ਭਾਰਤੀ ਵੀਜ਼ਾ ਪ੍ਰਣਾਲੀ ’ਚ ਵੱਡਾ ਬਦਲਾਅ : ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਕੀਤੀ
ਨਵੀਂ ਦਿੱਲੀ, 12 ਨਵੰਬਰ – ਕੇਂਦਰ ਸਰਕਾਰ ਨੇ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣ ਵਲ ਇਕ ਵੱਡਾ ਕਦਮ ਚੁੱਕਿਆ ਹੈ। ਇਸ ਬਦਲਾਅ ਨਾਲ ਵਿਦੇਸ਼ੀ ਸੈਲਾਨੀਆਂ, ਮੈਡੀਕਲ ਸੈਲਾਨੀਆਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਨਿਵੇਸ਼ਕਾਂ ਨੂੰ ਕਾਫ਼ੀ ਸਹੂਲਤ ਮਿਲਣ ਦੀ ਉਮੀਦ ਹੈ। ਗ੍ਰਹਿ ਮੰਤਰਾਲੇ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, 27 ਅਗੱਸਤ, 2026 ਤੋਂ ਪ੍ਰਭਾਵੀ ਵੀਜ਼ਾ ਪ੍ਰਣਾਲੀ ਵਿਚ ਨਵੇਂ ਸੁਧਾਰਾਂ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਕਰ ਦਿਤੀ ਗਈ ਹੈ। ਉਪ-ਸ਼੍ਰੇਣੀਆਂ ਦੀ ਗਿਣਤੀ 49 ਤੋਂ ਘਟਾ ਕੇ 23 ਕਰ ਦਿਤੀ ਗਈ ਹੈ। ਇਸਦਾ ਮਤਲਬ ਹੈ ਕਿ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਵਿਕਲਪ ਹੁਣ ਪਹਿਲਾਂ ਨਾਲੋਂ ਵਧੇਰੇ ਸਪੱਸ਼ਟ ਅਤੇ ਸੁਚਾਰੂ ਹੋਣਗੇ। ਇਸ ਦੇ ਨਾਲ ਹੀ ਟੂਰਿਸਟ ਵੀਜ਼ੇ ਦਾ ਨਾਮ ਬਦਲ ਕੇ ਵਿਜ਼ਟਰ ਵੀਜ਼ਾ ਕਰ ਦਿਤਾ ਗਿਆ ਹੈ ਅਤੇ ਇਸ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ।
ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਅਰਜ਼ੀ ਫਾਰਮਾਂ ਵਿਚ ਭਰੇ ਜਾਣ ਵਾਲੇ ਕਾਲਮਾਂ ਦੀ ਗਿਣਤੀ ਵੀ 65-70% ਘਟਾ ਦਿਤੀ ਗਈ ਹੈ। ਅਰਜ਼ੀ ਪ੍ਰਕਿਰਿਆ ਨੂੰ ਵੀ ਸਰਲ ਬਣਾਇਆ ਹੈ। ਸਾਰੀਆਂ 23 ਵੀਜ਼ਾ ਉਪ-ਸ਼੍ਰੇਣੀਆਂ ਲਈ ਅਰਜ਼ੀ ਫਾਰਮਾਂ ਲਈ ਲੋੜੀਂਦੇ ਖੇਤਰਾਂ ਦੀ ਗਿਣਤੀ 65 ਤੋਂ 70 ਪ੍ਰਤੀਸ਼ਤ ਘਟਾ ਦਿਤੀ ਗਈ ਹੈ। ਇਸ ਨਾਲ ਬਿਨੈਕਾਰਾਂ ਨੂੰ ਭਰਨ ਲਈ ਲੋੜੀਂਦੀ ਜਾਣਕਾਰੀ ਦੀ ਮਾਤਰਾ ਘੱਟ ਜਾਵੇਗੀ ਅਤੇ ਅਰਜ਼ੀ ਪ੍ਰਕਿਰਿਆ ਪਹਿਲਾਂ ਨਾਲੋਂ ਸਰਲ ਅਤੇ ਤੇਜ਼ ਹੋਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਮੈਡੀਕਲ ਵੀਜ਼ਾ ਨੂੰ ਆਮ ਇਲਾਜ ਅਤੇ ਆਯੂਸ਼ ਇਲਾਜ ਲਈ ਵੱਖਰਾ ਕਰ ਦਿਤਾ ਗਿਆ ਹੈ। ਐਮ-1 ਵੀਜ਼ਾ ਆਮ ਇਲਾਜ ਲਈ ਉਪਲਬਧ ਹੋਵੇਗਾ ਅਤੇ ਆਯੂਸ਼ ਇਲਾਜ ਲਈ ਐਮ-3 ਵੀਜ਼ਾ ਮਿਲੇਗਾ। ਦੋਵੇਂ ਵੀਜ਼ਾ ਇਕ ਸਾਲ ਲਈ ਜਾਰੀ ਕੀਤੇ ਜਾਣਗੇ ਅਤੇ ਇਨ੍ਹਾਂ ਵਿਚ ਭਾਰਤ ਵਿਚ ਕਈ ਵਾਰ ਜਾਣ ਦੀ ਆਗਿਆ ਹੋਵੇਗੀ। ਇਸ ਦੌਰਾਨ, ਮਰੀਜ਼ਾਂ ਦੇ ਨਾਲ ਆਉਣ ਵਾਲੇ ਸਹਾਇਕਾਂ ਨੂੰ ਐਮ-2 ਅਤੇ ਐਮ-4 ਵੀਜ਼ਾ ਦਿਤੇ ਜਾਣਗੇ। ਇਸ ਨਾਲ ਮਰੀਜ਼ਾਂ ਨੂੰ ਇਲਾਜ ਦੌਰਾਨ ਵਾਰ-ਵਾਰ ਵੀਜ਼ਾ ਲਈ ਅਰਜ਼ੀ ਦੇਣ ਦੀ ਜ਼ਰੂਰਤ ਖ਼ਤਮ ਹੋ ਜਾਵੇਗੀ। ਵਿਦੇਸ਼ੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਨੂੰ ਐਸ-1 ਤੇ ਐਸ-2 ਦੀਆਂ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਐਸ-1 ਵੀਜ਼ਾ ਸਕੂਲ, ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪੜ੍ਹਾਈ ਲਈ ਹੈ, ਜਦੋਂ ਕਿ ਐਸ-2 ਵੀਜ਼ਾ ਪੀਐਚਡੀ ਅਤੇ ਖੋਜ ਵਿਦਿਆਰਥੀਆਂ ਲਈ ਹੈ।
Share this content:



Post Comment