Loading Now

ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ’ਤੇ ਬਣੇਗੀ ਫ਼ਿਲਮ

ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ’ਤੇ ਬਣੇਗੀ ਫ਼ਿਲਮ

ਨਵੀਂ ਦਿੱਲੀ, 20 ਨਵੰਬਰ – ਸਿੱਖ ਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਬਣਾਈ ਜਾਵੇਗੀ। ਕਥਾ ਸਟੂਡੀਓਜ਼ ਅਤੇ ਬੀ4 ਮੇਕਰਜ਼ ਸਟੂਡੀਓਜ਼ ਨੇ ਇਸ ਫ਼ਿਲਮ ਲਈ ਸਾਂਝੇ ਤੌਰ ’ਤੇ ਕੰਮ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸਾਲ 2027 ਵਿੱਚ ਸ਼ੁਰੂ ਹੋਵੇਗੀ। ਇਸ ਫ਼ਿਲਮ ਰਾਹੀਂ ‘ਸ਼ੇਰ-ਏ-ਪੰਜਾਬ’ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਜੀਵਨ, ਵਿਰਾਸਤ ਅਤੇ ਉਨ੍ਹਾਂ ਦੇ ਬੇਮਿਸਾਲ ਸਫ਼ਰ ਨੂੰ ਦਰਸਾਇਆ ਜਾਵੇਗਾ। ਹਾਲਾਂਕਿ, ਫ਼ਿਲਮ ਦੇ ਨਿਰਦੇਸ਼ਕ ਅਤੇ ਇਸ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਬਾਰੇ ਜਾਣਕਾਰੀ ਹਾਲੇ ਗੁਪਤ ਰੱਖੀ ਗਈ ਹੈ।

ਮਹਾਰਾਜਾ ਨਾਲ ਸਬੰਧਤ ਘਟਨਾਵਾਂ ਫਿਲਮਾਈਆਂ ਜਾਣਗੀਆਂ

ਫ਼ਿਲਮ ਦਾ ਮਕਸਦ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ-ਸ਼ੌਕਤ, ਬਹਾਦਰੀ, ਅਗਵਾਈ ਅਤੇ ਇਤਿਹਾਸਕ ਵਿਰਾਸਤ ਨੂੰ ਸਿਨੇਮਾ ਦੇ ਵੱਡੇ ਪਰਦੇ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਾ ਹੈ। ਇਸ ਵਿੱਚ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਨੂੰ ਅਜਿਹੇ ਅੰਦਾਜ਼ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ ਦਰਸ਼ਕ ਉਸ ਦੌਰ ਦੇ ਇਤਿਹਾਸ ਨੂੰ ਨੇੜਿਓਂ ਮਹਿਸੂਸ ਕਰ ਸਕਣਗੇ। ਕਥਾ ਸਟੂਡੀਓਜ਼ ਦੇ ਸੰਸਥਾਪਕ ਸ਼ਿਬਾਸ਼ੀਸ਼ ਸਰਕਾਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਸਿਨੇਮਾ ਰਾਹੀਂ ਕਹਾਣੀ ਪੇਸ਼ ਕਰਨ ਲਈ ਬੇਹੱਦ ਵਿਸ਼ਾਲ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਦਾ ਜੀਵਨ ਸਫ਼ਰ, ਅਗਵਾਈ ਅਤੇ ਇਤਿਹਾਸ ਵਿੱਚ ਪਾਏ ਯੋਗਦਾਨ ਨੂੰ ਉਨ੍ਹਾਂ ਦੇ ਰੁਤਬੇ ਦੇ ਅਨੁਸਾਰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀ4 ਮੇਕਰਜ਼ ਸਟੂਡੀਓਜ਼ ਨਾਲ ਮਿਲ ਕੇ ਉਨ੍ਹਾਂ ਦਾ ਟੀਚਾ ਇੱਕ ਸ਼ਾਨਦਾਰ ਫ਼ਿਲਮ ਤਿਆਰ ਕਰਨਾ ਹੈ, ਜੋ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਇ ਨੂੰ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਏ।

ਸਿੱਖ ਮਿਸਲਾਂ ਨੂੰ ਇਕਜੁੱਟ ਕਰ ਕੇ ਸਥਾਪਤ ਕੀਤਾ ਸੀ ਵਿਸ਼ਾਲ ਰਾਜ

ਮਹਾਰਾਜਾ ਰਣਜੀਤ ਸਿੰਘ ਨੂੰ ਵੱਖ-ਵੱਖ ਸਿੱਖ ਮਿਸਲਾਂ ਨੂੰ ਇਕਜੁੱਟ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਅਤੇ ਕਸ਼ਮੀਰ ਤੱਕ ਫੈਲੇ ਵਿਸ਼ਾਲ ਰਾਜ ’ਤੇ ਸ਼ਾਸਨ ਕੀਤਾ ਸੀ। ਬੀ4 ਮੇਕਰਜ਼ ਸਟੂਡੀਓਜ਼ ਦੇ ਸੰਸਥਾਪਕ ਯਾਦਵਿੰਦਰ ਦੀਪ ਸਿੰਘ ਜੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਬਹਾਦਰੀ ਅਤੇ ਅਗਵਾਈ ਦੀਆਂ ਭਾਵਨਾਵਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।

Share this content:

Post Comment