ਆਕਸਫੋਰਡ ਮਿਊਜ਼ੀਅਮ ਨੇ 100 ਸਾਲ ਬਾਅਦ ਲੌਟਾਈਆਂ 39 ਨਾਗਾ ਖੋਪੜੀਆਂ
ਗੁਹਾਟੀ, 11 ਨਵੰਬਰ – ਬਸਤੀਵਾਦੀ ਦੌਰ ਦੌਰਾਨ ਆਪਣੇ ਵਤਨ ਤੋਂ ਖੋਹ ਕੇ ਬ੍ਰਿਟਿਸ਼ ਅਜਾਇਬਘਰ ਵਿੱਚ ਸਿਰਫ਼ ਪ੍ਰਦਰਸ਼ਨੀ ਦੀਆਂ ਵਸਤੂਆਂ ਬਣਾ ਕੇ ਰੱਖ ਦਿੱਤੇ ਗਏ ਨਾਗਾ ਭਾਈਚਾਰੇ ਦੇ 39 ਅਵਸ਼ੇਸ਼ਾਂ (ਜ਼ਿਆਦਾਤਰ ਖੋਪੜੀਆਂ) ਦੀ ਘਰ ਵਾਪਸੀ ਦੀ ਪ੍ਰਕਿਰਿਆ ਆਖ਼ਰਕਾਰ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਆਕਸਫੋਰਡ ਦੇ ਪ੍ਰਸਿੱਧ ਪਿਟ ਰਿਵਰਜ਼ ਮਿਊਜ਼ੀਅਮ ਨੇ ਇਨ੍ਹਾਂ ਅਵਸ਼ੇਸ਼ਾਂ ਨੂੰ ਅਧਿਕਾਰਤ ਤੌਰ ‘ਤੇ ਨਾਗਾਲੈਂਡ ਦੇ ਵਫ਼ਦ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਦਹਾਕਿਆਂ ਤੋਂ ਚੱਲ ਰਿਹਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਇਨ੍ਹਾਂ ਅਵਸ਼ੇਸ਼ਾਂ ਨੂੰ ਨਾਗਾਲੈਂਡ ਦੇ ਇੱਕ ਪਾਰਕ ਵਿੱਚ ਬਣਾਈ ਗਈ ਸਾਂਝੀ ਯਾਦਗਾਰ ਵਿੱਚ ਦਫ਼ਨਾਇਆ ਜਾਵੇਗਾ। ਬਜ਼ੁਰਗਾਂ ਅਨੁਸਾਰ, ਇਹ ਕਦਮ ਨਾ ਸਿਰਫ਼ ਪੁਰਖਿਆਂ ਨੂੰ ਸਨਮਾਨਜਨਕ ਅੰਤਿਮ ਵਿਸ਼ਰਾਮ ਦੇਵੇਗਾ, ਸਗੋਂ ਬਸਤੀਵਾਦੀ ਦੌਰ ਦੇ ਜ਼ਖ਼ਮਾਂ ਨੂੰ ਭਰਨ ਦੀ ਦਿਸ਼ਾ ਵਿੱਚ ਵੀ ਇੱਕ ਮਹੱਤਵਪੂਰਨ ਯਤਨ ਸਾਬਤ ਹੋਵੇਗਾ।
ਅਜਾਇਬਘਰ ਦੀ ਡਾਇਰੈਕਟਰ ਲੌਰਾ ਵੈਨ ਬ੍ਰੋਕਹੋਵਨ ਨੇ ਇਸ ਨੂੰ ਇੱਕ ਇਤਿਹਾਸਕ ਪਲ ਦੱਸਿਆ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਦਾ ਹਿੱਸਾ ਬਣੇਗਾ। ਇਹ ਅਵਸ਼ੇਸ਼ 1910 ਤੋਂ 1940 ਦੇ ਦਹਾਕੇ ਦਰਮਿਆਨ ਆਕਸਫੋਰਡ ਪਹੁੰਚੇ ਸਨ। ਅਜਾਇਬਘਰ ਨੇ ਮੰਨਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਅਵਸ਼ੇਸ਼ ਫ਼ੌਜੀ ਮੁਹਿੰਮਾਂ ਦੌਰਾਨ ਜ਼ਬਤ ਕੀਤੇ ਗਏ ਸਨ। ਦਹਾਕਿਆਂ ਤੱਕ ਇਨ੍ਹਾਂ ਨੂੰ ਜਨਤਕ ਤੌਰ ‘ਤੇ ਪ੍ਰਦਰਸ਼ਿਤ ਕਰਨ ਤੋਂ ਬਾਅਦ, ਅਜਾਇਬਘਰ ਨੇ ਆਪਣੀ ‘ਬਸਤੀਵਾਦੀ ਵਿਰਾਸਤ ਤੋਂ ਮੁਕਤੀ ਦੀ ਪ੍ਰਕਿਰਿਆ’ ਤਹਿਤ ਸਾਲ 2020 ਵਿੱਚ ਇਨ੍ਹਾਂ ਨੂੰ ਜਨਤਕ ਪ੍ਰਦਰਸ਼ਨੀ ਤੋਂ ਹਟਾ ਦਿੱਤਾ ਸੀ।
Share this content:



Post Comment