ਕੀ ਤੁਸੀਂ ਸੂਰਜ ਦਾ ਪੇਟੈਂਟ ਕਰਵਾ ਸਕਦੇ ਹੋ/ਲਾਲ ਚੰਦ ਸਿੰਘ
ਪੋਲੀਓ ਵੈਕਸੀਨ ਦੇ ਪਹਿਲੇ ਖੋਜੀ ਡਾਕਟਰ ਜੋਨਾਸ ਸਾਲਕ ਵੱਲੋਂ ਕਹੇ ਗਏ ਇਹ ਸਬਦ ਜਾਂ ਫੇਰ ਇਹ ਸਵਾਲ ਸਾਡੇ ਸਭ ਦੇ ਚਿੰਤਨ ਦਾ ਹਿੱਸਾ ਬਣਨਾ ਚਾਹੀਦਾ ਹੈ। ਸਾਨੂੰ ਸਭ ਨੂੰ ਪਤਾ ਹੀ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਛੋਟੇ ਬੱਚਿਆਂ ਦੇ ਸਭ ਤੋਂ ਵੱਡੇ ਦੁਸ਼ਮਣ ਲਾ ਇਲਾਜ ਛੂਤ ਰੋਗ ਪੋਲੀਓ ਨੂੰ ਜੜੋਂ ਖਤਮ ਕਰਨ ਦੀ ਪਲਸ ਪੋਲੀਓ ਮੁਹਿੰਮ 22 ਨਵੰਬਰ ਤੋਂ 24 ਨਵੰਬਰ,2026 ਤੱਕ ਚਲਾਈ ਜਾ ਰਹੀ ਹੈ। ਛੋਟੇ ਬੱਚਿਆਂ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਇਲਾਜ ਛੂਤ ਰੋਗ ਪੋਲੀਓ ਦੀ ਵੈਕਸੀਨ ਦੇ ਪਹਿਲੇ ਖੋਜੀ ਡਾਕਟਰ ਜੋਨਾਸ ਸਾਲਕ ਦੁਆਰਾ ਕਹੇ ਗਏ ਇਹਨਾਂ/ਉਪਰੋਕਤ ਸ਼ਬਦਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਇਹਨਾਂ ਸਬਦਾਂ ਦੀ ਸੰਪੂਰਨ ਵਿਆਖਿਆ ਸਮਝ੍ਹਣੀ ਸਾਡੇ ਸਭ ਲਈ ਬੇਹੱਦ ਜਰੂਰੀ ਹੀ ਨਹੀਂ ਸਗੋਂ ਸੱਚ ਤਾਂ ਇਹ ਕਿ ਇਹ ਸਵਾਲ ਜੋ ਕਿ ਆਪਣੇ ਆਪ ਵਿੱਚ ਅਨੇਕਾਂ ਸਵਾਲ ਦਰ ਸਵਾਲ ਸਮੋਈ ਬੈਠਾ ਹੈ, ਸਾਡੇ ਸਭ ਦੇ ਚਿੰਤਨ-ਮੰਥਨ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਇਸ ਸਚਾਈ ਤੋਂ ਕਤਈ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਹੀ ਅਰਥਾਂ ਵਿੱਚ-“ਚਿੰਤਨ ‘ਚੋਂ ਹੀ ਅਮਲ ਪੈਦਾ ਹੁੰਦਾ ਹੈ।
“ਕੀ ਤੁਸੀਂ ਸੂਰਜ ਦਾ ਪੇਟੈਂਟ ਕਰਵਾ ਸਕਦੇ ਹੋ?” (Could you patent the sun?) ਡਾ. ਜੋਨਾਸ ਸਾਲਕ (Dr. Jonas Salk) ਦੇ ਇਹ ਇਤਿਹਾਸਕ ਸ਼ਬਦ ਵਿਗਿਆਨ ਅਤੇ ਮਨੁੱਖਤਾ ਦੇ ਇਤਿਹਾਸ ਵਿੱਚ ਨਿਰਸਵਾਰਥ ਸੇਵਾ ਭਾਵਨਾ ਦੀ ਸਭ ਤੋਂ ਵੱਡੀ ਮਿਸਾਲ ਮੰਨੇ ਜਾਂਦੇ ਹਨ। ਉਨ੍ਹਾਂ ਨੇ ਪੋਲੀਓ ਦੀ ਪਹਿਲੀ ਸਫਲ ਵੈਕਸੀਨ (IPV) ਦੀ ਭਾਵ ਪੋਲੀਓ ਦੇ ਟੀਕੇ ਦੀ ਖੋਜ ਕਰਕੇ ਦੁਨੀਆਂ ਦੇ ਕਰੋੜਾਂ ਬੱਚਿਆਂ ਨੂੰ ਉਮਰ ਭਰ ਦੀ ਅੰਗਹੀਣਤਾ ਅਤੇ ਅਣ ਆਈ ਮੌਤ ਤੋਂ ਬਚਾਇਆ…ਪਰ ਇਸ ਸਭ ਕੁਝ ਦੇ ਬਾਵਜੂਦ ਇਸ ਖੋਜ ਤੋਂ ਕੋਈ ਨਿੱਜੀ ਕਮਾਈ ਨਹੀਂ ਕੀਤੀ।
ਇਸ ਪੂਰੇ ਵਾਕਿਆ,ਇਸ ਦੇ ਪਿਛੋਕੜ ਅਤੇ ਇਸ ਦੇ ਡੂੰਘੇ ਅਰਥਾਂ ਦੀ ਸੰਪੂਰਨ ਵਿਆਖਿਆ ਹੇਠ ਲਿਖੇ ਅਨੁਸਾਰ ਹੈ:
ਯਾਦ ਰਹੇ ਕਿ ਲਾ ਇਲਾਜ ਛੂਤ ਰੋਗ ਪੋਲੀਓ ਦਾ ਪਿਛੋਕੜ ਇਸ ਹੱਦ ਤੱਕ ਖੌਫਨਾਕ/ਖਤਰਨਾਕ ਹੈ ਕਿ 1950 ਦੇ ਦਹਾਕੇ ਤੱਕ ਪੋਲੀਓ (Poliomyelitis) ਦੁਨੀਆਂ ਭਰ ਵਿੱਚ ਇੱਕ ਬਹੁਤ ਹੀ ਗੰਭੀਰ ਕਿਸਮ ਦੀ ਭਿਆਨਕ ਛੂਤ ਦੀ ਬਿਮਾਰੀ ਸੀ।ਇਸ ਸਮੇਂ ਦੌਰਾਨ ਹਰ ਸਾਲ ਹਜ਼ਾਰਾਂ ਬੱਚੇ ਇਸ ਦਾ ਸ਼ਿਕਾਰ ਹੋ ਕੇ ਸਦਾ ਲਈ ਅੰਗਹੀਣ (ਲਕਵਾਗ੍ਰਸਤ) ਹੋ ਜਾਂਦੇ ਸਨ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਸੀ। ਯਾਦ ਰਹੇ ਕਿ ਇਹਨਾਂ ਵੇਲਿਆਂ ਵਿੱਚ ਦੁਨੀਆਂ ਦੇ ਸਾਹਮਣੇ ਪਹਿਲਾ ਖਤਰਾ/ਡਰ ਐਟਮ ਬੰਬ ਦਾ ਸੀ ਅਤੇ ਦੂਜਾ ਪੋਲੀਓ ਦੇ ਕਿਟਾਣੂੰਆਂ ਦਾ ਸੀ। ਇਸ ਮਹਾਨ ਅਮਰੀਕੀ ਵਿਗਿਆਨੀ ਡਾ. ਜੋਨਾਸ ਸਾਲਕ ਨੇ ਆਪਣੇ ਹਿਰਦੇ ਵਿੱਚ ਸਮੋਈ ਮਨੁੱਖਤਾ ਦੀ ਸੇਵਾ ਅਤੇ ਸਮਰਪਣ ਭਾਵਨਾ ਸਦਕਾ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਮਰੇ ਹੋਏ ਪੋਲੀਓ ਵਾਇਰਸ (Inactivated Polio Vaccine) ਤੋਂ ਇੱਕ ਸੁਰੱਖਿਅਤ ਵੈਕਸੀਨ ਤਿਆਰ ਕੀਤੀ। ਇਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਸਭ ਪਹਿਲਾਂ ਉਨ੍ਹਾਂ ਨੇ ਇਹ ਟੀਕਾ ਆਪਣੇ ਖ਼ੁਦ ‘ਤੇ, ਆਪਣੀ ਪਤਨੀ ‘ਤੇ ਅਤੇ ਆਪਣੇ ਬੱਚਿਆਂ ‘ਤੇ ਅਜ਼ਮਾਇਆ ਅਤੇ ਫੇਰ ਹੋਰਨਾਂ ਲੱਖਾਂ ਬੱਚਿਆਂ ‘ਤੇ ਇਸ ਟੀਕੇ ਦਾ ਸਫਲ ਤਜਰਬਾ ਕੀਤਾ।
ਯਾਦ ਰਹੇ ਕਿ 12 ਅਪ੍ਰੈਲ,1955 ਨੂੰ ਡਾਕਟਰ ਜੋਨਾਸ ਸਾਲਕ ਦੁਆਰਾ ਖੋਜੀ ਗਈ ਇਸ ਵੈਕਸੀਨ ਨੂੰ ਮਾਣਤਾ ਮਿਲੀ ਭਾਵ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਅਸਰਦਾਰ ਐਲਾਨਿਆਂ ਗਿਆ। ਸੱਚ ਤਾਂ ਇਹ ਕਿ ਅਜਿਹਾ ਕਰਨ ਨਾਲ ਪੂਰੀ ਦੁਨੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜਿਸ ਦਿਨ ਇਸ ਵੈਕਸੀਨ ਦੀ ਸਫਲਤਾ ਦਾ ਐਲਾਨ ਹੋਇਆ (12 ਅਪ੍ਰੈਲ 1955), ਉਸੇ ਸ਼ਾਮ ਮਸ਼ਹੂਰ ਅਮਰੀਕੀ ਪੱਤਰਕਾਰ ਐਡਵਰਡ ਆਰ. ਮਰੋ (Edward R. Murrow) ਨੇ ਆਪਣੇ ਟੀ ਵੀ ਪ੍ਰੋਗਰਾਮ ‘See It Now’ ਵਿੱਚ ਡਾ. ਜੋਨਾਸ ਸਾਲਕ ਦਾ ਇੰਟਰਵਿਊ ਲਿਆ। ਇਸ ਪੱਤਰਕਾਰ ਨੇ ਡਾਕਟਰ ਜੋਨਾਸ ਸਾਲਕ ਨੂੰ ਇੱਕ ਸਵਾਲ ਪੁੱਛਿਆ, “ਇਸ ਵੈਕਸੀਨ ਦੇ ਪੇਟੈਂਟ (Patent – ਕਾਨੂੰਨੀ ਮਲਕੀਅਤ) ਦਾ ਮਾਲਕ ਕੌਣ ਹੈ?” ਯਾਦ ਰਹੇ ਕਿ ਉਸ ਸਮੇਂ ਇਹ ਮੰਨਿਆਂ ਜਾ ਰਿਹਾ ਸੀ ਕਿ ਐਨੀ ਵੱਡੀ ਅਤੇ ਪੂਰੀ ਦੁਨੀਆਂ ਦੇ ਬੱਚਿਆਂ ਦੀ ਤੰਦਰੁਸਤੀ ਨਾਲ ਜੁੜੇ ਮਹੱਤਵ ਵਾਲੀ ਖੋਜ ਕਰਨ ਵਾਲਾ ਵਿਗਿਆਨੀ ਇਸ ਦਾ ਪੇਟੈਂਟ ਕਰਵਾ ਕੇ ਅਰਬਾਂ ਡਾਲਰ ਕਮਾਏਗਾ।…ਪਰ ਨਹੀਂ ਡਾਕਟਰ ਜੋਨਾਸ ਸਾਲਕ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਇੱਥੇ ਇਹ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਡਾ.ਸਾਲਕ ਨੇ ਥੋੜ੍ਹਾ ਰੁਕ ਕੇ ਮੁਸਕਰਾਉਂਦੇ ਹੋਏ ਇਸ ਪੱਤਰਕਾਰ ਦੇ ਸਵਾਲ ਦਾ ਜਵਾਬ ਇਉੱ ਦਿੱਤਾ ਸੀ-“ਮੇਰੇ ਖ਼ਿਆਲ ਵਿੱਚ, ਇਸ ਦੇ ਮਾਲਕ ਆਮ ਲੋਕ ਹਨ। ਇਸ ਦਾ ਕੋਈ ਪੇਟੈਂਟ ਨਹੀਂ ਹੈ।ਕੀ ਤੁਸੀਂ ਸੂਰਜ ਦਾ ਪੇਟੈਂਟ ਕਰਵਾ ਸਕਦੇ ਹੋ?” (Well, the people, I would say. There is no patent. Could you patent the sun?)
ਸੋ ਮੁਕਦੀ ਗੱਲ ਇਹ ਕੇ ਜਰਾ ਸੋਚ ਕੇ ਵੇਖੋ ਕਿ ਇਨ੍ਹਾਂ ਸ਼ਬਦਾਂ ਦੀ ਕਿਸ ਹੱਦ ਤੱਕ ਡੂੰਘੀ ਵਿਆਖਿਆ,ਉਹ ਵੀ ਅਰਥ ਭਰਭੂਰ ਵਿਆਖਿਆ ਬਣਦੀ ਹੈ?… ਦਰਅਸਲ ਸੱਚ ਤਾਂ ਇਹ ਕਿ ਡਾ. ਸਾਲਕ ਦੇ ਇਸ ਛੋਟੇ ਜਿਹੇ ਵਾਕ ਵਿੱਚ ਬਹੁਤ ਡੂੰਘਾ ਸਰਬੱਤ ਦੇ ਭਲੇ ਵਾਲਾ ਫ਼ਲਸਫ਼ਾ ਛੁਪਿਆ ਹੋਇਆ ਹੈ। ਇਸ ਸਭ ਕੁੱਝ ਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜਿਵੇਂ ਸੂਰਜ ਦੀ ਰੌਸ਼ਨੀ ਅਤੇ ਗਰਮੀ ਸਾਰੀ ਧਰਤੀ ਦੇ ਜੀਵਾਂ ਲਈ ਮੁਫ਼ਤ ਅਤੇ ਸਾਂਝੀ ਹੁੰਦੀ ਹੈ, ਉਸੇ ਤਰ੍ਹਾਂ ਹੀ ਜਾਨ ਬਚਾਉਣ ਵਾਲੀ ਦਵਾਈ ‘ਤੇ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਕੰਪਨੀ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਯਾਦ ਰਹੇ ਕਿ ਜੇਕਰ ਡਾ. ਸਾਲਕ ਇਸ ਵੈਕਸੀਨ ਦਾ ਪੇਟੈਂਟ ਕਰਵਾ ਲੈਂਦੇ, ਤਾਂ ਇੱਕ ਅੰਦਾਜ਼ੇ ਮੁਤਾਬਕ ਉਹ ਉਸ ਸਮੇਂ ਲਗਭਗ 7 ਅਰਬ ਡਾਲਰ (Billion Dollars) ਦੇ ਮਾਲਕ ਬਣ ਸਕਦੇ ਸਨ, ਜਦੋਂ ਕਿ ਉਹਨਾਂ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ ਸਗੋਂ ਮਨੁੱਖਤਾ ਦੀ ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਨੂੰ ਹੀ ਆਪਣੀ ਮਨਸ਼ਾ ਭਾਵਨਾ ਦਾ ਹਿੱਸਾ ਬਣਾਈ ਰੱਖਿਆ ਕਿਉਂਕਿ ਪੇਟੈਂਟ ਕਰਵਾਉਣ ਨਾਲ ਵੈਕਸੀਨ ਮਹਿੰਗੀ ਹੋ ਜਾਣੀ ਸੀ ਅਤੇ ਗ਼ਰੀਬ ਦੇਸ਼ਾਂ ਦੇ ਬੱਚਿਆਂ ਤੱਕ ਇਸ ਦਾ ਪਹੁੰਚਣਾ ਮੁਸ਼ਕਲ ਹੋ ਜਾਣਾ ਸੀ। ਯਾਦ ਰਹੇ ਕਿ ਡਾਕਟਰ ਜੋਨਾਸ ਸਾਲਕ ਨੂੰ ਆਪਣੀ ਖੋਜ ਦੌਰਾਨ ਆਰਥਿਕ ਸਾਧਨਾਂ ਦੀ ਤੰਗੀ ਦਾ ਸਾਹਮਣਾ ਕਰਨ ਕਰਨਾ ਪਿਆ ਸੀ ਅਤੇ ਇਸ ਖੋਜ ਲਈ ਪੈਸਾ ਆਮ ਲੋਕਾਂ ਵੱਲੋਂ ਦਿੱਤੇ ਗਏ ਛੋਟੇ-ਛੋਟੇ ਦਾਨ (March of Dimes ਮੁਹਿੰਮ ਰਾਹੀਂ) ਇਕੱਠਾ ਹੋਇਆ ਸੀ। ਡਾ. ਸਾਲਕ ਦਾ ਮੰਨਣਾ ਸੀ ਕਿ ਜਦੋਂ ਖੋਜ ਆਮ ਲੋਕਾਂ ਦੇ ਪੈਸੇ ਨਾਲ ਹੋਈ ਹੈ, ਤਾਂ ਇਸ ਦਾ ਫ਼ਾਇਦਾ ਵੀ ਬਿਨਾਂ ਕਿਸੇ ਕੀਮਤ ਜਾਂ ਬਿਨਾਂ ਕਿਸੇ ਸ਼ਰਤ ਦੇ ਲੋਕਾਂ ਨੂੰ ਹੀ ਮਿਲਣਾ ਚਾਹੀਦਾ ਹੈ।
ਇਸ ਸਭ ਕਾਸੇ ਤੋਂ ਪਤਾ ਚੱਲਦਾ ਹੈ ਕਿ ਡਾਕਟਰ ਜੋਨਾਸ ਸਾਲਕ ਲੋਕਾਂ ਦੇ ਸਹਿਯੋਗ ਦਾ ਤੇ ਉਹਨਾਂ ਦੀ ਇਸ ਸਹਿਯੋਗੀ ਭਾਵਨਾ ਦਾ ਕਿਸ ਹੱਦ ਤੱਕ ਸਤਿਕਾਰ ਕਰਦੇ ਸਨ।
ਉਨ੍ਹਾਂ ਅਨੁਸਾਰ ਵਿਗਿਆਨਕ ਖੋਜਾਂ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ ਹੁੰਦੀਆਂ, ਸਗੋਂ ਇਹ ਪਿਛਲੇ ਵਿਗਿਆਨੀਆਂ ਦੇ ਗਿਆਨ ਦੀ ਲੜੀ ਦਾ ਅਤੇ ਉਨਾਂ ਦੀ ਨਿਰੰਤਰ ਕੀਤੀ ਗਈ ਸਖਤ ਘਾਲਣਾ ਦਾ ਨਤੀਜਾ ਹੁੰਦੀਆਂ ਹਨ, ਜੋ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਹੁੰਦੀਆਂ ਹਨ। ਡਾਕਟਰ ਜੋਨਾਸ ਸਾਲਕ ਦੁਆਰਾ ਆਪਣੀ ਖੋਜ ਨੂੰ ਪੇਟੈਂਟ ਨਾ ਕਰਵਾਉਣ ਸਦਕਾ ਇਸ ਫ਼ੈਸਲੇ ਦਾ ਦੁਨੀਆਂ ‘ਤੇ ਇਸ ਹੱਦ ਤੱਕ ਅਸਰ ਪਿਆ ਕਿ ਪੇਟੈਂਟ ਨਾ ਹੋਣ ਕਾਰਨ ਦੁਨੀਆਂ ਭਰ ਦੀਆਂ ਦਵਾਈ ਕੰਪਨੀਆਂ ਨੂੰ ਇਸ ਵੈਕਸੀਨ ਦਾ ਫਾਰਮੂਲਾ ਮੁਫ਼ਤ ਵਿੱਚ ਹੀ ਮਿਲ ਗਿਆ ਜਿਸਦੀ ਬਦੌਲਤ ਕੁੱਝ ਹੀ ਸਾਲਾਂ ਵਿੱਚ ਵੈਕਸੀਨ ਇੰਨੀ ਸਸਤੀ ਅਤੇ ਆਮ ਹੋ ਗਈ ਕਿ ਅਮਰੀਕਾ, ਯੂਰਪ ਅਤੇ ਭਾਰਤ ਸਮੇਤ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ/ਦੇਸਾਂ ਵਿੱਚੋਂ ਪੋਲੀਓ ਦਾ ਖ਼ਾਤਮਾ ਹੋ ਗਿਆ। ਅੱਜ ਵੀ ਜਦੋਂ ਮਹਿੰਗੀਆਂ ਦਵਾਈਆਂ ਜਾਂ ਸਿਹਤ ਸੇਵਾਵਾਂ ਦੇ ਵਪਾਰੀਕਰਨ ‘ਤੇ ਬਹਿਸ ਹੁੰਦੀ ਹੈ ਤੇ ਸਵਾਲ ਉੱਠਦੇ ਹਨ, ਤਾਂ ਡਾ. ਜੋਨਾਸ ਸਾਲਕ ਦੇ ਇਹ ਸ਼ਬਦ—”ਕੀ ਤੁਸੀਂ ਸੂਰਜ ਦਾ ਪੇਟੈਂਟ ਕਰਵਾ ਸਕਦੇ ਹੋ?”—ਇੱਕ ਚਾਨਣ ਮੁਨਾਰੇ ਵਾਂਗ,ਉਹ ਵੀ ਅਜੋਕੇ ਯੁੱਗ ਦੇ ਸਿੱਖਿਆ, ਸਾਇੰਸ ਅਤੇ ਤਕਨੀਕ ਦੇ ਪ੍ਰਚਾਰ/ ਪ੍ਰਸਾਰ ਦੇ ਯੁੱਗ ਹੋਣ ਦੇ ਬਾਵਜੂਦ ਵੀ ਲੋਭ-ਲਾਲਚ ਅਤੇ ਸਵਾਰਥ ਤੋਂ ਇਲਾਵਾ ਆਪਾ ਪਰਸਤੀ ਦੇ ਨਾਲ ਇਸ ਯੁੱਗ ਵਿੱਚ ਵੀ ਸਤਿਕਾਰ ਵੀ ਨਾਲ ਯਾਦ ਕੀਤੇ ਜਾਂਦੇ ਹਨ।
ਟੀਕਾਕਰਨ ਚੇਤਨਾ ਬਾਬਾ:-
ਲਾਲ ਚੰਦ ਸਿੰਘ
Share this content:



Post Comment