ਕਵਿਤਾ/ਸੁਰਜੀਤ ਜੱਜ/ਸ਼ਾਇਰ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ
ਉਦਾਸੀਆਂ ਦੇ ਅਰਥ ਅੰਗੀਕਾਰ ਹੋਣ,ਕੁਛ ਸੁਣਨ, ਕੁਛ ਕਹਿਣ ਦੀ ਰਮਜ਼, ਗੋਸ਼ਟ ਨਾਲ਼ ਹੱਕ-ਸੱਚ ਨਿਤਾਰਨ ਵਾਲੀ ਨੀਝ ਤੇ ਬਾਬਰਸ਼ਾਹੀ ਨੂੰ ਲਲਕਾਰਨ ਦੀ ਤੌਫ਼ੀਕ ਹਾਸਿਲ ਹੋਣ ਦੀ ਅਰਜੋਈ ਤੇ ਆਸ-ਉਮੀਦ ਨਾਲ, ਭਾਗੋਆਂ ਦੇ ਭੇਖ ਦੇ ਪਰਦੇ ਪਾੜ, ਲਾਲੋਆਂ ਦੇ ਮੱਥਿਆਂ ਨੂੰ ਰੌਸ਼ਨ ਕਰਨ ਵਾਲੀ, ਹਰ ਜੁਗੇ ਸਚਿਆਰ ਬਾਣੀ ਦੇ ਸਿਰਜਣਹਾਰ, ਸ਼ਾਇਰ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ……..
ਸੁਰਜੀਤ ਜੱਜ
ਸ਼ਾਹੀ ਪੌਪ ਸੰਗੀਤ ਦੇ ਸ਼ੋਰ ਅੰਦਰ
ਸੁਣਦਾ ਕੌਣ ਰਬਾਬ ਮਰਾਸੀਆਂ ਦੇ
ਭਾਗੋ ਧਾਰ ਕੇ ਲਾਲੋ ਦਾ ਭੇਖ, ਥਾਂ-ਥਾਂ
ਚਰਚੇ ਕਰ ਰਹੇ ਰੋਟੀਆਂ ਬਾਸੀਆਂ ਦੇ
ਬਾਬਰਵਾਣੀ ਨੂੰ ਰਟ ਲਿਆ ਬਾਬਰਾਂ ਨੇ
ਸੱਚ,ਸਹਿਜ ਨੂੰ ਸ਼ੋਰ ਵਿੱਚ ਰੋਲ਼ ਦਿੱਤਾ,
ਸ਼ਬਦ ਯਾਤਰਾ ਅਸੀਂ ਸਵੀਕਾਰ ਬੈਠੇ
ਸਾਨੂੰ ਭੁੱਲ ਗਏ ਅਰਥ ਉਦਾਸੀਆਂ ਦੇ
————
ਕੁਛ ਸੁਣਨ,ਕੁਛ ਕਹਿਣ ਦੀ ਰਮਜ਼ ਰਾਹੀਂ
ਗੋਸ਼ਟ ਨਾਲ਼ ਹੱਕ-ਸੱਚ ਨਿਤਾਰਨਾ ਏਂ
ਸਹਿਜ-ਸ਼ਬਦ ਦੀ ਲੋਅ ਸੰਗ ਮਨ ਜਿੱਤ ਕੇ
ਦੈਂਤ ਮਾਇਆ ਦਾ ਕਿੰਝ ਸੰਘਾਰਨਾ ਏਂ
ਦਾਤਾਂ ਮੰਗਣ ਦੇ ਸ਼ੋਰ ਵਿੱਚ ਅਸੀਂ ਭੁੱਲੇ
ਕਰਨਾ ਕੀ ਸੀ, ਕੀ ਸੁਰਜੀਤ ਕੀਤਾ,
ਬਾਬਰਵਾਣੀ ਤਾਂ ਅੱਜ ਵੀ ਦੱਸਦੀ ਏ
ਬਾਬਰਸ਼ਾਹੀ ਨੂੰ ਕਿੰਝ ਲਲਕਾਰਨਾ ਏਂ
Share this content:



Post Comment