Loading Now

ਸੜਕ ਹਾਦਸੇ, ਮਨੁੱਖੀ ਅਣਗਹਿਲੀ ਅਤੇ ਸੁਧਾਰ ਦੀ ਲੋੜ

ਸੜਕ ਹਾਦਸੇ, ਮਨੁੱਖੀ ਅਣਗਹਿਲੀ ਅਤੇ ਸੁਧਾਰ ਦੀ ਲੋੜ

ਸੜਕ ਹਾਦਸਿਆਂ ਕਾਰਨ ਰੋਜ਼ਾਨਾ ਅਣਗਿਣਤ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਦੇਸ਼ ਵਿੱਚ ਵਾਹਨਾਂ ਦੀ ਗਿਣਤੀ ਜਿੰਨੀ ਤੇਜ਼ੀ ਨਾਲ ਵਧ ਰਹੀ ਹੈ, ਉਸੇ ਹਿਸਾਬ ਨਾਲ ਹੀ ਸੜਕਾਂ ’ਤੇ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ਦਾ ਕਾਰਨ ਮਨੁੱਖੀ ਅਣਗਹਿਲੀ, ਲਾਪ੍ਰਵਾਹੀ ਅਤੇ ਨਿਯਮਾਂ ਦੀ ਉਲੰਘਣਾ ਹੈ। ਹਾਦਸਿਆਂ ਦੀ ਦਰ ਨੂੰ ਸਮਝਦਾਰੀ ਤੇ ਕੁਝ ਸਾਵਧਾਨੀਆਂ ਵਰਤ ਕੇ ਘਟਾਇਆ ਜਾ ਸਕਦਾ ਹੈ, ਜਿਵੇਂ: ਦੋ-ਪਹੀਆ ਵਾਹਨ ਅਤੇ ਹੈਲਮੇਟ: ਸਾਡੇ ਦੇਸ਼ ਵਿੱਚ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਹੈਲਮੇਟ ਪਾਉਣ ਨੂੰ ਬੋਝ ਜਾਂ ਸਿਰਫ਼ ਚਲਾਨ ਤੋਂ ਬਚਣ ਦਾ ਜ਼ਰੀਆ ਮੰਨਦੇ ਹਨ। ਘਰੋਂ ਨਿਕਲਣ ਵੇਲੇ ਹੈਲਮੇਟ ਨੂੰ ਹੈਂਡਲ ਨਾਲ ਲਟਕਾ ਲੈਣਾ ਜਾਂ ਸਿਰਫ਼ ਪੁਲੀਸ ਵਾਲਿਆਂ ਨੂੰ ਦੇਖ ਕੇ ਸਿਰ ’ਤੇ ਰੱਖ ਲੈਣਾ ਆਮ ਜਿਹੀ ਗੱਲ ਬਣ ਚੁੱਕੀ ਹੈ। ਹਾਦਸੇ ਸਮੇਂ ਸਿਰ ’ਤੇ ਲੱਗਣ ਵਾਲੀ ਗੰਭੀਰ ਸੱਟ ਹੀ ਅਕਸਰ ਮੌਤ ਦਾ ਕਾਰਨ ਬਣਦੀ ਹੈ ਜਦੋਂਕਿ ਇੱਕ ਚੰਗਾ ਹੈਲਮੇਟ ਮਨੁੱਖੀ ਜਾਨ ਬਚਾਉਣ ਵਿੱਚ 80 ਫ਼ੀਸਦੀ ਤੱਕ ਮਦਦਗਾਰ ਸਾਬਿਤ ਹੁੰਦਾ ਹੈ।

ਸੀਟ ਬੈਲਟ ਦੀ ਵਰਤੋਂ: ਚਾਰ-ਪਹੀਆ ਵਾਹਨਾਂ ਵਿੱਚ ਸੀਟ ਬੈਲਟ ਦੀ ਵਰਤੋਂ ਨੂੰ ਵੀ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ। ਕਈ ਵਾਰ ਸਿਰਫ਼ ਚਾਲਕ ਹੀ ਚਲਾਨ ਤੋਂ ਬਚਣ ਲਈ ਸੀਟ ਬੈਲਟ ਲਾਉਂਦੇ ਹਨ ਜਦੋਂਕਿ ਪਿਛਲੀਆਂ ਸੀਟਾਂ ’ਤੇ ਬੈਠੇ ਯਾਤਰੀ ਇਸ ਨੂੰ ਜ਼ਰੂਰੀ ਨਹੀਂ ਸਮਝਦੇ। ਹਾਦਸੇ ਦੌਰਾਨ ਸੀਟ ਬੈਲਟ ਯਾਤਰੀ ਨੂੰ ਵਾਹਨ ਦੇ ਅੰਦਰ ਹੀ ਸਥਿਰ ਰੱਖਦੀ ਹੈ ਅਤੇ ਸਟੀਅਰਿੰਗ ਜਾਂ ਸ਼ੀਸ਼ੇ ਨਾਲ ਟਕਰਾਉਣ ਤੋਂ ਬਚਾਉਂਦੀ ਹੈ। ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣਾ: ਨਸ਼ਾ ਕਰਕੇ ਵਾਹਨ ਚਲਾਉਣਾ ਸੜਕ ’ਤੇ ਚੱਲਦੇ ਹੋਏ ਆਪਣੇ ਨਾਲ-ਨਾਲ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾਉਣ ਦੇ ਬਰਾਬਰ ਹੈ। ਸ਼ਰਾਬ ਜਾਂ ਕਿਸੇ ਵੀ ਹੋਰ ਨਸ਼ੇ ਦੇ ਪ੍ਰਭਾਵ ਹੇਠ ਮਨੁੱਖ ਦਾ ਦਿਮਾਗ਼ੀ ਸੰਤੁਲਨ, ਦੇਖਣ ਦੀ ਸਮਰੱਥਾ ਅਤੇ ਤੁਰੰਤ ਫ਼ੈਸਲਾ ਲੈਣ ਦੀ ਸ਼ਕਤੀ ਕਾਫ਼ੀ ਘਟ ਜਾਂਦੀ ਹੈ। ਅਜਿਹੇ ਵਾਹਨ ਚਾਲਕ ਅਕਸਰ ਗੱਡੀ ਦੀ ਰਫ਼ਤਾਰ ’ਤੇ ਕਾਬੂ ਨਹੀਂ ਰੱਖ ਸਕਦੇ ਅਤੇ ਰਾਹ ’ਚ ਆਉਣ ਵਾਲਿਆਂ ਨੂੰ ਟੱਕਰ ਮਾਰ ਦਿੰਦੇ ਹਨ। ਦੇਰ ਰਾਤ ਹੋਣ ਵਾਲੇ ਜ਼ਿਆਦਾਤਰ ਵੱਡੇ ਹਾਦਸਿਆਂ ਪਿੱਛੇ ਨਸ਼ਾ ਇੱਕ ਮੁੱਖ ਕਾਰਨ ਹੈ। ਇਸ ਲਈ ਕਿਸੇ ਵੀ ਕਿਸਮ ਦਾ ਨਸ਼ਾ ਕਰ ਕੇ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਸੜਕ ਸੁਰੱਖਿਆ: ਹਾਦਸਿਆਂ ਦਾ ਇੱਕ ਹੋਰ ਅਹਿਮ ਅਤੇ ਅਕਸਰ ਅਣਗੌਲਿਆ ਕਾਰਨ ਸੜਕਾਂ ਦੀ ਮੁਰੰਮਤ ਜਾਂ ਨਿਰਮਾਣ ਕਾਰਜਾਂ ਦੌਰਾਨ ਵਰਤੀ ਜਾਂਦੀ ਅਣਗਹਿਲੀ ਹੈ। ਸੜਕਾਂ ’ਤੇ ਕੰਮ ਕਰਨ ਵਾਲੇ ਮਜ਼ਦੂਰ ਅਤੇ ਕਰਮਚਾਰੀ ਅਕਸਰ ਬਿਨਾਂ ਹਾਈ-ਵਿਜ਼ੀਬਿਲਿਟੀ ਫਲੋਰੋਸੈਂਟ ਸੇਫਟੀ ਜੈਕੇਟਾਂ ਤੋਂ ਕੰਮ ਕਰਦੇ ਹਨ। ਰਾਤ ਸਮੇਂ ਜਾਂ ਧੁੰਦ ਦੇ ਦਿਨਾਂ ਵਿੱਚ ਵਾਹਨ ਚਾਲਕਾਂ ਨੂੰ ਇਹ ਮਜ਼ਦੂਰ ਨਜ਼ਰ ਨਹੀਂ ਆਉਂਦੇ, ਜਿਸ ਨਾਲ ਵੱਡੇ ਹਾਦਸੇ ਵਾਪਰਦੇ ਹਨ। ਜਿੱਥੇ ਵੀ ਸੜਕ ’ਤੇ ਕੰਮ ਚੱਲ ਰਿਹਾ ਹੋਵੇ, ਉੱਥੇ ਢੁਕਵੀਂ ਬੈਰੀਕੇਡਿੰਗ, ਚਿਤਾਵਨੀ ਬੋਰਡ ਅਤੇ ਰਿਫਲੈਕਟਰ ਜਾਂ ਲਾਈਟਾਂ ਲਗਾਉਣਾ ਜ਼ਰੂਰੀ ਹੈ ਪਰ ਠੇਕੇਦਾਰਾਂ ਅਤੇ ਸਬੰਧਿਤ ਵਿਭਾਗਾਂ ਦੀ ਲਾਪ੍ਰਵਾਹੀ ਕਾਰਨ ਸਿਰਫ਼ ਇੱਕ-ਦੋ ਪੱਥਰ ਜਾਂ ਝਾੜੀਆਂ ਰੱਖ ਕੇ ਕੰਮ ਚਲਾ ਲਿਆ ਜਾਂਦਾ ਹੈ। ਤੇਜ਼ ਰਫ਼ਤਾਰ ਵਾਹਨ ਅਚਾਨਕ ਸਾਹਮਣੇ ਆਏ ਅਜਿਹੇ ਟੋਇਆਂ ਜਾਂ ਰੁਕਾਵਟਾਂ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ: ਅੱਜਕੱਲ੍ਹ ਵਾਹਨ ਚਲਾਉਂਦੇ ਸਮੇਂ ਫੋਨ ’ਤੇ ਗੱਲਬਾਤ ਕਰਨਾ, ਮੈਸੇਜ ਟਾਈਪ ਕਰਨਾ ਜਾਂ ਰੀਲਾਂ/ਵੀਡੀਓਜ਼ ਦੇਖਣਾ ਆਮ ਬਣ ਗਿਆ ਹੈ। ਇੱਕ ਸਕਿੰਟ ਲਈ ਵੀ ਧਿਆਨ ਸੜਕ ਤੋਂ ਹਟਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਲਈ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਵਿੱਚ ਹੀ ਭਲਾਈ ਹੈ। ਸਹੀ ਰਫ਼ਤਾਰ ਅਤੇ ਓਵਰਟੇਕਿੰਗ: ਨੌਜਵਾਨ ਪੀੜ੍ਹੀ ’ਚ ਵਾਹਨਾਂ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਦਾ ਰੁਝਾਨ ਵਧ ਰਿਹਾ ਹੈ। ਰਫ਼ਤਾਰ ਦੀ ਹੱਦ ਦੇ ਨਿਯਮਾਂ ਨੂੰ ਤੋੜਨਾ, ਮੋੜਾਂ ’ਤੇ ਓਵਰਟੇਕ ਕਰਨਾ ਅਤੇ ਗ਼ਲਤ ਦਿਸ਼ਾ ਵਿੱਚ ਵਾਹਨ ਚਲਾਉਣਾ ਸੜਕੀ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦਾ ਹੈ। ਇਸ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਹਾਲਾਂਕਿ ਟਰੈਫਿਕ ਨਿਯਮ ਕਾਫ਼ੀ ਸਖ਼ਤ ਬਣਾਏ ਗਏ ਹਨ ਪਰ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਵਿੱਚ ਪ੍ਰਸ਼ਾਸਨਿਕ ਢਿੱਲ ਸਪੱਸ਼ਟ ਦਿਸਦੀ ਹੈ। ਚਲਾਨ ਕੱਟਣ ਦੀ ਪ੍ਰਕਿਰਿਆ ਕਈ ਵਾਰ ਸਿਰਫ਼ ਟੀਚੇ ਪੂਰੇ ਕਰਨ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ। ਸੜਕਾਂ ’ਤੇ ਟਰੈਫਿਕ ਪੁਲੀਸ ਦੀ ਘਾਟ, ਨਾਜਾਇਜ਼ ਕਬਜ਼ੇ, ਸੜਕਾਂ ਦੀ ਗ਼ਲਤ ਬਣਤਰ ਨੂੰ ਸਮੇਂ ਸਿਰ ਨਾ ਸੁਧਾਰਨਾ ਅਤੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦੀ ਹੈ। ਸੜਕੀ ਹਾਦਸਿਆਂ ਦੀ ਦਰ ਨੂੰ ਘਟਾਉਣ ਲਈ ਇੱਕ ਵਿਆਪਕ ਅਤੇ ਠੋਸ ਰਣਨੀਤੀ ਦੀ ਲੋੜ ਹੈ, ਜਿਸ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਆਮ ਜਨਤਾ ਤਿੰਨਾਂ ਦੀ ਸਾਂਝੀ ਜਵਾਬਦੇਹੀ ਯਕੀਨੀ ਬਣਾਈ ਜਾਵੇ। ਜਨਤਕ ਜਾਗਰੂਕਤਾ ਅਤੇ ਸਿੱਖਿਆ: ਸਕੂਲਾਂ, ਕਾਲਜਾਂ ਅਤੇ ਪਿੰਡਾਂ/ਸ਼ਹਿਰਾਂ ਵਿੱਚ ਟਰੈਫਿਕ ਨਿਯਮਾਂ ਬਾਰੇ ਨਿਰੰਤਰ ਜਾਗਰੂਕਤਾ ਕੈਂਪ ਲਾਏ ਜਾਣੇ ਚਾਹੀਦੇ ਹਨ। ਦੋ-ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਅਤੇ ਚਾਰ-ਪਹੀਆ ਵਾਹਨ ਚਾਲਕਾਂ ਨੂੰ ਸੀਟ ਬੈਲਟ ਦੀ ਅਹਿਮੀਅਤ ਸਮਝਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣ।

ਸਖ਼ਤ ਕਾਨੂੰਨੀ ਕਾਰਵਾਈ ਅਤੇ ਦਿਸ਼ਾ-ਨਿਰਦੇਸ਼: ਨਸ਼ਾ ਕਰਕੇ ਵਾਹਨ ਚਲਾਉਣ, ਵਾਹਨ ਤੇਜ਼ ਰਫ਼ਤਾਰ ਨਾਲ ਚਲਾਉਣ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾਵੇ। ਇਸ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਡਰਾਈਵਿੰਗ ਲਾਇਸੈਂਸ ਤੁਰੰਤ ਰੱਦ ਕੀਤੇ ਜਾਣ ਅਤੇ ਭਾਰੀ ਜੁਰਮਾਨੇ ਲਾਏ ਜਾਣ। ਸੜਕਾਂ ਦੀ ਮੁਰੰਮਤ ਜਾਂ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਅਤੇ ਠੇਕੇਦਾਰਾਂ ਲਈ ਮਜ਼ਦੂਰਾਂ ਵਾਸਤੇ ਹਾਈ-ਵਿਜ਼ੀਬਿਲਿਟੀ ਸੇਫਟੀ ਜੈਕੇਟਾਂ, ਰਾਤ ਨੂੰ ਚਮਕਣ ਵਾਲੀ ਰਿਫਲੈਕਟਿਵ ਬੈਰੀਕੇਡਿੰਗ ਅਤੇ ਢੁੱਕਵੀਂ ਲਾਈਟਿੰਗ ਲਾਜ਼ਮੀ ਕੀਤੀ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇ। ਸੜਕਾਂ ’ਤੇ ਮੌਜੂਦ ‘ਬਲੈਕ ਸਪਾਟਸ’ ਦੀ ਪਛਾਣ ਕਰਕੇ ਉਨ੍ਹਾਂ ਦੀ ਬਣਤਰ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ। ਸੜਕਾਂ ਦੇ ਨੇੜੇ ਢੁਕਵੇਂ ਚਿਤਾਵਨੀ ਸਾਈਨ ਬੋਰਡ ਅਤੇ ਸਟਰੀਟ ਲਾਈਟਾਂ ਯਕੀਨੀ ਬਣਾਈਆਂ ਜਾਣ। ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਜਾਵੇ। ਦਰਅਸਲ, ਸੜਕੀ ਨਿਯਮਾਂ ਦੀ ਪਾਲਣਾ ਕਰਨਾ ਸਿਰਫ਼ ਇੱਕ ਕਾਨੂੰਨੀ ਮਜਬੂਰੀ ਨਹੀਂ ਸਗੋਂ ਸਾਡਾ ਨੈਤਿਕ ਫਰਜ਼ ਅਤੇ ਸਾਡੀ ਆਪਣੀ ਜ਼ਿੰਦਗੀ ਦੀ ਸੁਰੱਖਿਆ ਦੀ ਗਾਰੰਟੀ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਘਰ ਵਿੱਚ ਕੋਈ ਸਾਡਾ ਇੰਤਜ਼ਾਰ ਕਰ ਰਹਾ ਹੈ। ਕੁਝ ਮਿੰਟਾਂ ਦੀ ਕਾਹਲ, ਇੱਕ ਫੋਨ ਕਾਲ ਸੁਣਨ ਦੀ ਭੁੱਲ ਜਾਂ ਹੈਲਮੇਟ ਪਾਉਣ ’ਚ ਅਣਗਹਿਲੀ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਸਕਦੀ ਹੈ।

Share this content:

Post Comment