Loading Now

ਬਦਲਦੀ ਵਿਸ਼ਵ ਵਿਵਸਥਾ ਵਿੱਚ ਭਾਰਤ

ਬਦਲਦੀ ਵਿਸ਼ਵ ਵਿਵਸਥਾ ਵਿੱਚ ਭਾਰਤ

ਪਿਛਲੇ ਕੁਝ ਸਮੇਂ ਦੌਰਾਨ ਦੁਨੀਆ ਵਿੱਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ। ਅਮਰੀਕਾ ਦੀ ਆਰਥਿਕ ਅਤੇ ਫ਼ੌਜੀ ਸਰਦਾਰੀ ਹਾਲੇ ਵੀ ਕਾਫ਼ੀ ਮਜ਼ਬੂਤ ਹੈ ਪਰ ਇਸ ਨੂੰ ਲਗਾਤਾਰ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਭਰ ਰਹੇ ਅਰਥਚਾਰੇ ਅਤੇ ਵਿਕਾਸਸ਼ੀਲ ਦੇਸ਼ ਵੱਖ-ਵੱਖ ਵਿਸ਼ਵ ਪੱਧਰੀ ਮੰਚਾਂ ਅਤੇ ਸੰਸਥਾਵਾਂ ਰਾਹੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਕੌਮਾਂਤਰੀ ਮਾਮਲਿਆਂ ਵਿੱਚ ਆਪਣਾ ਬਣਦਾ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਸਮਾਂ ਸੀ ਜਦੋਂ ਭਾਰਤ ਇਨ੍ਹਾਂ ਮੰਚਾਂ ਉੱਤੇ ਮੋਹਰੀ ਭੂਮਿਕਾ ਨਿਭਾਉਂਦਾ ਸੀ। ਖ਼ਾਸਕਰ ਗੁੱਟ-ਨਿਰਲੇਪ ਅੰਦੋਲਨ ਰਾਹੀਂ ਭਾਰਤ ਨੇ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਦਿਸ਼ਾ ਪ੍ਰਦਾਨ ਕੀਤੀ ਸੀ, ਜੋ ਸਿਆਸੀ ਆਜ਼ਾਦੀ, ਆਰਥਿਕ ਨਿਆਂ ਅਤੇ ਨਿਆਂਪੂਰਨ ਕੌਮਾਂਤਰੀ ਵਿਵਸਥਾ ਲਈ ਸੰਘਰਸ਼ ਕਰ ਰਹੇ ਸਨ ਪਰ ਹੁਣ ਸਥਿਤੀ ਵਿੱਚ ਕਾਫ਼ੀ ਤਬਦੀਲੀ ਆ ਚੁੱਕੀ ਹੈ। ਉੱਭਰ ਰਹੀ ਵਿਸ਼ਵ ਵਿਵਸਥਾ ਨੂੰ ਰੂਪ ਦੇਣ ਵਿੱਚ ਭਾਰਤ ਦੀ ਆਵਾਜ਼ ਅਤੇ ਪ੍ਰਭਾਵ ਕਮਜ਼ੋਰ ਹੋਏ ਹਨ, ਜਿਸ ਨਾਲ ਇਸ ਦੀ ਵਿਦੇਸ਼ ਨੀਤੀ ਦੀ ਦਿਸ਼ਾ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਹਾਲ ਹੀ ਵਿੱਚ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਏ 49ਵੀਂ ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ ਸਿਖਰ ਸੰਮੇਲਨ ਅਤੇ ਕੁਆਡ ਮੁਲਕਾਂ ਦੀ ਮੀਟਿੰਗ ਨੇ ਇੱਕ ਵਾਰ ਫਿਰ ਇਸ ਹਕੀਕਤ ਨੂੰ ਸਾਹਮਣੇ ਲਿਆਂਦਾ ਹੈ। ਕੁਆਡ ਦੀ ਮੀਟਿੰਗ 2025 ਵਿੱਚ ਭਾਰਤ ਵਿੱਚ ਹੋਣੀ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਛਾ ਅਨੁਸਾਰ ਇਸ ਨੂੰ ਮਨੀਲਾ ਵਿੱਚ ਕਰਵਾਇਆ ਗਿਆ। ਸਭ ਤੋਂ ਵੱਧ ਚਰਚਾ ਵਾਲੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੋਨਲਡ ਟਰੰਪ ਨਾਲ ਪ੍ਰੈੱਸ ਕਾਨਫਰੰਸ ਵਿੱਚ ਖੜ੍ਹੇ ਹੋਣ ਦੀ ਕਥਿਤ ਝਿਜਕ ਰਹੀ। ਇਹ ਘਟਨਾ ਭਾਰਤ ਦੇ ਘਟਦੇ ਕੂਟਨੀਤਕ ਆਤਮ-ਵਿਸ਼ਵਾਸ ਅਤੇ ਰੁਤਬੇ ਦਾ ਪ੍ਰਤੀਕ ਬਣ ਗਈ ਹੈ। ਪ੍ਰਧਾਨ ਮੰਤਰੀ ਪੂਰੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ ਅਤੇ ਹਰ ਭਾਰਤੀ ਦੀ ਇਹ ਸੁਭਾਵਿਕ ਇੱਛਾ ਹੋਵੇਗੀ ਕਿ ਦੇਸ਼ ਦੇ ਆਗੂ ਨੂੰ ਦੁਨੀਆ ਦੇ ਪ੍ਰਮੁੱਖ ਆਗੂਆਂ ਵਿੱਚ ਬਰਾਬਰ ਦੇ ਆਗੂ ਵਜੋਂ ਸਨਮਾਨ ਮਿਲੇ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੌਜੂਦਾ ਸਰਕਾਰ ਵੱਲੋਂ ਅਪਣਾਈ ਜਾ ਰਹੀ ਵਿਦੇਸ਼ ਨੀਤੀ ਨੇ ਇਹ ਪ੍ਰਭਾਵ ਪੈਦਾ ਕੀਤਾ ਹੈ ਕਿ ਭਾਰਤ ਇੱਕ ਸੁਤੰਤਰ ਅਤੇ ਸੰਤੁਲਿਤ ਕੌਮਾਂਤਰੀ ਭੂਮਿਕਾ ਨਿਭਾਉਣ ਦੀ ਬਜਾਏ ਅਮਰੀਕਾ ਉੱਤੇ ਬਹੁਤ ਜ਼ਿਆਦਾ ਨਿਰਭਰ ਹੁੰਦਾ ਜਾ ਰਿਹਾ ਹੈ।

ਭਾਰਤ ਦੇ ਇਜ਼ਰਾਈਲ ਨਾਲ ਵਧਦੇ ਨੇੜਲੇ ਸਬੰਧ ਵੀ ਇਸ ਦੀ ਵਿਦੇਸ਼ ਨੀਤੀ ਦੀ ਇਕਸਾਰਤਾ ਅਤੇ ਸੁਤੰਤਰਤਾ ਬਾਰੇ ਸਵਾਲ ਖੜ੍ਹੇ ਕਰਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਈ ਵਾਰ ਭਾਰਤ ਨੂੰ ਇੱਕ ਵੱਡੀ ਵਿਸ਼ਵ ਸ਼ਕਤੀ ਤੇ ਨਜ਼ਦੀਕੀ ਰਣਨੀਤਕ ਭਾਈਵਾਲ ਦੱਸਿਆ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੇ ਨਿੱਜੀ ਸਬੰਧਾਂ ਨੂੰ ਵੀ ਉਜਾਗਰ ਕੀਤਾ ਹੈ। ਇਸ ਨੂੰ ਕੌਮਾਂਤਰੀ ਪਿੜ ਵਿੱਚ ਇਜ਼ਰਾਈਲ ਦੀ ਵਧ ਰਹੀ ਇਕੱਲਤਾ ਅਤੇ ਗਾਜ਼ਾ ਵਿੱਚ ਉਸ ਦੀਆਂ ਫ਼ੌਜੀ ਕਾਰਵਾਈਆਂ ਕਾਰਨ ਲੱਗ ਰਹੇ ਨਸਲਕੁਸ਼ੀ ਦੇ ਗੰਭੀਰ ਦੋਸ਼ਾਂ ਦੇ ਪਿਛੋਕੜ ਵਿੱਚ ਦੇਖਣ ਦੀ ਲੋੜ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਉੱਤੇ ਸਾਂਝੇ ਹਮਲੇ ਅਤੇ ਇਸ ਤੋਂ ਬਾਅਦ ਵਧੇ ਤਣਾਅ ਨੇ ਇਰਾਨ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਇਰਾਨ ਨਾਲ ਭਾਰਤ ਦੇ ਲੰਮੇ ਸਮੇਂ ਤੋਂ ਇਤਿਹਾਸਕ, ਸੱਭਿਆਚਾਰਕ ਅਤੇ ਆਰਥਿਕ ਸਬੰਧ ਰਹੇ ਹਨ। ਅਜਿਹੇ ਮਾਹੌਲ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਨੂੰ ਆਪਣੀ ‘ਮਾਤਰਭੂਮੀ’ ਅਤੇ ਇਜ਼ਰਾਈਲ ਨੂੰ ਆਪਣੀ ‘ਪਿਤਰਭੂਮੀ’ ਕਹਿਣ ਦਾ ਕੌਮਾਂਤਰੀ ਭਾਈਚਾਰੇ ਵਿੱਚ ਕੀ ਸੰਦੇਸ਼ ਜਾਂਦਾ ਹੈ?
ਇਸ ਦੌਰਾਨ ਡੋਨਲਡ ਟਰੰਪ ਨੇ ਕਈ ਵਾਰ ਜਨਤਕ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਹੈ ਅਤੇ ਭਾਰਤ ਨਾਲ ਸਬੰਧਿਤ ਮਾਮਲਿਆਂ ਵਿੱਚ ਅਮਰੀਕੀ ਮੰਗਾਂ ਤੇ ਨੀਤੀਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੀਆਂ ਘਟਨਾਵਾਂ ਨੇ ਉਨ੍ਹਾਂ ਨਾਬਰਾਬਰੀ ਵਾਲੇ ਸਬੰਧਾਂ ਨੂੰ ਹੋਰ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਮੌਜੂਦਾ ਸਰਕਾਰ ਅਕਸਰ ਨਜ਼ਦੀਕੀ ਅਤੇ ਬਰਾਬਰ ਦੇ ਭਾਈਵਾਲਾਂ ਵਿਚਕਾਰ ਸਬੰਧ ਵਜੋਂ ਪੇਸ਼ ਕਰਦੀ ਹੈ। ਅਹਿਮ ਕੌਮਾਂਤਰੀ ਕੂਟਨੀਤਕ ਮੀਟਿੰਗਾਂ ਵਿੱਚ ਭਾਰਤ ਦੀ ਗ਼ੈਰ-ਮੌਜੂਦਗੀ ਵੀ ਚਿੰਤਾ ਦਾ ਵਿਸ਼ਾ ਹੈ। 21 ਦੇਸ਼ਾਂ ਦੀ ਸ਼ਮੂਲੀਅਤ ਵਾਲੀ ‘ਏਪੈਕ’ ਮੀਟਿੰਗ ਵਿੱਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ, ਹਾਲਾਂਕਿ ਰਿਪੋਰਟਾਂ ਅਨੁਸਾਰ ਭਾਰਤ ਇਸ ਵਿੱਚ ਸ਼ਾਮਿਲ ਹੋਣ ਦਾ ਚਾਹਵਾਨ ਸੀ। ਇਸੇ ਤਰ੍ਹਾਂ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਹੋਈ ਉੱਚ-ਪੱਧਰੀ ਮੀਟਿੰਗ ਭਾਰਤ ਦੀ ਕੂਟਨੀਤਕ ਸਥਿਤੀ ਅਤੇ ਉੱਭਰ ਰਹੀ ਵਿਸ਼ਵ ਵਿਵਸਥਾ ਨਾਲ ਸਬੰਧਿਤ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਇਸ ਦੀ ਸਮਰੱਥਾ ਬਾਰੇ ਸਵਾਲ ਖੜ੍ਹੇ ਕਰਦੀ ਹੈ। ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਕਾਰਨ ਭਾਰਤ ਦੀ ਸੁਤੰਤਰ ਅਤੇ ਰਚਨਾਤਮਿਕ ਵਿਦੇਸ਼ ਨੀਤੀ ਦੀ ਲੋੜ ਹੋਰ ਵੀ ਵਧ ਗਈ ਹੈ। ਇਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਤੇਲ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਨ ਵਾਲੀ ਅਮਰੀਕੀ ਨਾਕਾਬੰਦੀ ਨੂੰ ਸਵੀਕਾਰ ਨਹੀਂ ਕਰੇਗਾ। ਅਮਰੀਕੀ ਕਾਰਵਾਈ ਦੇ ਖ਼ਤਰੇ ਦੇ ਬਾਵਜੂਦ ਇਰਾਨੀ ਤੇਲ ਟੈਂਕਰਾਂ ਵੱਲੋਂ ਆਪਣੀਆਂ ਯਾਤਰਾਵਾਂ ਜਾਰੀ ਰੱਖਣ ਦੀਆਂ ਰਿਪੋਰਟਾਂ ਅਤੇ ਤਣਾਅ ਹੋਰ ਵਧਣ ਦੀ ਸੂਰਤ ਵਿੱਚ ਤਹਿਰਾਨ ਵੱਲੋਂ ਸਖ਼ਤ ਜਵਾਬ ਦੇਣ ਦੀਆਂ ਚਿਤਾਵਨੀਆਂ ਇਹ ਦਰਸਾਉਂਦੀਆਂ ਹਨ ਕਿ ਸਥਿਤੀ ਕਿੰਨੀ ਖ਼ਤਰਨਾਕ ਹੋ ਚੁੱਕੀ ਹੈ। 23 ਨਵੰਬਰ 2026 ਨੂੰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਅਮਰੀਕਾ ਇੱਕ ਵਿਆਪਕ ਸਮਝੌਤੇ ਲਈ ਇਰਾਨ ਦੀਆਂ ਸ਼ਰਤਾਂ ਸਵੀਕਾਰ ਕਰ ਲੈਂਦਾ ਹੈ ਤਾਂ ਹੋਰਮੁਜ਼ ਜਲਡਮਰੂ ਰਾਹੀਂ ਸੁਰੱਖਿਅਤ ਸਮੁੰਦਰੀ ਆਵਾਜਾਈ ਨੂੰ ਜਲਦੀ ਬਹਾਲ ਕੀਤਾ ਜਾ ਸਕਦਾ ਹੈ।

ਇਸ ਨਾਜ਼ੁਕ ਮੋੜ ’ਤੇ ਭਾਰਤ ਨੂੰ ਵਾਸ਼ਿੰਗਟਨ ਅਤੇ ਤਹਿਰਾਨ ਦੋਵਾਂ ਨਾਲ ਆਪਣੇ ਸਬੰਧਾਂ ਤੇ ਕੂਟਨੀਤਕ ਪ੍ਰਭਾਵ ਦੀ ਵਰਤੋਂ ਕਰਦਿਆਂ ਗੱਲਬਾਤ ਅਤੇ ਸ਼ਾਂਤੀਪੂਰਨ ਹੱਲ ਦੀ ਅਪੀਲ ਕਰਨੀ ਚਾਹੀਦੀ ਹੈ। ਭਾਰਤ ਨੂੰ ਅਜਿਹੇ ਕਦਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਜਿਹੜੇ ਹੋਰ ਫ਼ੌਜੀ ਟਕਰਾਅ ਦਾ ਖ਼ਤਰਾ ਪੈਦਾ ਕਰਦੇ ਅਤੇ ਕੌਮਾਂਤਰੀ ਵਪਾਰ ਤੇ ਊਰਜਾ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਡੋਨਲਡ ਟਰੰਪ ਨਾਲ ਆਪਣੀ ਨਿੱਜੀ ਦੋਸਤੀ ਦਾ ਵਾਰ-ਵਾਰ ਜ਼ਿਕਰ ਕਰਦੇ ਰਹੇ ਹਨ। ਜੇਕਰ ਇਸ ਦੋਸਤੀ ਦੀ ਕੋਈ ਕੂਟਨੀਤਕ ਅਹਿਮੀਅਤ ਹੈ ਤਾਂ ਇਸ ਦੀ ਵਰਤੋਂ ਅਮਰੀਕੀ ਪ੍ਰਸ਼ਾਸਨ ਨੂੰ ਟਕਰਾਅ ਵਾਲੀਆਂ ਨੀਤੀਆਂ ਛੱਡ ਕੇ ਸ਼ਾਂਤੀਪੂਰਨ ਹੱਲ ਵੱਲ ਵਧਣ ਲਈ ਪ੍ਰੇਰਿਤ ਕਰਨ ਵਾਸਤੇ ਕੀਤੀ ਜਾਣੀ ਚਾਹੀਦੀ ਹੈ। ਇੱਕ ਚੰਗੀ ਗੱਲ ਇਹ ਰਹੀ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਕੇਂਦਰੀ ਮੰਤਰੀ ਮੁਸੱਦਿਕ ਮਸੂਦ ਮਲਿਕ ਨੂੰ ਪਹਿਲੇ ਸ਼ੰਘਾਈ ਸਹਿਯੋਗ ਸੰਗਠਨ ਸੱਭਿਅਤਾ ਸੰਵਾਦ ਮੰਚ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਇਹ ਦੋ ਗੁਆਂਢੀ ਦੇਸ਼ਾਂ ਵਿਚਕਾਰ ਸੰਵਾਦ ਮੁੜ ਸ਼ੁਰੂ ਕਰਨ ਵੱਲ ਇੱਕ ਸਵਾਗਤਯੋਗ ਕਦਮ ਹੈ। ਇਹ ਸਿਰਫ਼ ਇੱਕ ਇਕੱਲਾ ਕੂਟਨੀਤਕ ਕਦਮ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ ਸਗੋਂ ਇਸ ਤੋਂ ਬਾਅਦ ਆਰਥਿਕ ਸਹਿਯੋਗ, ਖੇਤਰੀ ਸਥਿਰਤਾ ਅਤੇ ਦਹਿਸ਼ਤਗਰਦੀ ਸਮੇਤ ਹੋਰ ਵਿਵਾਦਪੂਰਨ ਸਿਆਸੀ ਮੁੱਦਿਆਂ ਉੱਤੇ ਲਗਾਤਾਰ ਦੁਵੱਲੀ ਗੱਲਬਾਤ ਹੋਣੀ ਚਾਹੀਦੀ ਹੈ।

ਭਾਰਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਕਰਨਾ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨਾ ਜਾਂ ਆਪਣੀ ਸਥਿਤੀ ਕਮਜ਼ੋਰ ਕਰਨਾ ਨਹੀਂ ਹੈ। ਇਸ ਦੇ ਉਲਟ ਇੱਕ ਆਤਮ-ਵਿਸ਼ਵਾਸੀ ਅਤੇ ਜ਼ਿੰਮੇਵਾਰ ਮੁਲਕ ਨੂੰ ਆਪਣੇ ਜਾਇਜ਼ ਹਿੱਤਾਂ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰਦਿਆਂ ਗੱਲਬਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਬਦਲਦੀ ਕੌਮਾਂਤਰੀ ਸਥਿਤੀ ਭਾਰਤ ਸਾਹਮਣੇ ਚੁਣੌਤੀਆਂ ਦੇ ਨਾਲ-ਨਾਲ ਮੌਕੇ ਵੀ ਪੇਸ਼ ਕਰਦੀ ਹੈ। ਸਾਡੇ ਦੇਸ਼ ਵਿੱਚ ਇੱਕ ਹੋਰ ਜਮਹੂਰੀ, ਸ਼ਾਂਤੀਪੂਰਨ ਅਤੇ ਬਹੁ-ਧਰੁਵੀ ਵਿਸ਼ਵ ਦੀ ਉਸਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ ਪਰ ਇਸ ਲਈ ਅਜਿਹੀ ਵਿਦੇਸ਼ ਨੀਤੀ ਦੀ ਲੋੜ ਹੈ, ਜੋ ਰਣਨੀਤਕ ਖ਼ੁਦਮੁਖ਼ਤਿਆਰੀ, ਪ੍ਰਭੂਸੱਤਾ-ਆਧਾਰਿਤ ਫ਼ੈਸਲਿਆਂ, ਆਪਸੀ ਸਨਮਾਨ ਅਤੇ ਵਿਕਾਸਸ਼ੀਲ ਮੁਲਕਾਂ ਨਾਲ ਏਕੇ ਉੱਤੇ ਆਧਾਰਿਤ ਹੋਵੇ। ਭਾਰਤ ਨੂੰ ਉਸ ਸੁਤੰਤਰ ਕੂਟਨੀਤਕ ਪਰੰਪਰਾ ਵੱਲ ਮੁੜਨਾ ਚਾਹੀਦਾ ਹੈ, ਜਿਸ ਨੇ ਕਦੇ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਇਸ ਨੂੰ ਸਨਮਾਨਯੋਗ ਆਵਾਜ਼ ਪ੍ਰਦਾਨ ਕੀਤੀ ਸੀ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਦਾ ਮੁੜ ਮੁਲਾਂਕਣ ਕਰੇ ਅਤੇ ਕਿਸੇ ਇੱਕ ਵਿਸ਼ਵ ਸ਼ਕਤੀ ਉੱਤੇ ਬੇਹੱਦ ਨਿਰਭਰਤਾ ਤੋਂ ਬਾਹਰ ਨਿਕਲੇ। ਅਮਰੀਕਾ ਨਾਲ ਦੋਸਤੀ ਮਹੱਤਵਪੂਰਨ ਹੈ ਪਰ ਇਹ ਭਾਰਤ ਦੇ ਸੁਤੰਤਰ ਫ਼ੈਸਲੇ ਲੈਣ ਦੇ ਅਧਿਕਾਰ ਜਾਂ ਹੋਰ ਦੇਸ਼ਾਂ ਨਾਲ ਇਸ ਦੇ ਰਵਾਇਤੀ ਸਬੰਧਾਂ ਦੀ ਕੀਮਤ ’ਤੇ ਨਹੀਂ ਹੋਣੀ ਚਾਹੀਦੀ। ਭਾਰਤ ਨੂੰ ਬ੍ਰਿਕਸ, ਸ਼ੰਘਾਈ ਸਹਿਯੋਗ ਸੰਗਠਨ ਅਤੇ ਹੋਰ ਬਹੁਪੱਖੀ ਮੰਚਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਵਿਸ਼ਵ ਸੰਸਥਾਵਾਂ ਵਿੱਚ ਸੁਧਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸੰਘਰਸ਼-ਗ੍ਰਸਤ ਖੇਤਰਾਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਭਾਰਤ ਨੂੰ ਕਿਸੇ ਹੋਰ ਦੀ ਵਿਸ਼ਵ ਰਣਨੀਤੀ ਵਿੱਚ ਇੱਕ ਅਧੀਨ ਭਾਈਵਾਲ ਨਹੀਂ ਬਣਨਾ ਚਾਹੀਦਾ।

Share this content:

Post Comment