Loading Now

ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ ‘ਅਹਿਸਾਸ’ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਰਿਲੀਜ਼ ਲੇਖਕ ਦੀ ਪੱਤਰਕਾਰੀ ਤੇ ਸ਼ਾਇਰੀ ‘ਤੇ ਹੋਈ ਭਖਵੀਂ ਚਰਚਾ

ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ ‘ਅਹਿਸਾਸ’ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਰਿਲੀਜ਼ ਲੇਖਕ ਦੀ ਪੱਤਰਕਾਰੀ ਤੇ ਸ਼ਾਇਰੀ ‘ਤੇ ਹੋਈ ਭਖਵੀਂ ਚਰਚਾ

IMG-20261117-WA0042-300x150 ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ 'ਅਹਿਸਾਸ' ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਰਿਲੀਜ਼  ਲੇਖਕ ਦੀ ਪੱਤਰਕਾਰੀ ਤੇ ਸ਼ਾਇਰੀ 'ਤੇ ਹੋਈ ਭਖਵੀਂ ਚਰਚਾ

ਜਲੰਧਰ, 17 ਨਵੰਬਰ (ਏਡੀਪੀ ਨਿਊਜ਼)-ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦਾ ਕਾਵਿ ਸੰਗ੍ਰਹਿ ‘ਅਹਿਸਾਸ’ ਅੱਜ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਰਿਲੀਜ਼ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਵਿਚ ਲੇਖਕ ਵਲੋਂ ਕੋਰੋਨਾ ਕਾਲ (2020) ਅਤੇ ਇਸ ਤੋਂ ਬਾਅਦ ਵਿਚ ਲਿਖੀਆਂ ਗਈਆਂ ਨਜ਼ਮਾਂ, ਗੀਤ ਅਤੇ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਰਚਨਾਵਾਂ ਵਿਚ ਜਿਥੇ ਕੋਰੋਨਾ ਕਾਲ ਵਿਚ ਲੋਕਾਂ ਵਲੋਂ ਹੰਢਾਏ ਦੁੱਖ-ਦਰਦ ਦੀ ਪੇਸ਼ਕਾਰੀ ਕੀਤੀ ਗਈ ਹੈ, ਉੱਥੇ ਪੰਜਾਬ ਵਿਚ ਵਧ ਰਹੀ ਬਦਅਮਨੀ, ਨਸ਼ਾਖੋਰੀ ਅਤੇ ਪ੍ਰਵਾਸ ਕਾਰਨ ਖਾਲੀ ਹੁੰਦੇ ਜਾ ਰਹੇ ਪੰਜਾਬ ਦੇ ਸੰਤਾਪ ਅਤੇ ਕੌਮੀ ਪੱਧਰ ‘ਤੇ ਰਾਜਨੀਤੀ ਵਿਚ ਫਿਰਕੂ ਸ਼ਕਤੀਆਂ ਦੇ ਵਧ ਰਹੇ ਬੋਲਬਾਲੇ ਨੂੰ ਵੀ ਬਾਖੂਬੀ ਬਿਆਨਿਆ ਗਿਆ ਹੈ। ਇਥੇ ਵਰਣਨਯੋਗ ਹੈ ਕਿ ਲੇਖਕ ਦੀ ਇਹ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਸਫ਼ਰਨਾਮੇ ‘ਪਾਕਿਸਤਾਨ ਜਿਵੇਂ ਮੈਂ ਦੇਖਿਆ’ ਅਤੇ ‘ਬਾਤਾਂ ਵਾਘਿਓਂ ਪਾਰ ਦੀਆਂ’ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ।

ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਕਾਵਿ ਸੰਗ੍ਰਹਿ ਰਿਲੀਜ਼ ਕਰਨ ਤੋਂ ਪਹਿਲਾਂ ਉਪਰੋਕਤ ਕਾਵਿ ਸੰਗ੍ਰਹਿ ਵਿਚੋਂ ਕੁਝ ਗੀਤ ਤੇ ਗ਼ਜ਼ਲਾਂ ‘ਕੰਡੇ ਸੰਤਾਲੀ ਵਾਲੇ’, ‘ਹਨ੍ਹੇਰੇ ਤੋਂ ਬਾਅਦ’, ‘ਸੂਹੇ ਗੁਲਾਬ’, ‘ਤੇਰੇ ਜਾਣ ਤੋਂ ਬਾਅਦ’ ਤੇ ‘ਸ਼ਾਮ ਢਲੇ’ ਦੀ ਪੇਸ਼ਕਾਰੀ ਵੀ ਪ੍ਰੋਜੈਕਟਰ ਰਾਹੀਂ ਕੀਤੀ ਗਈ। ਇਨ੍ਹਾਂ ਰਚਨਾਵਾਂ ਨੂੰ ਨੌਜਵਾਨ ਗਾਇਕਾਂ ਯਕੂਬ ਗਿੱਲ, ਅਨਾਦੀ ਮਿਸ਼ਰਾ ਅਤੇ ਲਹਿੰਦੇ ਪੰਜਾਬ ਦੇ ਕੁਝ ਕਲਾਕਾਰਾਂ ਵਲੋਂ ਆਵਾਜ਼ ਦਿੱਤੀ ਗਈ ਹੈ।

ਇਸ ਸਮੇਂ ਸਮਾਗਮ ਵਿਚ ਸ਼ਿਰਕਤ ਕਰ ਰਹੇ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਤਨਾਮ ਸਿੰਘ ਮਾਣਕ ਦਾ ਇਹ ਪੱਤਰਕਾਰੀ ਤੋਂ ਸ਼ਾਇਰੀ ਤੱਕ ਦਾ ਬੜਾ ਦਿਲਚਸਪ ਸਫ਼ਰ ਹੈ। ਉਨ੍ਹਾਂ ਨੇ ਪੱਤਰਕਾਰੀ ਵੀ ਸਮਾਜਿਕ ਸਰੋਕਾਰਾਂ ਨੂੰ ਮੁੱਖ ਰੱਖ ਕੇ ਪ੍ਰਤੀਬੱਧਤਾ ਨਾਲ ਕੀਤੀ ਅਤੇ ਇਸੇ ਤਰ੍ਹਾਂ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਉਨ੍ਹਾਂ ਦੀ ਸ਼ਾਇਰੀ ਵਿਚੋਂ ਵੀ ਨਜ਼ਰ ਆ ਰਹੀ ਹੈ। ਕਾਵਿ ਸੰਗ੍ਰਹਿ ਬਾਰੇ ਵਿਸਤਾਰ ਵਿਚ ਚਰਚਾ ਕਰਦਿਆਂ ਡਾ. ਉਮਿੰਦਰ ਸਿੰਘ ਜੌਹਲ ਨੇ ਕਿਹਾ ਕਿ ਜੇ ਕੋਈ ਲੇਖਕ ਆਪਣੇ ਦੇਸ਼, ਆਪਣੇ ਪ੍ਰਾਂਤ ਅਤੇ ਸੂਬੇ ਨਾਲ ਪ੍ਰਤੀਬੱਧਤਾ ਰੱਖਦਾ ਹੋਵੇ ਅਤੇ ਈਮਾਨਦਾਰੀ ਨਾਲ ਲੋਕਾਂ ਦੇ ਸਰੋਕਾਰਾਂ ਨੂੰ ਪੇਸ਼ ਕਰਨ ਦੀ ਸਮਰੱਥਾ ਵੀ ਰੱਖਦਾ ਹੋਵੇ ਤਾਂ ਉਸੇ ਤਰ੍ਹਾਂ ਦੀ ਪੱਤਰਕਾਰੀ ਅਤੇ ਸ਼ਾਇਰੀ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਦੀ ਸਤਨਾਮ ਸਿੰਘ ਮਾਣਕ ਨੇ ਕੀਤੀ ਹੈ। ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਾਬਕ ਉਪ ਕੁਲਪਤੀ ਡਾ. ਧਰਮਜੀਤ ਸਿੰਘ ਨੇ ਕਿਹਾ ਕਿ ਮੈਂ ਪਿਛਲੇ 40 ਸਾਲਾਂ ਤੋਂ ਸਤਨਾਮ ਸਿੰਘ ਮਾਣਕ ਨੂੰ ਜਾਣਦਾ ਹਾਂ। ਉਨ੍ਹਾਂ ਦੀ ਕਹਿਣੀ ਤੇ ਕਥਨੀ ਵਿਚ ਕੋਈ ਫਰਕ ਨਹੀਂ ਹੈ। ਉਹ ਉਸੇ ਤਰ੍ਹਾਂ ਦੀ ਸ਼ਖ਼ਸੀਅਤ ਹੈ, ਜਿਸ ਤਰ੍ਹਾਂ ਦਾ ਪ੍ਰਗਟਾਵਾ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਹੁੰਦਾ ਹੈ। ਇਸ ਮੌਕੇ ‘ਤੇ ਬੋਲਦਿਆਂ ਸੀਨੀਅਰ ਲੇਖਕ ਤੇ ਪੱਤਰਕਾਰ ਗੁਰਮੀਤ ਪਲਾਹੀ ਨੇ ਕਿਹਾ ਕਿ ਭਾਵੇਂ ਪੱਤਰਕਾਰੀ ਦੇ ਰੁਝੇਵਿਆਂ ਕਾਰਨ ਸਤਨਾਮ ਸਿੰਘ ਮਾਣਕ ਨੇ ਪਿਛਲੇ ਸਮੇਂ ਵਿਚ ਕਵਿਤਾ ਲਿਖਣ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ, ਪਰ ਸਾਹਿਤ ਲਿਖਣ ਤੇ ਪੜ੍ਹਨ ਦਾ ਸ਼ੌਕ ਉਨ੍ਹਾਂ ਨੂੰ ਕਾਲਜ ਦੇ ਸਮੇਂ ਤੋਂ ਹੀ ਸੀ। ਬੰਗਾ ਕਾਲਜ ਵਿਚ ਸਿੱਖਿਆ ਗ੍ਰਹਿਣ ਕਰਨ ਸਮੇਂ ਉਹ ਲਿਖਾਰੀ ਸਭਾ ਜਗਤਪੁਰ ਅਤੇ ਹੋਰ ਸਾਹਿਤਕ ਸੰਸਥਾਵਾਂ ਦੀਆਂ ਸਾਹਿਤਕ ਸਰਗਰਮੀਆਂ ਵਿਚ ਲਗਾਤਾਰ ਸ਼ਿਰਕਤ ਕਰਦੇ ਸਨ ਅਤੇ ਆਪਣੀਆਂ ਰਚਨਾਵਾਂ ਵੀ ਪੇਸ਼ ਕਰਦੇ ਰਹਿੰਦੇ ਸਨ। ਪ੍ਰਗਤੀਸ਼ੀਲ ਲੇਖਕ ਸਭਾ (ਪੰਜਾਬ) ਦੇ ਪ੍ਰਧਾਨ ਤੇ ਉੱਘੇ ਸ਼ਾਇਰ ਸੁਰਜੀਤ ਜੱਜ ਨੇ ਸਤਨਾਮ ਸਿੰਘ ਮਾਣਕ ਨੂੰ ਪੱਤਰਕਾਰੀ ਤੋਂ ਬਾਅਦ ਸ਼ਾਇਰੀ ਦੇ ਖੇਤਰ ਵਿਚ ਆਉਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਲੋਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਵਿਚ ਸੰਗੀਤਆਤਮਿਕਤਾ ਹੈ, ਜੋ ਸਰੋਤੇ ਤੇ ਪਾਠਕ ਨੂੰ ਆਪਣੇ ਵੱਲ ਖਿੱਚਦੀ ਹੈ। ਪ੍ਰੋ. ਕੁਲਬੀਰ ਸਿੰਘ ਨੇ ਕਿਹਾ ਕਿ ਮੈਂ ਉਨ੍ਹਾਂ ਦੀਆਂ ਰਚਨਾਵਾਂ ਸੋਸ਼ਲ ਮੀਡੀਆ ‘ਤੇ ਨਿਰੰਤਰ ਪੜ੍ਹਦਾ ਆ ਰਿਹਾ ਹਾਂ ਤੇ ਉਹ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਨਾਲ ਜੁੜੀਆਂ ਹੋਣ ਕਰ ਕੇ ਚਰਚਾ ਲਈ ਉੱਤੇਜਿਤ ਕਰਦੀਆਂ ਹਨ।

‘ਅਹਿਸਾਸ’ ਕਾਵਿ ਸੰਗ੍ਰਹਿ ਰਿਲੀਜ਼ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਚੋਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਧਰਮਜੀਤ ਸਿੰਘ, ਸੁਰਜੀਤ ਜੱਜ, ਗੁਰਮੀਤ ਪਲਾਹੀ, ਹਰਬੰਸ ਸਿੰਘ ਚੰਦੀ, ਗਿਆਨ ਸਿੰਘ (ਜਰਮਨੀ), ਜਸਪ੍ਰੀਤ ਸਿੰਘ ਸੈਣੀ, ਡਾ. ਕਮਲੇਸ਼ ਦੁੱਗਲ, ਡਾ. ਉਮਿੰਦਰ ਸਿੰਘ ਜੌਹਲ ਯਕੂਬ ਗਿੱਲ ਤੇ ਅਨਾਦੀ ਮਿਸ਼ਰਾ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ। ਇਸ ਅਵਸਰ ‘ਤੇ ਅਜੀਤ ਦੇ ਸਟਾਫ ਮੈਂਬਰ ਹਰੀਸ਼ ਅਗਰਵਾਲ ਅਤੇ ਆਰਟਿਸਟ ਇੰਦਰਜੀਤ ਸਿੰਘ ਦਾ ਪੁਸਤਕ ਦੀ ਪ੍ਰਕਾਸ਼ਨਾਂ ਵਿਚ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਸ੍ਰੀ ਸੰਗਤਰਾਮ ਵਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਹੋਰ ਸ਼ਖ਼ਸੀਅਤਾਂ ਵਿਚ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ, ਅਮਰਜੋਤ ਸਿੰਘ (ਸਰਬੱਤ ਦਾ ਭਲਾ) ਟਰੱਸਟ, ਆਤਮ ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ ਬੱਧਣ, ਗੁਰਮੀਤ ਵਾਰਿਸ, ਬਲਜੀਤ ਬੱਲ, ਅਮਰਜੀਤ ਸਿੰਘ ਨਿੱਝਰ, ਰਵਿੰਦਰ ਚੋਟ, ਕਮਲਪ੍ਰੀਤ (ਐਂਕਰ), ਮੇਹਰ ਮਲਿਕ, ਰਾਜੇਸ਼ ਥਾਪਾ, ਵਿਜੈ ਬੰਬੇਲੀ, ਕਰਮਜੀਤ ਸਿੰਘ ਇੰਜੀਨੀਅਰ, ਸ਼ੀਤਲ ਐਂਕਰ, ਹਰਮੇਸ਼ ਜੱਸਲ, ਪ੍ਰਦੀਪ ਦੌਧਰੀਆ, ਰਜੀਵ ਵਧਵਾ, ਰਮੇਸ਼ ਜੱਸਲ, ਗੁਰਪ੍ਰੀਤ ਸਿੰਘ ਬੱਧਨ, ਜੇ.ਪੀ. ਸਿੰਘ ਤੇ ਹਰੀਸ਼ ਮਨੀ ਆਦਿ ਸ਼ਾਮਿਲ ਸਨ।

Share this content:

Post Comment