Loading Now

ਸ਼ੇਨਜ਼ੇਨ ਤਿਕੋਣੀ ਬੈਠਕ ਤੋਂ ਮਿਲੇ ਸਬਕ

ਸ਼ੇਨਜ਼ੇਨ ਤਿਕੋਣੀ ਬੈਠਕ ਤੋਂ ਮਿਲੇ ਸਬਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦਿਨ ਪਹਿਲਾਂ ਮਨੀਲਾ ਵਿੱਚ ‘ਕੁਆਡ’ ਅਤੇ ‘ਆਸੀਆਨ’ ਸੰਮੇਲਨਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਜਦੋਂ ਦੇਸ਼ ਪਰਤੇ ਤਾਂ ਦਿੱਲੀ ਵਿੱਚ ਬ੍ਰਿਟਿਸ਼ ਰਾਜਗੱਦੀ ਦੇ ਵਾਰਿਸ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਘੱਟੋ-ਘੱਟ ਉਹ ਕਿਸੇ ਲਈ ਖ਼ਤਰਾ ਨਹੀਂ ਸਨ, ਭਾਵ, ਉਨ੍ਹਾਂ ਨਾਲ ਹੋਈ ਤਸਵੀਰਬਾਜ਼ੀ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ।

ਅਸਲ ਮਸਲਾ, ਜਿਸ ਦੀ ਨਬਜ਼ ਪ੍ਰਧਾਨ ਮੰਤਰੀ ਤੋਂ ਬਿਹਤਰ ਹੋਰ ਕੋਈ ਨਹੀਂ ਪਛਾਣਦਾ, ਕਿਤੇ ਹੋਰ ਉਲਝਿਆ ਹੋਇਆ ਹੈ, ਦੇਸ਼ ਦੇ ਅੰਦਰ ਵੀ ਅਤੇ ਸਰਹੱਦੋਂ ਪਾਰ ਵੀ। ਬਾਹਰਲੇ ਮੋਰਚੇ ’ਤੇ ਭਾਰਤ ਕਾਫ਼ੀ ਸੂਝ-ਬੂਝ ਨਾਲ ਪੈਰ ਧਰ ਰਿਹਾ ਹੈ, ਭਾਵੇਂ ਕਿ ਇਸ ਦੀ ਵਿਦੇਸ਼ ਨੀਤੀ ਦੇ ਕੁਝ ਹਿੱਸਿਆਂ ਵਿੱਚ ਇੱਕ ਖ਼ਾਸ ਕਿਸਮ ਦਾ ਆਪਾ-ਵਿਰੋਧ ਯਾਨੀ ਦੋਹਰੀ ਮਾਨਸਿਕਤਾ ਭਾਰੂ ਦਿਖਾਈ ਦਿੰਦੀ ਹੈ, ਜਿਵੇਂ ਕਿ ਅਮਰੀਕੀ ਪਾਬੰਦੀਆਂ ਹੇਠ ਆਉਂਦੇ ਰੂਸੀ ਤੇਲ ਦੀ ਖ਼ਰੀਦੋ-ਫ਼ਰੋਖ਼ਤ ਦੇ ਮਾਮਲੇ ਵਿੱਚ। ਇਸ ਮੋਰਚੇ ’ਤੇ ਭਾਰਤ ਨੇ ਬੜੀ ਚਤੁਰਾਈ ਨਾਲ ਕੰਮ ਲਿਆ ਹੈ, ਪਹਿਲਾਂ ਰੁਪਿਆ-ਰੂਬਲ ਵੋਸਟਰੋ ਖਾਤੇ ਰਾਹੀਂ ਕੱਚਾ ਤੇਲ ਖ਼ਰੀਦਿਆ, ਫਿਰ ਉਸ ਨੂੰ ਰਿਫ਼ਾਈਨ ਕਰ ਕੇ ਭਾਰਤੀ ਬਰਾਮਦ ਦਾ ਰੂਪ ਦਿੱਤਾ ਅਤੇ ਅੱਗੇ ਯੂਰਪੀ ਰਿਫ਼ਾਈਨਰੀਆਂ ਸਮੇਤ ਹੋਰ ਮੁਲਕਾਂ ਨੂੰ ਵੇਚ ਦਿੱਤਾ। ਹਜ਼ਾਰਾਂ ਬੈਰਲ ਤੇਲ ਨਾਲ ਲੱਦੇ ਪੂਰੇ ਦੇ ਪੂਰੇ ਜਹਾਜ਼ਾਂ ਦੇ ਅਚਾਨਕ ਗਾਇਬ ਹੋ ਜਾਣ, ਯਾਨੀ ‘ਭੂਤੀਆ ਜਹਾਜ਼ੀ ਬੇੜਿਆਂ’ ਦੇ ਲੱਗਦੇ ਰਹਿੰਦੇ ਦੋਸ਼ਾਂ ਦੇ ਬਾਵਜੂਦ, ਹਕੀਕਤ ਇਹ ਹੈ ਕਿ ਮੋਦੀ ਸਰਕਾਰ ਨੇ ਕੁਝ ਰੂਸੀ ਅਤੇ ਇਰਾਨੀ ਖੇਪਾਂ ਦੀ ਅਦਾਇਗੀ ਚੀਨੀ ਯੂਆਨ ਵਿੱਚ ਕੀਤੀ ਹੈ। ਇਹ ਲੈਣ-ਦੇਣ ਸ਼ੰਘਾਈ ਸਥਿਤ ਆਈ ਸੀ ਆਈ ਸੀ ਆਈ ਬੈਂਕ ਰਾਹੀਂ ਸਿਰੇ ਚਾਿੜ੍ਹਆ ਗਿਆ, ਜਿਸ ਨੂੰ ਖ਼ਾਸ ਤੌਰ ’ਤੇ ਇਸੇ ਮਕਸਦ ਲਈ ਸਥਾਪਤ ਕੀਤਾ ਗਿਆ ਸੀ।

ਪਿਛਲੇ ਹਫ਼ਤੇ ਤੱਕ ਇਹ ਤਿੰਨੇ ਇੱਕ-ਦੂਜੇ ਖ਼ਿਲਾਫ਼ ਰੱਜ ਕੇ ਜ਼ਹਿਰ ਉਗਲ ਰਹੇ ਸਨ। ਪਰ ਇਸ ਹਫ਼ਤੇ, ਬਰਾਬਰ ਅਤੇ ਨਾ-ਬਰਾਬਰ ਹੁੰਦਿਆਂ ਹੋਇਆਂ ਵੀ, ਉਹ ਕਦਮ ਨਾਲ ਕਦਮ ਮਿਲਾ ਕੇ ਤੁਰ ਰਹੇ ਸਨ। ਇਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣੇ ਕੌਮੀ ਹਿੱਤਾਂ ਦੀ ਸੁਤੰਤਰ ਪੂਰਤੀ ਦੇ ਰਾਹ ਵਿੱਚ ਵਿਚਾਰਧਾਰਾ ਨੂੰ ਅੜਿੱਕਾ ਨਹੀਂ ਬਣਨ ਦਿੱਤਾ। ਤੁਸੀਂ ਪੁੱਛ ਸਕਦੇ ਹੋ ਕਿ ਫਿਰ ਇਸ ਕੌਮਾਂਤਰੀ ਪਿੜ ਵਿੱਚ ਭਾਰਤ ਕਿੱਥੇ ਖੜ੍ਹਾ ਹੈ? ਜੇ ਭਾਰਤੀ ਇੰਨੇ ਹੀ ਹੁਸ਼ਿਆਰ ਹਨ ਤਾਂ ਆਜ਼ਾਦੀ ਦੇ 79 ਸਾਲਾਂ ਬਾਅਦ ਭਾਰਤ ਕੋਈ ਵੱਡੀ ਤਾਕਤ ਬਣਨ ਦੇ ਨੇੜੇ ਵੀ ਕਿਉਂ ਨਹੀਂ ਪਹੁੰਚ ਸਕਿਆ? ਇਸ ਸਵਾਲ ਦੇ ਕਈ ਜਵਾਬ ਹਨ, ਪਰ ਸਭ ਤੋਂ ਵੱਡਾ ਕਾਰਨ ਸਾਡਾ ਆਪਣਾ ਹੰਕਾਰ ਹੈ। ਅਸੀਂ ਭਾਰਤੀਆਂ ਨੇ ਦੁਨੀਆ ਨੂੰ ਪਛਾੜ ਦੇਣ ਦੇ ਆਪਣੇ ਹੀ ਖੋਖਲੇ ਦਾਅਵਿਆਂ ’ਤੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨੀਲਾ ਤੋਂ ਪਰਤਦਿਆਂ ਹੀ ਖ਼ੁਦ ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਦਿੱਗਜਾਂ ਨੂੰ ਉਨ੍ਹਾਂ ਦੀ ਅਸਲ ਹਕੀਕਤ ਦਿਖਾਉਂਦਿਆਂ ਪੁੱਛਿਆ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਟੈਕਸ ਛੋਟਾਂ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਭਾਰਤ ਨੂੰ ਚਮਕਾਉਣ ਲਈ ਸਖ਼ਤ ਮਿਹਨਤ ਕਿਉਂ ਨਹੀਂ ਕੀਤੀ? ਉਨ੍ਹਾਂ ਤਿੱਖਾ ਵਾਰ ਕਰਦਿਆਂ ਕਿਹਾ, “…ਤੁਹਾਡੀ ਭੁੱਖ ਇੰਨੀ ਜ਼ਿਆਦਾ ਹੈ ਕਿ ਜਿੰਨਾ ਮਰਜ਼ੀ ਖੁਆ ਦਿਓ, ਤੁਹਾਡਾ ਢਿੱਡ ਹੀ ਨਹੀਂ ਭਰਦਾ”।

ਪ੍ਰਧਾਨ ਮੰਤਰੀ ਦੀ ਇਹ ਤਿੱਖੀ ਟਿੱਪਣੀ ਉਨ੍ਹਾਂ ਦੇ 2014 ਦੇ ਉਸ ਨਾਅਰੇ ਦੀ ਯਾਦ ਦਿਵਾਉਂਦੀ ਹੈ, ਜਿਸ ਨੇ ਉਨ੍ਹਾਂ ਨੂੰ ਸੱਤਾ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ — ‘ਨਾ ਖਾਊਂਗਾ, ਨਾ ਖਾਨੇ ਦੂੰਗਾ।’ (ਭਾਵ, ਨਾ ਮੈਂ ਰਿਸ਼ਵਤ ਲਵਾਂਗਾ ਅਤੇ ਨਾ ਹੀ ਕਿਸੇ ਨੂੰ ਲੈਣ ਦਿਆਂਗਾ)। ਪਿਛਲੇ 12 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਭਾਜਪਾ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਪਾਰਟੀ ਬਣ ਚੁੱਕੀ ਹੈ। ਪਰ ਮੋਦੀ ਇਸ ਗੱਲ ਤੋਂ ਵੀ ਭਲੀ-ਭਾਂਤ ਜਾਣੂ ਹਨ ਕਿ ਹੁਣ ਤੋਂ ਕੁਝ ਮਹੀਨਿਆਂ ਬਾਅਦ ਉੱਤਰ ਪ੍ਰਦੇਸ਼, ਪੰਜਾਬ ਅਤੇ ਨਾਲ ਹੀ ਮਨੀਪੁਰ, ਉੱਤਰਾਖੰਡ ਤੇ ਗੋਆ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਉਹ ਜਾਣਦੇ ਹਨ ਕਿ ਸੜਕਾਂ ’ਤੇ ਦਿਖਾਈ ਦੇ ਰਹੀ ਅਸਲ ਬੇਚੈਨੀ (ਜਿਸ ਦੀ ਨਬਜ਼ ‘ਕੌਕਰੋਚ ਜਨਤਾ ਪਾਰਟੀ’ ਨੇ ਫੜ ਲਈ ਹੈ) ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰੀ ਨੀਤੀਆਂ ਦਾ ਲਾਭ ਕਾਰਪੋਰੇਟ ਘਰਾਣਿਆਂ ਤੋਂ ਹੇਠਾਂ ਉਤਰ ਕੇ ਆਮ ਆਦਮੀ ਤੱਕ ਨਹੀਂ ਪਹੁੰਚਿਆ ਹੈ।

ਕਾਰਪੋਰੇਟ ਘਰਾਣਿਆਂ ’ਤੇ ਪ੍ਰਧਾਨ ਮੰਤਰੀ ਦੇ ਇਸ ਤਿੱਖੇ ਵਾਰ ਨੂੰ ਇਸੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

ਤੁਹਾਡੇ ਖ਼ਿਆਲ ਵਿੱਚ ਸ਼ੇਨਜ਼ੇਨ ਬੈਠਕ ਤੋਂ ਪ੍ਰਧਾਨ ਮੰਤਰੀ ਨੇ ਹੋਰ ਕੀ ਸਬਕ ਸਿੱਖਿਆ ਹੋਵੇਗਾ? ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਸੱਭਿਆਚਾਰਕ ਤੇ ਸੱਭਿਅਤਾਵਾਂ ਬਾਰੇ ਮੰਚ ਦਾ ਉਦਘਾਟਨ ਕਰਦਿਆਂ ਆਪਣਾ ਮਨਪਸੰਦ ਸਲੋਕ ‘ਵਸੁਧੈਵ ਕੁਟੁੰਬਕਮ’ ਭਾਵ ਸਾਰੀ ਦੁਨੀਆ ਇੱਕ ਪਰਿਵਾਰ ਹੈ, ਮੁੜ ਦੁਹਰਾਇਆ। ਦਿਲਚਸਪ ਗੱਲ ਇਹ ਰਹੀ ਕਿ ਉਸ ਵੇਲੇ ਸਰੋਤਿਆਂ ਵਿੱਚ ਪਾਕਿਸਤਾਨੀ ਨੁਮਾਇੰਦਾ, ਜਲਵਾਯੂ ਪਰਿਵਰਤਨ ਮੰਤਰੀ ਮੁਸੱਦਿਕ ਮਲਿਕ ਵੀ ਮੌਜੂਦ ਸੀ। ਯਾਦ ਰਹੇ ਕਿ ਸਰਕਾਰ ਨੇ ਮਲਿਕ ਦੀ ਨਵੀਂ ਦਿੱਲੀ ਸਥਿਤ ਨਿਜ਼ਾਮੂਦੀਨ ਦਰਗਾਹ ’ਤੇ ਜਾਣ ਦੀ ਬੇਨਤੀ ਠੁਕਰਾ ਦਿੱਤੀ, ਜਿੱਥੇ 12ਵੀਂ ਸਦੀ ਦੇ ਹਰਮਨਪਿਆਰੇ ਸੂਫ਼ੀ ਸੰਤ ਹਜ਼ਰਤ ਨਿਜ਼ਾਮੂਦੀਨ ਦੀ ਮਜ਼ਾਰ ਹੈ ਅਤੇ ਜੋ ਉਨ੍ਹਾਂ ਦੇ ਹੋਟਲ ਤੋਂ ਮਹਿਜ਼ ਕੁਝ ਕੁ ਕਿਲੋਮੀਟਰ ਦੀ ਦੂਰੀ ’ਤੇ ਹੀ ਸਥਿਤ ਹੈ। ਇਸ ਦੋਹਰੀ ਮਾਨਸਿਕਤਾ (ਆਪਾ-ਵਿਰੋਧ) ਨੂੰ ਕਿਵੇਂ ਸਮਝਿਆ ਜਾਵੇ? ਯਾਦ ਰਹੇ, ਜਿਵੇਂ ਕਿ ‘ਦਿ ਟ੍ਰਿਬਿਊਨ’ ਦੇ ਪੱਤਰਕਾਰ ਸ਼ਿਆਮ ਭਾਟੀਆ ਨੇ ਹਾਲ ਹੀ ਵਿੱਚ ਲੰਡਨ ਤੋਂ ਰਿਪੋਰਟ ਕੀਤਾ ਸੀ ਕਿ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਸਤੰਬਰ ਵਿੱਚ ਬ੍ਰਿਟੇਨ ਦੇ ਥਿੰਕ ਟੈਂਕਾਂ ਨਾਲ ਹੋਈ ਇੱਕ ਬੰਦ-ਕਮਰਾ ਬੈਠਕ ਵਿੱਚ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ‘ਲੋਕਾਂ ਤੋਂ ਲੋਕਾਂ’ ਦੇ ਆਪਸੀ ਰਾਬਤੇ ਮੁੜ ਬਹਾਲ ਕਰਨ ਦੇ ਹੱਕ ਵਿੱਚ ਹਨ, ਭਾਵੇਂ ਕਿ ਉਨ੍ਹਾਂ ਦੀ ਆਪਣੀ ਹੀ ਸਰਕਾਰ ਨੇ ਪਿਛਲੇ ਸਾਲ ਮਈ ਵਿੱਚ ਹੋਏ ‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਪੰਜਾਬ ਦੇ ਇਸ ਗੁਆਂਢੀ ਮੁਲਕ ਨਾਲ ਹਰ ਤਰ੍ਹਾਂ ਦੀ ਗੱਲਬਾਤ ਬੰਦ ਕੀਤੀ ਹੋਈ ਹੈ।

ਸੁਭਾਵਿਕ ਤੌਰ ’ਤੇ ਇਸ ਸਖ਼ਤੀ ਵਿੱਚ ਕੁਝ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਵੇਂ ਕਿ ਪਾਕਿਸਤਾਨੀ ਸਿੱਖ ਜਥਿਆਂ ਨੂੰ ਉੱਤਰਾਖੰਡ ਸਥਿਤ ਹੇਮਕੁੰਟ ਸਾਹਿਬ ਸਮੇਤ ਭਾਰਤ ਦੇ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਭਾਰਤੀ ਸਿੱਖ ਜਥਿਆਂ ਨੂੰ ਵੀ ਪਾਕਿਸਤਾਨ ਜਾਣ ਦਿੱਤਾ ਜਾ ਰਿਹਾ ਹੈ (ਇੱਕ ਜਥਾ ਪਿਛਲੇ ਸਾਲ ਗਿਆ ਸੀ ਅਤੇ ਦੂਜਾ ਜਲਦੀ ਹੀ ਜਾਣ ਵਾਲਾ ਹੈ)। ਇਸ ਗੱਲ ਦਾ ਅੰਦਾਜ਼ਾ ਲਾਉਣ ਲਈ ਕਿਸੇ ਬੁੱਧੀਮਾਨੀ ਦੀ ਲੋੜ ਨਹੀਂ ਕਿ ਇਹ ਵਿਸ਼ੇਸ਼ ਛੋਟਾਂ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੀ ਦਿੱਤੀਆਂ ਜਾ ਰਹੀਆਂ ਹਨ। ਪਰ ਫਿਰ ਵੀ ਪਾਕਿਸਤਾਨ ਪ੍ਰਤੀ ਸਖ਼ਤ ਰੁਖ਼ ਸਮੇਤ ਕਈ ਚੀਜ਼ਾਂ ਬਦਲ ਸਕਦੀਆਂ ਹਨ, ਖ਼ਾਸਕਰ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਣਕਿਆਸੇ ਰਹਿੰਦੇ ਹਨ। ਭਾਵੇਂ ਨਤੀਜੇ ਉਮੀਦ ਮੁਤਾਬਕ ਹੀ ਕਿਉਂ ਨਾ ਆਉਣ, ਫਿਰ ਵੀ ਤਬਦੀਲੀ ਦੀ ਸੰਭਾਵਨਾ ਬਣੀ ਹੋਈ ਹੈ, ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਵਿਦੇਸ਼ ਨੀਤੀ ਦਾ ਘਰੇਲੂ ਸਿਆਸਤ ਨਾਲ ਬੜਾ ਡੂੰਘਾ ਸਬੰਧ ਹੁੰਦਾ ਹੈ ਅਤੇ ਜੇਕਰ ਪ੍ਰਧਾਨ ਮੰਤਰੀ ਇਹ ਮਹਿਸੂਸ ਕਰਦੇ ਹਨ ਕਿ ਭਾਰਤ ਦੇ ਸਖ਼ਤ ਰੁਖ਼ ਕਾਰਨ ਇੱਕ ਖੇਤਰੀ ਤਾਕਤ ਵਜੋਂ ਇਸ ਦੀ ਭੂਮਿਕਾ ਪ੍ਰਭਾਵਿਤ ਹੋ ਰਹੀ ਹੈ, ਤਾਂ ਦੇਰ-ਸਵੇਰ ਬਦਲਾਅ ਆਉਣਾ ਤੈਅ ਹੈ।

ਇਸੇ ਕਰਕੇ ਇਸ ਹਫ਼ਤੇ ਸ਼ੇਨਜ਼ੇਨ ਵਿੱਚ ਦੁਨੀਆ ਦੀਆਂ ਤਿੰਨ ਵੱਡੀਆਂ ਤਾਕਤਾਂ ਦੀ ਇਕੱਠੀ ਤਸਵੀਰ ਭਾਰਤ ਦੀ ਵਿਦੇਸ਼ ਨੀਤੀ ਨੂੰ ਸਮਝਣ ਲਈ ਬੇਹੱਦ ਅਹਿਮ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੀ ਕਮਜ਼ੋਰੀ ਚੀਨ ਲਈ ਫ਼ਾਇਦੇਮੰਦ ਸਾਬਤ ਹੋ ਰਹੀ ਹੈ, ਦੂਜੇ ਪਾਸੇ ਰੂਸ ਨੇ ਇੱਕ ਵਾਰ ਫਿਰ ਆਲਮੀ ਸਿਆਸਤ ਦੇ ਕੇਂਦਰੀ ਘੇਰੇ ਵਿੱਚ ਆਪਣੀ ਥਾਂ ਬਣਾ ਲਈ ਹੈ। ਇਸ ਦਾ ਕਾਰਨ ਇਹ ਹੈ ਕਿ ਰੂਸ ਇਸ ਵਿਸ਼ਵਾਸ ’ਤੇ ਦ੍ਰਿੜ੍ਹ ਰਿਹਾ ਕਿ ਉਹ ਯੂਕਰੇਨ ਵਿੱਚ ਆਪਣੀ ਇਸ ‘ਹੱਕੀ ਜੰਗ’ ਨੂੰ ਹਰ ਹਾਲ ਜਾਰੀ ਰੱਖੇਗਾ। ਜੰਗਾਂ ਭਾਵੇਂ ਕਿੰਨੀਆਂ ਵੀ ਘਿਨਾਉਣੀਆਂ ਕਿਉਂ ਨਾ ਹੋਣ ਅਤੇ ਇਸ ਭਿਆਨਕ ਸੱਚਾਈ ਦੇ ਬਾਵਜੂਦ ਕਿ ਰੂਸ ਆਪਣੇ ਦਸ ਲੱਖ ਫ਼ੌਜੀ ਗੁਆ ਚੁੱਕਾ ਹੈ, ਉਹ ਪਿੱਛੇ ਨਹੀਂ ਹਟਿਆ। ਦਿਲਚਸਪ ਗੱਲ ਇਹ ਹੈ ਕਿ ਇਸ ਜੰਗ ਨੂੰ ਵਿੱਤੀ ਮਦਦ ਦੇਣ ਅਤੇ ਲੰਮਾ ਖਿੱਚਣ ਪਿੱਛੇ ਕੋਈ ਹੋਰ ਨਹੀਂ, ਸਗੋਂ ਅਮਰੀਕਾ ਹੀ ਹੈ।

Share this content:

Post Comment