ਬੈਂਕਿੰਗ ਧੋਖਾਧੜੀ ਰੋਕਣ ਲਈ ਡਿਜੀਟਲ ਭੁਗਤਾਨਾਂ ਵਾਸਤੇ ‘ਸਟਾਪ ਸਵਿੱਚ’ ਦੀ ਤਜਵੀਜ਼
ਨਵੀਂ ਦਿੱਲੀ, 24 ਨਵੰਬਰ – ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਇਲੈਕਟ੍ਰੌਨਿਕ ਬੈਂਕਿੰਗ ਲੈਣ-ਦੇਣ ਲਈ ਕਈ ਰੋਕਥਾਮ ਸੁਰੱਖਿਆ ਉਪਾਵਾਂ ਦੀ ਤਜਵੀਜ਼ ਰੱਖੀ ਹੈ। ਇਨ੍ਹਾਂ ਵਿੱਚ ਭਵਿੱਚ ’ਚ ਗਾਹਕਾਂ ਦੇ ਖਾਤੇ ਵਿੱਚੋਂ ਪੈਸੇ ਨਿਕਲਣ ਨੂੰ ਫੌਰੀ ਤੌਰ ’ਤੇ ਰੋਕਣ ਲਈ ‘ਸਟਾਪ ਸਵਿੱਚ’ ਦੀ ਸਹੂਲਤ, ਕਿਸੇ ਭਰੋਸੇਮੰਦ ਵਿਅਕਤੀ ਨੂੰ ਸ਼ਾਮਲ ਕਰਨ ਵਾਲੀ ਵਾਧੂ ਪ੍ਰਮਾਣਿਕਤਾ ਪ੍ਰਣਾਲੀ ਅਤੇ ਗਾਹਕਾਂ ਨੂੰ ਵਿੱਤੀ ਧੋਖਾਧੜੀ ਤੋਂ ਬਚਾਉਣ ਲਈ ਡਿਜੀਟਲ ਭੁਗਤਾਨ ਸੀਮਾਵਾਂ ’ਤੇ ਵਧੇਰੇ ਕੰਟਰੋਲ ਸ਼ਾਮਲ ਹਨ। ਕੇਂਦਰੀ ਬੈਂਕ ਨੇ ਵੱਖ-ਵੱਖ ਸ਼੍ਰੇਣੀਆਂ ਦੇ ਬੈਂਕਾਂ ਨੂੰ ਕਵਰ ਕਰਦੇ ਹੋਏ ਸੱਤ ਡਰਾਫਟ ਸੋਧ ਹੁਕਮ ਜਾਰੀ ਕੀਤੇ ਹਨ ਅਤੇ 14 ਦਸੰਬਰ ਤੱਕ ਜਨਤਾ ਤੋਂ ਸੁਝਾਅ ਮੰਗੇ ਹਨ। ਡਰਾਫਟ ਹੁਕਮਾਂ ਅਨੁਸਾਰ, ਬੈਂਕਾਂ ਨੂੰ ਗਾਹਕਾਂ ਨੂੰ ਉਨ੍ਹਾਂ ਦੇ ਖਾਤਿਆਂ ਨਾਲ ਜੁੜੇ ਵੱਖ-ਵੱਖ ਡਿਜੀਟਲ ਭੁਗਤਾਨ ਚੈਨਲਾਂ ਨੂੰ ਬੰਦ ਕਰਨ ਅਤੇ ਬਾਅਦ ਵਿੱਚ ਭੌਤਿਕ (ਬੈਂਕ ਸ਼ਾਖਾ) ਜਾਂ ਡਿਜੀਟਲ ਬੈਂਕਿੰਗ ਇੰਟਰਫੇਸ ਰਾਹੀਂ ਮੁੜ ਚਾਲੂ ਕਰਨ ਦੀ ਸਹੂਲਤ ਮੁਹੱਈਆ ਕਰਨੀ ਹੋਵੇਗੀ। ਗਾਹਕ ਡਿਜੀਟਲ ਭੁਗਤਾਨ ਚੈਨਲਾਂ ਰਾਹੀਂ ਵਿਅਕਤੀਗਤ ਭੁਗਤਾਨਾਂ, ਖਾਸ ਲਾਭਪਾਤਰੀਆਂ ਅਤੇ ਕੁੱਲ ਰੋਜ਼ਾਨਾ ਟਰਾਂਸਫਰ ਲਈ ਲੈਣ-ਦੇਣ ਦੀ ਸੀਮਾ ਨਿਰਧਾਰਤ ਕਰਨ ਜਾਂ ਉਸ ਵਿੱਚ ਸੋਧ ਕਰਨ ਦੇ ਵੀ ਯੋਗ ਹੋਣਗੇ।
ਆਰ ਬੀ ਆਈ ਨੇ ਇਹ ਤਜਵੀਜ਼ ਵੀ ਦਿੱਤੀ ਹੈ ਕਿ ਗਾਹਕਾਂ ਨੂੰ ਅਜਿਹਾ ਸਮਾਂ ਨਿਰਧਾਰਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਦੌਰਾਨ ਚੁਣੇ ਹੋਏ ਡਿਜੀਟਲ ਭੁਗਤਾਨ ਚੈਨਲ ਬੰਦ ਰਹਿਣਗੇ। ਵੱਡੀ ਤਜਵੀਜ਼ ‘ਸਟਾਪ ਸਵਿੱਚ’ ਸ਼ੁਰੂ ਕਰਨ ਦੀ ਹੈ, ਜੋ ਗਾਹਕਾਂ ਨੂੰ ਆਪਣੇ ਖਾਤਿਆਂ ਤੋਂ ਭਵਿੱਖ ਵਿੱਚ ਹੋਣ ਵਾਲੇ ਸਾਰੇ ਗਾਹਕ ਆਧਾਰਿਤ ਡੈਬਿਟ ਲੈਣ-ਦੇਣ ਨੂੰ ਤੁਰੰਤ ਬੰਦ ਕਰਨ ਦੇ ਯੋਗ ਬਣਾਏਗਾ। ਇੱਕ ਵਾਰ ਚਾਲੂ ਹੋਣ ਤੋਂ ਬਾਅਦ, ਇਹ ਸਹੂਲਤ ਗਾਹਕ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਡੈਬਿਟ ਲੈਣ-ਦੇਣ, ਨਵੇਂ ਭੁਗਤਾਨ ਮੈਂਡੇਟ ਬਣਾਉਣ, ਸਥਾਈ ਹਦਾਇਤਾਂ ਸੈੱਟ ਕਰਨ ਅਤੇ ਨਵੀਆਂ ਥਰਡ-ਪਾਰਟੀ ਭੁਗਤਾਨ ਐਪਲੀਕੇਸ਼ਨਾਂ ’ਤੇ ਯੂ ਪੀ ਆਈ ਰਜਿਸਟਰ ਕਰਨ ’ਤੇ ਰੋਕ ਲਗਾ ਦੇਵੇਗੀ; ਹਾਲਾਂਕਿ ਪਹਿਲਾਂ ਤੋਂ ਮੌਜੂਦ ਆਵਰਤੀ ਭੁਗਤਾਨ ਮੈਂਡੇਟ, ਸਥਾਈ ਹਦਾਇਤਾਂ ਅਤੇ ਬੈਂਕ ਵੱਲੋਂ ਖਰਚਿਆਂ ਜਾਂ ਕਰਜ਼ੇ ਦੀਆਂ ਕਿਸ਼ਤਾਂ ਦੀ ਵਸੂਲੀ ਲਈ ਕੀਤੇ ਜਾਣ ਵਾਲੇ ਡੈਬਿਟ ਇਸ ‘ਸਟਾਪ ਸਵਿੱਚ’ ਦੇ ਦਾਇਰੇ ਤੋਂ ਬਾਹਰ ਰਹਿਣਗੇ। ਖਾਤੇ ਵਿੱਚ ਆਉਣ ਵਾਲੇ ਪੈਸੇ ਵੀ ਇਸ ਤੋਂ ਪ੍ਰਭਾਵਿਤ ਨਹੀਂ ਹੋਣਗੇ।
Share this content:



Post Comment