਕਟ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਕਈ ਅਧਿਕਾਰੀਆਂ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪਟੀਸ਼ਨ ਵਿੱਚ, ਪਟੀਸ਼ਨਰਾਂ ਜਸਕੀਰਤ ਅਤੇ ਹੋਰਾਂ- ਜਿਨ੍ਹਾਂ ਦੀ ਨੁਮਾਇੰਦਗੀ ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ ਸਮੇਤ ਵਕੀਲ ਸ਼ਹਿਬਾਜ਼ ਥਿੰਦ, ਹਿੰਮਤ ਸਿੰਘ ਸਿੱਧੂ ਅਤੇ ਰੀਮਾ ਕਰ ਰਹੇ ਸਨ- ਗਮਾਡਾ ਦੇ ਬਾਂਡਾਂ, ਡਿਬੈਂਚਰਾਂ, ਬੈਂਕ ਕਰਜ਼ਿਆਂ ਅਤੇ ਹੋਰ ਕਰਜ਼ਾ ਸਾਧਨਾਂ ਰਾਹੀਂ ਲਗਭਗ 15,000 ਕਰੋੜ ਰੁਪਏ ਜੁਟਾਉਣ ਦੀ ਤਜਵੀਜ਼ ’ਤੇ ਇਤਰਾਜ਼ ਜਤਾਇਆ ਸੀ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਇਹ ਫੰਡ ਸੂਬਾ ਸਰਕਾਰ ਦੀਆਂ ਲੋਕ-ਲੁਭਾਊ ਸਕੀਮਾਂ ਲਈ ਜੁਟਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਅਕਾਊਂਟੈਂਟ-ਜਨਰਲ (ਆਡਿਟ) ਨੇ ਗਮਾਡਾ ਵੱਲੋਂ ਰਾਜ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਗਏ ਲਗਭਗ 6,400 ਕਰੋੜ ਰੁਪਏ ਦੇ ਤਬਾਦਲੇ ਅਤੇ ਲੇਖੇ-ਜੋਖੇ ’ਤੇ ਸਵਾਲ ਉਠਾਏ ਸਨ। ਆਡਿਟ ਰਿਪੋਰਟ ਵਿੱਚ ਇਹ ਵੀ ਨੋਟ ਕੀਤਾ ਗਿਆ ਸੀ ਕਿ ਲਗਪਗ 927.90 ਕਰੋੜ ਰੁਪਏ ਦੇ ਸਮੇਂ ਤੋਂ ਪਹਿਲਾਂ ਕੀਤੇ ਗਏ ਤਬਾਦਲੇ ਨੇ ਗਮਾਡਾ ਕੋਲ ਨਗਦੀ ਦੀ ਉਪਲਬਧਤਾ ’ਤੇ ਦਬਾਅ ਪਾਇਆ ਸੀ, ਜਿਸ ਕਾਰਨ ਉਸ ਨੂੰ ਵਪਾਰਕ ਓਵਰਡਰਾਫਟ ’ਤੇ ਨਿਰਭਰ ਹੋਣਾ ਪਿਆ। ਪਟੀਸ਼ਨਰਾਂ ਨੇ ਹੋਰ ਦਲੀਲ ਦਿੱਤੀ, ‘‘ਇਹ ਰਿਪੋਰਟ ਵੀ ਸਾਹਮਣੇ ਆਈ ਸੀ ਕਿ ਸੂਬਾ ਸਰਕਾਰ ਨੇ ਵਿਕਾਸ ਅਥਾਰਿਟੀਆਂ ਤੋਂ ਲਗਭਗ 1,000 ਕਰੋੜ ਰੁਪਏ ਹੋਰ ਮੰਗੇ ਸਨ, ਜਿਸ ਵਿੱਚ ਗਮਾਡਾ ਤੋਂ ਲਗਪਗ 300 ਕਰੋੜ ਰੁਪਏ ਮੰਗੇ ਗਏ ਸਨ, ਜਦਕਿ ਪੀ ਐੱਸ ਪੀ ਸੀ ਐੱਲ ਇੱਕ ਮਰਚੈਂਟ ਬੈਂਕਰ ਰਾਹੀਂ ਲਗਪਗ 10,000 ਕਰੋੜ ਰੁਪਏ ਜੁਟਾਉਣ ਦੀ ਤਜਵੀਜ਼ ਰੱਖ ਰਿਹਾ ਸੀ। ਪਟੀਸ਼ਨਰਾਂ ਨੇ ਮੰਗ ਕੀਤੀ ਸੀ ਕਿ ਐਨੇ ਵੱਡੇ ਪੱਧਰ ਉਤੇ ਸਰਕਾਰੀ ਫੰਡ ਲਗਾਉਣ ਅਤੇ ਤੀਜੀ ਧਿਰ ਦਾ ਦਖ਼ਲ ਬਣਨ ਤੋਂ ਪਹਿਲਾਂ ਪੂਰੇ ਵਿੱਤੀ ਰਿਕਾਰਡ ਨੂੰ ਪੇਸ਼ ਕੀਤਾ ਜਾਵੇ ਅਤੇ ਉਸ ਦੀ ਜਾਂਚ ਕੀਤੀ ਜਾਵੇ।’’ ਪਟੀਸ਼ਨਰਾਂ ਵੱਲੋਂ ਇਸ ਸਬੰਧੀ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਵੀ ਮੰਗੀ ਗਈ ਸੀ।

Share this content:

Post Comment