ਕਾਮਰੇਡ ਦਰਸ਼ਨ ਸਿੰਘ ਧਾਲੀਵਾਲ ਸਵਰਗਵਾਸ
ਮੋਗਾ, 20 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਭਾਰਤੀ ਕਮਿਊਨਿਸਟ ਪਾਰਟੀ (CPI) ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਮਿਸ਼ਰੀਵਾਲਾ ਆਪਣੇ ਪਰਿਵਾਰ ਅਤੇ ਵਿਚਾਰਧਾਰਕ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਇਸੇ ਦੌਰਾਨ ਉਹ ਸੰਸਾਰਕ ਯਾਤਰਾ ਪੂਰੀ ਕਰ ਗਏ। ਉਹਨਾਂ ਦੇ ਦੇਹਾਂਤ ਨਾਲ ਇਲਾਕੇ ਦੀ ਖੱਬੇ-ਪੱਖੀ ਅਤੇ ਲੋਕ-ਪੱਖੀ ਲਹਿਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ, ਜਿਲਾ ਮੋਗਾ ਦੇ ਸਕੱਤਰ ਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਕਾਮਰੇਡ ਕੁਲਦੀਪ ਭੋਲਾ, ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਪਾਰਟੀ ਦੇ ਸੂਬਾ ਕੌਂਸਲ ਮੈਂਬਰ ਡਾਕਟਰ ਇੰਦਰਵੀਰ ਗਿੱਲ, ਟ੍ਰੇਡ ਯੂਨੀਅਨ ਆਗੂ ਕਾਮਰੇਡ ਜਗਦੀਸ਼ ਚਾਹਲ ਜ਼ਿਲ੍ਹਾ ਮੀਤ ਸਕੱਤਰ ਗੁਰਦਿੱਤ ਸਿੰਘ ਦੀਨਾ, ਖੇਤ ਮਜ਼ਦੂਰਾਂ ਦੇ ਆਗੂ ਸਰਪੰਚ ਸ਼ੇਰ ਸਿੰਘ ਦੌਲਤਪੁਰਾ, ਕਿਸਾਨ ਆਗੂ ਸਿਕੰਦਰ ਸਿੰਘ ਮਧੇਕੇ, ਕਾ ਸਤਵੰਤ ਸਿੰਘ ਖੋਟੇ, ਕਾ ਮੁਖਤਿਆਰ ਸਿੰਘ ਮੋਗਾ ਵਲੋਂ ਵਲੋ ਅੰਤਮ ਵਿਦਾਇਗੀ ਮੌਕੇ ਪਾਰਟੀ ਦਾ ਲਾਲ ਝੰਡਾ ਪਾ ਕੇ ਉਨ੍ਹਾਂ ਨੂੰ ਸਰਧਾਂਜਲੀ ਭੇੰਟ ਕੀਤੀ। ਕਾਮਰੇਡ ਦਰਸ਼ਨ ਸਿੰਘ ਧਾਲੀਵਾਲ ਮਿਸ਼ਰੀਵਾਲਾ ਨੇ ਆਪਣਾ ਸਾਰਾ ਜੀਵਨ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਵਿਚਾਰਧਾਰਾ ਨੂੰ ਸਮਰਪਿਤ ਰੱਖਿਆ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਅਗਜੈਕਟਿਵ ਕਮੇਟੀ ਤੇ ਸੂਬਾ ਕੌਂਸਲ ਦੇ ਮੈਂਬਰ ਰਹੇ।
ਉਨ੍ਹਾਂ ਨੇ ਲੰਮਾ ਸਮਾਂ ਜਿਲ੍ਹਾ ਕੌਂਸਲ ਫ਼ਿਰੋਜ਼ਪੁਰ ਦੇ ਸਕੱਤਰ ਵਜੋਂ ਆਪਣੀ ਜਿੰਮੇਵਾਰੀ ਨਿਭਾਈ।ਉਹਨਾਂ ਨੇ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ ਵਰਗ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਅਤੇ ਲੋਕ-ਹਿਤੈਸ਼ੀ ਸੰਘਰਸ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹਨਾਂ ਦੀ ਸਾਦਗੀ, ਇਮਾਨਦਾਰੀ ਅਤੇ ਮਿਹਨਤਕਸ਼ ਲੋਕਾਂ ਪ੍ਰਤੀ ਸਮਰਪਣ ਭਾਵਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਬਿਮਾਰੀ ਦੀ ਹਾਲਤ ਦੌਰਾਨ ਪਿਛਲੇ ਚਾਰ ਸਾਲਾਂ ਤੋਂ ਮੋਗਾ ਵਿਖੇ ਆਪਣੇ ਸਪੁਤਰ ਹਰਜੀਤ ਸਿੰਘ ਰਿਟਾਇਰ ਪੁਲਿਸ ਇੰਸਪੈਕਟਰ ਅਤੇ ਨੂੰਹ ਸੁਖਦੀਪ ਕੌਰ ਕੋਲ ਰਹਿ ਰਹੇ ਸਨ। ਇਸ ਸਮੇਂ ਉਹਨਾਂ ਦੇ ਸਪੁੱਤਰ ਅਮਰਜੀਤ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ ਵੀ ਮੌਜੂਦ ਸਨ। ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਵਰਕਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਪਾਰਟੀ ਦੇ ਜਿਲ੍ਹਾ ਫਿਰੋਜ਼ਪੁਰ ਦੇ ਸਕੱਤਰ ਕਾਮਰੇਡ ਕਸ਼ਮੀਰ ਸਿੰਘ, ਕਾ ਰਛਪਾਲ ਸਿੰਘ ਸੰਧੂ, ਅਧਿਆਪਕ ਆਗੂ ਅਵਤਾਰ ਸਿੰਘ ਮਾਛੀ ਬੁੱਗਰਾ ਵਲੋ ਮੋਗਾ ਵਿਖੇ ਸ਼ਮਸ਼ਾਨ ਘਾਟ ਵਿੱਖੇ ਪਹੁੰਚ ਕੇ ਆਪਣੇ ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪਰਵਾਰ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਸਮੇਤ ਵੱਡੀ ਗਿਣਤੀ ਕਮਿਊਨਿਸਟ ਵਰਕਰ ਵੀ ਹਾਜ਼ਰ ਸਨ। ਉਹਨਾਂ ਦਾ ਅੰਤਮ ਸੰਸਕਾਰ ਸ਼ਮਸ਼ਾਨਘਾਟ ਗਾਂਧੀ ਰੋੜ ਮੋਗਾ ਵਿਖੇ ਕੀਤਾ ਗਿਆ।
Share this content:


Post Comment