Loading Now

ਆਓ ਹੁਣ ਖਾਮੋਸ਼ ਮੌਤ ਪ੍ਰਤੀ ਫਿਕਰਮੰਦ ਹੋਈਏ/ਗੁਰਚਰਨ ਸਿੰਘ ਨੂਰਪੁਰ

ਆਓ ਹੁਣ ਖਾਮੋਸ਼ ਮੌਤ ਪ੍ਰਤੀ ਫਿਕਰਮੰਦ ਹੋਈਏ/ਗੁਰਚਰਨ ਸਿੰਘ ਨੂਰਪੁਰ

ਇਹਨਾਂ ਦਿਨਾਂ ਦੌਰਾਨ ਜੇਕਰ ਤੁਸੀਂ ਆਪਣੇ ਮੋਬਾਇਲ ਫੋਨ ‘ਤੇ ਪੰਜਾਬ ਦੀ ਹਵਾ ਦੀ ਸ਼ੁਧਤਾ ਨੂੰ ਜਿਸ ਨੂੰ ਅਸੀਂ ੳਥੀ  (ਏਅਰ ਕੁਆਲਟੀ ਇੰਡੈਕਸ) ਕਹਿੰਦੇ ਹਾਂ ਚੈੱਕ ਕਰੋਗੇ ਤਾਂ ਤੁਸੀਂ ਪਾਓਗੇ ਕਿ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਰੈਡ ਜੋਨ ਵਿੱਚ ਰਹਿ ਰਹੇ ਹਾਂ। ਹਰ ਸਾਲ ਇਹਨਾਂ ਦਿਨਾਂ ਦੌਰਾਨ ਸਾਡੀ ਹਵਾ ਇੱਕ ਖਾਮੋਸ਼ ਕਾਤਲ ਬਣ ਜਾਂਦੀ ਹੈ। ਇਹ ਸਿਲਸਿਲਾ ਹਰ ਸਾਲ ਪਹਿਲਾਂ ਨਾਲੋਂ ਵੱਧ ਘਾਤਕ ਹੋ ਰਿਹਾ ਹੈ ਪਰ ਅਸੀਂ ਸਾਰੇ ਇਸ ਪ੍ਰਤੀ ਬੇਖਬਰ ਹਾਂ। ਇਸੇ ਸਾਲ 15 ਜਨਵਰੀ ਨੂੰ ਅਜੀਤ ਅਖਬਾਰ ਦੇ ਅੰਤਰ ਰਾਸ਼ਟਰੀ ਪੰਨੇ ‘ਤੇ ਲੱਗੀ ਇੱਕ ਛੋਟੀ ਜਿਹੀ ਖਬਰ ਨੇ ਮੇਰੇ ਜਿ਼ਹਨ ਵਿੱਚ ਪਹਿਲਾਂ ਤੋਂ ਚਲ ਰਹੀ ਬੇਚੈਨੀ ਨੂੰ ਕਈ ਗੁਣਾਂ ਵਧਾ ਦਿੱਤਾ। ਖਬਰ ਇਹ ਸੀ ਕਿ ਡੈਨਮਾਰਕ ਦੇ ਵਿਸ਼ਵ ਦੇ ਨੰਬਰ 3 ਖਿਡਾਰੀ ਐਡਰਸ ਅਟੋਨਸੇਨ ਨੇ ਕਿਹਾ ਕਿ ਦਿੱਲੀ ਦੇ ਇਹਨੀ ਦਿਨੀ ਗੰਭੀਰ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਉਹ ਬੈਡਮਿੰਟਨ ਟੂਰਨਾਮੈਂਟ ਵਿੱਚ ਹਿੱਸਾ ਲੈਣ ਨਹੀਂ ਲੈਣਗੇ। ਖਬਰ ਅਨੁਸਾਰ- ‘ਐਟੋਨਸੇਨ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਬਹੁਤ ਸਾਰੇ ਲੋਕ ਜਾਣਨਾ ਚੁਹੁੰਦੇ ਹਨ ਕਿ ਮੈਂ ਲਗਾਤਾਰ ਤੀਜੇ ਸਾਲ ਇੰਡੀਆ ਓਪਨ ਤੋਂ ਕਿਉਂ ਹਟਿਆ ਹਾਂ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਚੋਂ ਦਿੱਲੀ ‘ਚ ਪ੍ਰਦੂਸ਼ਣ ਬਹੁਤ ਜਿਆਦਾ ਹੈ ਇਸ ਲਈ ਮੈਂਨੂੰ ਨਹੀਂ ਲੱਗਦਾ ਕਿ ਇਹ ਬੈਡਮਿੰਟਨ ਟੂਰਨਾਮੈਂਟ ਦੀ ਮੇਜਬਾਨੀ ਕਰਨ ਲਈ ਸਹੀ ਜਗ੍ਹਾ ਹੈ।’ ਇਸ ਬੈਡਮਿੰਟਨ ਖਿਡਾਰੀ ਦਾ ਸਾਡੇ ਦੇਸ਼ ਵਿੱਚ ਨਾ ਆਉਣ ਦਾ ਕਾਰਨ ਪ੍ਰਦੂਸ਼ਣ ਹੋਵੇ ਜਾਂ ਕੁਝ ਹੋਰ, ਆਪਾਂ ਨੂੰ ਇਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ। ਇੱਕ ਗੱਲ ਪੱਕੀ ਜਰੂਰ ਹੈ ਕਿ ਦਿੱਲੀ ਸਮੇਤ ਉੱਤਰੀ ਭਾਰਤੀ ਰਾਜਾਂ ਜਿਹਨਾਂ ਵਿੱਚ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਹੁਣ ਯੂ ਪੀ ਅਤੇ ਹਿਮਾਚਲ ਪ੍ਰਦੇਸ਼ ਵੀ ਇਸ ਤੋਂ ਪਾਸੇ ਨਹੀਂ ਰਹੇ ਇਹਨਾਂ ਰਾਜਾਂ ਵਿੱਚ  ਨਵੰਬਰ 2025 ਤੋਂ ਜਨਵਰੀ 26 ਤੱਕ ਪ੍ਰਦੂਸ਼ਣ ਦਾ ਸਤਰ ਖਤਰਨਾਕ ਹੱਦ ਤੱਕ ਲਗਾਤਾਰ ਬਣਿਆ ਹੋਇਆ ਹੈ।
ਏਅਰ ਕੁਆਲਟੀ ਇੰਡੈਕਸ ਜੋ ਸਾਫ ਹਵਾ ਲਈ 50 ਦੇ ਆਸ ਪਾਸ ਹੋਣਾ ਚਾਹੀਦਾ ਹੈ ਉਹ ਜਿਆਦਾਤਰ ਇਲਾਕਿਆਂ ਵਿੱਚ 200 ਤੋਂ 550 ਤੱਕ ਹੈ। ਇਹ ਖਤਰਨਾਕ ਸਥਿਤੀ ਪਿਛਲੇ ਦੋ ਮਹੀਨਿਆਂ ਤੋਂ ਬਣੀ ਹੋਈ ਹੈ। ਹਵਾ ਦਾ ਇਹ ਪ੍ਰਦੂਸ਼ਣ ਜੀਵਨ ਲਈ ਇੰਨਾ ਖਤਰਨਾਕ ਹੈ ਕਿ ਅਸੀਂ ਸਾਰੇ ਇਹਨਾਂ ਦਿਨਾਂ ਦੌਰਾਨ 16 ਤੋਂ 20 ਸਿਗਰਟਾਂ ਜਿੰਨਾ ਧੂੰਆਂ ਆਪਣੇ ਅੰਦਰ ਖਿੱਚ ਰਹੇ ਹਾਂ। ਸੰਨ 2023 ਵਿੱਚ ਦੁਨੀਆ ਭਰ ਵਿੱਚ ਹਵਾ ਦੇ ਪ੍ਰਦੂਸ਼ਣ ਕਰਕੇ 78 ਲੱਖ ਮੌਤਾਂ ਹੋਈਆਂ। ਉੱਤਰੀ ਭਾਰਤ ਖਾਸ ਕਰਕੇ ਪੰਜਾਬ ਵਿੱਚ ਇਸ ਖਤਰਨਾਕ ਪ੍ਰਦੂਸ਼ਣ ਨਾਲ ਮੌਤਾਂ ਵੀ ਹੋ ਰਹੀਆਂ ਹਨ ਅਤੇ ਸਾਡੀ ਸਭ ਦੀ ਉਮਰ ਵੀ ਇਸ ਨਾਲ ਘਟ ਹੋ ਰਹੀ ਹੈ। ਇੱਕ ਵਿਗਿਆਨ ਖੋਜ ਅਨੁਸਾਰ ਹਵਾ ਦਾ ਪ੍ਰਦੂਸ਼ਨ ਜਦੋਂ 200 ਏ ਕਿਊ ਆਈ ਤੱਕ ਜਾਂ ਇਸ ਤੋਂ ਉਪਰ ਜਾਂਦਾ ਹੈ ਤਾਂ ਹਵਾ ਵਿੱਚ ਜੀਵਨ ਲਈ ਖਤਰਨਾਕ ਪੀ ਐਮ 2.5 ਅਤੇ ਪੀ ਐਮ 10  ਕਣਾਂ ਵਿੱਚ ਵਾਧਾ ਹੋ ਜਾਂਦਾ ਹੈ। ਇਹਨਾਂ ਸਿਰ ਦੇ ਵਾਲਾਂ ਤੋਂ 30 ਗੁਣਾਂ ਬਰੀਕ ਕਣਾਂ ਦੀ ਜਦੋਂ ਹਵਾ ਭਰਮਾਰ ਹੁੰਦੀ ਹੈ ਤਾਂ ਇਹ ਸਾਹ ਲੈਣ ਨਾਲ ਸਾਡੇ ਅੰਦਰ ਜਾਂਦੇ ਹਨ। ਇਹ ਵੱਡੀ ਪੱਧਰ ‘ਤੇ ਲੋਕਾਂ ਲਈ ਹਾਰਟ ਅਟੈਕ, ਸਾਹ, ਦਮਾ, ਬਰੇਨ ਸਟਰੋਕ, ਫੈਫੜਿਆਂ ਦਾ ਕੈਂਸਰ, ਗੁਰਦਿਆਂ ਦੇ ਰੋਗ ਅਤੇ ਬਲੱਡ ਪ੍ਰੈਸ਼ਰ ਵਰਗੇ ਕਈ ਰੋਗਾਂ ਦਾ ਕਾਰਨ ਬਣਦੇ ਹਨ। ਪਲੀਤ ਹਵਾ ਦਾ ਇਹ ਪ੍ਰਕੋਪ ਸਾਡੇ ਹਰ ਇੱਕ ਦੀ 2.2 ਸਾਲ ਉਮਰ ਘੱਟ ਕਰ ਰਿਹਾ ਹੈ। ਹਵਾ ਦੇ ਪ੍ਰਦੂਸ਼ਣ ਦਾ ਮਾਨਸਿਕ ਬਿਮਾਰੀਆਂ ਨੂੰ ਵਧਾਉਣ ਵਿੱਚ ਵੀ ਵੱਡਾ ਹੱਥ ਹੈ ਇਸ ਨਾਲ ਲੋਕਾਂ ਨੂੰ ਡਿਪਰੈਸ਼ਨ, ਐਂਗਜਾਇਟੀ ਅਤੇ ਮਾਨਸਿਕ ਤਣਾਅ ਵੱਧਦਾ ਹੈ ਬਹੁਤ ਸਾਰੇ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਅਤੇ ਉਹ ਇਸ ਸਥਿਤੀ ਤੋਂ ਡਰ ਕੇ ਮਾਨਸਿਕ ਰੋਗਾਂ ਦਾ ਸਿ਼ਕਾਰ ਬਣ ਜਾਂਦੇ ਹਨ। ਇਸ ਨਾਲ ਵੱਡੀ ਉਮਰ ਦੇ ਲੋਕਾਂ ਵਿੱਚ ਡੀਮੈਂਨਸ਼ੀਆ ਅਤੇ ਅਲਜਾਈਮਰ ਵਰਗੀਆਂ ਬਿਮਾਰੀਆਂ ਅਧਰੰਗ ਵਰਗੀਆਂ ਬਿਮਾਰੀਆਂ ਲੱਗਣ ਦਾ ਖਤਰਾ ਵਧ ਜਾਂਦਾ ਹੈ। ਲੋਕਾਂ ਦਾ ਇਮਿਊਨ ਸਿਸਟਮ ਕਮਜੋਰ ਹੋਣ ਲੱਗਦਾ ਹੈ ਅਤੇ ਕਈ ਤਰਾਂ੍ਹ ਦੀਆਂ ਇਨਫੈਂਕਸ਼ਨਾਂ ਦਾ ਖਤਰਾ ਵਧ ਜਾਂਦਾ ਹੈ।  ਲੰਮਾਂ ਸਮਾਂ ਪ੍ਰਦੂਸ਼ਤ ਹਵਾ ਵਿੱਚ ਰਹਿਣ ਕਰਕੇ ਕਿਸੇ ਵੀ ਖਿੱਤੇ ਵਿੱਚ ਕੈਸਰ ਦੇ ਰੋਗੀਆਂ ਦੀ ਗਿਣਤੀ ਵਧਦੀ ਹੈ। ਇਹ ਬੱਚਿਆਂ ਨੂੰ ਮਾਨਸਿਕ ਤੋਰ ਤੇ ਕਮਜੋਰ ਕਰਨ ਅਤੇ ਇਹਨਾਂ ਵਿੱਚ ਸਿੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ।  ਇਹ ਸਥਿਤੀ  ਸਿਗਰਟ ਪੀਣ ਨਾਲੋਂ ਕਿਤੇ ਵੱਧ ਘਾਤਕ ਹੈ ਅਤੇ ਸ਼ਰਾਬ ਪੀਣ ਨਾਲੋਂ 3 ਗੁਣਾਂ ਵੱਧ ਖਤਰਨਾਕ ਹੈ। ਉੱਤਰੀ ਭਾਰਤੀ ਰਾਜਾਂ ਵਿੱਚ ਜੇਕਰ ਬਾਰਸ਼ ਹੁੰਦੀ ਅਤੇ ਇਸ ਮਗਰੋਂ ਹਵਾਵਾਂ ਚਲਦੀਆਂ ਤਾਂ ਹਵਾ ਦੀ ਗੁਣਵਤਾ ਵਿੱਚ ਕੁਝ ਸੁਧਾਰ ਹੋ ਸਕਦਾ ਸੀ ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਧੀਮੀ ਮੌਤ ਦਾ ਪ੍ਰਕੋਪ ਲਗਾਤਾਰ ਬਰਕਰਾਰ ਹੈ।
ਅਸੀਂ ਭਾਰਤੀ ਲੋਕ ਸਭ ਤਰਾਂ੍ਹ ਦੇ ਮਸਲਿਆਂ ਲਈ ਗੰਭੀਰ ਹਾਂ। ਇਹ ਮਸਲੇ ਚਾਹੇ ਰਾਜਨੀਤਕ ਹੋਣ ਸਮਾਜਿਕ ਹੋਣ ਜਾਂ ਧਾਰਮਿਕ ਹੋਣ ਇਸ ਲਈ ਅਸੀਂ ਇਕੱਠੇ ਹੋ ਸੜਕਾਂ ‘ਤੇ ਨਿਕਲ ਆਉਂਦੇ ਹਾਂ। ਆਪਣੇ ਆਪ ਦਾ ਵਿਖਾਵਾ ਕਰਨ , ਵੱਡੀਆਂ ਗੱਡੀਆਂ, ਉੱਚੀਆਂ ਕੋਠੀਆਂ, ਮਹਿੰਗੇ ਕੱਪੜੇ ਅਤੇ ਸਮਾਗਮਾਂ ਤੇ ਬੇਤਹਾਸ਼ਾ ਪੈਸਾ ਖਰਚ ਕਰਕੇ ਅਸੀਂ ਆਪਣੀ ਹਾਊਮੈਂ ਨੂੰ ਪੱਠੇ ਪਾਉਣ ਦੀ ਕੋਈ ਕਸਰ ਅਸੀਂ ਬਾਕੀ ਨਹੀਂ ਰਹਿਣ ਦੇਂਦੇ। ਪਰ ਜਿੱਥੇ ਜੀਵਨ ਦਾ ਮਸਲਾ ਹੁੰਦਾ ਹੈ ਜਿੱਥੇ ਸਾਡੀ ਜਿੰਦਗੀ ਨਾਲ ਸਿੱਧੇ ਤੌਰ ‘ਤੇ ਜੀਵਨ ਨੂੰ ਪ੍ਰਭਾਵਤ ਕਰਨ ਵਾਲੇ ਸੰਕਟ ਹੁੰਦੇ ਹਨ ਉੱਥੇ ਅਸੀਂ ਅਕਸਰ ਖਾਮੋਸ਼ ਰਹਿੰਦੇ ਹਾਂ। ਵਿਚਾਰਨ ਵਾਲੀ ਗੱਲ ਇਹ ਇਸ ਧੀਮੀ ਮੌਤ ਦੇ ਮਨੁੱਖ ਵੱਲੋਂ ਸਿਰਜੇ ਬਿਰਤਾਂਤ ਵਿੱਚ ਵੱਡੇ ਤੋਂ ਵੱਡੇ ਰਾਜਨੀਤਕ ਲੋਕਾਂ ਤੋਂ ਲੈ ਕੇ ਆਮ ਲੋਕ ਵੀ ਸਾਹ ਲੈਂਦੇ ਹਨ ਕਿ ਪਰ ਮਜਾਲ ਕੀ ਕਿ ਕਿਸੇ ਮੰਚ ‘ਤੇ, ਕਿਸੇ ਚੈਂਨਲ ਤੇ ਜਾਂ ਕਿਸੇ ਸਭਾ ਇਕੱਠ ਵਿੱਚ ਇਸ ਸਬੰਧੀ ਗੰਭੀਰ ਚਰਚਾ ਹੋਈ ਹੋਵੇ। ਅਸੀਂ ਲੱਖਾਂ ਭਾਰਤੀ ਲੋਕ ਪਿਛਲੇ ਦੋ ਮਹੀਨਿਆਂ ਤੋਂ ਇਸ ਭਿਆਨਕ ਮੌਤ ਦੇ ਮਾਹੌਲ ਵਿੱਚ ਸਾਹ ਲੈ ਰਹੇ ਹਾਂ ਪਰ ਇਸ ਪ੍ਰਤੀ ਜੋ ਫਿਕਰਮੰਦੀ ਹੋਣੀ ਚਾਹੀਦੀ ਸੀ ਉਹ ਫਿਕਰ ਕਿੱਥੇ ਹੈ? ਇਸ ਸਬੰਧੀ ਜਦੋਂ ਮੈਂ ਆਪਣੇ ਦੋਸਤ ਮੋਗੇ ਦੇ ਇੱਕ ਮਸ਼ਹੂਰ ਦਿਲ ਦੇ ਮਾਹਿਰ ਡਾਕਟਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਬਹੁਤ ਘੱਟ ਉਮਰ ਦੇ ਲੋਕ ਵੀ ਦਿਲ ਦੇ ਰੋਗਾਂ ਦੇ ਮਰੀਜ਼ ਬਣਕੇ ਆ ਰਹੇ ਹਨ। ਪੰਜਾਬ ਵਿੱਚ ਇਹ ਉਹ ਦਿਨ ਹੁੰਦੇ ਹਨ ਜਿਹਨਾਂ ਦਿਨਾਂ ਦੌਰਾਨ ਲੋਕਾਂ ਨੂੰ ਮੌਤਾਂ ਦੇ ਭੋਗਾਂ ਦੇ ਵੱਧ ਸੱਦੇ ਆਉਣ ਲੱਗਦੇ ਹਨ।
ਹਰ ਸਾਲ ਮੌਤ ਦੇ ਇਸ ਬਿਰਤਾਂਤ ਦੀ ਸ਼ੁਰੂਆਤ ਨਵੰਬਰ ਮਹੀਨੇ ਤੋਂ ਹੁੰਦੀ ਹੈ। ਇਸੇ ਸਮੇਂ ਵਿੱਚ ਹੀ ਦਿਵਾਲੀ ਦੌਰਾਨ ਉੱਤਰੀ ਭਾਰਤ ਵਿੱਚ ਬੇਤਹਾਸ਼ ਪਟਾਕੇ ਚਲਾਏ ਜਾਂਦੇ ਹਨ।  ਕੀ ਦਿਵਾਲੀ, ਗੁਰਪੂਰਬ ਅਤੇ ਵਿਆਹ ਸ਼ਾਦੀਆਂ, ਜਨਮ ਦਿਨਾਂ ਦੌਰਾਨ ਚਲਾਏ ਜਾਂਦੇ ਪਟਾਕੇ ਬੰਦ ਨਹੀਂ ਕੀਤੇ ਜਾ ਸਕਦੇ? ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਿੱਚ ਪਟਾਕਿਆਂ ਨੂੰ ਬਣਾਉਣ ਜਾਂ ਇਹਨਾਂ ਦੀ ਵਿਕਰੀ ਤੇ ਪੂਰਨ ਤੌਰ ‘ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਸਾਡੇ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਪਟਾਕੇ ਇਤਿਹਾਸਕ ਤੌਰ ਤੇ ਕਿਸੇ ਤਿਉਹਾਰ ਨਾਲ ਜੁੜੀ ਹੋਈ ਰਸਮ ਨਹੀਂ ਹਨ। ਦਿਵਾਲੀ ਦੇ ਤਿਉਹਾਰ ਦੌਰਾਨ ਅਸੀਂ ਮਹਾਂਨਗਰਾਂ, ਸਹਿਰਾਂ, ਕਸਬਿਆਂ ਨੂੰ ਇੰਨਾ ਪਲੀਤ ਕਰ ਦਿੰਦੇ ਹਾਂ ਕਿ ਇਹਨਾਂ ਤੋਂ ਧੂੰਏ ਦੇ ਬੱਦਲਾਂ ਦੇ ਵੱਡੇ ਗੁਬਾਰ ਉੱਠਦੇ ਹਨ ਅਤੇ ਹਵਾ ਵਿੱਚ ਨਮੀ ਹੋਣ ਕਰਕੇ ਇਹ ਧੂੰਆਂ ਫਿਰ ਅਗਲੇ ਮਹੀਨਿਆਂ ਦੌਰਾਨ (ਜਿਵੇਂ ਇਸ ਵਾਰ ਹੋਇਆ ਹੈ) ਉੱਡ ਕੇ ਕਿਸੇ ਪਾਸੇ ਜਾਂਦਾ ਨਹੀਂ ਬਲਕਿ ਸਾਡੀ ਸਭ ਲਈ ਜਾਨ ਦਾ ਖੌਅ ਬਣਕੇ ਸਾਡੇ ਆਲੇ ਦੁਆਲੇ ਮੌਤ ਦਾ ਬਿਰਤਾਂਤ ਸਿਰਜਦਾ ਹੈ। ਇਹਨਾਂ ਹੀ ਦਿਨਾਂ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਦੀਆਂ ਹਨ। ਇਸ ਰਾਹੀਂ ਮੀਥੇਨ ਗੈਸ ਵੱਡੀ ਮਾਤਰਾ ਵਿੱਚ ਹਵਾ ਵਿੱਚ ਘੁਲਦੀ ਹੈ। ਇਹਨਾਂ ਹੀ ਦਿਨਾਂ ਦੌਰਾਨ ਅਸੀਂ ਧਾਰਮਿਕ ਅਸਥਾਨਾਂ ਤੇ ਵੱਖ ਵੱਖ ਤਰਾਂ੍ਹ ਦੇ ਸਮਾਗਮ ਕਰਕੇ ਬੰਬ ਪਟਾਕੇ ਚਲਾ ਕੇ ਆਪਣੇ ਆਪਣੇ ਆਪ ਨੂੰ ਵੱਧ ਤੋਂ ਵੱਧ ਧਾਰਮਿਕ ਹੋਣ ਦਾ ਸਬੂਤ ਦਿੰਦੇ ਹਾਂ ਹਵਾ ਨੂੰ ਵੱਧ ਤੋਂ ਵੱਧ ਪਲੀਤ ਕਰਨ ਵਿੱਚ ਫਖਰ ਮਹਿਸੂਸ ਕਰਦੇ ਹਾਂ। ਬਿਨਾਂ ਇਹ ਵਿਚਾਰ ਕੀਤਿਆਂ ਕਿ ਸਾਡੇ ਗੁਰੂ ਨੇ ਸਾਨੂੰ ਇਹ ਤਾਗੀਦ ਕੀਤੀ ਸੀ ਕਿ ਧਰਤੀ ਮਾਂ, ਪਾਣੀ ਪਿਤਾ ਅਤੇ ਹਵਾ ਸਾਡੇ ਲਈ ਸਾਡੇ ਗੁਰੂ ਸਮਾਨ ਹੈ। ਪਟਾਕਿਆਂ ਦੇ ਖਤਰਨਾਕ ਪ੍ਰਭਾਵ ਬਾਰੇ ਧਾਰਮਿਕ, ਸਮਾਜਿਕ, ਰਾਜਤੀਤਕ ਅਤੇ ਪ੍ਰਸ਼ਾਸ਼ਨਿਕ ਮੰਚ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ। ਚਾਹੀਦਾ ਇਹ ਹੈ ਕਿ ਪਟਾਕਿਆਂ ‘ਤੇ ਪੂਰਨ ਤੌਰ ਤੇ ਪਾਬੰਦੀ ਹੋਵੇ ਜਾਂ ਇਹਨਾਂ ਦੀ ਵਿਕਰੀ ‘ਤੇ ਇੰਨਾ ਟੈਕਸ ਲਗਾ ਦਿੱਤਾ ਜਾਵੇ ਕਿ ਇਹਨਾਂ ਨੂੰ ਖਰੀਦਣ ਵਾਲਾ ਸੌ ਵਾਰ ਸੋਚੇ।
ਹਵਾ ਦੀ ਇਸ ਖਾਮੋਸ਼ ਮੌਤ ਪ੍ਰਤੀ ਅਸੀਂ ਫਿਲਹਾਲ ਬੇਹੱਦ ਅਵੇਸਲੇ ਹਾਂ। ਇਹ ਭਿਆਨਕ ਸਥਿਤੀ ਸਾਲ ਵਿੱਚ ਕਈ ਵਾਰ ਬਣਦੀ ਹੈ ਪਰ ਹਰ ਸਾਲ ਨਵੰਬਰ ਮਹੀਨੇ ਤੋਂ ਦਿਸੰਬਰ ਜਨਵਰੀ ਤੱਕ ਤਾਂ ਇਹ ਇੱਕ ਤਰਾਂ੍ਹ ਨਾਲ ਮੌਤ ਦੇ ਦਿਨ ਹੁੰਦੇ ਹਨ। ਇਸ ਪ੍ਰਤੀ ਸਾਨੂੰ ਹਰ ਇੱਕ ਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਹਰ ਤਰਾਂ੍ਹ ਦੇ ਨਫੇ ਨੁਕਸਾਨ ਤੋਂ ਉਪਰ ਉੱਠ ਕੇ ਸਰਬੱਤ ਦੇ ਭਲੇ ਲਈ ਸਾਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਹਰ ਸਾਲ ਪਰਾਲੀ ਸਾੜਨੀ ਬੰਦ ਹੋਣੀ ਚਾਹੀਦੀ ਹੈ ਇਸ ਲਈ ਸਰਕਾਰ ਨੂੰ ਢੁੱਕਵੀ ਵਿਵਸਥਾ ਕਰਕੇ ਦੇਣੀ ਚਾਹੀਦੀ ਹੈ। ਪੁਰਾਣੇ ਵਾਹਨਾਂ ਜੋ ਪ੍ਰਦੂਸ਼ਣ ਫੈਲਾਉਣ ਦਾ ਕਾਰਨ ਬਣਦੇ ਹਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਫੈਕਟਰੀਆਂ, ਕਾਰਖਾਨਿਆਂ, ਮਿੱਲਾਂ ਦੀਆਂ ਚਿਮਨੀਆਂ ਨੂੰ ਉੱਚਾ ਕਰਨ ਅਤੇ ਇਹਨਾਂ ‘ਤੇ ਪ੍ਰਦੂਸ਼ਨ ਨੂੰ ਘੱਟ ਕਰਨ ਕਰਨ ਵਾਲੇ ਯੰਤਰ ਲਗਾਏ ਜਾਣੇ ਚਾਹੀਦੇ ਹਨ। ਪਟਾਕਿਆਂ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਣੀ ਚਾਹੀਦਾ ਹੈ।
ਸਾਡਾ ਪੰਜਾਬੀਆਂ ਦਾ ਇਹ ਖਾਸਾ ਹੈ ਕਿ ਅਸੀਂ ਰਾਜਨੀਤਕ ਅਤੇ ਧਾਰਮਿਕ ਮਾਮਲਿਆਂ ਪ੍ਰਤੀ ਅਕਸਰ ਸੰਵੇਂਦਨਸ਼ੀਲ ਰਹਿੰਦੇ ਹਾਂ ਪਰ ਜਿੱਥੇ ਜੀਵਨ ਨਾਲ ਜੁੜੇ ਮਸਲੇ ਹੋਣ ਉੱਥੇ ਅਸੀਂ ਬਿਲਕੁਲ ਹੀ ਗੰਭੀਰ ਨਹੀਂ ਹਾਂ। ਇਹ ਭਾਵੇਂ ਸਿਹਤ ਸਬੰਧੀ ਮਸਲੇ ਹੋਣ, ਦਰਿਆਵਾਂ ਦਾ ਪਲੀਤ ਹੋ ਰਿਹਾ ਪਾਣੀ, ਖਾਣ ਪੀਣ ਦੀਆਂ ਚੀਜਾਂ ਜਾਂ ਹਵਾ ਪਾਣੀ ਅਤੇ ਮਿੱਟੀ ਦੀ ਬਰਬਾਦੀ ਦਾ ਮਸਲਾ ਹੋਵੇ ਅਸੀਂ ਇਸ ਪ੍ਰਤੀ ਇੰਨੇ ਗੰਭੀਰ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਅਸੀਂ ਆਪਣੇ ਆਲੇ ਦੁਆਲੇ ਮੌਤ ਦਾ ਬਿਰਤਾਂਤ ਸਿਰਜ ਲਿਆ ਹੈ। ਅੱਜ ਜੇਕਰ ਅਸੀਂ ਹਵਾ ਪ੍ਰਦੂਸ਼ਣ ਦੇ ਇਸ ਗੰਭੀਰ ਸੰਕਟ ਪ੍ਰਤੀ ਚਿੰਤਤ ਨਾ ਹੋਏ ਤਾਂ ਇਹ ਨਾ ਹੋਵੇ ਕਿ ਕੱਲ ਤੱਕ ਬਹੁਤ ਦੇਰ ਹੋ ਜਾਵੇ। ਹਵਾ ਕਿਸੇ ਇੱਕ ਦੀ ਨਹੀਂ ਇਹ ਸੂਰਜ ਦੀ ਰੋਸ਼ਨੀ ਵਾਂਗ ਸਭ ਲਈ ਹੈ ਅਸੀਂ ਸਭ ਨੇ ਇਸ ਵਿੱਚ ਸਾਹ ਲੈਣਾ ਹੈ ਇਸ ਨੂੰ ਸਾਫ ਰੱਖਣ ਲਈ ਜਿੱਥੇ ਰੁੱਖਾਂ ਦੀ ਕਟਾਈ ਰੋਕੇ ਜਾਣ ਦੀ ਲੋੜ ਹੈ, ਉੱਥੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪ੍ਰਦੂਸ਼ਣ ਕਰਨ ਵਾਲੇ ਸਰੋਤਾਂ ਨੂੰ ਬੰਦ ਕਰਨ ਦੀ ਲੋੜ ਹੈ ਤਾਂ ਕਿ ਢੁੱਕਵੀਆਂ ਜਿਊਣ ਹਾਲਤਾਂ ਸਿਰਜੀਆਂ ਜਾ ਸਕਣ।
Gurcharn-Noorpur-252x300 ਆਓ ਹੁਣ ਖਾਮੋਸ਼ ਮੌਤ ਪ੍ਰਤੀ ਫਿਕਰਮੰਦ ਹੋਈਏ/ਗੁਰਚਰਨ ਸਿੰਘ ਨੂਰਪੁਰ
-ਗੁਰਚਰਨ ਸਿੰਘ ਨੂਰਪੁਰ
-ਜੀਰਾ 9855051099

Share this content:

Post Comment