ਮਾਂ-ਬੋਲੀ ਤੇ ਸਾਹਿਤ ਦੀ ਬਾਤ ਪਾਉਂਦਾ ਪੰਜਾਬੀ ਜੋੜ ਮੇਲਾ ਅੱਜ ਹੋਇਆ ਸਮਾਪਤ
ਅਜੀਤਵਾਲ, 24 ਨਵੰਬਰ- ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਅੱਠਵਾਂ ‘ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਪਿੰਡ ਢੁੱਡੀਕੇ ਵਿੱਚ ਸਿਰਮੌਰ ਸਿਰਜਕ ਜਸਵੰਤ ਸਿੰਘ ਕੰਵਲ ਦੇ ਨਿਵਾਸ ਸਥਾਨ ’ਤੇ ਪੰਜਾਬੀ ਸਰੋਕਾਰਾਂ ਦੀ ਬਾਤ ਪਾਉਂਦਿਆਂ ਨੇਪਰੇ ਚੜਿ੍ਹਆ। ਮੁੱਢਲੀਆਂ ਬੈਠਕਾਂ ਦਾ ਸੰਵਾਦ ਬੱਬਰ ਅਕਾਲੀ ਲਹਿਰ ਦੇ ਅਣਗੌਲੇ ਨਾਇਕਾਂ ਦੀ ਸ਼ਹਾਦਤ ਅਤੇ ਸੂਝ ਦੇ ਨਾਂ ਰਿਹਾ ਜਿਸ ਵਿੱਚ ਸੁਵਰਨ ਸਿੰਘ ਵਿਰਕ, ਡਾ. ਗੁਰਦੇਵ ਸਿੰਘ ਸਿੱਧੂ ਅਤੇ ਵਿਜੇ ਬੰਬੇਲੀ ਨੇ ਬੱਬਰਾਂ ਨੂੰ ਪੰਜਾਬੀ ਕੌਮੀ ਤਾਸੀਰ ਦੇ ਸਾਂਝੀਵਾਲ ਨਾਇਕਾਂ ਵਜੋਂ ਉਭਾਰਿਆ। ਉਦਘਾਟਨੀ ਬੈਠਕ ਮੌਕੇ ਸਰਪੰਚ ਦਰਸ਼ਪ੍ਰੀਤ ਸਿੰਘ, ਸਰਬਜੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਡਾ. ਅਨੀਤ ਕੁਮਾਰ ਵੀ ਮੰਚ ’ਤੇ ਮੌਜੂਦ ਰਹੇ। ਗਲਪਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਹਾਣੀ ਸੰਗ੍ਰਹਿ ‘ਜ਼ਿੰਦਗੀ ਦੂਰ ਨਹੀਂ’ ਦਾ ਹਵਾਲਾ ਦਿੰਦਿਆਂ ਕੰਵਲ ਦੀ ਉਸ ਪੰਜਾਬ-ਪੱਖੀ ਸੂਝ ਦੇ ਮੁੱਢਲੇ ਨਕਸ਼ ਪਛਾਣੇ ਜੋ ਉਨ੍ਹਾਂ ਦੀਆਂ ਮਗਰਲੀਆਂ ਰਚਨਾਵਾਂ ਵਿੱਚ ਹੋਰ ਗੂੜ੍ਹੇ ਹੋਏ। ਨਾਵਲ ‘ਰਾਤ ਬਾਕੀ ਹੈ’ ਬਾਰੇ ਸੰਵਾਦ ਦੌਰਾਨ ਜਗਵਿੰਦਰ ਜੋਧਾ ਨੇ ਪਾਠਕ ਨੂੰ ਸੁਸਤ ਧਿਰ ਮੰਨਣ ’ਤੇ ਇਤਰਾਜ਼ ਕਰਦਿਆਂ ਪਾਠਕ ਹੋਣ ਦੇ ਉਚੇਰੇ ਮਿਆਰ ਦੀ ਗੱਲ ਤੋਰੀ।
ਦੂਜੇ ਦਿਨ ਹਮੀਰ ਸਿੰਘ ਅਤੇ ਨਿਰਭੈ ਸਿੰਘ ਢੁੱਡੀਕੇ ਨੇ ‘ਪੰਜਾਬ ਦੇ ਦਰਿਆਈ ਪਾਣੀਆਂ ਦੀ ਸਿਆਸੀ ਸ਼ਤਰੰਜ’ ਬੈਠਕ ਦੌਰਾਨ ਦਹਾਕਿਆਂ ਤੋਂ ਹੋ ਰਹੀ ਪਾਣੀਆਂ ਦੀ ਲੁੱਟ ਸਬੰਧੀ ਨੁਕਤੇ ਉਠਾਉਂਦਿਆਂ ਲੋਕ ਲਾਮਬੰਦੀ ਉਸਾਰਨ ਦਾ ਸੱਦਾ ਦਿੱਤਾ। ਯਾਦਗਾਰ ਸਾਹਿਤਕ ਬੈਠਕ ਦੌਰਾਨ ਕੁਲਬੀਰ ਸਿੰਘ ਸੂਰੀ ਨੇ ਆਪਣੇ ਪਿਤਾ ਸਾਹਿਤਕਾਰ ਨਾਨਕ ਸਿੰਘ ਤੇ ਕੰਵਲ ਦੀ ਸਾਹਿਤਕ ਸਾਂਝ ਨੂੰ ਚੇਤੇ ਕੀਤਾ। ਇਸ ਮਗਰੋਂ ਪੰਜਾਬ ਦੇ ਸਮਕਾਲੀ ਦ੍ਰਿਸ਼ ਉੱਤੇ ਵਰਿੰਦਰ ਦੀਵਾਨਾ, ਤਰਨਦੀਪ ਬਿਲਾਸਪੁਰ ਅਤੇ ਖੁਸ਼ਵੰਤ ਬਰਗਾੜੀ ਅਤੇ ਬਲਦੇਵ ਸਿੰਘ ਸ਼ੇਰਗਿੱਲ ਨੇ ਚੌਤਰਫਾ ਸੰਸਥਾਈ ਨਿਘਾਰ ਦੇ ਪ੍ਰਸੰਗ ਸਾਂਝੇ ਕੀਤੇ। ਖੁੱਲ੍ਹੀ ਚਰਚਾ ਵਿੱਚ ਗੁਰਮੀਤ ਕੜਿਆਲਵੀ, ਹੈਪੀ ਹਰਿੰਦਰ, ਲਵਪ੍ਰੀਤ ਸਿੰਘ ਫੇਰੋਕੇ, ਕੁਮਾਰ ਜਗਦੇਵ ਸਿੰਘ ਅਤੇ ਅਮੀਸ਼ ਬਾਗਪੁਰ ਨੇ ਹਿੱਸਾ ਲਿਆ।
ਤੀਜੇ ਦਿਨ ਦੀ ਮੁੱਢਲੀ ਚਰਚਾ ਦਾ ਕੇਂਦਰ ਪੇਂਡੂ ਖਿੱਤੇ ਦੇ ਅਧਿਆਪਕਾਂ ਦਾ ਆਤਮ-ਸੰਘਰਸ਼ ਰਿਹਾ ਜਿਸ ਵਿੱਚ ਪਾਲੀ ਖ਼ਾਦਿਮ, ਹਰਵਿੰਦਰ ਭੰਡਾਲ, ਸੁਵਰਨ ਸਿੰਘ ਵਿਰਕ ਅਤੇ ਮਨਭਾਵਨ ਕਾਹਲੋਂ ਨੇ ਹਿੱਸਾ ਲਿਆ। ਪ੍ਰੋ. ਪੁਸ਼ਪਿੰਦਰ ਸਿਆਲ ਅਤੇ ਸੁਖਦੇਵ ਸਿੰਘ ਸਿਰਸਾ ਨੇ ‘ਰਾਤ ਬਾਕੀ ਹੈ’ ਦੇ ਹਵਾਲੇ ਨਾਲ ਪੰਜਾਬੀ ਨਾਵਲ ਦੀ ਧਰਤੀ ਅਤੇ ਉਸਾਰ ਬਾਰੇ ਵਿਚਾਰ ਕੀਤੀ। ਕੰਵਲ-ਸ਼ਬਦ ਸਿਮਰਤੀ ਵਿੱਚ ‘ਖੇਡਾਂ ਦਾ ਵਣਜਾਰਾ’ ਦੇ ਪਾਠ ਨਾਲ ਮੇਲਾ ਆਪਣੇ ਆਖ਼ਰੀ ਪੜਾਅ ’ਤੇ ਪੁੱਜਾ। ਕੰਵਲ ਨੇ ਜਿਸ ਲਿਖਾਰੀ ਨੂੰ ਇਸ ਨਾਂ ਨਾਲ ਚਿਤਰਿਆ ਸੀ, ਉਸੇ ਪ੍ਰਿੰਸੀਪਲ ਸਰਵਣ ਸਿੰਘ ਨੂੰ ਪਹਿਲਾ ਪੂਰਨਮਾਸ਼ੀ ਸਨਮਾਨ ਦਿੱਤਾ ਗਿਆ। ਸਨਮਾਨ ਮੌਕੇ ਢੁੱਡੀਕੇ ਕਾਲਜ ਵਿੱਚ ਉਨ੍ਹਾਂ ਦੇ ਕਰੀਬ ਢਾਈ ਦਹਾਕਿਆਂ ਦੇ ਅਧਿਆਪਨ ਅਤੇ ਪੰਜਾਬੀ ਖੇਡ ਸਾਹਿਤ ਦੀ ਉਸਾਰੀ ਵਿੱਚ ਪਾਏ ਗਏ ਮਿਸਾਲੀ ਯੋਗਦਾਨ ਨੂੰ ਸਲਾਹਿਆ ਗਿਆ। ਸੁਖਦੇਵ ਸਿੰਘ ਸਿਰਸਾ ਅਤੇ ਨਵਦੀਪ ਗਿੱਲ ਨੇ ਸਰਵਣ ਸਿੰਘ ਦੇ ਜੀਵਨ ਤੇ ਲਿਖਤਾਂ ਬਾਰੇ ਗੱਲ ਕੀਤੀ। ਅਦਾਰਾ 23 ਮਾਰਚ ਦੇ ਡਾਇਰੈਕਟਰ ਤੇ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਨੇ ਸਮੁੱਚੇ ਸੰਵਾਦ ਨੂੰ ਸੂਤਰਬੱਧ ਕਰਦਿਆਂ ਪੂਰਨਮਾਸ਼ੀ ਮੇਲੇ ਦੇ ਵਿਚਾਰਕ ਮਕਸਦ ਨੂੰ ਪੰਜਾਬੀ ਹੁਸਨ-ਇਖ਼ਲਾਕ ਦੇ ਸਿਰਨਾਵੇਂ ਨਾਲ ਜੋੜਿਆ। ਦਿੱਲੀ ਤੇ ਪੰਜਾਬ ਤੋਂ ਇਕੱਤਰ ਹੋਏ ਨੌਜਵਾਨ ਪੰਜਾਬੀ ਬੁਧੀਜੀਵੀਆਂ ਦੀ ਭਰਪੂਰ ਸ਼ਿਰਕਤ ਜੋੜ ਮੇਲਾ ਪਰਵਾਨ ਚੜਿ੍ਹਆ।
Share this content:



Post Comment